ਗੁੰਡਾ ਟੈਕਸ
ਭੇਡਾਂ-ਬੱਕਰੀਆਂ ਦੀ ਖੱਲ ਲਾਹੁਣ ਲੱਗਿਆ ਬ੍ਰਿਗੇਡ
ਚਰਨਜੀਤ ਭੁੱਲਰ
ਚੰਡੀਗੜ੍ਹ : ‘ਗੁੰਡਾ ਟੈਕਸ’ ਤੋਂ ਪੰਜਾਬ ’ਚ ਭੇਡਾਂ ਤੇ ਬੱਕਰੇ ਵੀ ਨਹੀਂ ਬਚੇ ਹਨ। ਉਂਜ ਕੋਵਿਡ ਦੀ ਆੜ ’ਚ ਸਮੁੱਚੇ ਪੰਜਾਬ ’ਚ ਪਸ਼ੂ ਪਾਲਕ ਤੇ ਵਪਾਰੀ ‘ਗੁੰਡਾ ਪਰਚੀ’ ਝੱਲਣ ਲਈ ਮਜਬੂਰ ਹਨ। ਪਸ਼ੂ ਮੇਲਾ ਠੇਕੇਦਾਰਾਂ ਨੇ ਅੰਤਰਰਾਜੀ ਸਰਹੱਦਾਂ ’ਤੇ ਨਾਕੇ ਲਾਏ ਹਨ। ਦੂਸਰੇ ਸੂਬਿਆਂ ’ਚ ਦੁਧਾਰੂ ਪਸ਼ੂ ਲਿਜਾਣ ਵਾਲੇ ਪਸ਼ੂ ਪਾਲਕਾਂ ਤੋਂ ਪੰਜ ਹਜ਼ਾਰ ਤੋਂ ਦਸ ਹਜ਼ਾਰ ਰੁਪਏ ਪ੍ਰਤੀ ਗੱਡੀ ਵਸੂਲੇ ਜਾ ਰਹੇ ਹਨ। ਪੰਜਾਬ ’ਚ ਪਸ਼ੂ ਮੇਲੇ ਬੰਦ ਹਨ ਜਦੋਂ ਕਿ ਠੇਕੇਦਾਰਾਂ ਦੇ ਬ੍ਰਿਗੇਡ ਰਾਤ ਨੂੰ ਸੜਕਾਂ ’ਤੇ ਘੁੰਮਦੇ ਹਨ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਦਸਤਾਵੇਜ਼ਾਂ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਪਸ਼ੂ ਮੇਲਿਆਂ ਦਾ ਠੇਕਾ 1 ਅਗਸਤ 2019 ਤੋਂ 31 ਜੁਲਾਈ 2020 ਤੱਕ ਦਾ ਮੈਸਰਜ ਸ਼ਦਬ ਰਵਿੰਦਰ ਐਂਡ ਕੰਪਨੀ ਰਾਜਪੁਰਾ ਨੂੰ 72.43 ਕਰੋੜ ਰੁਪਏ ਦਿੱਤਾ ਸੀ। ਕੋਵਿਡ ਕਰਕੇ 19 ਮਾਰਚ ਨੂੰ ਪਸ਼ੂ ਮੇਲੇ ਬੰਦ ਹੋ ਗਏ। ਪਸ਼ੂ ਮੇਲੇ ਖੋਲ੍ਹਣ ਲਈ ਮਹਿਕਮੇ ਨੇ 20 ਮਈ ਨੂੰ ਕਮੇਟੀ ਦਾ ਗਠਨ ਕੀਤਾ ਜਿਸ ਦੀ ਸਿਫਾਰਸ਼ ’ਤੇ ਮਹਿਕਮੇ ਨੇ ਪੰਜਾਬ ਵਿਚ ਮੀਟ ਫੈਕਟਰੀਆਂ ਨੂੰ ਸਪਲਾਈ ਹੁੰਦੇ ਅਤੇ ਦੂਸਰੇ ਸੂਬਿਆਂ ਨੂੰ ਜਾਣ ਵਾਲੇ ਪਸ਼ੂਆਂ ਤੋਂ ਫੀਸ ਵਸੂਲੀ ਦਾ ਅਧਿਕਾਰ ਠੇਕੇਦਾਰਾਂ ਨੂੰ ਦੇ ਦਿੱਤਾ।
ਪੰਚਾਇਤ ਮਹਿਕਮੇ ਨੇ 22 ਮਈ ਨੂੰ ਪੱਤਰ ਜਾਰੀ ਕਰਕੇ ਠੇਕੇਦਾਰਾਂ ਨੂੰ ਵੱਡਾ ਗੱਫਾ ਦਿੱਤਾ ਜਿਸ ਤਹਿਤ ਪਸ਼ੂ ਠੇਕੇਦਾਰਾਂ ਨੇ ਪ੍ਰਤੀ ਮਹੀਨਾ ਸਿਰਫ਼ 22 ਫੀਸਦੀ ਰਾਸ਼ੀ ਭਰਨੀ ਸੀ। ਠੇਕੇਦਾਰਾਂ ਨੂੰ ਪ੍ਰਤੀ ਮਹੀਨਾ 4.50 ਕਰੋੜ ਦਾ ਲਾਹਾ ਮਿਲ ਗਿਆ। ਪਹਿਲਾਂ ਪਸ਼ੂ ਮੇਲਿਆਂ ’ਚ ਫੀਸ ਵਸੂਲੀ ਹੁੰਦੀ ਸੀ ਜਦੋਂ ਕਿ ਹੁਣ ਠੇਕੇਦਾਰਾਂ ਦੀ ਬ੍ਰਿਗੇਡ ਨੇ ਸਮੁੱਚੇ ਪੰਜਾਬ ਦੀਆਂ ਅੰਤਰਰਾਜੀ ਸੜਕਾਂ ’ਤੇ ਨਾਕੇ ਲਾਏ ਹਨ। ਵਿਭਾਗੀ ਐਗਰਮੈਂਟ ’ਚ ਅਨੁਸਾਰ ਦੂਸਰੇ ਰਾਜਾਂ ਤੋਂ ਕਿਸੇ ਹੋਰ ਦੂਸਰੇ ਰਾਜ ਵਿਚ ਜਾਣ ਲਈ ਪੰਜਾਬ ਵਿਚੋਂ ਦੀ ਲੰਘਣ ਵਾਲੇ ਪਸ਼ੂਆਂ ’ਤੇ ਕੋਈ ਫੀਸ ਨਹੀਂ ਲੱਗੇਗੀ। ਆਲ ਕਸ਼ਮੀਰ ਹੋਲਸੇਲ ਮਟਨ ਡੀਲਰਜ਼ ਯੂਨੀਅਨ ਸ੍ਰੀਨਗਰ ਨੇ ਡੀਸੀ ਪਠਾਨਕੋਟ ਨੂੰ 17 ਜੁਲਾਈ ਨੂੰ ਪੱਤਰ ਦੇ ਕੇ ਠੇਕੇਦਾਰਾਂ ਵੱਲੋਂ ਗੁੰਡਾਗਰਦੀ ਬਾਰੇ ਦੱਸਿਆ। ਉਹ ਜੋ ਭੇਡਾਂ ਬੱਕਰੀਆਂ ਰਾਜਸਥਾਨ, ਦਿੱਲੀ ਅਤੇ ਹਰਿਆਣਾ ਚੋਂ ਕਸ਼ਮੀਰ ਲਿਜਾ ਰਹੇ ਹਨ, ਉਨ੍ਹਾਂ ’ਤੇ ਠੇਕੇਦਾਰ ਪੈਸਾ ਵਸੂਲ ਰਹੇ ਹਨ।
ਪੱਤਰ ਅਨੁਸਾਰ ਪਠਾਨਕੋਟ ਦੇ ਮਾਧੋਪੁਰ ਚੈੱਕ ਪੋਸਟ ’ਤੇ ਠੇੇਕੇਦਾਰਾਂ ਦੀ ਬ੍ਰਿਗੇਡ ਬੈਠੀ ਹੈ। ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ 9 ਸਤੰਬਰ 2019 ਨੂੰ ਵੀ ਠੇਕੇਦਾਰਾਂ ਨੂੰ ਪੱਤਰ ਲਿਖ ਕੇ ਮਾਧੋਪੁਰ ਪੋਸਟ ’ਤੇ ਜਬਰੀ ਵਸੂਲੀ ਦਾ ਜ਼ਿਕਰ ਕੀਤਾ ਸੀ। ਅੱਕੇ ਹੋਏ ਮਟਨ ਡੀਲਰਜ਼ ਯੂਨੀਅਨ ਨੇ ਹਾਈਕੋਰਟ ਵਿਚ ਕੇਸ ਪਾਇਆ ਹੈ ਜਿਸ ਦੀ ਨਵਬੰਰ ’ਚ ਸੁਣਵਾਈ ਹੈ। ਡੀ.ਡੀ.ਪੀ.ਓ ਪਠਾਨਕੋਟ ਪਰਮਪਾਲ ਸਿੰਘ ਆਖਦੇ ਹਨ ਕਿ ਹਾਈਕੋਰਟ ਦੇ ਨੋਟਿਸ ਤੋਂ ਸਭ ਨੂੰ ਜਾਣੂ ਕਰਾਇਆ ਹੈ ਅਤੇ ਪਸ਼ੂ ਮੇਲਾ ਠੇਕੇਦਾਰ ਹਾਲੇ ਵੀ ਵਸੂਲੀ ਕਰ ਰਹੇ ਹਨ। ਸੂਤਰਾਂ ਅਨੁਸਾਰ ਹਰ ਵਰੇ੍ਹ ਕਰੋੜਾਂ ਰੁਪਏ ਦੀਆਂ ਭੇਡਾਂ ਅਤੇ ਬੱਕਰੇ ਕਸ਼ਮੀਰ ਜਾਂਦੇ ਹਨ ਅਤੇ ਰੋਜ਼ਾਨਾ ਦਾ ਲੱਖਾਂ ਰੁਪਏ ਦਾ ਗ਼ੈਰਕਨੂੰਨੀ ‘ਗੁੰਡਾ ਪਰਚੀ’ ਕਸ਼ਮੀਰ ਦੇ ਵਪਾਰੀ ਝੱਲਦੇ ਹਨ। ਸੂਤਰਾਂ ਅਨੁਸਾਰ ਪੰਜਾਬ ਵਿਚ ਮੀਟ ਸਨਅਤਾਂ ਆਪਣੀ ਸਮਰੱਥਾ ਤੋਂ ਪੰਜਾਹ ਫੀਸਦੀ ਸਮਰੱਥਾ ’ਤੇ ਵੀ ਚੱਲਣ ਤਾਂ ਵੀ ਇਨ੍ਹਾਂ ਸਨਅਤਾਂ ਤੋਂ ਮਹੀਨੇ ਦੀ ਵਸੂਲੀ ਕਰੀਬ 10 ਕਰੋੜ ਬਣਦੀ ਹੈ ਪ੍ਰੰਤੂ ਸਰਕਾਰ ਪ੍ਰਤੀ ਮਹੀਨਾ ਡੇਢ ਕਰੋੜ ਹੀ ਠੇਕੇਦਾਰਾਂ ਤੋਂ ਵਸੂਲਦੀ ਹੈ।
ਪੰਜਾਬ ਵਿਚ ਫੀਸ ਪਰਚੀ ਵਾਲੀ ਬ੍ਰੀਗੇਡ ਨੇ ਕਿੱਲਿਆਂ ਵਾਲੀ, ਸਰਦੂਲਗੜ੍ਹ, ਖਨੌਰੀ, ਸੰਭੂ ਬਾਰਡਰ, ਜੀਦਾ ਅਤੇ ਮਾਧੋਪੁਰ ਆਦਿ ’ਤੇ ਨਾਕੇ ਲਾਏ ਹੋਏ ਹਨ। ਮੋਬਾਇਲ ਟੀਮਾਂ ਵੀ ਹਨ। ਅੱਜ ਹੀ ਸ਼ਾਮ ਵਕਤ ਮਾਨਸਾ ਤੋਂ ਜਸਵਿੰਦਰ ਸਿੰਘ ਆਪਣੇ ਦੁਧਾਰੂ ਪਸ਼ੂ ਲਿਜਾ ਰਿਹਾ ਸੀ। ਇਸ ਪਸ਼ੂ ਪਾਲਕ ਨੇ ਦੱਸਿਆ ਕਿ ਬ੍ਰਿਗੇਡ ਨੇ ਕੈਂਟਰ ਰੋਕ ਲਿਆ ਅਤੇ ਪੈਸੇ ਦੀ ਮੰਗ ਕੀਤੀ। ਜਦੋਂ ਉਨ੍ਹਾਂ ਨੇ ਬ੍ਰਿਗੇਡ ਦੀ ਬਲੈਰੋ ਗੱਡੀ ਦੀ ਵੀਡੀਓ ਬਣਾਉਣੀ ਚਾਹੀ ਤਾਂ ਉਹ ਸਭ ਫਰਾਰ ਹੋ ਗਏ। ਤਪਾ ਮੰਡੀ ਦੇ ਰੇਸ਼ਮ ਨੇ ਦੱਸਿਆ ਕਿ 23 ਜੁਲਾਈ ਦੀ ਰਾਤ ਨੂੰ ਖਨੌਰੀ ਬਾਰਡਰ ’ਤੇ ਜਦੋਂ ਬ੍ਰਿਗੇਡ ਵਾਲਿਆਂ ਨੇ ਗੱਡੀ ਘੇਰ ਲਈ ਤਾਂ ਉਸ ਨੇ ਪਟਿਆਲਾ ਪੁਲੀਸ ਨੂੰ ਫੋਨ ਕਰ ਦਿੱਤਾ। ਡਰਾਈਵਰ ਅਮਰਜੀਤ ਨੇ ਦੱਸਿਆ ਕਿ ਗੁੰਡਾ ਟੈਕਸ ਵਜੋਂ ਪਹਿਲਾਂ 20 ਹਜ਼ਾਰ ਮੰਗੇ। ਜਦੋਂ ਪੁਲੀਸ ਦਾ ਡਰ ਦਿੱਖਿਆ ਤਾਂ 3500 ਰੁਪਏ ਵਿਚ ਮੰਨ ਗਏ। ਜ਼ਿਲ੍ਹਾ ਬਰਨਾਲਾ ਦੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਦੁਧਾਰੂ ਪਸ਼ੂ ਲਿਆ ਜਾ ਰਿਹਾ ਸੀ ਤਾਂ ਬ੍ਰਿਗੇਡ ਨੇ ਧੱਕੇਸ਼ਾਹੀ ਦਿਖਾਈ ਅਤੇ ਪਰਚੀ ਫੀਸ ਮੰਗੀ।
ਇਵੇਂ ਰਾਮਪੁਰਾ ਦੇ ਪੰਮੀ ਨੇ ਦੱਸਿਆ ਕਿ ਹਫਤਾ ਪਹਿਲਾਂ ਰਾਤ ਨੂੰ ਸਰਦੂਲਗੜ ਨਾਕੇ ’ਤੇ ਇਸ ਬ੍ਰਿਗੇਡ ਨੇ ਰੋਕ ਲਿਆ ਤੇ ਪੰਜ ਹਜ਼ਾਰ ਮੰਗੇ। ਜਦੋਂ ਉਹ ਅੜ੍ਹ ਗਏ ਤਾਂ ਬਲੈਰੋ ਵਾਲੇ ਭੱਜ ਗਏ। ਕੈਟਲ ਫੇਅਰ ਐਕਟ 1967 ਅਤੇ ਹਾਈਕੋਰਟ ਦੇ ਪਹਿਲਾਂ ਆਏ ਫੈਸਲਿਆਂ ਅਨੁਸਾਰ ਸਰਕਾਰੀ ਫੀਸ ਸਿਰਫ਼ ਪਸ਼ੂ ਮੇਲਿਆਂ ਦੀ ਹਦੂਦ ਅੰਦਰ ਲਈ ਜਾ ਸਕਦੀ ਹੈ। ਮਹਿਕਮੇ ਨੇ ਕਿਸ ਐਕਟ ਤਹਿਤ ਪੂਰੇ ਪੰਜਾਬ ਚੋਂ ਵਸੂਲੀ ਦੇ ਹੁਕਮ ਕੀਤੇ ਹਨ, ਦੇਖਣ ਵਾਲੀ ਗੱਲ ਹੈ। ਮਾਲਵਾ ਪਸ਼ੂ ਵਪਾਰੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਅਫਸਰਾਂ ਦੀ ਮਿਲੀਭੁਗਤ ਨਾਲ ਰਾਤ ਨੂੰ ਗੁੰਡਾ ਪਰਚੀ ਵਸੂਲੀ ਜਾ ਰਹੀ ਹੈ ਅਤੇ ਤੰਗ ਪ੍ਰੇਸ਼ਾਨ ਲੋਕਾਂ ਦੇ ਰੋਜ਼ਾਨਾ ਉਨ੍ਹਾਂ ਨੂੰ ਪੰਜ ਛੇ ਫੋਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਦੀ ਆੜ ਵਿਚ ਠੇਕੇਦਾਰ ਕਰੋੜਾਂ ਦਾ ਖਜ਼ਾਨੇ ਨੂੰ ਚੂਨਾ ਲਗਾ ਰਹੇ ਹਨ।
ਨਿਯਮਾਂ ਅਨੁਸਾਰ
ਫੀਸ ਦੀ ਵਸੂਲੀ : ਠੇਕੇਦਾਰ
ਪਸ਼ੂ ਮੇਲਾ ਠੇਕੇਦਾਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਕੋਵਿਡ ’ਚ ਪਸ਼ੂ ਮੇਲੇ ਬੰਦ ਹੋਣ ਕਰਕੇ ਉਨ੍ਹਾਂ ਨੂੰ ਵੱਡਾ ਘਾਟਾ ਪਿਆ ਹੈ ਅਤੇ ਸਰਕਾਰ
ਨੇ 22 ਫੀਸਦੀ ਦਰ ਨਾਲ ਹੁਣ ਫੀਸ ਵਸੂਲੀ ਦੇ ਅਧਿਕਾਰ ਦਿੱਤੇ ਹਨ। ਉਹ ਨਿਯਮਾਂ ਅਨੁਸਾਰ ਫੀਸ ਵਸੂਲ ਰਹੇ ਹਨ ਅਤੇ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ
ਨਹੀਂ ਕਰ ਰਹੇ ਹਨ। ਕੁਝ ਲੋਕ ਝੂਠੀਆਂ ਗੱਲਾਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਫੀਸ ਦੀ ਬਕਾਇਦਾ ਪਰਚੀ ਦਿੰਦੇ ਹਨ ਅਤੇ ਗੁੰਡਾ ਪਰਚੀ
ਵਾਲੀ ਕੋਈ ਗੱਲ ਨਹੀਂ ਹੈ।
ਮਾਮਲੇ ਦੀ ਪੜਤਾਲ ਕਰਾਂਗੇ
: ਬਾਜਵਾ
ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਕੋਵਿਡ ਦੌਰਾਨ ਸਰਕਾਰੀ ਆਮਦਨ
ਬੰਦ ਹੋਣ ਕਰਕੇ ਪਸ਼ੂ ਠੇਕੇਦਾਰਾਂ ਨੂੰ ਦੋ ਮਹੀਨੇ ਲਈ ਫੀਸ ਵਸੂਲੀ ਦੇ ਅਧਿਕਾਰ ਦਿੱਤੇ ਸਨ ਅਤੇ ਇਸੇ
ਮਹੀਨੇ ਨਵੇਂ ਸਿਰਿਓਂ ਪਸ਼ੂ ਮੇਲਿਆਂ ਦੀ ਨਿਲਾਮੀ ਹੋ ਜਾਣੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਾਲੇ ਅਗਰ ਦੂਸਰੇ ਸੂਬਿਆਂ ਚੋਂ ਪਸ਼ੂ ਦੀ ਖਰੀਦ
ਦਾ ਸਬੂਤ ਦਿਖਾਉਣਗੇ ਤਾਂ ਪਰਚੀ ਫੀਸ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਕਿਤੇ ਕੋਈ ਏਦਾ ਹੋ ਰਿਹਾ ਹੈ ਤਾਂ ਉਹ ਪਤਾ ਕਰਨਗੇ ਤੇ ਭਲਕ ਹੀ ਪੜਤਾਲ ਕਰਨਗੇ।
ਸਭ ਮਿਲੇ ਹੋਏ ਨੇ। ਕੋਈ ਪੜਤਾਲ ਨੀ ਹੋਣੀ। ਜੇ ਹੋਈ ਤਾਂ ਹਿੱਸੇ ਸਬੰਧੀ ਗੱਲਬਾਤ ਈ ਹੋਉ। 👍👍👍👍👍👍👍👍👍
ReplyDelete