Sunday, July 14, 2019

                         ਵਿਚਲੀ ਗੱਲ
     ਬੰਦ ਗਲੀ ’ਚ ਖੜ੍ਹੇ ਪੇਮੀ ਦੇ ਨਿਆਣੇ
                         ਚਰਨਜੀਤ ਭੁੱਲਰ
ਬਠਿੰਡਾ : ਪਿੰਡ ਦਾ ਖੂਨ ਠੰਢਾ ਹੋ ਜਾਵੇ। ਗੂੜ੍ਹੀ ਨੀਂਦ ’ਚ ਸ਼ਹਿਰ ਸੌ ਜਾਵੇ। ਸਮੇਂ ਦਾ ‘ਬਾਦਸ਼ਾਹ’ ਢੋਲੇ ਦੀਆਂ ਲਾਵੇ। ਉਦੋਂ ਸਭ ਸਹਿਜ ਬਣ ਜਾਂਦਾ ਹੈ। ਬਿਨਾਂ ਗੱਲੋਂ ‘ਪੇਮੀ ਦੇ ਨਿਆਣੇ’ ਨਹੀਂ ਸਹਿਮੇ। ਪੈਰਾਂ ਦੇ ਖੜਾਕ ਸੁਣਦੇ ਨੇ, ਤ੍ਰਭਕ ਜਾਂਦੇ ਨੇ। ਜਦੋਂ ਸੂਰਜ ਚੜ੍ਹਦਾ ਹੈ, ਨਵਾਂ ਭੈਅ ਪਸਰਦਾ ਹੈ। ਮਾਹੌਲ ਇਵੇਂ ਦਾ ਹੈ, ਕੋਈ ਕੁਸਕ ਨਹੀਂ ਸਕਦਾ। ਚੰਗਾ ਹੋਇਆ, ਬਾਬਾ ਬੋਹੜ ਭਲੇ ਵੇਲੇ ਤੁਰ ਗਿਆ। ਨਵੀਂ ਪੌਦ ਨੂੰ ਅੱਜ ਤੱਕਦਾ ਤਾਂ ਸੰਤ ਸਿੰਘ ਸੇਖੋਂ ਭੰਵਰਜਾਲ ’ਚ ਫਸ ਜਾਂਦਾ। ਉਨ੍ਹਾਂ ਵੇਲਿਆਂ ’ਚ ਬਾਲ ਮਨਾਂ ’ਤੇ ਇੱਕੋ ਵੱਡਾ ਡਰ ਸੀ। ਸਿਰਫ਼ ਭੂਤਾਂ-ਪ੍ਰੇਤਾਂ ਦਾ, ਰਾਸ਼ਿਆਂ ਦਾ। ਬਾਲ ਮਨਾਂ ਦੇ ਡਰ ’ਚੋਂ ਸੇਖੋਂ ਦੀ ਮਸ਼ਹੂਰ ਕਹਾਣੀ ‘ਪੇਮੀ ਦੇ ਨਿਆਣੇ’ ਜਨਮੀਂ। ਸਿਖਰ ’ਤੇ ਇੰਝ ਗਈ ਕਹਾਣੀ। ‘ਦੂਜੇ ਬੰਨ੍ਹੇ ਰਾਸ਼ੇ ਪਏ ਦੇਖਦੇ ਹਨ, ਨਿੱਕੇ ਬੱਚੇ ਠਠੰਬਰ ਜਾਂਦੇ ਹਨ, ਕਿਤੇ ਰਾਸ਼ਾ ਖਾ ਨਾ ਜਾਵੇ, ਸੜਕ ਪਾਰ ਕਰਨੋਂ ਡਰਦੇ ਹਨ। ਭੈਅ ਨਵਿਰਤੀ ਲਈ ਆਖਦੇ ਹਨ। ‘ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਹਾਂ।’ ਇਥੇ ਹੀ ਕਹਾਣੀ ਸਮਾਪਤ, ਹੁਣ ਬਾਹਰ ਨਿਕਲੋ ਪ੍ਰੇਤਾਂ ਦੇ ਜ਼ਮਾਨੇ ‘ਚੋਂ। ਸੰਤ ਸਿੰਘ ਸੇਖੋਂ ਪਰਲੋਕ ‘ਚ ਬੈਠਾ ਹੈ। ਕੁਝ ਸੁੱਝ ਨਹੀਂ ਰਿਹਾ, ਰੂਹ ਪ੍ਰੇਸ਼ਾਨ ਹੈ। ਅੱਜ ਮਾਹੌਲ ’ਚ ਸਹਿਮ ਹੈ। ਹਵਾ ਤੇ ਪੌਣ ਪਾਣੀ ਵੀ ਸ਼ੂਕਦੇ ਨਹੀਂ ਜਦੋਂ ਵਕਤ ਦਾ ਠੁੱਡਾ ਵੱਜਦੈ। ਉਮਰੋਂ ਪਹਿਲਾਂ ਬਚਪਨ ਸਿਆਣਾ ਹੁੰਦੈ। ਪੰਜਾਬ ਦੀ ਜੂਹ ਵਿਚਲੀ ਹਰ ਪਗਡੰਡੀ ਵੇਖੋ। ਕੀ ਛੱਡ ਕੇ ਜਾ ਰਹੇ ਹਾਂ। ਪੰਜਾਬ ਦੇ ਵਾਰਸਾਂ ਲਈ, ਜਿਸ ‘ਤੇ ਭਵਿੱਖ ਮਾਣ ਕਰੇ।
                 ਪਾਰਲੀਮੈਂਟ ‘ਚ ਹੁਣ ਨਵੀਂ ਰਿਪੋਰਟ ਪੇਸ਼ ਹੋਈ ਹੈ। ਬਚਪਨ ਉਮਰੇ ਤਣਾਅ ਦਾ ਏਡਾ ਵੱਡਾ ਹੱਲਾ। ਗਿਆਰਾਂ ਸਾਲ ਦੀ ਉਮਰ ’ਚ ਹੀ ਡਿਪਰੈਸ਼ਨ ਦੀ ਘੇਰਾਬੰਦੀ। 6.9 ਫੀਸਦੀ ਪਿੰਡਾਂ ਵਾਲੇ ਤੇ 13.5 ਫੀਸਦੀ ਸ਼ਹਿਰੀ ਬੱਚੇ ਤਣਾਅ ਪੀੜਤ ਹਨ। ਕਿਸੇ ਨੂੰ ਭਾਰੀ ਬਸਤਾ ਚੁੱਕਣਾ ਮੁਸ਼ਕਲ ਹੈ ਤੇ ਕਿਸੇ ਨੂੰ ਗੁਰਬਤ ਦਾ ਬੋਝ। ਯੂਜੀਸੀ ਦੀ ਸਟੱਡੀ ਚਾਰ ਸਾਲ ਪੁਰਾਣੀ ਹੈ। ਕਾਲਜ ’ਚ ਪੈਰ ਪਾਉਂਦੇ ਹੀ ਟੈਨਸ਼ਨ ਵਧ ਜਾਂਦੀ ਹੈ। ਇਹ ਬੱਚਿਆਂ ਨੇ ਪ੍ਰਤੀਕਰਮ ਦਿੱਤਾ। ਸਿਹਤ ਮੰਤਰਾਲੇ ਦਾ ਅੰਕੜਾ ਵੀ ਵੇਖੋ। 14 ਫੀਸਦੀ ਬੱਚੇ ਮੋਟਾਪੇ ਤੋਂ ਪੀੜਤ ਹਨ। ਉਧਰ, ਪੇਂਡੂ ਬੱਚੇ ਵੀ ਵੇਖੋ, ਜਿਨ੍ਹਾਂ ਨੂੰ ਚੰਦ ਵੀ ਰੋਟੀ ਲੱਗਦੈ। ਪੰਜਾਬ ‘ਚ ਹਰ ਜੰਮਦੇ ਬੱਚੇ ਸਿਰ ਕਰਜ਼ਾ ਹੈ। ਥੋੜ੍ਹੀ ਸੋਝੀ ਕੀ ਆਈ, ਸਭ ਤੋਂ ਪਹਿਲਾਂ ਸ਼ਾਹੂਕਾਰ ਵੇਖੇ। ਚਾਰ ਅੱਖਰਾਂ ਦੀ ਪਛਾਣ ਹੋਈ, ਬੈਂਕਾਂ ਦੇ ਨੋਟਿਸ ਪੜ੍ਹਨੇ ਪਏ। ਕਿਲਕਾਰੀ ਮਾਰਨ ਦੀ ਉਮਰੇ, ਸੱਥਰਾਂ ‘ਤੇ ਵੈਣ ਸੁਣਨੇ ਪਏ। ਮਹਿਮਾ ਭਗਵਾਨਾ (ਬਠਿੰਡਾ) ਦਾ ਬੱਚਾ ਸਿਕੰਦਰ। ਜ਼ਿੰਦਗੀ ਕਲੀ-ਜੋਟਾ ਖੇਡ ਰਹੀ ਹੈ, ਬਾਪ ਖੁਦਕੁਸ਼ੀ ਕਰ ਗਿਆ। ਹੁਣ ਤਸਵੀਰ ਚੁੱਕ ਕੇ ਹਰ ਮੁਜ਼ਾਹਰੇ ’ਚ ਜਾਂਦੈ। ਲਹਿਰਾ ਬੇਗਾ ਦਾ ਬੱਚਾ ਅਮਨਦੀਪ। ਉਮਰ ਕੇਵਲ ਚਾਰ ਸਾਲ, ਵਿਰਾਸਤ ’ਚ ਸਿਰਫ਼ ਦਾਦੀ ਦੀ ਗੋਦ। ਬਾਪ ਜਹਾਨ ਛੱਡ ਗਿਆ, ਮਾਂ ਘਰ ਛੱਡ ਕੇ ਚਲੀ ਗਈ। ਦਾਦੀ-ਪੋਤਾ ਕਦੇ ਸੜਕਾਂ ’ਤੇ, ਕਦੇ ਰੇਲਵੇ ਲਾਈਨਾਂ ’ਤੇ। ਸੰਘਰਸ਼ਾਂ ਤੋਂ ਬੱਚਾ ਬੇਖ਼ਬਰ ਹੈ। ਅਣਹੋਣੀ ਦਾ ਅੰਦਰੋਂ ਅਹਿਸਾਸ ਹੈ।
                  ਕੋਈ ਸੂਰਬੀਰ ਨਹੀਂ ਪਿੰਡ ਸਿਵੀਆਂ ਦਾ ਕਿਰਨਵੀਰ। ਦਸ ਮਹੀਨੇ ਦਾ ਸੀ ਜਦੋਂ ਕੈਂਸਰ ਨੇ ਦਬੋਚ ਲਿਆ। ਪਿੰਡ ਰੋਪਾਣਾ ਦੇ ਬੱਚੇ ਇਮਾਨ ਦੇ ਹਿੱਸੇ ਵੀ ਕੈਂਸਰ ਆਇਆ। ਮਲਵਈ ਬੱਚੇ ਸਕੂਲ ਨਹੀਂ, ਹੁਣ ਬੀਕਾਨੇਰ ਜਾਂਦੇ ਨੇ। ਜਿਨ੍ਹਾਂ ਦੇ ਮਾਪੇ ਕੈਂਸਰ ਨੇ ਸੁਆ ਦਿੱਤੇ, ਉਨ੍ਹਾਂ ਲਈ ਜ਼ਿੰਦਗੀ ਨਸੂਰ ਬਣੀ ਹੋਈ ਹੈ। ਕਿਵੇਂ ਮਾਣ ਕਰਨ, ਇਹ ਬੱਚੇ, ਉਸ ’ਤੇ, ਜੋ ਅਸੀਂ ਛੱਡ ਚੱਲੇ ਹਾਂ। ਪੁਰਾਣੀ ਫਿਲਮ ‘ਬੂਟ ਪਾਲਿਸ਼’, ਜ਼ਰੂਰ ਵੇਖਣਾ। ਗਾਣੇ ‘ਚੋਂ ਮਾਅਨੇ ਤਲਾਸ਼ਣੇ, ਨਾਲੇ ਉਮੀਦਾਂ ਵੀ। ‘ਨੰਨ੍ਹੇ ਮੁੰਨੇ ਬੱਚੇ ਤੇਰੀ ਮੁੱਠੀ ਮੇਂ ਕਿਆ ਹੈ’। ਬੱਚਿਆਂ ਦਾ ਜੁਆਬ, ‘ਮੁੱਠੀ ਮੇਂ ਹੈ ਤਕਦੀਰ ਹਮਾਰੀ’। ਆਸ਼ਾਵਾਂ ਦੀ ਸਿਖਰ ਵੇਖੋ, ‘ਨਾ ਭੁੱਖੋਂ ਕੀ ਭੀੜ ਰਹੇਗੀ, ਨਾ ਦੁੱਖੋਂ ਕਾ ਰਾਜ ਹੋਗਾ’। ਯੁੱਗ ਬਦਲ ਗਿਆ, ਰਾਜ ਬਦਲ ਗਏ, ਹਾਲਾਤ ਓਹੀ ਹਨ। ਦੁਨੀਆਂ ਮੁੱਠੀ ‘ਚ ਹੋ ਗਈ। ਵਾਰਸਾਂ ਦੀ ਮੁੱਠੀ ਖਾਲੀ ਹੈ। ਅੱਜ ਦੇ ‘ਪੇਮੀ ਦੇ ਨਿਆਣੇ’ ਡਰੇ ਹੋਏ ਹਨ। ਹਕੂਮਤ ਦੇ ਦਿਓ ਤੋਂ। ਹਜੂਮੀ ਹਿੰਸਾ ‘ਚ ਵੱਜਦੇ ਲਲਕਾਰੇ। ਭਾਰਤੀ ਸੰਸਦ ’ਚ ਨਾਅਰੇ। ਕੋਰੀ ਸਲੇਟ ’ਤੇ ਕੀ ਲਿਖ ਰਹੇ ਹਾਂ? ਕੋਟ ਈਸੇ ਖਾਂ ਦਾ ਛੇ ਸਾਲ ਦਾ ਬੱਚਾ, ਮਾਂ ਦਾ ਨਾਮ ਸੁਰਜੀਤ ਕੌਰ। ਵਿਆਹ ਤੋਂ 16 ਸਾਲ ਬਾਅਦ ਪੁੱਤ ਵੇਖਿਆ। ਬਾਪ ਜੈਮਲ ਸਿੰਘ, ਪੁਲਵਾਮਾ ਦਾ ਸ਼ਹੀਦ। ਚੋਣਾਂ ਦਾ ਬਿਗਲ ਜਦੋਂ ਵੀ ਵੱਜੇਗਾ, ਜੈਮਲ ਸਿੰਘ ਦਾ ਬੱਚਾ ਸਹਿਮੇਗਾ।
                 ਪਿੰਡ ਥੇੜੀ ਭਾਈਕਾ (ਮੁਕਤਸਰ) ਦਾ ਲਵਪ੍ਰੀਤ ਸਿੰਘ। ਉਮਰ ਸਿਰਫ਼ 15 ਸਾਲ। ਪੰਚਕੂਲਾ ਹਿੰਸਾ ’ਚ ਫੌਤ ਹੋ ਗਿਆ। ਲਵਪ੍ਰੀਤ ਨੂੰ ਨਾ ਇੰਸਾਂ ਦੇ ਤੇ ਨਾ ਹਿੰਸਾ ਦੇ ਮਾਅਨੇ ਪਤਾ ਸੀ। ਭੋਲਿਆਂ ਦੇ ਮਨਾਂ ’ਤੇ ਕੀ ਇਬਾਰਤ ਲਿਖ ਰਹੇ ਹਾਂ। ਪੰਜਾਬ ਦੇ ਕੀ, ਦੇਸ਼ ਦੇ ਬੱਚੇ ਵੀ ਭਮੰਤਰੇ ਹੋਏ ਹਨ। ਮਾਪਿਆਂ ‘ਚ ਹੁਣ ਹਿੰਮਤ ਕਿਥੇ। ਤਾਹੀਂ ਬੱਚਿਆਂ ਨੂੰ ਸਭ ਨਾਅਰੇ ਸਿਖਾ ਰਹੇ ਹਨ। ਪੰਜਾਬ ਦੇ ਬੱਚਿਆਂ ਕੋਲ ਪਾਰਕ ਵੀ ਨਹੀਂ ਬਚੇ। ਪਾਰਕਾਂ ’ਚ ਸਰਿੰਜਾਂ ਨੇ, ਬੱਚੇ ਕਿਥੇ ਖੇਡਣ, ਜੋ ਘਰਾਂ ਤੋਂ ਬਾਹਰ ਖੇਡਣ ਗਏ, ਕੰਨਾਂ ਨੂੰ ਹੱਥ ਲਾ ਕੇ ਮੁੜੇ। ਇੱਕੋ ਵਰ੍ਹੇ ’ਚ 1.13 ਲੱਖ ਲੋਕ ਅਵਾਰਾ ਕੁੱਤਿਆਂ ਦੇ ਅੜਿੱਕੇ ਚੜ੍ਹੇ। ਇਨ੍ਹਾਂ ’ਚੋਂ ਪੰਜਾਹ ਫੀਸਦੀ ਬੱਚੇ ਸਨ। ਪਹਿਲੋਂ ਪੇਂਡੂ ਬੱਚੇ ਨਹਿਰਾਂ ’ਚ ਤਾਰੀ ਲਾ ਲੈਂਦੇ ਸਨ। ਜਦੋਂ ਤੋਂ ਪਾਣੀ ਕਾਲੇ ਹੋਏ ਨੇ, ਨੇੜੇ ਜਾਣ ਤੋਂ ਡਰਦੇ ਨੇ। ਬਾਲ ਗਾਇਕ ਕਮਲਜੀਤ ਨੀਲੋਂ ‘ਮਾਣੋ ਬਿੱਲੀ ਆਈ ਐ ’ ਗਾ ਕੇ ਡਰਾਉਂਦਾ ਰਿਹਾ। ਛੇ ਸਾਲ ਦੀ ਬੱਚੀ ਗੁਰਪ੍ਰੀਤ, ਮੈਕਸੀਕੋ ਦੀ ਕੰਧ ਟੱਪਣੋਂ ਨਾ ਡਰੀ। ਅਮਰੀਕਾ ਦੇ ਮਾਰੂਥਲ ’ਚ ਹਾਰ ਗਈ। ਪੰਜਾਬ ਤਾਂ ਸ਼ੇਰ ਬੱਗਿਆਂ ਦੀ ਕਰਮਭੂਮੀ ਰਿਹਾ, ਜਿਥੋਂ ਦੀ ਪੰਜਾਬੀ ਲੰਘੇ। ਲੀਹਾਂ ਵਾਹੁੰਦੇ ਗਏ। ਨੀਂਹਾਂ ’ਚ ਚਿਣੇ ਗਏ, ਈਨ ਨਹੀਂ ਮੰਨੀ।
              ਉਨ੍ਹਾਂ ਦੇ ਵਾਰਸਾਂ ਲਈ ਹਾਕਮਾਂ ਨੇ ਕੀ ਛੱਡਿਐ। ਬੱਸ ਇਹੋ, ਵਿਰਸੇ ’ਚ ਕਰਜ਼ੇ ਦੀ ਪੰਡ ਛੱਡੀ, ਦੰਗਿਆਂ ਦਾ ਸੇਕ ਛੱਡਿਆ, ਜਿਥੋਂ ਬਚ ਜਾਣ, ਕੋਈ ਰਾਹ ਨਹੀਂ ਛੱਡਿਆ। ਪੰਜਾਬ ਦੀਆਂ ਜੇਲ੍ਹਾਂ ’ਚ ਸੈਂਕੜੇ ਬੱਚੇ ਹਨ। ਬਿਨਾਂ ਕਸੂਰੋਂ ਮਾਵਾਂ ਨਾਲ ਬੰਦ ਹਨ। ਲੁਧਿਆਣਾ ਦੀ ਜ਼ਨਾਨਾ ਜੇਲ੍ਹ, ਜਿਥੇ ਅੱਠ ਮਹੀਨੇ ਦੀ ਨਾਦਿਰਾ ਆਪਣੀ ਮਾਂ ਨਾਲ ਹੈ। ਦੂਸਰਾ ਬੱਚਾ ਮਾਂ ਪ੍ਰਿਅੰਕਾ ਦੇ ਗਰਭ ਵਿੱਚ ਪਲ ਰਿਹੈ। ਜੁਰਮ ਮਾਪਿਆਂ ਦਾ, ਸਜ਼ਾ ਬੱਚਿਆਂ ਨੂੰ। ਵੱਡੇ ਹੋਣਗੇ ਤਾਂ ਉਦੋਂ ਆਪਣਾ ਕਸੂਰ ਪੁੱਛਣਗੇ। ਜਦੋਂ ਤੋਂ ਹਵਸ ਭਾਰੂ ਹੋਈ ਹੈ, ਨਿੱਕੀਆਂ ਬੱਚੀਆਂ ਵੀ ਸੁਰੱਖਿਅਤ ਨਹੀਂ। ਕਦੇ ਬਿਗਾਨੇ ਵੀ ਪੰਜਾਬ ਦੇ ਖੰਭਾਂ ਹੇਠ ਛੁਪਦੇ ਸਨ। ਪੱਤ ਦੀ ਰੱਖਿਆ ਵਾਲਾ ਜ਼ਰਖ਼ੇਜ਼ ਪੰਜਾਬ ਕਿਥੇ ਗਿਆ। ਮੁੱਠੀ ਹੁਣ ਬੰਦ ਰਹੇ, ਇਸੇ ’ਚ ਭਲਾ। ਪੰਜਾਬੀ ਬੱਚੇ ਮੱਖਣ ਮਲਾਈ ਦੇਖ ਨੱਕ ਚੜ੍ਹਾਉਂਦੇ ਨੇ। ਗੁੜ੍ਹਤੀ ’ਚ ਪੀਜ਼ੇ ਬਰਗਰ ਜੋ ਮਿਲੇ ਨੇ। ਚਾਚਾ ਨਹਿਰੂ ਹੁਣ ਕਿਥੋਂ ਆਵੇ। ਬਚਪਨ ਦੀ ਮੌਜ ਵੀ ਉੱਡ ਗਈ। ਪਾੜੇ ਹੀ ਪਾੜੇ ਨੇ, ਸਿੱਖਿਆ ’ਚ, ਸਿਹਤ ਸਹੂਲਤਾਂ ‘ਚ। ਜਲਦੀ ਪਰਤਣਗੇ, ਲੀਡਰਾਂ ਦੇ ਵਾਰਸ ਵਿਦੇਸ਼ਾਂ ’ਚ ਪੜ੍ਹਨ ਗਏ ਨੇ। ਸਿਆਸੀ ਨੀਤ ਹੁੰਦੀ, ਬੱਚਿਆਂ ਲਈ ਵੀ ਨੀਤੀ ਬਣਦੀ।
                ਬਾਦਲ ਕਾਲਜ ਵਾਲੇ ਸੰਘਾ ਸਾਹਿਬ ਦੀ ਸੁਣੋ। ਆਖਦੇ ਨੇ, ਹਾਲੇ ਏਡਾ ਬੀਜ ਨਾਸ ਨਹੀਂ ਹੋਇਆ। ਚਕਰ ਪਿੰਡ ਵਾਲੇ ਕਾਮਰੇਡ ਦੀ ਧੀ ਸਿਮਰਨ ਦੀ ਮਿਸਾਲ ਦਿੱਤੀ। ਬਾਦਲ ਕਾਲਜ ’ਚ ਪੜ੍ਹਦੀ ਐ। ਬਾਪ ਪੰਜਾਬ ਦੇ ਕਾਲੇ ਦੌਰ ’ਚ ਮਾਰਿਆ ਗਿਆ। ਧੀਅ ਦਾ ਵਿਸ਼ਵ ਬੌਕਸਿੰਗ ਰੈਂਕਿੰਗ ’ਚ ਚੌਥਾ ਨੰਬਰ ਐ। ਮੈਰੀਕੌਮ ਨਾਲ ਕੈਂਪ ’ਚ ਹੈ। ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦਾ ਗੇੜਾ ਮਾਰੋ। ਧਰਵਾਸ ਮਿਲੇਗਾ ਜਦੋਂ ਗੋਦੜੀ ਦੇ ਲਾਲ ਮਿਲਣਗੇ। ਲੜਾਂਗੇ ਸਾਥੀ… ਏਦਾਂ ਦੇ ਸਿਰੜ ਵਾਲੇ ਵੀ ਘੱਟ ਨਹੀਂ। ਛੱਜੂ ਰਾਮ ਅੱਖਾਂ ਤਾਂ ਭਰ ਆਇਐ। ਏਨੀ ਛੇਤੀ ਹਾਰ ਮੰਨਣ ਵਾਲਾ ਕਿਥੇ। ਆਖਦੈ, ‘ਲਾਹੌਰ ਸ਼ਹਿਰ ਢਹਿ ਜਊ, ਪਿੰਡਾਂ ਵਰਗਾ ਤਾਂ ਰਹਿ ਜਊ’। ‘ਪੇਮੀ ਦੇ ਨਿਆਣੇ’ ਕਾਹਤੋਂ ਡਰਨ, ਹਾਲੇ ਬਹੁਤ ਰਾਹ ਖੁੱਲ੍ਹੇ ਨੇ।

1 comment: