Sunday, August 30, 2020

                          ਵਿਚਲੀ ਗੱਲ 
                 ਭਲੀ ਕਰੂ ਕਰਤਾਰ..!
                         ਚਰਨਜੀਤ ਭੁੱਲਰ
ਚੰਡੀਗੜ੍ਹ : ਸ਼ਹਿਰ ਗੁਲਾਬੀ, ਰੰਗ ਮਤਾਬੀ। ਜੈਪੁਰ ਦੀ ਕਿਵੇਂ ਸਿਫ਼ਤ ਕਰੀਏ। ਪੁਰੇ ਦਾ ਹਵਾ ਮਹਿਲ ਨੂੰ ਕੀ ਭਾਅ। ਸੁਨੱਖੇ ਸ਼ਹਿਰ ’ਚ ਹੁਣ ਬੈਂਗਣੀ ਉੱਘੜਿਐ। ਪਹਿਲਾਂ ਤਾਂ ਖ਼ੂਬ ਹੱਸੇ, ਫੇਰ ਨੱਚਣੋਂ ਨਾ ਹਟਣ। ਬਾਕਮਾਲ ਨੇ ਇਹ ਜੈਪੁਰੀ ਮੰਗਤੇ। ਕਿੱਧਰੋਂ ਵੀ ਹਵਾ ਚੱਲੇ, ਢੋਲੇ ਦੀਆਂ ਲਾਉਂਦੇ ਨੇ। ਮੰਗਤਾ ਕਦੇ ਦੀਵਾਲੀਆ ਨਹੀਂ ਹੁੰਦਾ। ਕਰੋਨਾ ਦਾ ਕੱਥਕ ਤਾਂ ਦੇਖੋ। ਝਾਤੀ ‘ਡਾਰਕ ਰੂਮ’ ਵਿਚ ਵੀ ਮਾਰੋ, ਅੰਦਰ ਮੁਲਕ ਦੜ੍ਹ ਵੱਟੀ ਬੈਠੈ। ਮੰਗਤੇ ਅੌਕਾਤ ਭੁੱਲੇ ਨੇ, ਭੰਗੜਾ ਨਹੀਂ ਭੁੱਲੇ। ਜ਼ਿੰਦਗੀ ਦੀ ਦੌੜ, ਕਦੇ ਮੱਠੀ ਕਦੇ ਤੇਜ਼। ਵੱਖੀਆਂ ’ਤੇ ਹੱਥ ਰੱਖ, ਮੰਗਤੇ ਹੱਸ ਹੱਸ ਦੂਹਰੇ ਹੋਏ ਨੇ। ਟਰੰਪ ਨੂੰ ਡੋ-ਡੋ ਕਰ ਰਹੇ ਨੇ। ਰੱਬ ਤੋਂ ਵੱਡਾ ਨਰਿੰਦਰ ਮੋਦੀ ’ਤੇ ਮਾਣ। ਰੋਮਨਾਂ ਦਾ ਹੋਕਾ ਵੀ ਸੁਣੋ, ‘ਸੰਤੁਸ਼ਟ ਆਦਮੀ ਹਮੇਸ਼ਾ ਅਮੀਰ ਹੁੰਦਾ ਹੈ।’ ਸੁਪਨਾ ਕਾਰਲ ਮਾਰਕਸ ਨੇ ਲਿਆ, ਪੂਰਾ ਕੇਂਦਰ ਸਰਕਾਰ ਨੇ ਕਰ ਵਿਖਾਇਐ। ਰਤਾ ਗਹੁ ਨਾਲ ਨੇੜਿਓਂ ਦੇਖੋ, ਕਦੋਂ ਦਾ ‘ਸਮਾਜਵਾਦ’ ਲੈਂਡ ਕੀਤੈ। ਛੋਟੇ-ਵੱਡੇ, ਸਭ ਮੰਗਤੇ ਬਣਾ ਦਿੱਤੇ, ਹੁਣ ਨਾ ਰਹੇਗਾ ਬਾਾਂਸ...। ਕਾਮਰੇਡਾਂ ਦੇ ਨਖ਼ਰੇ ਤੋਂ ਜਵਾਨੀਆਂ ਵਾਰਾਂ। ਇਨ੍ਹਾਂ ਦਾ ਮੂੰਹ ਟੁੱਟ ਜਾਏ, ਪਿਆਰੇ ਮੋਦੀ ਨੂੰ ਦੋ ਮਿੱਠੇ ਲਫਜ਼ ਬੋਲ ਪੈਣ। ਛੱਡੋ, ਕਾਮਰੇਡਾਂ ਨਾਲ ਕਿਹੜਾ ਬਹਿਸੇ। ਆਓ ਜੈਪੁਰ ਨਗਰੀ ਚੱਲਦੇ ਹਾਂ, ਦੇਖਦੇ ਹਾਂ ਕਿਉਂ ਢੋਲ ਵੱਜੇ ਨੇ। ਹੁਣੇ ਜੈਪੁਰ ਪ੍ਰਸ਼ਾਸਨ ਨੇ ਸਰਵੇ ਕੀਤੈ। ਗੁਲਾਬੀ ਸ਼ਹਿਰ ’ਚੋਂ 1162 ਮੰਗਤੇ ਲੱਭੇ ਨੇ। ਮੈਡੀਕਲ ਜਾਂਚ ਕਰਾਈ ਤਾਂ 898 ਮੰਗਤੇ ਪੂਰੇ ਤੰਦਰੁਸਤ ਨਿਕਲੇ। ਡੇਢ ਦਰਜਨ ਨੂੰ ਦਮਾ, ਛੇ ਕੁ ਨੂੰ ਟੀ.ਬੀ ਤੇ ਪੰਜ ਨੂੰ ਮਿਰਗੀ ਦੀ ਮਰਜ਼। ਉਦੋਂ ਭੰਗੜੇ ਪਏ ਜਦੋਂ ਸਭ ਮੰਗਤੇ ਕਰੋਨਾ ਟੈਸਟ ’ਚ ਨੈਗੇਟਿਵ ਆਏ। ਚੌਕਾਂ ’ਚ ਅਮੀਰਾਂ ਤੋਂ ਤਿਲ ਫੁੱਲ ਲੈਂਦੇ ਰਹੇ। ਕਰੋਨਾ ਨਹੀਂ ਲਿਆ, ਬਿਮਾਰੀ ਦੀ ਅਮੀਰੀ ਤਾਂ ਦੇਖੋ।
                 ਠਹਿਰੋ! ਅੱਗੇ ਵੀ ਸੁਣਦੇ ਜਾਓ। ਪੰਜ ਮੰਗਤੇ ਪੋਸਟ ਗਰੈਜੂਏਟ, 193 ਬਾਰ੍ਹਵੀਂ ਪਾਸ। 27 ਮੰਗਤੇ ਆਖਣ ਲੱਗੇ, ‘ਮਾਈ ਬਾਪ, ਪੜ੍ਹਨਾ ਚਾਹੁੰਦੇ ਹਾਂ।’ 419 ਭਿਖਾਰੀ ਦਿਲ ਖੋਲ੍ਹ ਬੈਠੇ, ‘ਕਿਤੋਂ ਕੰਮ ਮਿਲੇ ਤਾਂ ਸਹੀ, ਮੰਗਣਾ ਕਿਹੜਾ ਸੌਖੈ।’ 103 ਮੰਗਤੇ ਹੱਥ ਜੋੜ ਖੜ੍ਹੇ ਹੋਏ, ‘ਕੋਈ ਮਜ਼ਦੂਰੀ ਦਾ ਕੰਮ ਹੀ ਦਿਵਾ ਦਿਓ।’ ਹੁਣ ਜੈਪੁਰ ਪ੍ਰਸ਼ਾਸਨ ਭੱਜ ਨੱਠ ’ਚ ਪਿਐ। ਅੰਦਰੋਂ ਥਿੜਕੇ ਵੀ ਨੇ ਜੈਪੁਰੀ ਮੰਗਤੇ। ਕਰੋਨਾ ਛੜੱਪੇ ਮਾਰ ਰਿਹੈ, ਕਿਤੇ ਫੁੱਟਪਾਥ ਕੁੰਭ ਨਾ ਬਣ ਜਾਣ। ਭਿਖਾਰੀ ਗਹੁ ਨਾਲ ਵੇਖਦੇ ਨੇ, ਹਰ ਕੋਈ ‘ਗੁਰ ਭਾਈ’ ਲੱਗਦੈ।ਨੰਦ ਲਾਲ ਨੂਰਪੁਰੀ ਨੇ ਸੁਰ ਲਾਇਐ, ‘ਇੱਥੇ ਡਾਕੇ ਪੈਣ ਦੁਪਹਿਰ ਨੂੰ, ਤੇਰੇ ਆਲ੍ਹਣੇ ਦੇਣਗੇ ਢਾਹ, ਇੱਥੇ ਜ਼ਹਿਰ ਭਰੇ ਵਿਚ ਦਾਣਿਆਂ, ਤੇਰੀ ਦਿੱਤੀ ਚੋਗ ਖਿਡਾ।’ ਕੇਂਦਰੀ ਰਿਪੋਰਟ ਦੇ ਤੱਥ ਹਨ ਕਿ ‘ਕਰੋਨਾ ਯੁੱਗ’ ਵਿਚ 1.90 ਕਰੋੜ ਦੀ ਨੌਕਰੀ ਨੂੰ ਲੱਤ ਵੱਜੀ ਐ। ਕਦੇ ਸਿੱਪੀ ਸਹਾਰੇ ਸਮੁੰਦਰ ਪਾਰ ਹੋਏ ਨੇ। ਫੇਰ ਮਹਾਤੜ ਕਿੱਧਰ ਨੂੰ ਜਾਣ। ਤਾਹੀਓਂ ਮੰਗਤੇ ਗੜ੍ਹਕੇ ਨੇ। ਆਖਦੇ ਹਨ, ਜਿੱਥੇ ਮਰਜ਼ੀ ਤੁਰ ਜਾਣ, ਫੁੱਟਪਾਥ ’ਤੇ ਬੈਠਣ ਨਹੀਂ ਦਿਆਂਗੇ। ਸਿਆਸੀ ਦਾਨਵੀਰਾਂ ਦਾ ਕੀ ਪਤੈ, ਕੱਲ੍ਹ ਨੂੰ ਫੁੱਟਪਾਥਾਂ ’ਤੇ ਫੱਟੇ ਲਾ ਦੇਣ, ‘ਰਾਸ਼ਟਰਵਾਦੀ ਫੁੱਟਪਾਥ’। ਖ਼ੁਫ਼ੀਆ ਵਿੰਗ ਫਿਰ ‘ਐਂਟੀ ਨੈਸ਼ਨਲ’ ਮੰਗਤੇ ਲੱਭੇਗਾ। ਠੂਠੇ ਆਧਾਰ ਕਾਰਡ ਨਾਲ ਜੋੜੇ ਜਾਣਗੇ। ਇਹ ਤਾਂ ਸ਼ੁਕਰ ਕਰੋ, ਭਿਖਾਰੀ ਦੀ ਵੋਟ ਨਹੀਂ ਹੁੰਦੀ। ਚਲੋ ਟੁਕੜੇ ਟੁਕੜੇ ਹੋਣ ਤੋਂ ਤਾਂ ਬਚੇ। ਦੇਸ਼ ’ਚ 4.13 ਲੱਖ ਮੰਗਤੇ ਨੇ। 78 ਹਜ਼ਾਰ ਬਾਰਵ੍ਹੀਂ ਪਾਸ ਨੇ। ਦਿੱਲੀ ਹਾਈ ਕੋਰਟ ਦਾ ਫ਼ੈਸਲਾ ਹੈ, ਭੀਖ ਮੰਗਣਾ ਅਪਰਾਧ ਨਹੀਂ।
               ਪ੍ਰਸ਼ਾਂਤ ਭੂਸ਼ਣ ਆਪਣਾ ਇਲਾਜ ਕਰਾਏ। ਬਿਨਾਂ ਗੱਲੋਂ ਅੜ੍ਹ ਰਿਹੈ, ਅਖੇ ‘ਰਹਿਮ ਦੀ ਭੀਖ ਨਹੀਂ ਮੰਗਾਂਗਾ’ ਫ਼ਰੀਦ ਫ਼ਰਮਾਉਂਦੇ ਨੇ, ‘ਫ਼ਰੀਦਾ ਮੌਤੋਂ ਭੁੱਖ ਬੁਰੀ, ਰਾਤੀਂ ਸੁੱਤਾ ਖਾਇਕੇ, ਸੁਬ੍ਹਾ ਨੂੰ ਫੇਰ ਖੜ੍ਹੀ।’ ਪੰਜਾਬ ਦੇ ਬੇਰੁਜ਼ਗਾਰ ਮੁੰਡਿਆਂ ਨੂੰ ਗੱਲ ਜਚੀ ਹੈ। ਤਾਹੀਓਂ ਕੰਧਾਂ ’ਤੇ ਹਰਫ਼ ਲਿਖ ਰਹੇ ਨੇ। ਭਾਜਪਾਈ ਐੱਮ.ਪੀ ਹਰਨਾਥ ਸਿੰਘ ਫੁਰਮਾਏ ਨੇ, ‘ਸਿਵਲ ਪ੍ਰੀਖਿਆ ’ਚੋਂ ਇਸਲਾਮਿਕ ਸਟੱਡੀ ਬੰਦ ਕਰੋ’। ਉੱਪਰੋਂ ਕੇਂਦਰ ਡਰਾ ਰਿਹੈ। ਹੇਠਾਂ ਕਰੋਨਾ ਬੁਝਾ ਰਿਹੈ। ਜਿਨ੍ਹਾਂ ਨੂੰ ਚੰਨ ਰੋਟੀ ਲੱਗਦੈ, ਉਹ ਆਖਦੇ ਨੇ, ‘ਖ਼ੁਦਾ ਦਾ ਖ਼ੌਫ਼ ਖਾਓ।’ ਸ਼ਾਹ ਮੁਹੰਮਦ ਨੂੰ ਵੀ ਸੁਣੋ, ‘ਸਫ਼ਾਂ ਪਿਛਲੀਆਂ ਸਭ ਸਮੇਟ ਲੈਂਦਾ, ਅੱਗੇ ਹੋਰ ਹੀ ਹੋਰ ਵਿਛਾਂਵਦਾ ਈ, ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ, ਬਾਦਸ਼ਾਹਾਂ ਥੀਂ ਭੀਖ ਮੰਗਾਵਦਾ ਈ।’ ਜ਼ਿੰਦਗੀ ਦਾ ਸ਼ਹਿਨਸ਼ਾਹ ਤਾਂ ਭਿਖਾਰੀ ਰਾਜੂ ਹੈ। ਪਠਾਨਕੋਟ ਦੇ ਇਸ ਅਪਾਹਜ ਦੀ ਸੋਚ ਤੰਦਰੁਸਤ ਐ। ‘ਭੀਖ ਦਾ ਪੈਸਾ, ਗ਼ਰੀਬ ਦਾ ਮੂੰਹ’। ਸੌ ਪਰਿਵਾਰਾਂ ਨੂੰ ਰਾਸ਼ਨ, ਤਿੰਨ ਹਜ਼ਾਰ ਨੂੰ ਮਾਸਕ ਵੰਡੇ ਨੇ। 22 ਗ਼ਰੀਬ ਕੁੜੀਆਂ ਦੇ ਵਿਆਹ ਕਰਾ ਦਿੱਤੇ। ਭੋਰਾ ਰਾਜੂ ਤੋਂ ਸਿੱਖ ਲਓ। ਕੋਈ ਪੰਜਾਬੀ ਵਜ਼ੀਰ ਨਹੀਂ, ਜਿਹਨੇ ਸਹੁੰ ਭੰਨੀ ਹੋਵੇ, ਚਾਰ ਛਿੱਲੜ ਜੇਬ ’ਚੋਂ ਕੱਢੇ ਹੋਣ। ਬਾਦਲਾਂ ’ਤੇ ਕਾਹਦਾ ਗ਼ਿਲਾ।ਮੰਗਤਾ ਧਰਮਵੀਰ ਪਿੰਡ ਦਾ ਸਰਪੰਚ ਬਣਿਆ। ਯੂ.ਪੀ ਦਾ ਪਿੰਡ ਖਾਈ ਖੇੜਾ ਜਿੱਥੋਂ ਲੋਕਾਂ ਨੇ ਮੰਗਤੇ ਨੂੰ ਚੁਣਿਐ।  ਠੂਠੇ ਦੀ ਭੀਖ ਪਿੰਡ ’ਤੇ ਲਾਉਂਦੈ। ਕਾਸ਼! ਇਸ ਮੰਗਤੇ ਦਾ ਜੂਠਾ ਅਮਰਿੰਦਰ ਦੇ ਸਰਪੰਚ ਖਾ ਲੈਂਦੇ।
               ਪ੍ਰੋ. ਹਰਪਾਲ ਪੰਨੂ ਨੇ ਅਬਦੁਲ ਸਤਾਰ ਈਦੀ ਅਮਰ ਕਰਤਾ। ਪਾਕਿਸਤਾਨੀ ਚੌਕਾਂ ’ਚ ਈਦੀ ਠੂਠਾ ਫੜ ਬੈਠਦਾ। ਕਿਤੇ ਅੌਕਾਤ ਨਾ ਭੁੱਲ ਜਾਵਾਂ। ਦੀਨ ਦੁਖੀ ਕੋਈ ਈਦੀ ਹੁੰਦੇ ਰੁਲਿਆ ਨਹੀਂ।ਮੋਦੀ ਸਾਹਿਬ ਦੂਸਰੀ ਦਫ਼ਾ ਜਿੱਤੇ। ਗਦ-ਗਦ ਹੋ ਕੇ ਬੋਲੇ, ‘ਤੁਸੀਂ ਇੱਕ ਭਿਖਾਰੀ ਦਾ ਠੂਠਾ ਭਰ ਦਿੱਤੈ।’ ਪੰਜਾਬੀ ਕਿਸਾਨਾਂ ਨੇ ਦੇਸ਼ ਦਾ ਕਟੋਰਾ ਭਰਿਐ। ਇਨਾਮ ’ਚ ਮਿਲੇ ਖੇਤੀ ਆਰਡੀਨੈਂਸ। ਕਿਸਾਨਾਂ ਨੂੰ ਠੂਠਾ ਫੜਾ ਦਿੱਤਾ। ਪੰਜਾਬ ਦੇ ਪਿੰਡਾਂ ’ਚ ਸੁੱਖ ਨਹੀਂ। ਨਾਅਰੇ ਗੂੰਜਣ ਲੱਗੇ ਨੇ, ਚਿਹਰੇ ਤਪੇ ਨੇ। ਪਲਸ ਮੰਚ ਵਾਲਾ ਅਮੋਲਕ ਰੌਲਾ ਪਾਉਂਦਾ ਫਿਰਦੈ, ‘ਖੇਤਾਂ ਦੇ ਪੁੱਤ ਜਾਗ ਪਏ।’ ਕਿਸਾਨੀ ਵਰ੍ਹਿਆਂ ਮਗਰੋਂ ਸਿਰ ਜੋੜਨ ਲੱਗੀ ਐ।ਅਫ਼ਰੀਕੀ ਅਖਾਣ ਹੈ, ‘ਕੁਲਹਾੜੀ ਭੁੱਲ ਜਾਂਦੀ ਹੈ ਪਰ ਦਰੱਖ਼ਤ ਨਹੀਂ।’ ਪੰਜਾਬ ਤਾਂ ਨਦੀ ਕਿਨਾਰੇ ਰੁੱਖ ਹੈ। ਗੁਰਦਾਸ ਮਾਨ ਗਾ ਰਿਹੈ, ‘ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ’। ਜਗਸੀਰ ਜੀਦਾ ਕਿੱਥੋਂ ਝੱਲਦੈ, ‘ਹੱਕ ਮੰਗੀਏ ਬਰਾਬਰ ਦੇ, ਕਾਹਤੋਂ ਬੂਟ ਪਾਲਿਸ਼ਾਂ ਕਰੀਏ।’ ਅਮਰਿੰਦਰ-ਮੋਦੀ ‘ਭਾਈ ਭਾਈ’ ਬਣੇ ਨੇ। ਇੱਕਸੁਰ ਬੋਲੇ ਨੇ, ‘ਹੱਕ ਹਕੂਕ ਛੱਡੋ, ਕੋਵਿਡ ਤੋਂ ਡਰੋਂ, ਚੁੱਪ ਵੱਟ ਕੇ ਘਰਾਂ ’ਚ ਬੈਠੋ।’‘ਘਾਹ ਫੁੱਲੇ ਤੇ ਮੀਂਹ ਭੁੱਲੇ।’ ਅਮਰਿੰਦਰ ਨਹੀਂ ਭੁੱਲੇ। ਦੇਖੋ ਕਿਵੇਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਕੁੱਦੇ। ਨਾਲੇ ਹੁਣ ਇਕਾਂਤਵਾਸ ’ਚ ਚਲੇ ਗਏ। ਸੁਖਬੀਰ ਬਾਦਲ, ਕੇਂਦਰੀ ਮੰਤਰੀ ਤੋਮਰ ਦੀ ‘ਗਿੱਦੜ ਚਿੱਠੀ’ ਚੁੱਕੀ ਫਿਰਦੈ।
               ਅਖੇ ਕਿਸਾਨ ਸਰ੍ਹਾਣੇ ਹੇਠ ਬਾਂਹ ਦੇ ਕੇ ਸੌ ਜਾਣ, ਜਿਣਸ ਨਹੀਂ ਰੁਲਣ ਦਿਆਂਗੇ। 1980 ਦੇ ਵੇਲਿਆਂ ’ਚ ਲੱਗਾ ਨਾਅਰਾ ਚੇਤੇ ਆ ਗਿਆ, ‘ਹੇਠਾਂ ਬਾਦਲ, ਉੱਤੇ ਬਰਨਾਲਾ, ਕੱਢ ਦਿੱਤਾ ਜੱਟਾਂ ਦਾ ਦੀਵਾਲਾ।’ ਉਦੋਂ ਬਰਨਾਲਾ ਕੇਂਦਰੀ ਖੇਤੀ ਮੰਤਰੀ ਸਨ। ਛੋਟੀ ਕਿਸਾਨੀ ਮਰੁਢ ਬਣੀ ਐ। ਲੇਬਰ ਚੌਕਾਂ ’ਚ ਜੱਟਾਂ ਦੇ ਮੁੰਡੇ ਕਦੋਂ ਦੇ ਖੜ੍ਹਦੇ ਨੇ। ਅੰਦਰੋਂ ਭਿਖਾਰੀ ਡਰੇ ਨੇ, ਫੁੱਟਪਾਥ ਤਾਂ ਪਹਿਲਾਂ ਘੱਟ ਨੇ। ਚੌਕਾਂ ਨੂੰ ਛੱਡ ਕਿਤੇ ਫੁੱਟਪਾਥਾਂ ਵੱਲ ਨਾ ਹੋ ਜਾਣ।  ਸਮੇਂ ਨੇ ਹਰ ਕੋਈ ਮੰਗਤਾ ਬਣਾਇਐ। ਕੋਈ ਬੋਲਣ ਦਾ ਹੱਕ ਮੰਗ ਰਿਹੈ ਤੇ ਕੋਈ ਜਿਉਣ ਦਾ। ਕੋਈ ਮੁਆਫ਼ੀ ਮੰਗ ਰਿਹੈ, ਕੋਈ ਹਿਸਾਬ ਮੰਗ ਰਿਹੈ।ਪ੍ਰਧਾਨ ਮੰਤਰੀ ਦਾ ਦੁੱਖ ਕੌਣ ਸਮਝਦੈ। ਆਖ਼ਰੀ ਵਾਰ 15 ਨਵੰਬਰ ਨੂੰ ਵਿਦੇਸ਼ ਦੌਰੇ ’ਤੇ ਗਏ। ਮੋਰਾਂ ਨੂੰ ਚੋਗਾ ਕੀ ਚੁਗਾ ਦਿੱਤਾ, ‘ਐਂਟੀ ਨੈਸ਼ਨਲ’ ਪਿੱਛੇ ਹੀ ਪੈ ਗਏ। ਚੀਨ ਦੀਆਂ ਚਿੜੀਆਂ ਦਾਣੇ ਚੁਗ ਗਈਆਂ। ਦਾਣਾ ਪਾਣੀ ਕਰੋਨਾ ਮੁਕਾਉਣ ਲੱਗੈ। ਟੈਸਟਾਂ ’ਚ ਲੋਕ ਉਲਝੇ ਨੇ। ‘ਮਾੜਾ ਹਾਕਮ, ਖ਼ੁਦਾ ਦਾ ਕਹਿਰ’। ਜੈਪੁਰੀ ਮੰਗਤੇ ਲੁੱਡੀ ਪਾ ਰਹੇ ਨੇ। ਢਿੱਡੋਂ ਖੁਸ਼ ਨੇ। ਚਲੋ ‘ਸਮਾਜਵਾਦ’ ਤਾਂ ਆਇਐ।ਛੱਜੂ ਰਾਮ ਕਮਾ ਕੇ ਖਾਣ ਵਾਲਾ ਹੈ। ਕੋਈ ਢਿੱਲੀ ਗੱਲ ਕਰੇ, ਇਹ ਉਸ ਨੂੰ ਪਸੰਦ ਨਹੀਂ। ਮੜ੍ਹਕ ਤੇ ਰੜਕ ਪੋਲੀ ਨਹੀਂ ਪੈਣ ਦਿੰਦਾ। ਪਿੰਡ ਪਿੰਡ ਤੁਰਿਆ ਫਿਰਦੈ। ਕਦੇ ਮਾਵਾਂ ਕੋਲ ਜਾਂਦੈ ਤੇ ਕਦੇ ਮੁੰਡਿਆਂ ਦੇ ’ਕੱਠ ਕਰਦੈ। ਜਦੋਂ ਬੋਲਦੈ, ਕੇਰਾਂ ਤਾਂ ਰੌਂਗਟੇ ਖੜ੍ਹ੍ਵੇ ਕਰ ਦਿੰਦੈ, ‘ਕਿਸਾਨ ਸਾਥੀਓ! ਠੂੰਹੇਂ ਬਣੋ ਠੂੰਹੇਂ, ਦੇਖਾਂਗੇ ਫੇਰ ਕੌਣ ਹੱਥ ਠੂਠਾ ਫੜਾਉਂਦੈ।’

No comments:

Post a Comment