Sunday, August 2, 2020

                           ਵਿਚਲੀ ਗੱਲ  
       ਅਸੀਂ ਲੀਰਾਂ ਦੀਆਂ ਗੁੱਡੀਆਂ ਨਹੀਂ...!
                           ਚਰਨਜੀਤ ਭੁੱਲਰ
ਚੰਡੀਗੜ੍ਹ : ਹੁਣ ਇਹ ਗੁੜ ਦੀ ਰੋੜੀ ਨਹੀਂ, ਚੰਡੇ ਖੰਡੇ ਦੀ ਧਾਰ ਹੈ। ਨਾ ਆਟੇ ਦੀ ਚਿੜੀ, ਨਾ ਏਹ ਚੰਬਾ, ਘੁੰਡ ਲਈ ਵੰਗਾਰ ਹੈ। ਪਾਤੜਾਂ ਵਾਲੇ ਖੂਹ ’ਚੋਂ ਆਵਾਜ਼ ਗੂੰਜੀ, ‘ਤੋੜ ਦਿਓ ਘੁਮੰਡ ਦਾ ਤਾਣਾ।’ਦਿੱਲੀ ’ਚ ਮੁੱਕੇ ਤਣ ਗਏ, ਸੱਤਾ ਦੇ ਗਰੂਰ ਛਣ ਗਏ। ਜਦੋਂ ਇੰਝ ਧੀਆਂ ਗਰਜੀਆਂ, ‘ਪਿੰਜਰਾ ਤੋੜੋ, ਸਮਾਂ ਆ ਗਿਆ।’ ਤੁਸੀਂ ਸਜਾਓ ਗੁੱਟਾਂ ’ਤੇ ਰੱਖੜੀ, ਅਸਾਂ ਕੋਲ ਹੁਣ ਵਕਤ ਕਿੱਥੇ। ਕਈ ਬੰਨੂ ਬੰਨ੍ਹਣੇ ਨੇ। ਭੁੰਨੀ ਛੱਲੀ ਨਹੀਂ, ਚੱਲੀ ਹਾਂ ਤਾਂ ਕੱਲੀ ਨਹੀਂ। ਤੁਸੀਂ ਬੰਧਨ ਨਿਭਾਓ। ਅਸਾਡੇ ਕਦਮ ਤਾਂ ਹੁਣ ਜ਼ਰੀਬਾਂ ਨੇ..!  ਵਾਹ ਕੁੜੀਓ ਵਾਹ! ਲਛਮਣ ਰੇਖਾ ਨੂੰ ਅੌਕਾਤ ਦਿਖਾ ਦਿੱਤੀ। ‘ਉਹ ਜ਼ਮੀਨ ਰਾਣੀ, ਜਿਹਦੇ ਸਿਰ ’ਤੇ ਪਾਣੀ’। ਸਿਆਣੇ ਮੱਤ ਦਿੰਦੇ ਨੇ, ‘ਪਹਿਲਾ ਕਦਮ ਹੀ ਅੌਖਾ ਹੁੰਦੈ।’ ਆਓ ਪਰਿਕਰਮਾ ਦੇਸ਼ ਦੀ ਕਰੀਏ। ਦਿਮਾਗੀ ਘੋੜੇ ਦੁੜਾਓ, ਗੁਜਰੇ ਜ਼ਮਾਨੇ ’ਚ ਆਓ। ਕਦੇ ਅੌਰਤ ਦੀ ਹੈਸੀਅਤ ‘ਗੁੜ੍ਹ ਦੀ ਰੋੜੀ’ ਵਾਂਗ ਸੀ। ਮਿਥਿਹਾਸ ਸੁਣੋ, ਕੇਰਾਂ ਅੌਰਤ ਧਰਮਰਾਜ ਦੀ ਕਚਹਿਰੀ ਪੇਸ਼ ਹੋਈ। ‘ਹਜ਼ੂਰ, ਹਰ ਕੋਈ ਗੁੜ ਦੀ ਰੋੜੀ ਸਮਝ ਮੂੰਹ ਅੱਡ ਲੈਂਦਾ ਹੈ।’ ਧਰਮਰਾਜ ਲਲਚਾ ਕੇ ਬੋਲੇ, ਦੂਰ ਹੋਜਾ ਕੰਬਖਤ ਕਿਤੇ... ਯਮਦੂਤ ਦੇ ਮੂੰਹ ’ਚੋਂ ਵੀ ਲਾਲ ਟਪਕੀ।ਫਰਾਂਸ ਵਾਲੇ ਭੱਦਰਪੁਰਸ਼ ਵੀ ਸੱਚੇ ਨੇ। ‘ਧੀਆਂ ਵਾਲਾ ਬਾਪ ਹਮੇਸ਼ਾਂ ਆਜੜੀ ਵਾਂਗੂ ਵਿਚਰਦੈ।’ ਤਾਹੀਂ ਪਾਤੜਾਂ ਵਾਲਾ ਖੂਹ ਉਬਾਲਾ ਖਾ ਗਿਆ। ਇਹ ਖੂਹ ਕਦੇ ਰਾਹਗੀਰਾਂ ਦੀ ਪਿਆਸ ਬੁਝਾਉਂਦਾ ਹੋਊ।
               ਘਟਨਾ ਸਾਲ 2006 ਦੀ ਹੈ। ਡਾਕਟਰ ਜੋੜੇ ਨੇ ਜੇਬਾਂ ਭਰੀਆਂ, ਖੂਹ ਨਵਜੰਮੀਆਂ ਨਾਲ ਭਰ ਦਿੱਤਾ। ਮੌਣ ਖੂਹ ਦੀ ਸੁੰਨ ਹੋ ਗਈ। ਪਤਾਲੋਂ ਆਵਾਜ਼ ਆਈ, ‘ਵੇ ਧਰਮੀ ਬਾਬਲਾ..!’ ਪੁਲੀਸ ਨੂੰ ਸੈਂਕੜੇ ਭਰੂਣਾਂ ਦੇ ਪਿੰਜਰ ਲੱਭੇ। ਬੁੱਲ੍ਹੇ ਸ਼ਾਹ ਦਾ ਰੱਬ ਨੂੰ ਤਰਲਾ, ‘ਘੁੰਡ ਮੁਖੜੇ ਤੋਂ ਲਾਹ ਓ ਯਾਰ।’ ਬੁੱਲ੍ਹਿਆ ਨਵੇਂ ਜ਼ਮਾਨੇ ਆਏ, ਨਵੀਂ ਸੋਚ ਨੇ ਖੰਭ ਫੈਲਾਏ। ਪਿੱਤਰ ਸੱਤਾ ਦਾ ਵੇਲਾ ਗਿਆ ਜਦੋਂ ਅੌਰਤ ਪਤੀ ਦੇ ਮਰਨ ਪਿੱਛੋਂ ਮੂੰਹ ਵੇਂਹਦੀ ਸੀ। ਅੱਜ ਦੀ ਕੁੜੀ, ਹਕੂਮਤ ਦੀ ਅੱਖ ’ਚ ਅੱਖ ਪਾਉਂਦੀ ਹੈ। ਰੱਖੜੀ ਦੇ ਫਰਜ਼ ਭੁੱਲੀ ਨਹੀਂ। ਰੱਖਿਆ ਦੀ ਝਾਕ ਭੁਲਾ ਬੈਠੀ ਐ। ਦਿੱਲੀ ਦਾ ‘ਪਿੰਜਰਾ ਤੋੜ’ ਜੁਝਾਰੂ ਗਰੁੱਪ ਹੈ। ਨੌਜਵਾਨ ਕੁੜੀਆਂ ਦਾ ਸਮੂਹ। ਨਾਬਰੀ ਖ਼ਿਲਾਫ਼ ਹੱਲਾ ਨੇ। ਇੰਝ ਸੜਕਾਂ ’ਤੇ ਗਰਜੀਆਂ। ‘ਤੁਸੀਂ ਕੰਧਾਂ ਨੂੰ ਤਾਲੇ ਨਹੀਂ ਮਾਰ ਸਕਦੇ’। ‘ਪਿੰਜਰਾ ਤੋੜ’ ਦੀਆਂ ਦੋ ਕੁੜੀਆਂ ਨਤਾਸ਼ਾ ਨਾਰਵਾਨ ਤੇ ਦੇਵਾਂਗਨਾ ਕਾਲਿਤਾ। ਦਿੱਲੀ ਨੇ ਜੇਲ੍ਹ ਦਿਖਾ ਦਿੱਤੀ। ਅਰਬੀ ਫ਼ਰਮਾਉਂਦੇ ਨੇ,‘ਤੰਗ ਰਸਤੇ ’ਤੇ ਕੋਈ ਸਕਾ ਨਹੀਂ ਹੁੰਦਾ।’ ਨੰਦ ਲਾਲ ਨੂਰਪੂਰੀ ਨੇ ਕਿਸੇ ਗੱਲੋਂ ਕਿਹਾ ਹੋਣੈ, ‘ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ..! ਕਨੂੰ ਪ੍ਰਿਆ ਨੇ ਸਿਜਦਾ ਕੀਤਾ। ਪੰਜਾਬ ’ਵਰਸਿਟੀ ’ਚ ਪ੍ਰਧਾਨ ਬਣੀ। ਨਵੀਂ ਲੀਕ ਵਾਹ ਆਈ, ਖੜੋਤਾਂ ਦਾ ਮੱਕੂ ਠੱਪ ਦਿੱਤਾ। ਕੋਈ ਉਪ ਕੁਲਪਤੀ ਨਾਬਰੀ ਦਿਖਾਏ। ਉਦੋਂ ਕੋਈ ਸਾਰੂ ਰਾਣਾ ਉੱਠਦੀ ਹੈ।
                ਗੁਜਰਾਤੀ ਸਿਪਾਹੀ ਸੁਨੀਤਾ ਯਾਦਵ। ਪ੍ਰਤਾਪੀ ਮੱਥਾ, ਮੱਤ ਚੋਟੀ ’ਤੇ, ਅਸੂਲ ਮੁੱਠੀ ’ਚ। ਮੰਤਰੀ ਦੇ ਮੁੰਡੇ ਲੌਕਡਾਊਨ ਤੋੜਿਆ। ਉਪਰੋਂ ਮੰਤਰੀ ਦੇ ਡਰਾਵੇ, ਸੁਨੀਤਾ ਹੱਥ ਨਾ ਆਵੇ। ਮੁੰਡੇ ’ਤੇ ਪਰਚਾ ਹੋਇਆ, ਮੰਤਰੀ ਕੁਰਲਾਵੇ। ਬੇਅੰਤ ਸਿਓਂ ਦੀ ਹਕੂਮਤ ਸੀ। ‘ਸੁਪਰ ਕੌਪ’ ਨੇ ਮਹਿਲਾ ਆਈਏਐੱਸ ਅਫ਼ਸਰ ਦੀ ਪਿੱਠ ’ਤੇ ਹੱਥ ਮਾਰਿਆ। ਮਹਿਲਾ ਨੇ ਦਿਖਾ ਦਿੱਤਾ ਫੇਰ ‘ਜੈਤੋ ਦਾ ਕਿਲਾ।’ ਬਹੁਤਾ ਦੂਰ ਨਹੀਂ, ਪਿੱਛੇ ਜੇਹੇ ਇੱਕ ਮੰਤਰੀ ਦੇ ਗ੍ਰਹਿ-ਨਛੱਤਰ ਚਾਂਭਲ ਗਏ। ਮਹਿਲਾ ਅਫ਼ਸਰ ਨੂੰ ਐੱਸਐੱਮਐੱਸ ਭੇਜ ਬੈਠਾ। ਅਗਲੀ ਨੇ ਨੀਂਦ ਉਡਾ ਦਿੱਤੀ। ਜਾਨ ਬਚੀ ਸੋ ਲਾਖੋਂ ਪਾਏ..! ਕਰੋਨਾ ਵਰਗੀ ‘ਮੀ ਟੂ’ ਲਹਿਰ ਸੀ। ਨਵੇਂ ਯੁੱਗ ਨੇ ਦੱਸ ਦਿੱਤਾ। ‘ਧੀਆਂ ਕੰਧੋਲ਼ੀ ’ਤੇ ਵਾਹੀਆਂ ਮੋਰਨੀਆਂ ਨਹੀਂ’।ਉਹ ਵੇਲਾ ਨਹੀਂ ਰਿਹਾ। ਜਦੋਂ ਦਾਈ ਜੰਮਦੀ ਦਾ ਗਲਾ ਦਬਾਉਂਦੀ ਸੀ। ਮਾਪੇ ਕੁੜੀ ਨੂੰ ਦੱਬ ਦਿੰਦੇ। ਕੋਲ਼ ਗੁੜ ਦੀ ਰੋੜੀ ਤੇ ਪੂਣੀ ਰੱਖ ਆਖਦੇ। ‘ਗੁੜ ਖਾਵੀਂ, ਪੂਣੀ ਕੱਤੀ, ਆਪ ਨਾ ਆਵੀਂ, ਵੀਰੇ ਨੂੰ ਘੱਤੀ।’ ਅੰਮ੍ਰਿਤਾ ਪ੍ਰੀਤਮ ਨੇ ਅੌਰਤ ਨੂੰ ‘ਮੋਮ ਦੀ ਗੁੱਡੀ’ ਕਿਹਾ। ਨਵੀਂ ਵੀ ਸੁਣ ਲਓ। ਲੋਹਾ ਖੇੜਾ (ਸੰਗਰੂਰ) ਦੀ ਪੇਂਡੂ ਕੁੜੀ ਮਨਪ੍ਰੀਤ ਮੰਜੂ। ਨਾਢੂ ਖਾਂ ਮੁੰਡਾ ਰਾਹ ਰੋਕਣੋਂ ਬਾਜ ਨਾ ਆਵੇ। ਦੁਨਾਲੀ ਚੁੱਕ ਮੁੰਡੇ ਦੇ ਘਰ ਗਈ। ਤਿੰਨ ਹਵਾਈ ਫਾਇਰ ਕੀਤੇ। ਮੁੰਡਾ ਸੁਸਰੀ ਬਣ ਗਿਆ।
               ਢੁੱਡੀਕੇ ਵਾਲੀ ਕੁੜੀ ਦੇ ਚਰਚੇ ਸੁਣੇ ਨੇ। ਉਹ ਬੁਰੇ ਦੇ ਘਰ ਤੱਕ ਗਈ ਸੀ। ਚੰਡੀਗੜ੍ਹ ’ਚ ਅਮੀਰਜ਼ਾਦੇ ਛੇੜਖ਼ਾਨੀ ਕਰ ਬੈਠੇ। ਰਿਵਾਲਵਰ ਚੁੱਕਿਆ, ਲੁਧਿਆਣਾ ਤੱਕ ਪਿੱਛਾ ਕੀਤਾ, ਛੂਮੰਤਰ ਹੋ ਗਏ। ਤਾਜ਼ੀ ਤਾਜ਼ੀ ਵੀ ਸੁਣੋ। ਬਠਿੰਡਾ ਵਾਲੀ ਐੱਸਪੀ ਅਵਨੀਤ ਸਿੱਧੂ। ‘ਸਿੱਧੂ ਮੂਸੇਵਾਲੇ’ ’ਤੇ ਗਰਜੀ। ‘ਤੂੰ ਹੁੰਦਾ ਕੌਣ ਐਂ’। ਮੂਸੇਵਾਲੇ ਕਾਕਾ ਜੀ ਮੁੜ ਅੱਖ ’ਚ ਪਾਏ ਨੀ ਰੜਕੇ।ਆਓ ਅੱਗੇ ਵਧਦੇ ਹਾਂ। ਮਹਿਮਾ ਭਗਵਾਨਾ ਦੀ ਗਿਆਰ੍ਹਵੀਂ ’ਚ ਪੜ੍ਹਦੀ ਧੀ ਬਲਦੀਪ ਕੌਰ। ਤਿੰਨ ਭੈਣਾਂ ’ਚੋਂ ਸਭ ਤੋਂ ਛੋਟੀ। ਪੁੱਤ ਬਣ ਖੇਤਾਂ ਦੀ ਵੱਟੋ ਵੱਟ ਤੁਰੀ। ਖੇਤੀ ਆਰਡੀਨੈਂਸਾਂ ਤੋਂ ਵੱਟ ਚੜ੍ਹ ਗਿਆ। ਟਰੈਕਟਰ ਮਾਰਚ ਦੇ ਕਾਫਲੇ ’ਚ ਟਰੈਕਟਰ ਲੈ ਵੜੀ। ਮੂੰਹ ਪਿੰਡ ਬਾਦਲ ਵੱਲ ਕੀਤਾ ਜਿਵੇਂ ਆਖ ਰਹੀ ਹੋਵੇ, ‘ਖੇਤਾਂ ਨਾਲ ਕਾਹਦਾ ਵੈਰ..!’ ਅੱਖਾਂ ਦੇ ਅੱਥਰੂ ਨਹੀਂ ਏਹ ਕੁੜੀਆਂ। ਇਨ੍ਹਾਂ ਇਤਿਹਾਸ ਪੜ੍ਹਿਐ, ਮਾਈ ਭਾਗੋ ਦਾ, ਮਾਤਾ ਸੁੰਦਰੀ ਦਾ ਤੇ ਝਾਂਸੀ ਦੀ ਰਾਣੀ ਦਾ ਵੀ। ਕੇਰਲਾ ’ਚ ਸਬਰੀਮਾਲਾ ਮੰਦਰ ਦੇ ਬੂਹੇ ਭੇੜੇ ਗਏ। ਮੌਤ ਨੂੰ ਲੱਕ ਨਾਲ ਬੰਨ੍ਹ ਦੋ ਅੌਰਤਾਂ ਕੁੱਦੀਆਂ। ਰੇਡੀਓ ’ਤੇ ਗਾਣਾ ਵੱਜ ਰਿਹੈ, ‘ਭਈਆ ਮੇਰੇ ਰਾਖੀ ਕੇ ਬੰਧਨ ਕੋ ਨਿਭਾਨਾ’। ਖਰੜ ਦੀ ਹਰਜੀ ਢਿੱਲੋਂ ਨੇ ਫਰਜ਼ ਨਿਭਾਇਐ। ਯੋਗਤਾ ਐੱਮਏ, ਐੱਮਫਿਲ ਹੈ। ਵੇਚਦੀ ਕੜ੍ਹੀ ਚਾਵਲ ਹੈ। ਆਖਦੀ ਐ, ’ਕਿਸੇ ਅੱਗੇ ਹੱਥ ਕਿਉਂ ਅੱਡਾਂ।’
                ਪਿੰਡ ਬੰਗੀਵਾਲ (ਜਲੰਧਰ) ਦੀ ਮਰਦਾਨੀ ਕੁਲਦੀਪ ਕੌਰ। ਪਤੀ ਦੀ ਮੌਤ ਹੋ ਗਈ, ਪੰਜਾਬ ਦੀ ਪਹਿਲੀ ਮਹਿਲਾ ਚੌਕੀਦਾਰ ਬਣੀ। ਰੇਤ ਮਾਫੀਆ ਹੋਵੇ ਤੇ ਚਾਹੇ ਨਸ਼ਾ ਮਾਫੀਆ, ਪੁਲੀਸ ਦੇ ਬਰਾਬਰ ਡਟਦੀ ਹੈ। ਤੁਸੀਂ ਰੱਖੜੀ ਦੇ ਜਸ਼ਨ ਮਨਾਓ, ਇਨ੍ਹਾਂ ਪਹਾੜ ਚੀਰਨੇ ਨੇ। ਫਾਜ਼ਿਲਕਾ ’ਚ ਥਾਣੇਦਾਰ ਲਵਮੀਤ ਕੌਰ ਨੇ ਵੀ ਮੱਥਾ ਪਹਾੜ ਨਾਲ ਲਾਇਆ। ਵਿਧਾਇਕ ਦਵਿੰਦਰ ਘੁਬਾਇਆ ਨਾਲ ਪੰਗਾ ਪਾਇਆ। ਘੁਬਾਇਆ ਬੋਲੇ... ‘ਜੁੱਲੀ ਬਿਸਤਰਾ ਗੋਲ ਕਰਾਦੂੰ।’ ਯੂਨਾਨੀ ਆਖਦੇ ਨੇ, ‘ਟੁੱਟੇ ਸਾਜ਼ ’ਚੋਂ ਸੋਹਣੇ ਸੰਗੀਤ ਦੀ ਆਸ ਨਾ ਕਰੋ।’ ਲਵਮੀਤ ਕੌਰ ਦੀ ਅੰਦਰੋਂ ਰੂਹ ਟੁੱਟ ਕੇ ਪਈ। ਵੀਹ ਦੇਖੇ ਨੇ ਤੇਰੇ ਵਰਗੇ..! ‘ਚੌਲ ਛੰਡਦਿਆਂ ਹੀ ਚਿੱਟੇ ਹੁੰਦੇ ਨੇ।’ ਜੰਮੂ ਵਾਲੇ ਸੁਰਿੰਦਰ ਨਾਥ ਦੀ ਧੀ ਅੰਜੂ ਬਾਲਾ। ਯੂਪੀ ’ਚੋਂ ਐੱਮਪੀ ਬਣੀ ਸੀ। ਪੰਜ ਧੀਆਂ ਦੇ ਬਾਪ ਨੇ ਸਟੋਰ ਅੱਗੇ ਬੋਰਡ ਸਜਾਇਆ, ‘ਸੁਰਿੰਦਰ ਨਾਥ ਐਂਡ ਡਾਟਰਜ਼।’ ਨਾਰੀਵਾਦੀ ਲਹਿਰ ਨੇ ਗੇਅਰ ਬਦਲਿਐ। ਉਪਰੋਂ ਬਾਰ੍ਹਵੀਂ ਦਾ ਨਤੀਜਾ ਆਇਐ। ਪਿੰਡ ਬਾਜੇਵਾਲਾ (ਮਾਨਸਾ) ਦਾ ਰਵੀ ਸਿੰਘ। ਰੱਖੜੀ ਦਾ ਸੱਚਾ ਹੱਕਦਾਰ ਹੈ। ਭੈਣਾਂ ਪੜ੍ਹਾਉਣ ਲਈ ਖੁਦ ਪੜ੍ਹਨੋਂ ਹਟ ਗਿਆ। ਰਵੀ ਹਲਵਾਈ ਕੋਲ ਦਿਹਾੜੀ ਕਰਦੈ। ਭੈਣ ਨੇ ਹੁਣੇ 450 ‘ਚੋਂ 448 ਨੰਬਰ ਲਏ ਨੇ। ਰਵੀ ਸਿੰਘ ਮਠਿਆਈ ਲਿਆਊ, ਰੱਖੜੀ ਭੈਣ ਬੰਨ੍ਹੂ। ਏਹ ਹੈ ਸੱਚਾ ਰਿਸ਼ਤਾ।
                ਪਿੰਡ ਬੱਲ੍ਹੋ (ਬਠਿੰਡਾ) ਦੀ ਰਾਜਨਦੀਪ ਕੌਰ। ਮਜ਼ਦੂਰ ਦੀ ਧੀ ਨੇ ਕਦੇ ਝੋਨਾ ਲਾਇਆ, ਕਦੇ ਆਲੂ ਪੁੱਟੇ ਤੇ ਕਦੇ ਨਰਮਾ ਚੁਗਿਆ। ਬਾਰ੍ਹਵੀਂ ’ਚੋਂ ਨਰਮੇ ਦੇ ਫੁੱਟਾਂ ਵਰਗੇ 97 ਫੀਸਦੀ ਨੰਬਰ ਲਏ। ਪੰਜ ਕੁ ਵਰ੍ਹਿਆਂ ਦਾ ਛੋਟਾ ਭਰਾ ਹੁਣ ਰੱਖੜੀ ਚੁੱਕੀ ਫਿਰਦੈ। ਰੁਹੇਲਾ (ਫਾਜ਼ਿਲਕਾ) ਦੀ ਗੁਰਮੀਤ ਕੌਰ। ਸਭ ਟਾਲ਼ਾ ਵੱਟੂ ਨਿਕਲੇ, ਭਰਾ ਨੂੰ ਗੁਰਦਾ ਦੇ ਦਿੱਤਾ। ਆਂਧਰਾ ਪ੍ਰਦੇਸ਼ ਦੀਆਂ ਦੋ ਭੈਣਾਂ ਨੇ ਬਲਦਾਂ ਵਾਂਗ ਹਲ਼ ਵਾਹਿਆ। ਅਦਾਕਾਰ ਸੋਨੂੰ ਸੂਦ ਨੇ ਤੋਹਫੇ ਵਜੋਂ ਟਰੈਕਟਰ ਭੇਜ ਦਿੱਤਾ। ਇੱਧਰ, ਜਦੋਂ ਤੋਂ ‘ਚਿੱਟਾ’ ਆਇਆ, ਪੰਜਾਬੀ ਭੈਣਾਂ ਦੇ ਦੁੱਖਾਂ ਦੇ ਹਲ਼ ਨੂੰ ਹੱਥ ਪੈ ਗਏ। ਲੰਘੇ ਵਰ੍ਹੇ ਰੱਖੜੀ ਲੈਣ ਤੋਰਿਆ। ਭਰਾ ਲੋਥ ਬਣ ਮੁੜਿਆ। ਅਬੋਹਰ ਦੀ ਭੈਣ ਤਸਕਰਾਂ ਨੂੰ ਪੈ ਨਿਕਲੀ। ਨਵਾਂ ਸ਼ਹਿਰ ਦੀ ਮਹਿਲਾ ਡਾਕਟਰ ਦੁਹੱਥੜ ਮਾਰ ਭਗਵੰਤ ਮਾਨ ਕੋਲ ਰੋਈ। ‘ਭਰਾਵਾਂ ਦੇ ਵੈਲਪੁਣੇ ਨੇ ਭੈਣਾਂ ਨੂੰ ਕੁਆਰਾ ਰੱਖ ਦਿੱਤਾ।’ ਸਮਾਪਤੀ ‘ਨਿਆਮਤ’ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਖ਼ਤ ਦੇ ਆਖਰੀ ਸ਼ਬਦਾਂ ਨਾਲ। ‘ਬਲਦਾ ਪੰਜਾਬ ਤੁਹਾਡੇ ਪੰਜਾਬ ਨਾਲੋਂ ਵੱਖਰੈ, ਇਸ ਪੀੜ੍ਹੀ ਨੂੰ ਇੰਨਾ ਵੀ ਬੇਸਮਝ ਨਾ ਜਾਣਿਓਂ ਕਿ ਆਪਣੀਆਂ ਜੜਾਂ ’ਚ ਤੇਲ ਵਾਲੇ ਹੱਥਾਂ ਨੂੰ ਪਛਾਣ ਨਾ ਸਕੇ।’ ਛੱਜੂ ਰਾਮ ‘ਨਿਆਮਤ’ ਦਾ ਮੂੰਹ ਮਿੱਠਾ ਕਰਾ ਰਿਹੈ।



No comments:

Post a Comment