Add caption |
ਵਿਚਲੀ ਗੱਲ
ਮੇਰੇ ਰਾਮ ਜੀਓ...!
ਚਰਨਜੀਤ ਭੁੱਲਰ
ਚੰਡੀਗੜ੍ਹ : ‘ਰਾਜਾ ਮਰ ਗਿਆ ਹੈ ਪਰ ਰਾਜਾ ਅਮਰ ਰਹੇ।’ ਪੁਰਾਣੀ ਪ੍ਰਚਲਿਤ ਅਖਾਣ ਹੈ। ਜਿਥੇ ਕਿਤੇ ਰਾਜ਼ਾਸਾਹੀ ਹੈ, ਉਥੇ ਇਹੋ ਜਾਪ ਹੁੰਦਾ ਹੈ ਕਿ ਗੱਦੀ ਖਾਲੀ ਨਾ ਰਹੇ। ਲੋਕ ਰਾਜ ਦਾ ਵੀ ਇਹੋ ਦਸਤੂਰ ਬਣਿਐ। ਤਖ਼ਤ ਵੀ ਉਹੀ, ਸਾਜ਼ ਵੀ ਹੋਈ, ਰਾਗ ਵੀ ਉਹੀ। ਚਿਹਰੇ ਬਦਲਦੇ ਨੇ, ਖਾਸਾ ਤੇ ਰੂਹਾਂ ਨਹੀਂ। ਓਹੀ ਬਾਹਾਂ ਤੇ ਕੁਹਾੜੀ ਵੀ ਓਹੀ। ਵੇਖੋ ਤਮਾਸ਼ਾ-ਏ-ਜ਼ਿੰਦਗੀ। ਸਿਆਸੀ ਡੌਰੂ ਕਿਵੇਂ ਖੜਕ ਰਿਹੈ। ਹਾਲੇ ਤੁਸੀਂ ਪੁੱਛਦੇ ਹੋ, ਕਦੋਂ ਆਏਗਾ ਰਾਮ ਰਾਜ। ਪੁੱਛਣਾ ਤਾਂ ਇਹ ਬਣਦੈ, ਕਿ ਕਦੋਂ ਆਇਆ ਰਾਮ ਰਾਜ। ਜੋ ਲਾਹੌਰ ਬੱਧੂ, ਉਹੋ ਪਿਸ਼ੌਰ ਬੱਧੂ। ਲਗਨ ਠੰਢਾ ਹੋ ਜਾਏ, ਅੱਗਿਓਂ ਨੰਬਰਦਾਰ ਮੱਥੇ ਲੱਗੇ, ਫਿਰ ਕਿੱਥੋਂ ਪਤਾ ਲੱਗਦੈ। ਕੌਣ ਆਇਆ, ਕੌਣ ਗਿਆ। ਆਸਾਂ ਦੇ ਪੁਲ ਬਣਾਉਂਦੇ ਨੇ। ਜਿੰਨੇ ਦਲ, ਉਨੇ ਸਾਜ਼ ਵਜਾਉਂਦੇ ਨੇ। ਹੋਕੇ ਲਾਉਂਦੇ ਨੇ, ਤੁਸੀਂ ਸਾਨੂੰ ਮੁੜ ਲਿਆਓ। ਅਸੀਂ ਕੱਟਾਂਗੇ ਦੁੱਖਾਂ ਦਾ ਬਣਵਾਸ। ਗੱਜ ਵੱਜ ਸਹੁੰ ਚੁੱਕਦੇ ਨੇ। ਗੱਦੀ ਖਾਲੀ ਜੋ ਨਹੀਂਓ ਰੱਖਣੀ। ਸੱਤਾ ਦੇ ਸੇਲਜ਼ਮੈਨ, ਮੁੜ ਲੱਭਿਆ ਨਹੀਂ ਲੱਭਦੇ। ਹੁਕਮ ਤਾਂ ਛੱਡੋ। ਸੋਨੇ ਦੀ ਲੰਕਾ ਬਣਾ ਦਿਆਂਗੇ। ਨੰਗਿਆਂ ਦੀ ਬਸਤੀ ’ਚ ਧੋਬੀ ਦਾ ਘਰ ਪਾ ਦਿਆਂਗੇ। ਤੁਰਕੀ ਵਾਲੇ ਲੱਖ ਪਏ ਆਖਣ, ‘ਸੂਈ ਨਾਲ ਖੂਹ ਨਹੀਂ ਪੁੱਟੇ ਜਾਂਦੇ’। ਰੇਡੀਓ ਆਨ ਕਰੋ, ਮਨ ਦੀ ਸੁਣੋ, ਅਸੀਂ ਚੰਦਰਮਾ ’ਤੇ ਮੈਟਰੋ ਚਲਾ ਦਿਆਂਗੇ। ਕਿਤੇ ਨਖ਼ਲਿਸਤਾਨ, ਕਿਤੇ ਜੰਗਲ ’ਚ ਮੰਗਲ ਲਾ ਦਿਆਂਗੇ। ਧਨੀ ਰਾਮ ਚਾਤ੍ਰਿਕ ਪਤਾ ਨਹੀਂ ਕੀ ਚਾਹੁੰਦੈ। ਉਸੇ ਤੋਂ ਹੀ ਸੁਣ ਲਓ, ‘ਵੱਡਿਆਂ ਦਾ ਦਿਲ ਹੋ ਜਾਏ ਵੱਡਾ, ਢਾਹ ਸੁੱਟਣ ਨਫ਼ਰਤ ਦਾ ਅੱਡਾ/ਇੱਕ ਦੂਜੇ ਤੋਂ ਸਦਕੇ ਜਾਣ, ਸੱਚਮੁੱਚ ਦਾ ਇਨਸਾਨਸਤਾਨ।’ ਸੱਜਣ ਜੀ ਫਿਕਰ ਛੱਡੋ, ਫਾਕੇ ਵੱਢੋ। ਧਨੀ ਰਾਮ ਜੀ, ਤੁਸੀਂ ਬੋਲੋ, ਕੇਹਾ ਰਾਜ ਚਾਹੀਏ। ਹਰ ਵੰਨਗੀ ਦਾ ਮਿਲੇਗਾ।
ਕੇਰਾਂ ਨਜ਼ਰ ਤਾਂ ਘੁਮਾਓ। ਆਹ ਗੁਰੂ ਗੋਬਿੰਦ ਸਿੰਘ ਵਾਲਾ ਰਾਜ ਐ। ਜਾਤ ਪਾਤ ਤੋਂ ਮੁਕਤ। ਬਾਬੇ ਨਾਨਕ ਵਾਲਾ, ਕਿਰਤ ਦਾ ਰਾਹ ਦਿਖਾਉਂਦੈ। ਪਲੈਟੋ ਦਾ ‘ਆਦਰਸ਼ ਰਾਜ’ ਵੀ ਹੈ। ਨਾਲੇ ਕਾਰਲ ਮਾਰਕਸ ਦਾ ‘ਦਾਸ ਕੈਪੀਟਲ’ ਵਾਲਾ ਰਾਜ ਵੀ। ਟਿਕਾਊ ਤੇ ਹੰਢਾਊ ਹੈ, ਵਿਕਦੈ ਥੋੜ੍ਹਾ ਘੱਟ ਐ। ‘ਨਾ ਰਾਜਾ ਝੂਠ ਬੋਲੇ, ਨਾ ਪਰਜਾ ਝੂਠ ਸਹੇ’, ਏਹ ਤਾਂ ਮਹਾਤਮਾ ਗਾਂਧੀ ਵਾਲਾ ਹੈ। ਸੱਚ ਦੀ ਪਾਣ ਵੀ ਚੜ੍ਹੀ ਐ। ਜੈਸਾ ਰਾਜ ਤੈਸੀ ਪਰਜਾ। ਧਨੀ ਰਾਮ ਜੀ ਧੀਰਜ ਰੱਖੋ। ਖੁੱਲ੍ਹੇ ਪਣੇ ਵਾਲਾ ਵੀ ਮਿਲੂ। ਸ਼ਹੀਦ-ਏ-ਆਜ਼ਮ ਭਗਤ ਸਿਓਂ ਵਾਲਾ ਰਾਜ ਵੀ ਹੈ। ਨਿਆਂ ਪਸੰਦ ਹੋ ਤਾਂ ਚੇਤਿਆਂ ’ਚ ਲਿਆਓ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ। ‘ਢਿੱਡੋਂ ਭੁੱਖੀ, ਭੰਗੜੇ ਦਾ ਚਾਅ’। ਧਨੀ ਰਾਮ ਜੀ, ਵਿਦਾ ਹੋਵੇ, ਨਖ਼ਰੇ ਨਹੀਓਂ ਝੱਲਦੇ ਪੰਜਾਬੀ। ਐਡਲਸ ਹਕਸਲੇ ਤਾਂ ਸਭ ਦਾ ਗੁਰੂ ਨਿਕਲਿਐ। ਜਿਹਦਾ ਨਾਵਲ ‘ਬਰੇਵ ਨਿਊ ਵਰਲਡ’। ਨਵੇਂ ਨਰੋਏ ਸਮਾਜ ਦੀ ਕਲਪਨਾ ਦਾ ਸਿਖ਼ਰ ਐ। ਬਾਬੂ ਹਕਸਲੇ ਉਂਗਲੀ ਫੜ ਤੋਰਦੇ ਨੇ। ਇੰਝ ਛਾਏਗੀ ਭਵਿੱਖ ’ਚ ਸਾਇੰਸ/ਤਕਨੀਕ। ਮਾਂ ਦੀ ਕੁੱਖ ਨਹੀਂ, ਟੈਸਟ ਟਿਊਬ, ਬੇਬੀ ਜਮਾਏਗੀ। ਹਰ ਤਰ੍ਹਾਂ ਦੇ ਤੜਕੇ ਵਾਲਾ ਬੱਚਾ। ਕੋਈ ਲੇਬਰ ਸਟੱਫ ਹੋਵੇਗਾ। ਮਿੱਟੀ ਨਾਲ ਮਿੱਟੀ ਹੋਏਗਾ, ਨਾ ਬੋਲੇਗਾ, ਨਾ ਚੂੰ ਕਰੇਗਾ। ਲੜਾਕੇ ਵੀ ਹੋਣਗੇ, ਕੇਵਲ ਲੜਨਗੇ। ਗਿਆਨੀ ਵੀ, ਧਿਆਨੀ ਵੀ ਹੋਣਗੇ। ਖ਼ਾਲਸ ਜਜ਼ਬਾਤ ਰਹਿਤ ਰਾਜ। ਨਾ ਕੋਈ ਖੁਸ਼ੀ, ਨਾ ਕੋਈ ਗ਼ਮ। ਕੈਪਸੂਲ ਮਿਲੇਗਾ, ਖਾਓ ਤੇ ਹੱਸੋ। ਦੋ ਬੂੰਦਾਂ ਲਓ, ਖੁੱਲ੍ਹ ਕੇ ਰੋ ਲਓ। ਨਾ ਰਿਸ਼ਤਾ, ਨਾ ਕੋਈ ਸਾਂਝ। ਨਿਰਾ ਮਸ਼ੀਨੀ ਸਮਾਜ।
ਵਰ੍ਹੇ ਛਿਮਾਹੀ ਗੱਲ ਦਸੌਂਧਾ ਸਿਓਂ ਵੀ ਚੰਗੀ ਕਰਦੈ। ਅਖੇ, ਹਕਸਲੇ ਨੇ ਸਾਡਾ ਫਾਰਮੂਲਾ ਚੋਰੀ ਕੀਤੈ। ਭਵਿੱਖ ਨੂੰ ਛੱਡੋ, ਦੇਸ਼ ਦਾ ਗੇੜਾ ਕੱਢੋ, ਚਾਹੇ ਹੁਣੇ ਤਸੱਲੀ ਕਰੋ। ਕਿੱਧਰੇ ਕੋਈ ਤਿੜ ਫਿੜ ਕਰਦੈ। ਰਿਸ਼ੀ ਬਾਲਮੀਕ ਨੇ ਰਮਾਇਣ ਰਚੀ। ਕਲਪਨਾ ਰਾਮ ਰਾਜ ਦੀ ਕੀਤੀ। ਪਰਜਾ ਸੰਤਾਨ ਹੋਏਗੀ, ਨਾ ਵੈਰ ਵਿਰੋਧ, ਨਾ ਨਫਰਤੀ ਝੇੜੇ, ਕੇਵਲ ਮਰਿਆਦਾ ਪੂਰਨ ਰਾਜ, ਵਡੇਰਿਆਂ ਦੇ ਨਾਪ ਵਾਲਾ। ਕੈਬਨਿਟ ਮੀਟਿੰਗ ’ਚ ਕਦੇ ਪ੍ਰਧਾਨ ਮੰਤਰੀ ਬੈਠਾ ਵੇਖਿਓ, ਪਿਛਲੇ ਪਾਸੇ ਨਜ਼ਰ ਪਵੇਗਾ, ‘ਸਤਿਆਮੇਵ ਜਯਤੇ’। ਮਤਲਬ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਆਓ ਕੁਝ ਸੁਰਖੀਆਂ ’ਤੇ ਝਾਤ ਪਾਈਏ। ‘ਮੱਧ ਪ੍ਰਦੇਸ਼ ਪੁਲੀਸ ਨੇ ਗ੍ਰੰਥੀ ਨੂੰ ਵਾਲਾਂ ਤੋਂ ਫੜ ਘਸੀਟਿਆ।’ ‘ਭੋਪਾਲ ਦੀ ਗਰੀਬ ਬਸਤੀ ’ਚ ਪਾਣੀ ਦੀ ਬਾਲਟੀ ਦਾ ਮੁੱਲ ਦੋ ਰੁਪਏ।’ ‘ਕਰੋਨਾ ਮਰੀਜ਼ਾਂ ਦਾ ਅੰਕੜਾ 20 ਲੱਖ ਨੂੰ ਪਾਰ। ‘ਪ੍ਰੋ. ਹਨੀ ਬਾਬੂ ਗ੍ਰਿਫ਼ਤਾਰ।’ ਅਗਲੇ ਸਿਰਲੇਖ਼ ਵੀ ਪੜ੍ਹੋ, ‘ਵਿਦੇਸ਼ੀ ਯਾਤਰੀ ਨੇ ‘ਰਾਮ ਰਾਮ’ ਦਾ ਜੁਆਬ ਨਾ ਦਿੱਤਾ, ਚਾਕੂ ਮਾਰਿਆ।’ ‘ਰਾਜਸਥਾਨ ’ਚ ਵਿਧਾਇਕਾਂ ਦੀ ਖੁੱਲ੍ਹੀ ਬੋਲੀ’। ‘ਯੂਪੀ ਦੇ ਬਾਰਾਂ ਲੱਖ ਕਿਸਾਨ ਕੇਂਦਰੀ ਯੋਜਨਾ ਦੀ ਪਹਿਲੀ ਕਿਸ਼ਤ ਨੂੰ ਤਰਸੇ।’ ਯੂਪੀ ਵਾਲੇ ਯੋਗੀ ਦੀ ਬਰੇਕਿੰਗ ਖ਼ਬਰ।, ‘ਮਸਜਿਦ ਦਾ ਉਦਘਾਟਨ ਕਰਾਂਗਾ ਬਤੌਰ ਮੁੱਖ ਮੰਤਰੀ, ਹਿੰਦੂ ਤੇ ਯੋਗੀ ਹੋਣ ਦੇ ਨਾਤੇ ਨਹੀਂ।’ ‘ਧਾਰਾ 370 ਨੂੰ ਖ਼ਤਮ ਕਰਨ ਦੀ ਪਹਿਲੀ ਵਰ੍ਹੇ ਗੰਢ ਮੌਕੇ ਕਸ਼ਮੀਰ ’ਚ ਕਰਫਿਊ।’ ਸੰਤ ਰਾਮ ਉਦਾਸੀ ਕਿੱਧਰ ਆਣ ਵੜੇ, ‘ਅਜੇ ਤਾਂ ਹਿੰਸਾ ਖੁੱਲ੍ਹੀ ਚਰਦੀ, ਅਮਨ ਅਮਾਨ ਦੇ ਨਾਅਰੇ ਥੱਲੇ/ਅਜੇ ਤਾਂ ਦੁਨੀਆ ਨਰਕ ਭੋਗਦੀ, ਜੰਨਤ ਦੇ ਇੱਕ ਲਾਰੇ ਥੱਲੇ।’
ਕਾਹਤੋਂ ਸੱਚ ਨਿੱਤ ਹਾਰਦੈ, ਨੇਤਾ ਜਿੱਤਦੇ ਨੇ, ਹਰ ਪੰਜ ਸਾਲਾਂ ਪਿੱਛੋਂ। ਖ਼ੌਫ ਦਾ ਏਨਾ ਪਹਿਰਾ,‘ਰਾਮ ਰਾਜ’ ਵੀ ਥਰ-ਥਰ ਕੰਬਦੈ। ਜਦੋਂ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੀਟਿੰਗ ਕਰਦੇ ਹਨ। ਉਪਰ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਦਿਖੇਗੀ। ਸੰਨਾਟਾ ਨਹੀਂ, ਛਰਾਟਾ ਨੇ, ਕਿਤੇ ਕਾਲੇ ਬਿੱਲੇ ਲਾ, ਕਿਤੇ ਕਾਲੇ ਚੋਲੇ ਪਾ, ਬੇਰੁਜ਼ਗਾਰ ਨਾਲੇ ਮੁਲਾਜ਼ਮ ਵਰ੍ਹ ਰਹੇ ਨੇ। ਕਿੱਧਰ ਗੁਆਚਿਐ ਰਾਜ ਰਾਜ। ਬਟਵਾਰੇ ਤੋਂ ਪਹਿਲਾਂ। ਸਾਂਝੇ ਪੰਜਾਬ ’ਚ ਛੇ ਮੰਤਰੀ ਹੁੰਦੇ ਸਨ। ਬਟਵਾਰੇ ਮਗਰੋਂ ਪੰਜਾਬ ਲੰਗੜਾ ਹੋ ਗਿਆ, ਮੰਤਰੀ ਅੱਠ ਹੋ ਗਏ। ਨਵਾਂ ਪੰਜਾਬ ਬਣ ਗਿਆ, ਮੰਤਰੀ ਹੁਣ ਸਤਾਰਾਂ ਨੇ। ਖੇਤੀ ਆਰਡੀਨੈਂਸ ਤਿੰਨ, ਚੌਥਾ ਬਿਜਲੀ ਸੋਧ ਐਕਟ। ਜਿਣਸਾਂ ਦੇ ਮਲੀਆਮੇਟ ਲਈ, ਨਾਮ ਹੀ ਕਾਫ਼ੀ ਹਨ। ਭੇਤੀ ਡੌਂਡੀ ਪਿੱਟਣੋਂ ਕਿਥੋਂ ਹਟਦੇ ਨੇ। ਫਲਾਣੇ ਮੰਤਰੀ ਨੇ ਫਾਰਮ ਹਾਊਸ ਲੈ ਲਿਆ। ਫਲਾਂ ਨੇ ਨੀਂਹਾਂ ਪੁੱਟ ਲਈਆਂ। ਮਹਾਤੜਾਂ ਨੂੰ ਪ੍ਰਵਚਨ ਦਿੰਦੇ ਨੇ, ‘ਮਨ ਨੂੰ ਮੰਦਰ ਬਣਾ ਲਓ, ਅੰਦਰ ਵਸੋਂ ਤੇ ਬੁੱਲ੍ਹੇ ਲੁੱਟੋ। ਮਹਾਤਮਾ ਗਾਂਧੀ ਦੀ ਰੂਹ ਕੂਕ ਰਹੀ ਹੈ, ‘ਰਘੂਪਤੀ ਰਾਘਵ ਸੀਤਾ ਰਾਮ’, ‘ਈਸ਼ਵਰ ਅੱਲਾ ਤੇਰੇ ਨਾਮ’। ਅਸੀਂ ਰਾਮ ਰਾਜ ਲੱਭਦੇ ਘੁੰਮ ਰਹੇ ਹਾਂ। ਸੈਂਕੜੇ ਮੁਲਾਜ਼ਮ ਪਟਿਆਲਾ ‘ਚ ਗੱਜੇ। ‘ਕੈਪਟਨ ਨੂੰ ਲੱਭੋ, ਬੈਨਰ ਫੜ ਕੇ ਚੱਲੇ।’ ਮਾਝੇ ਵਾਲੇ ਸੰਨੀ ਦਿਓਲ ਨੂੰ ਲੱਭ ਰਹੇ ਨੇ। ਨਵਜੋਤ ਸਿੱਧੂ ਕਿਤੋਂ ਲੱਭਦਾ ਹੀ ਨਹੀਂ। ਸੁਖਦੇਵ ਸਿੰਘ ਢੀਂਡਸਾ ਦੱਬਦਾ ਨਹੀਂ। ਤੁਰਿਆ ਹੀ ਫਿਰਦੈ। ਪਰਮਿੰਦਰ ਢੀਂਡਸਾ ਨੇ ਹੌਂਸਲਾ ਦਿੱਤੈ, ‘ਲੱਗੇ ਰਹੋ, ਬੂੰਦ ਬੂੰਦ ਨਾਲ ‘ਸ਼੍ਰੋਮਣੀ ਯੱਗ’ ਭਰੂ।‘ ਵੱਡੇ ਬਾਦਲ ਜਾਣੀ ਜਾਣ ਨੇ।
ਪ੍ਰਵਾਸੀ ਪੰਜਾਬੀ ਉਲਝੇ ਪਏ ਨੇ। ਜਿਸ ਦੇ ਯੱਕੇ ’ਤੇ ਚੜ੍ਹੇ। ਸਭ ਲੱਕੜ ਦੇ ਘੋੜੇ ਨਿਕਲੇ। ਡਾਲਰਾਂ ਦਾ ਦਸਵੰਧ ਕੱਢਦੇ ਨੇ। ਫਿਰ ‘ਰਾਮ ਰਾਜ’ ਹੱਥ ਨਹੀਂ ਫੜਾ ਰਿਹਾ। ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜੇਬ ’ਚੋਂ ਗਿੱਦੜ-ਸਿੰਗੀ ਕੱਢੀ ਹੈ। ਇੰਝ ਫ਼ਰਮਾਏ, ਖਾਲਸਾ ਜੀ! ਬੱਸ ਸ਼ਰਾਬਬੰਦੀ ਕਰ ਦਿਓ। ਦੱਸੋ ਪ੍ਰਧਾਨ ਜੀ ਨੂੰ ਕੌਣ ਸਮਝਾਏ। ਸ਼ਰਾਬ ਸਨਅਤਾਂ ਐਵੇਂ ਨਹੀਂ ਲੱਗੀਆਂ। ਕੈਪਟਨਾਂ ਤੇ ਬਾਦਲਾਂ ਨੇ 500 ਕਰੋੜਾਂ ਦੀਆਂ ਛੋਟਾਂ ਦਿੱਤੀਆਂ ਨੇ। ਕਾਹਤੋਂ ਬੁਰਕੀ ਖੋਹਣ ਲੱਗੇ ਹੋ ਗਰੀਬ ਠੇਕੇਦਾਰਾਂ ਤੋਂ। ਸ਼ਰਾਬ ਮਾਫੀਏ ਦਾ ਸਾਮਰਾਜ ਵੇਖ, ਧਰਮਰਾਜ ਖੁੱਲ੍ਹ ਕੇ ਹੱਸੇ। ਕੋਲ ਬੈਠੇ ਅਮਰੀਸ਼ਪੁਰੀ ਨਾ ਟਲੇ...ਮੋਗੈਂਬੋ ਖੁਸ਼ ਹੂਆ..! ਯਮਦੂਤਾਂ ਦਾ ਕੁੰਭ ਭਰਿਐ। ਕਿਸੇ ਕੋਲ ਸਿਰ ਖੁਰਕਣ ਦੀ ਵਿਹਲ ਨਹੀਂ। ਪੰਜਾਬ ਦੇ 119 ਘਰਾਂ ’ਚ ਸੱਥਰ ਵਿਛਾ ਗਏ। ਪਹਿਲਾਂ ਵਿਰੋਧੀ ਨੇਤਾ ਬੈਠ ਕੇ ਆਏ, ਉਸ ਮਗਰੋਂ ਅਮਰਿੰਦਰ ਸਿਓਂ। ਸੌ ਹੱਥ ਰੱਸਾ ਸਿਰੇ ’ਤੇ ਗੰਢ। ਕਾਮਰੇਡ ਕੱਛ ’ਚ ‘ਲਾਲ ਕਿਤਾਬ’ ਚੁੱਕੀ ਫਿਰਦੇ ਨੇ। ਅਖੇ ਏਹ ਸੁਤਿਆ ਨੂੰ ਜਗਾਊ। ਕਮਲਜੀਤ ਨੀਲੋਂ ਨੇ ਦੂਰਦਰਸ਼ਨ ਦੇ ਜ਼ਮਾਨੇ ’ਚ ਇੱਕ ਲੋਰੀ ਗਾਈ। ਚਹੁੰ ਪਾਸੇ ਛਾ ਗਿਆ। ਕਮਲਜੀਤ ਨੀਲੋਂ ਦਾ ਗਜ਼ਲਗੋ ਬਾਪ, ਤਾਉਮਰ ਲੋਕਾਂ ਨੂੰ ਜਗਾਉਣ ਲਈ ਖਪਦਾ ਰਿਹਾ, ਕਿਸੇ ਨੇ ਇੱਕ ਨਾ ਸੁਣੀ। ਲੋਰੀ ਦੀ ਕਾਮਯਾਬੀ ’ਤੇ ਲੋਕਾਂ ਵਧਾਈ ਦਿੱਤੀ। ਅੱਗਿਓਂ ਗਜ਼ਲਗੋ ਬਾਬਾ ਬੋਲਿਆ, ਗਜ਼ਲ ਨੂੰ ਕੌਣ ਗੌਲ਼ਦਾ, ਮੁੰਡੇ ਨੇ ਲੋਰੀ ਗਾਈ, ਰਾਤੋਂ ਰਾਤ ਸਟਾਰ ਬਣ ਗਿਆ। ‘ਦਰਅਸਲ ਲੋਕ ਜਾਗਣਾ ਨਹੀਂ ਚਾਹੁੰਦੇ, ਤਾਹੀਓਂ ਲੋਰੀਆਂ ਰਾਸ ਆਉਂਦੀਆਂ ਨੇ।’ ਬਾਬਾ ਏਨਾ ਆਖ ਛੱਜੂ ਰਾਮ ਦੀ ਪਿੱਠ ਥਾਪੜਨ ਲੱਗਾ.. ਧੰਨ ਐ ਤੂੰ ਪੁੱਤਰਾਂ।
No comments:
Post a Comment