Showing posts with label Sheep. Show all posts
Showing posts with label Sheep. Show all posts

Monday, August 4, 2025

                                                          ਆਜੜੀ ਦੀ ਭਾਲ
                                    ਇਨ੍ਹਾਂ ਭੇਡਾਂ ਦਾ ਕੀ ਕਰੀਏ....!
                                                          ਚਰਨਜੀਤ ਭੁੱਲਰ 


 ਚੰਡੀਗੜ੍ਹ : ਪਸ਼ੂ ਪਾਲਣ ਮਹਿਕਮੇ ਨੂੰ ਅੱਜਕੱਲ੍ਹ ਭੇਡਾਂ ਦੀ ਇੱਕ ਖੇਪ ਨੇ ਪੱਬਾਂ ਭਾਰ ਕੀਤਾ ਹੋਇਆ ਹੈ। ਜੂਨ ਮਹੀਨੇ ਦੇ ਅਖੀਰ ਵਿੱਚ 384 ਭੇਡਾਂ ਦੇ ਭਰੇ ਦੋ ਟਰੱਕ ਜੰਮੂ ਕਸ਼ਮੀਰ ਜਾ ਰਹੇ ਸਨ। ਇਨ੍ਹਾਂ ਟਰੱਕਾਂ ਵਿੱਚ ਤੂੜੀ ਵਾਂਗੂ ਭੇਡਾਂ ਤੁੰਨੀਆਂ ਹੋਈਆਂ ਸਨ। ਲੁਧਿਆਣਾ ਦੀ ‘ਹੈਲਪ ਫ਼ਾਰ ਐਨੀਮਲਜ਼’ ਸੰਸਥਾ ਨੇ ਇਨ੍ਹਾਂ ਟਰੱਕਾਂ ਨੂੰ ਰਾਤ ਦੇ ਹਨੇਰੇ ਵਿੱਚ ਫੜ ਲਿਆ ਕਿਉਂਕਿ ਜਾਨਵਰਾਂ ’ਤੇ ਅੱਤਿਆਚਾਰ ਦਾ ਸਿੱਧਾ ਮਾਮਲਾ ਬਣਦਾ ਸੀ। ਸਾਹਨੇਵਾਲ ਪੁਲੀਸ ਨੇ 29 ਜੂਨ ਨੂੰ ਜੰਮੂ-ਕਸ਼ਮੀਰ ਦੇ ਵਸਨੀਕ ਮਨਜ਼ੂਰ ਮੁਹੰਮਦ ਅਤੇ ਸ਼ੌਕਤ ਅਹਿਮਦ ਠਾਕੁਰ ’ਤੇ ਬੀਐੱਨਐਸ ਦੀ ਧਾਰਾ 325 ਅਤੇ ‘ਪ੍ਰੀਵੈਨਸ਼ਨ ਆਫ਼ ਕਰੂਐਲਿਟੀ ਟੂ ਐਨੀਮਲ ਐਕਟ’ ਤਹਿਤ ਕੇਸ ਦਰਜ ਕਰ ਦਿੱਤਾ। ਉੱਧਰ, ਪਸ਼ੂ ਪਾਲਣ ਮਹਿਕਮੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਆਜੜੀ ਦਾ ਪ੍ਰਬੰਧ ਕਰਨ ਵਾਸਤੇ ਕਿਹਾ ਹੈ। ਮਹਿਕਮੇ ਦੇ ਇੱਕ ਸੇਵਾਮੁਕਤ ਦਰਜਾ ਚਾਰ ਮੁਲਾਜ਼ਮ ਨੂੰ ਰੱਖਣ ਦੀ ਸੋਚੀ ਤਾਂ ਉਹ ਮੁਲਾਜ਼ਮ ਹਾਦਸੇ ਦਾ ਸ਼ਿਕਾਰ ਹੋ ਗਿਆ। ਹੁਣ ਮਹਿਕਮਾ ਆਜੜੀ ਲੱਭ ਰਿਹਾ ਹੈ ਤਾਂ ਜੋ ਬਚੀਆਂ ਹੋਈਆਂ ਭੇਡਾਂ ਦੀ ਸਾਂਭ-ਸੰਭਾਲ ਕੀਤੀ ਜਾ ਸਕੇ।

         ‘ਹੈਲਪ ਫ਼ਾਰ ਐਨੀਮਲਜ਼’ ਦੇ ਪ੍ਰਧਾਨ ਮਨੀ ਸਿੰਘ ਨੇ ਇਹ ਖੇਪ ਫੜ ਕੇ ਇੱਕ ਵੱਡਾ ਮਾਮਲਾ ਬੇਪਰਦ ਕਰ ਦਿੱਤਾ। ਜਦੋਂ ਇਨ੍ਹਾਂ ਭੇਡਾਂ ਦੀ ਜਾਂਚ ਲਈ ਨਮੂਨੇ ਲਏ ਗਏ ਤਾਂ ਇਹ ਗੰਭੀਰ ਬਿਮਾਰੀ ਤੋਂ ਪੀੜਤ ਪਾਈਆਂ ਗਈਆਂ ਅਤੇ ਇਸ ਬਿਮਾਰੀ ਕਾਰਨ ਇੱਕ ਮਹੀਨੇ ਵਿੱਚ 200 ਤੋਂ ਜ਼ਿਆਦਾ ਭੇਡਾਂ ਮਰ ਚੁੱਕੀਆਂ ਹਨ। ਸੰਸਥਾ ਦੇ ਪ੍ਰਧਾਨ ਮਨੀ ਸਿੰਘ ਆਖਦੇ ਹਨ ਕਿ ਮਾਲਕਾਂ ਕੋਲ ਇਨ੍ਹਾਂ ਭੇਡਾਂ ਦੀ ਸਿਹਤ ਸਬੰਧੀ ਕੋਈ ਪ੍ਰਮਾਣ ਪੱਤਰ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਖੇਪ ਜੰਮੂ ਕਸ਼ਮੀਰ ਪੁੱਜ ਜਾਂਦੀ ਤਾਂ ਇਨ੍ਹਾਂ ਬਿਮਾਰ ਭੇਡਾਂ ਨੇ ਮਨੁੱਖੀ ਸਿਹਤ ਦਾ ਨੁਕਸਾਨ ਕਰਨਾ ਸੀ। ਇਹ ਭੇਡਾਂ ਦਿੱਲੀ ਤੋਂ ਜੰਮੂ ਕਸ਼ਮੀਰ ਜਾ ਰਹੀਆਂ ਸਨ। ਪ੍ਰਧਾਨ ਮਨੀ ਸਿੰਘ ਆਖਦੇ ਹਨ ਕਿ ਇੱਕ ਟਰੱਕ ਵਿੱਚ ਵੱਧ ਤੋਂ ਵੱਧ 40 ਭੇਡਾਂ ਲੱਦੀਆਂ ਜਾ ਸਕਦੀਆਂ ਹਨ ਪ੍ਰੰਤੂ ਇਨ੍ਹਾਂ ਟਰੱਕਾਂ ’ਚ ਜਾਨਵਰਾਂ ’ਤੇ ਸਿੱਧਾ ਅੱਤਿਆਚਾਰ ਹੋ ਰਿਹਾ ਸੀ। ਮਨੀ ਸਿੰਘ ਨੇ ਡਿਊਟੀ ਨਿਭਾਅ ਦਿੱਤੀ ਅਤੇ ਪੁਲੀਸ ਨੇ ਕੇਸ ਦਰਜ ਕਰ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ। 

         ਹੁਣ ਨਵੀਂ ਮੁਸੀਬਤ ਪਸ਼ੂ ਪਾਲਣ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਸਿਰ ਪੈ ਗਈ ਹੈ। ਅਦਾਲਤ ਨੇ ਇਨ੍ਹਾਂ ਭੇਡਾਂ ਨੂੰ ਮਨੀ ਸਿੰਘ ਦੇ ਸਪੁਰਦ ਕਰ ਦਿੱਤਾ ਸੀ। ਫਿਰ ਨਵੀਂ ਬਿਪਤਾ ਬਣੀ 384 ਭੇਡਾਂ ਨੂੰ ਸਾਂਭਣ ਦੀ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਫ਼ੌਰੀ ਐੱਸਡੀਐੱਮ ਸਮਰਾਲਾ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ। ਪਹਿਲਾਂ ਇਸ ਕਮੇਟੀ ਨੇ ਇਨ੍ਹਾਂ ਭੇਡਾਂ ਨੂੰ ਸਮਰਾਲਾ ਨੇੜਲੀ ਇੱਕ ਸਰਕਾਰੀ ਗਊਸ਼ਾਲਾ ਵਿੱਚ ਛੱਡਿਆ। ਜਦੋਂ ਭੇਡਾਂ ਮਰਨ ਲੱਗੀਆਂ ਤਾਂ ਪਸ਼ੂ ਪਾਲਣ ਮਹਿਕਮੇ ਨੇ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਬਣਾਈ। ਮਹੀਨੇ ਤੋਂ ਡਾਕਟਰ ਰੋਜ਼ਾਨਾ ਗਊਸ਼ਾਲਾ ਵਿੱਚ ਜਾ ਰਹੇ ਹਨ ਜੋ ਕਿ ਮਰੀਆਂ ਭੇਡਾਂ ਦਾ ਪੋਸਟ ਮਾਰਟਮ ਕਰਦੇ ਹਨ। ਜੇਸੀਬੀ ਮਸ਼ੀਨਾਂ ਨਾਲ ਟੋਏ ਪੁੱਟ ਕੇ ਭੇਡਾਂ ਨੂੰ ਦੱਬਿਆ ਜਾ ਰਿਹਾ ਹੈ। ਪਸ਼ੂ ਪਾਲਣ ਮਹਿਕਮੇ ਦੀ ਇਸ ਵੇਲੇ ਆਮ ਟੀਕਾਕਰਨ ਮੁਹਿੰਮ ਵੀ ਚੱਲ ਰਹੀ ਹੈ ਅਤੇ ਮਹਿਕਮੇ ਕੋਲ ਡਾਕਟਰਾਂ ਦੀ ਵੀ ਕਮੀ ਹੈ। 

         ਅਧਿਕਾਰੀ ਆਖਦੇ ਹਨ ਕਿ ਤਿੰਨ ਡਾਕਟਰ ਤਾਂ ਪੱਕੇ ਤੌਰ ’ਤੇ ਬਦਲ-ਬਦਲ ਕੇ ਇਨ੍ਹਾਂ ਭੇਡਾਂ ’ਤੇ ਤਾਇਨਾਤ ਕਰਨੇ ਪਏ ਹਨ। ਪਹਿਲਾਂ ਭੇਡਾਂ ਦੀ ਜਾਂਚ ਲਈ ਜਲੰਧਰ ਤੋਂ ਟੀਮ ਸੱਦੀ ਗਈ ਅਤੇ ਸਾਰੀਆਂ ਭੇਡਾਂ ਦੇ ਨਮੂਨੇ ਲਏ ਗਏ। ਗੰਭੀਰ ਬਿਮਾਰੀ (ਸੀਸੀਪੀਪੀ) ਤੋਂ ਪੀੜਤ ਹੋਣ ਕਰ ਕੇ ਹੁਣ ਵੀ ਰੋਜ਼ਾਨਾ ਦੋ-ਦੋ, ਤਿੰਨ- ਤਿੰਨ ਭੇਡਾਂ ਮਰ ਰਹੀਆਂ ਹਨ। ਮਹੀਨੇ ਤੋਂ ਡਾਕਟਰ ਇਨ੍ਹਾਂ ਭੇਡਾਂ ਵਿੱਚ ਉਲਝੇ ਹੋਏ ਹਨ। ਉੱਧਰ, ਸਰਕਾਰੀ ਗਊਸ਼ਾਲਾ ਵਿੱਚ ਬਿਮਾਰ ਭੇਡਾਂ ਨੂੰ ਰੱਖਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਮਰੀਆਂ ਭੇਡਾਂ ਨੂੰ ਦੱਬਣ ਲਈ ਰੋਜ਼ਾਨਾ ਜੇਸੀਬੀ ਦਾ ਪ੍ਰਬੰਧ ਕਰਨਾ ਪੈਂਦਾ ਹੈ ਜੋ ਕਿ ਪ੍ਰਧਾਨ ਮਨੀ ਸਿੰਘ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਲਈ ਮੁਸੀਬਤ ਹੈ ਕਿ ਬਚੀਆਂ ਹੋਈਆਂ ਭੇਡਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇ।

Saturday, January 26, 2019

                                                            ਵਿਚਲੀ ਗੱਲ
                         ਬਚਕੇ ਰਹੀ ਜਲੌਰ ਸਿਆਂ, ਰੁੱਤ ਭੇਡਾਂ ਮੁੰਨਣ ਦੀ ਆਈ..!
                                                          ਚਰਨਜੀਤ ਭੁੱਲਰ
ਬਠਿੰਡਾ :  ਸਿਆਲਾਂ ਮਗਰੋਂ ਭੇਡ ਨੂੰ ਮੁੰਨਿਆ ਜਾਵੇ, ਇਹੋ ਢੁਕਵਾਂ ਸਮਾਂ ਹੁੰਦਾ ਹੈ। ਇਹ ਕੋਈ ਅਟਕਲ ਪੱਚੂ ਨਹੀਂ, ਪਸ਼ੂਆਂ ਦੇ ਡਾਕਟਰਾਂ ਦਾ ਪਰਖਿਆ ਮਸ਼ਵਰਾ ਹੈ। ਇਤਫ਼ਾਕ ਹੈ, ਚੋਣਾਂ ਵੀ ਸਰਦੀ ਢਲ਼ਨ ਪਿੱਛੋਂ ਹੀ ਹਨ। ਉਨ੍ਹਾਂ ਨੂੰ ਇਸੇ ਮੌਸਮ ’ਚ ਕੰਨ ਹੋਣਗੇ ਜਿਨ੍ਹਾਂ ਦੀ ਕਾਟੋ ਕੱਲ੍ਹ ਤੱਕ ਫੁੱਲਾਂ ਤੇ ਖੇਡਦੀ ਰਹੀ ਕਿ ਕਿਸ ਭਾਅ ਵਿਕਦੀ ਹੈ। ਫੱੁਲੋ ਮਿੱਠੀ (ਬਠਿੰਡਾ) ਦਾ ਆਜੜੀ ਕਾਲਾ ਸਿੰਘ ਕਿਸ ਹੌਸਲੇ ਮੰਡੀ ’ਚ ਜਾਏ। ਭੇਡ ਦੀ ਉੱਨ ਦੇ ਮੁੱਲ ’ਚ ਜੋ ਮੰਦਾ ਆਇਆ। 300 ਰੁਪਏ ਕਿੱਲੋ ਵਾਲੀ ਉੱਨ ਹੁਣ 40 ਰੁਪਏ ਵਿਕਦੀ ਹੈ। ਦਿਲ ਹੌਲਾ ਨਾ ਕਰ ਕਾਲਾ ਸਿਆਂ, ਦਿਨ ਤੇਰੇ ਫਿਰਨਗੇ, ਤੂੰ ਤਾਂ ਜਮਹੂਰੀ ਪਿੜ ਦਾ ‘ਬਾਦਸ਼ਾਹ’ ਹੈ, ਕੋਈ ਲੱਲੀ ਛੱਲੀ ਨਹੀਂ। ਲੱਗਦੈ, ਭੇਡਾਂ ਵਾਲੇ ਕਾਲੇ ਨੇ ਜਗਸੀਰ ਜੀਦਾ ਦੀ ਬੋਲੀ ਨਹੀਂ ਸੁਣੀ ਹੋਣੀ ‘ਭੇਡ ਵਿਕ ਗਈ 8560 ਦੀ, ਚਾਰ ਸੌ ਨੂੰ ਵੋਟ ਵਿਕ ਗਈ।’ ਕਾਲੇ ਦੀ ਭੇਡ ਹੁਣ ਬਹੁਤੀ ਉੱਨ ਨਹੀਂ ਦਿੰਦੀ, ਲੋਕ ਰਾਜ ਦੀਆਂ ‘ਭੇਡਾਂ’ ਕੋਲ ਕਮੀ ਨਹੀਂ। ਲਓ, ਸਿਆਸੀ ਟੋਟਕਾ ਸੁਣੋ। ਚੀਨ ਵਾਲੇ ਜਦੋਂ ਨੇਫ਼ਾ ਖੇਤਰ ’ਚ ਘੱੁਸੇ ਤਾਂ ਭਾਰਤ ਨੇ ਪੁੱਛਿਆ ‘ਕਿਧਰ ਮੂੰਹ ਚੁੱਕਿਐ’। ਅੱਗਿਓਂ ਚੀਨੀ ਕਹਿੰਦੇ ‘ਸਾਡੀਆਂ ਭੇਡਾਂ ਗੁਆਚ ਗਈਆਂ, ਉਹ ਲੱਭਣ ਆਏ ਹਾਂ।’ ਪਤਾ ਉਦੋਂ ਲੱਗਾ ਜਦੋਂ ਅਗਲਿਆਂ ਜ਼ਮੀਨ ਨੱਪ ਲਈ।
                 ਹੁਣ ਦਿੱਲੀਓ ਲਾਮ ਲਸ਼ਕਰ ਤੁਰਨਗੇ ‘ਭਾਰਤ ਦਰਸ਼ਨ’ ਕਰਨ। ਕੋਈ ਸਿਆਸੀ ਸਿੰਗ ਨਾ ਦਾਗ਼ ਦੇਣ, ਇਸੇ ਡਰੋਂ ਸੋਨੀਆ ਦਾ ਕਾਕਾ ਤੇ ਬੀਬਾ ਇਕੱਲੇ ਨਹੀਂ, ਅੰਬਾਨੀਆਂ ਦਾ ਸਕਾ ਨਰਿੰਦਰ ਮੋਦੀ ਵੀ ਲੋਕਾਂ ਦੇ ਖੁਰ ਵੱਢੇਗਾ। ਕਾਲਾ ਸਿਓ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਕਦੋਂ ਭੇਡਾਂ ’ਚ ਸਿਆਸੀ ਸ਼ੇਰ ਰਲ ਗਏ। ਭੋਲਾ ਪੰਛੀ ਕੀ ਜਾਣੇ ਕਿ ਖੁਰ ਵੱਢਣ ਵਾਲਿਆਂ ਲਈ ਤਾਂ ਦੇਸ਼  ‘ਭੇਡਾਂ ਦਾ ਵਾੜਾ’ ਹੀ ਹੈ।ਅੰਕੜਾ ਕਿੰਨਾ ਮਿਲਦਾ ਜੁਲਦਾ ਹੈ। ਪੇਂਡੂ ਪੰਜਾਬ ’ਚ 1.27 ਕਰੋੜ ਵੋਟਰ ਹਨ ਜਦੋਂ ਕਿ ਭੇਡਾਂ ਦੀ ਗਿਣਤੀ 1.28 ਲੱਖ ਹੈ। ਉਂਜ ਤਾਂ ਪੰਜਾਬੀ ਸ਼ੇਰ ਹੀ ਹਨ, ਬੱਸ ਵੋਟਾਂ ਵਾਲੇ ਦਿਨ ‘ਭੇਡ’ ਬਣ ਜਾਂਦੇ ਨੇ, ਚਾਹੇ ਕੋਈ ਮਰਜ਼ੀ ਮੁੰਨ ਲਏ। ਸੁਖਪਾਲ ਖਹਿਰਾ ਕਹਿੰਦਾ ਫਿਰਦੈ, ਪੰਜਾਬੀਓ ਫਿਰ ਬਣੋ ਸ਼ੇਰ। ਅੰਬਾਨੀ ਅਡਾਨੀ ਸ਼ੇਰਾਂ ਤੇ ਭੇਡਾਂ ਦੀ ਗਿਣਤੀ ’ਚ ਉਲਝੇ ਹੋਏ ਨੇ, ਮਾਇਆ ਉਸੇ ਹਿਸਾਬ ਨਾਲ ਭੇਜਣਗੇ। ਲੀਡਰਾਂ ਦੇ ਮੂੰਹੋਂ ਨਿਕਲੀ ਅੱਗ ਪਿੰਡੇਂ ਨਾ ਸੇਕ ਸਕੀ ਤਾਂ ਫਿਰ ਇਹੋ ਨਵੇਂ ਨੋਟ ਰੰਗ ਦਿਖਾਉਣਗੇ।
           ਮੱਧ ਪ੍ਰਦੇਸ਼ ’ਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਰੌਲਾ ਪਾਉਂਦਾ ਮਰ ਗਿਆ ਕਿ ਰਾਹੁਲ ਨੂੰ ਤਾਂ ਭੇਡ ਤੇ ਬੱਕਰੀ ਦੇ ਮੇਮਣੇ ਵਿਚਲਾ ਫ਼ਰਕ ਨਹੀਂ ਪਤਾ, ਕਿਥੋਂ ਭਾਲਦੇ ਹੋ ਖੇਤਾਂ ਦਾ ਭਲਾ। ਵੋਟਰਾਂ ਦੱਸ ਦਿੱਤਾ ਕਿ ਸਾਨੂੰ ਤਾਂ ਫ਼ਰਕ ਦਾ ਪਤੈ। ਰੌਲਾ ਤਾਂ ਪਿੰਡ ਬਾਸਮਾਂ (ਮੋਹਾਲੀ) ਦਾ ਰੌਸ਼ਨ ਲਾਲ ਵੀ ਪਾਉਂਦਾ ਫਿਰਦੈ ‘ ਭਾਈ, ਖੰਖਾਰੂ ਕੁੱਤਿਆਂ ਤੋਂ ਬਚ ਕੇ’ । ਉਸ ਦਾ ਭੇਡਾਂ ਦਾ ਵਾੜਾ ਜੋ ਖੰਖਾਰੂ ਖ਼ਾਲੀ ਕਰ ਗਏ। ਬਹਿਰੂ (ਪਟਿਆਲਾ) ਦਾ ਆਜੜੀ ਵੀ ਖੰਖਾਰੂਆਂ ਦੇ ਮੂੰਹ ਲੱਗਾ ਖ਼ੂਨ ਦੇਖ ਚੁੱਕਾ ਜੋ ਇੱਕੋ ਹੱਲੇ ਸੱਤ ਲੱਖ ਦੀਆਂ ਭੇਡਾਂ ਛੱਕ ਗਏ। ਚੋਣਾਂ ਸਿਰ ’ਤੇ ਹੋਣ ਕਰਕੇ ਇਵੇਂ ਹੀ ਹੁਣ ਪੂਰਾ ਦੇਸ਼ ਸਹਿਮਿਆ ਪਿਆ ਹੈ। ਚੋਣ ਮੇਲੇ ’ਚ ਜ਼ਮੀਨਾਂ ਤੋਂ ਘੱਟ ਭਾਅ ਜ਼ਮੀਰ ਦਾ ਹੋ ਜਾਂਦਾ ਹੈ। ਲੀਡਰ ਵੀ ਵਿਕਦੇ ਨੇ। ਆਦਮਪੁਰ ਦੀ ਉਪ ਚੋਣ ’ਚ ਉਦੋਂ ਦੇ ਇੱਕ ਅਕਾਲੀ ਮੰਤਰੀ ਨੇ ਆਖਿਆ ਸੀ ‘ਦੁਆਬੇ ਵਾਲਿ਼ਓਂ ਤੁਸੀਂ ਚੰਗੇ ਹੋ, ਹਜ਼ਾਰ ਨਾਲ ਸਾਰ ਲੈਂਦੇ ਹੋ, ਮਾਲਵੇ ’ਚ ਪੰਜ ਪੰਜ ਹਜ਼ਾਰ ਮੰਗਦੇ ਨੇ।’  ਪਹਿਲਾਂ ਟਿਕਟਾਂ ਫਿਰ ਵੋਟਾਂ ਵਿਕਦੀਆਂ ਨੇ। ਜਦੋਂ ਬਾਬੇ ਥੋਕ ਦਾ ਸੌਦਾ ਮਾਰਨ ਤਾਂ ਜਗਸੀਰ ਜੀਦਾ ਫਿਰ ਹੇਕ ਲਾਉਂਦੈ ‘ਵੇਖੀ ਸੰਗਤ ਵੇਚਦੀ ਵੋਟਾਂ, ਸੰਗਤਾਂ ਨੂੰ ਬਾਬੇ ਵੇਚ ਗਏ।’ ਆਪਣੀ ਸਮਝੇ ਤਾਂ ਅਕਾਲੀਆਂ ਨੇ ਸੌਦਾ ਸੱਚਾ ਕੀਤਾ ਪਰ ਝੋਲੀ 15 ਹੀ ਪੈਣਗੀਆਂ, ਚਿੱਤ ਚੇਤੇ ਵੀ ਨਹੀਂ ਸੀ।
           ਆਓ ਮੋੜੀਏ ਕਿਤੇ ‘ਅੱਛੇ ਦਿਨ’ ਉਡੀਕਦੀਆਂ ਭੇਡਾਂ ਹੀ ਨਾ ਭੱਜ ਜਾਣ। ਦੇਸ਼ ਵਿਚ 65 ਮਿਲੀਅਨ ਭੇਡਾਂ ਹਨ। ਦਹਾਕੇ ਦੌਰਾਨ ਇਹ ਗਿਣਤੀ 9.07 ਫ਼ੀਸਦੀ ਘਟੀ ਹੈ। ਦੇਸ਼ ਹਰ ਵਰੇ੍ਹ ਅੌਸਤਨ 130 ਮਿਲੀਅਨ ਡਾਲਰ ਦਾ ਭੇਡ/ਬੱਕਰੀ ਦਾ ਮੀਟ ਵਿਦੇਸ਼ ਭੇਜਦਾ ਹੈ। ਆਜੜੀ ਉੱਨ ਕਰਕੇ ਨਹੀਂ, ਮੀਟ ਕਰਕੇ ਬਚੇ ਨੇ। ਜਦੋਂ ਚੋਣਾਂ ਹੋਣ ਤਾਂ ਫਿਰ ਉਦੋਂ ਕੋਈ ਨਹੀਂ ਬਚਦਾ। ਬਚਾਓ ਹੈ ਕਿ ਲੀਡਰਾਂ ਜਾਣਦੇ ਨੇ ਕਿ ਜਵਾਨੀ ਤਾਂ ਭੇਡ ਤੇ ਆਈ ਮਾਣ ਨਹੀਂ ਹੁੰਦੀ। ਤਾਹੀਓਂ ਜਵਾਨੀ ਨੂੰ ਚੋਗ਼ਾ ਪੈਂਦਾ। ਇਸੇ ਜਵਾਨੀ ਨੇ ਤਾਂ ਦਿੱਲੀ ਵਾਲੇ ਲਾਲਾ ਜੀ ਦੀ ਧੰਨ ਧੰਨ ਕਰਾਤੀ ਸੀ। ਲੀਡਰਾਂ ਦੀ ਬਾਂ ਬਾਂ ਦੇਖ ਕੇ ਜਵਾਨੀ ਕਪਾਹ ’ਚ ਚਾਂਭਲੀ ਭੇਡ ਵਾਂਗੂ ਹੱਥਾਂ ਪੈਰਾਂ ਵਿਚ ਵੀ ਆ ਜਾਂਦੀ ਹੈ। ਕਦੋਂ ਮੁੰਨੇ ਗਏ, ਫਿਰ ਪਤਾ ਹੀ ਨਹੀਂ ਲੱਗਦਾ। ਹਾਲ ਅੌਟਲੀਆਂ ਭੇੜਾਂ ਵਰਗਾ ਹੋ ਜਾਂਦੈ।‘ਭੇਡ ਮੁੰਨਣਾ ਵੀ ਕਲਾ ਹੈ’। ਤਾਹੀਂ ਲੀਡਰ ਕੈਂਚੀ ਚੁੱਕੀ ਫਿਰਦੇ ਨੇ। ਵਜ਼ੀਰ ਵਿਜੇ ਸਾਂਪਲਾ ਨੇ ਮਹਾਂਗਠਜੋੜ ਨੂੰ ਭੇਡਾਂ ਬੱਕਰੀਆਂ ਦਾ ਇਕੱਠ ਦੱਸਿਆ। ਇਵੇਂ ਵੱਡੇ ਬਾਦਲ ਨੇ ਕੇਜਰੀਵਾਲ ਦੀ ਹਵਾ ਨੂੰ ਭੇਡ ਚਾਲ ਦੱਸਿਆ ਸੀ। ਕਿਸੇ ਨੇ ਚਰਵਾਹੇ ਨੂੰ ਪੁੱਛਿਆ ‘ ਵਾੜੇ ਦੀਆਂ 50 ਭੇਡਾਂ ਚੋਂ ਇੱਕ ਭੇਡ ਤਾਰ ਟੱਪ ਜਾਏ, ਪਿੱਛੇ ਕਿੰਨੀਆਂ ਬਚੀਆਂ’। ਚਰਵਾਹਾ ਕਹਿੰਦਾ, ਕੋਈ ਨਹੀਂ ਬਚੇਗੀ। ਇਹੋ ਭੇਡ ਚਾਲ ਹੁੰਦੀ ਹੈ ਜਿਸ ਤੋਂ ਲਾਹੇ ਲਈ ਹਰ ਦਲ ਕਾਹਲਾ ਹੈ।
              ਜਲੌਰਾ ਆਜੜੀ ਆਖਦੈ ਕਿ ‘ਸਾਨੂੰ ਤਾਂ ਕੋਈ ਡੋਲਾ ਵੀ ਨਹੀਂ ਦਿੰਦਾ’ । ਮੋਦੀ ਦੱਸੋ, ਇਸ ’ਚ ਕੀ ਕਰੇ, ਉਹ ਤਾਂ ਖੁਦ..। ਸਾਕਾਂ ਦੇ ਚੱਕਰ ’ਚ ਕਿਤੇ ‘ਕਾਲੀਆਂ ਭੇਡਾਂ’ ਦੀ ਗੱਲ ਵਿਚੇ ਨਾ ਰਹਿ ਜਾਏ। ਕੁਲਬੀਰ ਜ਼ੀਰਾ ਦੇ ਰੌਲਾ ਪਾਉਣ ਮਗਰੋਂ  ਮੁੱਖ ਮੰਤਰੀ ‘ਕਾਲੀਆਂ ਭੇਡਾਂ’ ਲੱਭਣ ਲੱਗੇ ਹਨ। ਮੱਖੂ ਦਾ ਸਾਬਕਾ ਚੇਅਰਮੈਨ ਕਹਿੰਦਾ ‘ਜ਼ੀਰਾ ਕਾਲਾ ਊਠ’ ਹੈ। ਲੀਡਰਾਂ ਨੂੰ ਮਾਰਾਂ ਦੇ ਭੰਨੇ ਲੋਕ ਬੇਸ਼ੱਕ ‘ਭੇਡਾਂ ਬੱਕਰੀਆਂ’ ਲੱਗਦੇ ਨੇ। ਜਦੋਂ ਇਹੋ ਆਪਣੀ ਆਈ ’ਤੇ ਆ ਜਾਣ ਤਾਂ ਬਿਨਾਂ ਜ਼ੀਰੇ ਤੋਂ ਵੀ ਤੜਕਾ ਲਾ ਦਿੰਦੇ ਨੇ। ਕੋਈ ਸ਼ੱਕ ਹੋਵੇ ਤਾਂ ਅਕਾਲੀਆਂ ਨੂੰ ਪੁੱਛ ਲੈਣਾ। ਸੁਆਦ ਪਹਿਲਾਂ ਮਹਾਰਾਜੇ ਨੇ ਵੀ ਵੇਖਿਆ। ਦਿਲ ਨਾ ਖੜ੍ਹੇ ਤਾਂ ਨਿਊਜ਼ੀਲੈਂਡ ਵਾਲੇ ਕਲਾਕਾਰ ਨੂੰ ਸੁਣਿਓ ‘ਤਖ਼ਤੇ ਨਹੀਂ ਪਲਟਾਉਣੇ ਸੱਜਣਾਂ ਵਿਕੀਆਂ ਵੋਟਾਂ ਨੇ’।