Wednesday, July 3, 2019

                                                           ਜਲ ਸੰਭਾਲ 
                                  ਮੁੰਡਿਆਂ ਦੇ ਜ਼ੋਸ ਨੇ ਬੂੰਦ ਬੂੰਦ ਨੂੰ ਮਾਰੇ ਨੱਕੇ
                                                           ਚਰਨਜੀਤ ਭੁੱਲਰ
ਬਠਿੰਡਾ : ਪੰਚਾਇਤ ਮੈਂਬਰ ਪ੍ਰਕਾਸ਼ ਸਿੰਘ ਏਨਾ ਸੰਜਮੀ ਹੈ ਕਿ ਮਹਿਮਾਨਾਂ ਵੱਲੋਂ ਗਲਾਸਾਂ ’ਚ ਛੱਡਿਆਂ ਜੂਠਾ ਪਾਣੀ ਡੋਲਦਾ ਨਹੀਂ। ਘਰ ਰੱਖੇ ਖਾਲੀ ਡਰੰਮ ’ਚ ਸੰਭਾਲਦਾ ਹੈ। ਬੱਚਿਆਂ ਨੂੰ ਬੁਰਸ਼ ਕਰਨ ਲਈ ਇੱਕ ਗਲਾਸ ਤੋਂ ਵੱਧ ਪਾਣੀ ਨਹੀਂ ਦਿੰਦਾ। ਮੋਗਾ ਦੇ ਪਿੰਡ ਰਣਸੀਹ ਕਲਾਂ ’ਚ ਜਲ ਸੰਭਾਲ ਲਈ ਲੋਕ ਸੋਚ ਦੀ ਇਹ ਇੱਕ ਨਮੂਨਾ ਹੈ। ਉਂਜ, ਸਮੁੱਚਾ ਪਿੰਡ ਪੰਜਾਬ ਲਈ ਮਿਸਾਲ ਹੈ ਜਿਥੋਂ ਦੇ ਲੋਕ ਪਾਣੀ ਦਾ ਤੁਪਕਾ ਅਜਾਈਂ ਨਹੀਂ ਜਾਣ ਦਿੰਦੇ। ਜਦੋਂ ਪਿੰਡ ਦੇ ਨੌਜਵਾਨ ਜਲ ਸੰਭਾਲ ਦੇ ਰਣ ਖੇਤਰ ’ਚ ਕੁੱਦੇ, ਫਿਰ ਸਭ ਇੱਕੋ ਮੋਰੀ ਨਿਕਲੇ। ਨੌਜਵਾਨ ‘ਮਿੰਟੂ ਸਰਪੰਚ’ ਨੇ ‘ਮਨ ਦੀ ਬਾਤ’ ਸੁਣਾਈ, ਪਿੰਡ ਦੇ ਮੁੰਡਿਆਂ ਨੇ ਹੱਥ ਮਿਲਾਏ, ਲੋਕਾਂ ਨੇ ਭਰੋਸਾ ਕੀਤਾ, ਦਾਨੀ ਸੱਜਣਾਂ ਨੇ ਵੱਡਾ ਦਿਲ ਕੀਤਾ। ਜਵਾਨੀ ਦੇ ਜਨੂਨ ਨੇ ਪਿੰਡ ਦਾ ਨਕਸ਼ਾ ਬਦਲ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਕੀਂ ‘ਮਨ ਕੀ ਬਾਤ’ ਪ੍ਰੋਗਰਾਮ ’ਚ ਜਲ ਸੰਭਾਲ ਦੀ ਹੁਣ ਅਪੀਲ ਕੀਤੀ ਹੈ। ਰਣਸੀਂਹ ਕਲਾਂ ਨੇ ਪਹਿਲੋਂ ਹੀ ਪੈੜ ਪਾ ਦਿੱਤੀ ਸੀ। ਪਿੰਡ ਦੇ ਕਰੀਬ ਪੰਜਾਹ ਮੁੰਡਿਆਂ ਦੀ ਟੋਲੀ ਨੇ ਪਿੰਡ ਬੋਲਣ ਲਾ ਦਿੱਤਾ। ਇਸ ਪਿੰਡ ਦੇ ਖੇਤ ਕਰੀਬ 17 ਵਰ੍ਹਿਆਂ ਤੋਂ ਨਹਿਰੀ ਪਾਣੀ ਦੀ ਬੂੰਦ ਨੂੰ ਤਰਸ ਗਏ ਸਨ। ਖੇਤੀ ਮੋਟਰਾਂ ਨੇ ਧਰਤੀ ਦਾ ਪਾਣੀ ਸੂਤ ਲਿਆ। ਪਿੰਡ ਡਾਰਕ ਜ਼ੋਨ ’ਚ ਹੈ ਤੇ ਧਰਤੀ ਹੇਠਲਾ ਪਾਣੀ 80 ਫੁੱਟ ਤੋਂ 150 ਫੁੱਟ ਤੇ ਚਲਾ ਗਿਆ ਹੈ।
                ਗੱਲ ਉਦੋਂ ਸ਼ੁਰੂ ਹੋਈ ਜਦੋਂ ਪਿੰਡ ਦੇ ਕੈਨੇਡਾ ਗਏ ਮੁੰਡੇ ਪ੍ਰੀਤਇੰਦਰਪਾਲ ਸਿੰਘ ਉਰਫ ‘ਮਿੰਟੂ ਸਰਪੰਚ’ ਦਾ ਕੈਨੇਡਾ ਦੀ ਜਲ ਸੰਭਾਲ ਯੋਜਨਾ ਨੇ ਦਿਮਾਗ ਖੋਲ ਦਿੱਤਾ। ਸਭ ਕੁਝ ਛੱਡ ਮਿੰਟੂ ਪਿੰਡ ਆਇਆ। ਆਜ਼ਾਦ ਉਮੀਦਵਾਰ ਵਜੋਂ ਸਾਲ 2013 ਵਿਚ ਸਭਨਾਂ ਨੂੰ ਹਰਾ ਕੇ ਪਿੰਡ ਦਾ ਸਰਪੰਚ ਬਣਿਆ। ਦੂਸਰੀ ਵਾਰ ਹੁਣ ਸਰਬਸਮੰਤੀ ਨਾਲ ਉਹ ਪਿੰਡ ਦਾ ਸਰਪੰਚ ਬਣ ਗਿਆ ਹੈ। ਮਿੰਟੂ ਸਰਪੰਚ ਨੇ ਪਿੰਡ ਇਕੱਠਾ ਕੀਤਾ। ਜੇਬਾਂ ਖਾਲੀ ਸਨ ਤੇ ਹੱਥ ’ਚ ਸਵਾ ਦੋ ਕਰੋੜ ਦੀ ਯੋਜਨਾ ਦਾ ਖਾਕਾ। ਕਿਸੇ ਨੇ ਆਖਿਆ ਕਿ ‘ਥੁੱਕੀਂ ਬੜੇ ਨੀਂ ਪੱਕਦੇ’। ਕਈਆਂ ਨੇ ਟਕੋਰ ਮਾਰੀ ਕਿ ਸਰਪੰਚ ਪਾਗਲ ਹੋ ਗਿਆ ਹੈ। ਵਰ੍ਹਾ 2015 ਵਿਚ ਸੀਵਰੇਜ ਪ੍ਰੋਜੈਕਟ ਸ਼ੁਰੂ ਕੀਤਾ। ਵਿਕਾਸ ਕਮੇਟੀ ਬਣਾਈ ਜਿਸ ਨੇ ਘਰੋਂ ਘਰੀਂ ਜਾ ਕੇ ਦਾਨ ਮੰਗਿਆ। ਨੌਜਵਾਨ ਕਰਮਪਾਲ ਸਿੰਘ ਨੇ ਦੱਸਿਆ ਕਿ ਲੋਕਾਂ ਨੇ 10-10 ਲੱਖ ਰੁਪਏ ਗੁਪਤ ਦਾਨ ਵਜੋਂ ਦਿੱਤੇ। ਵੀਹ ਫੀਸਦ ਸਰਕਾਰ ਨੇ ਦਿੱਤਾ ਤੇ ਬਾਕੀ ਪਿੰਡ ਵਾਲਿਆਂ ਨੇ। ਸੰਤ ਬਲਵੀਰ ਸਿੰਘ ਸੀਚੇਵਾਲ ਨੇ ਅਗਵਾਈ ਦਿੱਤੀ। ਫਿਰ ਕੀ ਸੀ, ਪੰਜਾਹ ਨੌਜਵਾਨ ਸਮੇਤ ਸਰਪੰਚ ਦਿਨ ਰਾਤ ਖੁਦ ਸੀਵਰੇਜ ਦਾ ਕੰਮ ਹੱਥੀਂ ਕੀਤਾ।
                ਇੰਦਰਪਾਲ ਦੱਸਦਾ ਹੈ ਕਿ ਕਰੀਬ 30 ਲੱਖ ਰੁਪਏ ਦੀ ਲੇਬਰ ਉਨ੍ਹਾਂ ਨੇ ਖੁਦ ਹੱਥੀਂ ਕੰਮ ਕਰਕੇ ਬਚਾਈ। ਡੇਢ ਏਕੜ ਵਿਚ ਟਰੀਟਮੈਂਟ ਪਲਾਂਟ ਖੜ੍ਹਾ ਕਰ ਦਿੱਤਾ। ‘ਸੀਚੇਵਾਲ ਮਾਡਲ’ ਨਾਲ ਪਿੰਡ ਵਿਚ ਸੀਵਰੇਜ ਦਾ ਪਾਣੀ ਕੁਦਰਤੀ ਢੰਗ ਨਾਲ ਸੋਧਿਆ ਜਾਂਦਾ ਹੈ। ਟਰੀਟਮੈਂਟ ਪਲਾਂਟ ’ਤੇ 50 ਲੱਖ ਦੀ ਲਾਗਤ ਆਈ। ਮਿੰਟੂ ਸਰਪੰਚ ਦੱਸਦਾ ਹੈ ਕਿ ਉਹ ਸੀਵਰੇਜ ਦਾ ਪਾਣੀ ਸੋਧ ਕੇ ਕਰੀਬ 100 ਏਕੜ ਖੇਤਾਂ ਨੂੰ ਪਾਣੀ ਮੁਫ਼ਤ ਦਿੰਦੇ ਹਨ। ਖੁਦ ਉਹ ਪਲਾਂਟ ਦੀ ਮੋਟਰ ਚਲਾਉਂਦੇ ਹਨ। ਖੇਤੀ ਮਾਹਿਰਾਂ ਨੇ ਤੱਤ ਕੱਢਿਆ ਕਿ ਸੋਧਿਆ ਪਾਣੀ ਫਸਲਾਂ ਲਈ ਵਰਦਾਨ ਹੈ। ਪਿੰਡ ਦੇ ਕਿਸਾਨ ਜਗਸੀਰ ਸਿੰਘ ਤੇ ਜੁਗਰਾਜ ਸਿੰਘ ਨੇ ਦੱਸਿਆ ਕਿ ਫਸਲਾਂ ਨੂੰ ਇਹ ਪਾਣੀ ਵਾਰੀ ਸਿਰ ਦਿੱਤਾ ਜਾਂਦਾ ਹੈ। ਕਿਸਾਨ ਕਰਤਾਰ ਸਿੰਘ ਆਖਦਾ ਹੈ ਕਿ ਲੋਕਾਂ ਨੇ ਬਦਲਵੀਂ ਫਸਲ ਵਜੋਂ ਮੱਕੀ ਦੀ ਕਾਸ਼ਤ ਕੀਤੀ, ਮਿੱਟੀ ਦੇ ਭਾਅ ਸੁੱਟਣੀ ਪਈ। ਸਰਪੰਚ ਮਿੰਟੂ ਤੇ ਨੌਜਵਾਨ ਸਾਲ ਵਿਚ ਦੋ ਵਾਰੀ ਪਿੰਡ ਦੇ ਸੀਵਰੇਜ ਦੀ ਖੁਦ ਸਫਾਈ ਕਰਦੇ ਹਨ। ਸਰਪੰਚ ਦੀ ਮਾਂ ਨੇ ਆਖਿਆ ਕਿ ‘ਪੁੱਤ ਕਾਲਾ ਹੋ ਜਾਵੇਗਾ’। ‘ਮਾਂ ਜਿਨ੍ਹਾਂ ਕਾਲਾ ਹੋਊ, ਉਨ੍ਹਾਂ ਪਿੰਡ ਚਮਕੂ’, ਸਰਪੰਚ ਦਾ ਜੁਆਬ ਸੀ।
               ਪੰਚਾਇਤ ਨੇ ਮਤਾ ਪਾਸ ਕੀਤਾ। ਪਾਣੀ ਦੀ ਦੁਰਵਰਤੋਂ ਕੀਤੀ ਤਾਂ ਪਹਿਲਾਂ 500 ਰੁਪਏ, ਦੂਸਰੀ ਵਾਰ ਤੇ 1000 ਰੁਪਏ ਅਤੇ ਤੀਸਰੀ ਵਾਰ ਤੇ ਕਨੂੰਨੀ ਕਾਰਵਾਈ ਹੋਵੇਗੀ। ਕਿਸੇ ਪਿੰਡ ਵਾਸੀ ਨੇ ਅੱਜ ਤੱਕ ਉਲੰਘਣਾ ਨਹੀਂ ਕੀਤੀ। ਪਿੰਡ ਦੀ 3200 ਆਬਾਦੀ ਹੈ ਅਤੇ ਪੰਜ ਸੌ ਦੇ ਕਰੀਬ ਘਰ ਹਨ। ਹੁਣ ਇਨ੍ਹਾਂ ਮੁੰਡਿਆਂ ਦਾ ਦੂਜਾ ਵੱਡਾ ਪ੍ਰੋਜੈਕਟ ਚੱਲ ਰਿਹਾ ਹੈ। ਪਿੰਡ ਦੇ ਨਿਕਾਸੀ ਪਾਣੀ ਅਤੇ ਬਾਰਸ਼ਾਂ ਦੇ ਪਾਣੀ ਦੀ ਸੰਭਾਲ ਲਈ ਪਿੰਡ ਵਿਚ ਝੀਲ ਬਣਾਈ ਹੈ ਜਿਸ ’ਤੇ ਕਰੀਬ 80 ਲੱਖ ਖਰਚ ਆ ਚੁੱਕੇ ਹਨ। ਨੌਜਵਾਨ ਹਰਮਨਪ੍ਰੀਤ ਆਖਦਾ ਹੈ ਕਿ ਝੀਲ ਵਿਚ ਪੂਰੇ ਪਿੰਡ ਦਾ ਪਾਣੀ ਇਕੱਠਾ ਹੋਵੇਗਾ। ਝੀਲ ਨੂੰ ਸੈਰਗਾਹ ਬਣਾ ਰਹੇ ਹਨ ਅਤੇ ਵਿਚਕਾਰ ਇੱਕ ਲਾਇਬਰੇਰੀ ਤੇ ਇੱਕ ਕੰਟੀਨ ਬਣਾ ਰਹੇ ਹਨ।
              ਧਰਤੀ ਹੇਠਲਾ ਪਾਣੀ ਮਾੜਾ ਹੈ ਜਿਸ ਕਰਕੇ ਪੂਰਾ ਪਿੰਡ ਸਰਕਾਰੀ ਆਰ.ਓ ਪਲਾਂਟ ਦਾ ਪਾਣੀ ਵਰਤਦਾ ਹੈ। ਮਿੰਟੂ ਸਰਪੰਚ ਤੇ ਸਾਥੀ ਜਵਾਨਾਂ ਨੇ ਪੂਰੇ ਪਿੰਡ ਵਿਚ ਸਵਾ ਦੋ ਕਰੋੜ ਦੀ ਲਾਗਤ ਨਾਲ ਇੰਟਰਾਲਾਕਿੰਗ ਲਗਾ ਦਿੱਤੀ ਹੈ। ਸਰਕਾਰ ਤੋਂ ਕੋਈ ਪੈਸਾ ਨਹੀਂ ਲਿਆ। ਪੰਚਾਇਤ ਨੇ ਪਿੰਡ ਵਿਚ ਅੌਰਤਾਂ ਲਈ ਜਿੰਮ ਬਣਾਇਆ ਹੈ ਅਤੇ ਪਿੰਡ ਵਿਚ ਸਟਰੀਟ ਲਾਈਟ ਹੈ। ਸਰਕਾਰੀ ਪ੍ਰਾਇਮਰੀ ਸਕੂਲ ਦੇ ਚਾਰ ਕਮਰੇ ਏ.ਸੀ ਹਨ। ਪਿੰਡ ਦਾ ਸਰਪੰਚ ਖੁਦ ਦੋ ਮਹੀਨੇ ਬੱਚਿਆਂ ਨੂੰ ਘਰ ਵਿਚ ਪੇਪਰਾਂ ਮੌਕੇ ਪੜਾਉਂਦਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਖੁਦ ਪਿੰਡ ਦਾ ਗੇੜਾ ਮਾਰ ਚੁੱਕੇ ਹਨ।
                    ਮਹਿਰਾਜ ਦਾ ਨਰਕ ਵੀ ਦੇਖੋ !
ਤਸਵੀਰ ਦਾ ਦੂਜਾ ਪਾਸਾ ਦੇਖੋ। ਮੁੱਖ ਮੰਤਰੀ ਦੇ ਪੁਰਖਿਆਂ ਦਾ ਪਿੰਡ ਮਹਿਰਾਜ, ਜਿਥੇ ਕਰੋੜਾਂ ਦੇ ਸਰਕਾਰੀ ਫੰਡਾਂ ਨਾਲ ਸੀਵਰੇਜ ਪਾਇਆ ਗਿਆ। ਨਾ ਸੀਵਰੇਜ ਚੱਲਿਆ ਅਤੇ ਨਾ ਹੀ ਟਰੀਟਮੈਂਟ ਪਲਾਂਟ। ਪਿੰਡ ਦੀਆਂ ਗਲੀਆਂ ਵਿਚ ਸੀਵਰੇਜ ਦਾ ਪਾਣੀ ਹਰਲ ਹਰਲ ਕਰਦਾ ਫਿਰਦਾ ਹੈ। ਸਰਕਾਰੀ ਮਸ਼ੀਨਰੀ ਪਿੰਡ ਦਾ ਸੀਵਰੇਜ ਸਾਫ ਨਹੀਂ ਕਰ ਸਕੀ। ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਤੇ ਅਫਸਰ ਮੂਕ ਦਰਸ਼ਕ।













   






No comments:

Post a Comment