Showing posts with label books. Show all posts
Showing posts with label books. Show all posts

Thursday, January 9, 2025

                                                        ਪੜ੍ਹਦਾ ਪੰਜਾਬ
                                ਸਕੂਲਾਂ ’ਚ ਲੱਗੇ ਕਿਤਾਬਾਂ ਦੇ ਢੇਰ
                                                        ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ਦੇਸ਼ ਦਾ ਅਜਿਹਾ ਚੌਥਾ ਸੂਬਾ ਬਣ ਗਿਆ ਹੈ, ਜਿੱਥੇ ਬੱਚਿਆਂ ਨੂੰ ਕਿਤਾਬਾਂ ਦੀ ਕੋਈ ਕਮੀ ਨਹੀਂ ਰਹੀ। ਪੰਜਾਬ ਦੇ ਇਕੱਲੇ ਸਰਕਾਰੀ ਸਕੂਲਾਂ ਨੂੰ ਸਾਲਾਨਾ 16.67 ਕਰੋੜ ਦੀ ਗਰਾਂਟ ਕਿਤਾਬਾਂ ਦੀ ਖ਼ਰੀਦ ਲਈ ਦਿੱਤੀ ਜਾਂਦੀ ਹੈ। ਅਜਿਹਾ ਲੰਘੇ ਪੰਜ ਵਰ੍ਹਿਆਂ ਤੋਂ ਹੋ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਸਕੂਲਾਂ ਵਿੱਚ ਕਿਤਾਬਾਂ ਦੇ ਢੇਰ ਲਗ ਗਏ ਹਨ। ਇਹ ਢੇਰ ਪਾਠਕ ਪੈਦਾ ਕਰ ਸਕੇ ਹਨ ਜਾਂ ਨਹੀਂ ਇਸ ਬਾਰੇ ਕੋਈ ਅੰਕੜਾ ਹੱਥ ਨਹੀਂ ਲੱਗਿਆ। ਕੇਂਦਰੀ ਸਿੱਖਿਆ ਮੰਤਰਾਲੇ ਦੀ 2023-24 ਦੀ ਰਿਪੋਰਟ ਅਨੁਸਾਰ ਸੂਬੇ ਦੇ ਸਮੁੱਚੇ ਸਕੂਲਾਂ (ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ) ’ਚ 4.53 ਕਰੋੜ ਕਿਤਾਬਾਂ ਦਾ ਵੱਡਾ ਬੌਧਿਕ ਭੰਡਾਰ ਜੁੜ ਗਿਆ ਹੈ। ਪੰਜਾਬ ’ਚ ਪ੍ਰਤੀ ਸਕੂਲ ਇਸ ਵੇਲੇ 1654 ਕਿਤਾਬਾਂ ਹਨ। ਸਾਰੇ ਮੁਲਕ ਦੀ ਗੱਲ ਕਰੀਏ ਇਸ ਮਾਮਲੇ ’ਚ ਪਹਿਲੇ ਨੰਬਰ ’ਤੇ ਗੋਆ ਹੈ ਜਿੱਥੋਂ ਦੇ ਕੁੱਲ 1487 ਸਕੂਲਾਂ ਵਿਚ ਪ੍ਰਤੀ ਸਕੂਲ 3364 ਕਿਤਾਬਾਂ ਹਨ। ਦੂਜਾ ਨੰਬਰ ਪ੍ਰਤੀ ਸਕੂਲ 2783 ਕਿਤਾਬਾਂ ਨਾਲ ਕੇਰਲਾ ਦਾ ਹੈ। 

        ਤੀਜਾ ਨੰਬਰ ਹਰਿਆਣਾ ਦਾ ਹੈ ਜਿੱਥੋਂ ਦੇ 23,517 ਸਕੂਲਾਂ ’ਚ 5.17 ਕਰੋੜ ਕਿਤਾਬਾਂ ਦਾ ਭੰਡਾਰ ਹੈ ਅਤੇ ਇਸ ਸੂਬੇ ਵਿਚ ਪ੍ਰਤੀ ਸਕੂਲ 2198 ਕਿਤਾਬਾਂ ਹਨ। ਪੰਜਾਬ ਵਿਚ ਕੁੱਲ 27,404 ਸਕੂਲ ਹਨ ਜਿਨ੍ਹਾਂ ’ਚੋਂ 19,242 ਸਰਕਾਰੀ ਸਕੂਲ ਹਨ। ਸਰਕਾਰੀ ਸਕੂਲਾਂ ’ਚੋਂ ਸਿਰਫ਼ 23 ਸਕੂਲ ਹੀ ਅਜਿਹੇ ਹਨ ਜਿੱਥੇ ਕੋਈ ਲਾਇਬ੍ਰੇਰੀ ਨਹੀਂ ਹੈ ਜਦਕਿ 46 ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ’ਚ ਵੀ ਲਾਇਬ੍ਰੇਰੀ ਨਹੀਂ ਹੈ। ਇਸੇ ਤਰ੍ਹਾਂ ਪੰਜਾਬ ’ਚ 346 ਪ੍ਰਾਈਵੇਟ ਸਕੂਲਾਂ ਵਿੱਚ ਕੋਈ ਲਾਇਬ੍ਰੇਰੀ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ‘ਸਮੱਗਰਾ ਸਕੀਮ’ ਤਹਿਤ ਪੰਜ ਵਰ੍ਹਿਆਂ ਤੋਂ ਸਰਕਾਰੀ ਸਕੂਲਾਂ ਨੂੰ ਕਿਤਾਬਾਂ ਦੀ ਖ਼ਰੀਦ ਲਈ ਵੱਖਰੀ ਗਰਾਂਟ ਦਿੱਤੀ ਜਾ ਰਹੀ ਹੈ। ਇਸ ਕੇਂਦਰੀ ਸਪਾਂਸਰ ਸਕੀਮ ਤਹਿਤ ਹਰ ਸਾਲ ਪ੍ਰਾਇਮਰੀ ਸਕੂਲਾਂ ਨੂੰ ਪੰਜ ਹਜ਼ਾਰ ਰੁਪਏ, ਮਿਡਲ ਸਕੂਲਾਂ ਨੂੰ 10 ਹਜ਼ਾਰ ਰੁਪਏ, ਹਾਈ ਸਕੂਲਾਂ ਨੂੰ 15 ਹਜ਼ਾਰ ਰੁਪਏ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਪ੍ਰਤੀ ਸਕੂਲ 20 ਹਜ਼ਾਰ ਰੁਪਏ ਦੀ ਗਰਾਂਟ ਕਿਤਾਬਾਂ ਖ਼ਰੀਦਣ ਵਾਸਤੇ ਮਿਲਦੀ ਹੈ।

        ਹਰ ਸਾਲ 16 ਤੋਂ 17 ਕਰੋੜ ਦੇ ਫੰਡ ਕਿਤਾਬਾਂ ’ਤੇ ਖ਼ਰਚ ਕੀਤੇ ਜਾਂਦੇ ਸਨ। ਸਰਕਾਰੀ ਸਕੂਲਾਂ ਦੀ ਮੈਨੇਜਮੈਂਟ ਕਮੇਟੀਆਂ ਵੱਲੋਂ ਇਨ੍ਹਾਂ ਫੰਡਾਂ ਨਾਲ ਕਿਤਾਬਾਂ ਖ਼ਰੀਦੀਆਂ ਜਾਂਦੀਆਂ ਹਨ। ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਵੀ ਸਕੂਲਾਂ ਨੂੰ ਭੇਜੇ ਜਾਂਦੇ ਹਨ। ਹਰ ਸਕੂਲ ਕੁੱਲ ਫੰਡ ’ਚੋਂ 10 ਫ਼ੀਸਦੀ ਫ਼ੰਡ ਨਾਲ ਸਿਲੇਬਸ ਜਾਂ ਮੁਕਾਬਲੇ ਦੀਆਂ ਪ੍ਰੀਖਿਆ ਦੀ ਤਿਆਰੀ ਲਈ ਕਿਤਾਬਾਂ ਖਰੀਦ ਸਕਦਾ ਹੈ। ਕਿਤਾਬਾਂ ਦੀ ਚੋਣ ਸੂਬਾ ਪੱਧਰੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ ਹਰ ਵੰਨਗੀ ਦੇ 97.5 ਫ਼ੀਸਦੀ ਸਕੂਲਾਂ ’ਚ ਲਾਇਬਰੇਰੀ, ਕਿਤਾਬ ਕੋਨਾ ਜਾਂ ਲਾਇਬ੍ਰੇਰੀ ਬੈਂਕ ਆਦਿ ਹੈ। ਪੰਜਾਬ ਦੇ 1503 ਸਕੂਲਾਂ ਵਿੱਚ ਡਿਜੀਟਲ ਲਾਇਬ੍ਰੇਰੀਆਂ ਹਨ। ਕੇਂਦਰੀ ਰਿਪੋਰਟ ਅਨੁਸਾਰ ਪੰਜਾਬ ਦੇ 66.1 ਫ਼ੀਸਦੀ ਸਕੂਲਾਂ ਵਿਚ ਇੰਟਰਨੈੱਟ ਦੀ ਵੀ ਸੁਵਿਧਾ ਹੈ ਜਦਕਿ 92.8 ਫ਼ੀਸਦੀ ਪ੍ਰਾਈਵੇਟ ਸਕੂਲਾਂ ਵਿਚ ਇੰਟਰਨੈੱਟ ਦੀ ਸਹੂਲਤ ਹੈ। ਸਿੱਖਿਆ ਵਿਭਾਗ ਦੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਸੀ ਕਿ ਸਰਕਾਰੀ ਸਕੂਲਾਂ ਨੂੰ ਸਿਰਫ਼ ਕਿਤਾਬਾਂ ਦਿੱਤੀਆਂ ਹੀ ਨਹੀਂ ਜਾ ਰਹੀਆਂ ਬਲਕਿ ਪਾਠਕਾਂ ਦਾ ਵੀ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ। 

         ਅਧਿਆਪਕ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਦੇ ਹਨ। ਪੰਜਾਬ ਦੇ ਸਕੂਲਾਂ ਵਿੱਚ ਲਾਇਬ੍ਰੇਰੀਆਂ ਤਾਂ ਹਨ ਪਰ ਲਾਇਬ੍ਰੇਰੀਅਨ ਨਹੀਂ ਹਨ ਅਤੇ ਭਾਸ਼ਾ ਅਧਿਆਪਕ ਹੀ ਲਾਇਬ੍ਰੇਰੀਆਂ ਦਾ ਕੰਮ ਸੰਭਾਲਦੇ ਹਨ। ਸੂਤਰ ਦਸਦੇ ਹਨ ਕਿ ਸਿਰਫ਼ ਸੀਨੀਅਰ ਸੈਕੰਡਰੀ ਸਕੂਲਾਂ ’ਚ ਹੀ ਲਾਇਬ੍ਰੇਰੀਅਨ ਦੀ ਅਸਾਮੀ ਪ੍ਰਵਾਨਿਤ ਹੈ। ਇੱਕ ਵੇਰਵੇ ਅਨੁਸਾਰ ਪੰਜਾਬ ਦੇ 772 ਸੀਨੀਅਰ ਸੈਕੰਡਰੀ ਸਕੂਲਾਂ ’ਚ ਸਹਾਇਕ ਲਾਇਬ੍ਰੇਰੀਅਨ ਤੇ ਲਾਇਬ੍ਰੇਰੀਅਨ ਤਾਇਨਾਤ ਨਹੀਂ ਹਨ। ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਆਖਦੇ ਹਨ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਕੂਲਾਂ ਵਿਚ ਇੱਕ ਪੀਰੀਅਡ ਲਾਇਬ੍ਰੇਰੀ ਦਾ ਨਿਰਧਾਰਿਤ ਕਰੇ ਤਾਂ ਜੋ ਬੱਚਿਆਂ ਨੂੰ ਇਸ ਬੌਧਿਕ ਭੰਡਾਰ ਦਾ ਫ਼ਾਇਦਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਫੰਡਾਂ ਨਾਲ ਜਿਨ੍ਹਾਂ ਕਿਤਾਬਾਂ ਦੀ ਖ਼ਰੀਦ ਹੁੰਦੀ ਹੈ, ਉਨ੍ਹਾਂ ਦੀ ਸੂਚੀ ਉਪਰੋਂ ਹੀ ਬਣ ਕੇ ਆਉਂਦੀ ਹੈ ਜਿਸ ਕਰਕੇ ਕਾਫ਼ੀ ਪਾਏਦਾਰ ਕਿਤਾਬਾਂ ਸੂਚੀ ’ਚੋਂ ਬਾਹਰ ਰਹਿ ਜਾਂਦੀਆਂ ਹਨ।

Sunday, January 26, 2020

                           ਵਿਚਲੀ ਗੱਲ
          ਅੱਖਰ ਅੱਖਰ, ਵਰਕਾ ਵਰਕਾ..!
                            ਚਰਨਜੀਤ ਭੁੱਲਰ
ਬਠਿੰਡਾ : ਖਾਲਸਾ ਜੀਓ! ਸੁਖਬੀਰ ਜੀ ਨੇ ਬਦਾਮ ਵੀ ਖਾਧੇ, ਭਾਜਪਾ ਦੇ ਘਰੋਂ ‘ਪਕੌੜੇ’ ਵੀ। ਗੱਦੀ ਗਈ ਤਾਂ ਜ਼ਖ਼ਮ ਵੀ ਖਾਧੇ। ਠੋਕਰਾਂ ਅੱਜ-ਕੱਲ੍ਹ ਖਾ ਰਹੇ ਨੇ। ਅੌਲਾ ਕਿਤੇ ਵੇਲੇ ਸਿਰ ਖਾ ਲੈਂਦੇ। ਅਮਰਿੰਦਰ ਫਿਰ ਇੰਝ ਚਿੱਠੀ ਨਾ ਲਿਖਦਾ। ‘ਪਿਆਰੇ ਸੁਖਬੀਰ, ਹਿਟਲਰ ਦੀ ਆਤਮ ਕਥਾ ‘ਮਾਈਨ ਕੰਫ’ ਭੇਜ ਰਿਹੈਂ। ਤੈਨੂੰ ਭਾਜਪਾ ਦੀ ਸੋਚ ਸਮਝ ਪਊ। ਕਿਤਾਬ ਪੜ੍ਹੇਂਗਾ, ਇਤਿਹਾਸ ਦਾ ਪਤਾ ਲੱਗੂ।’ ਅਖੀਰ ’ਚ ‘ਸ਼ੁਭ ਇੱਛਾਵਾਂ’ ਵੀ ਭੇਜੀਆਂ। ਦਿੱਲੀਓਂ ਬੇਰੰਗ ਲਿਫਾਫੇ ਵਾਂਗੂ ਭੇਜ ਦਿੱਤੇ। ਸਾਧ ਸੰਗਤ ਜੀ! ਕਿਤਾਬਾਂ ਤਾਂ ਛੱਡੋ, ਮੋਦੀ ਦਾ ਚਿਹਰਾ ਹੀ ਪੜ੍ਹ ਲੈਂਦੇ। ਸੁਖਬੀਰ ਜੀ ਕਿਹੜੀ ਗੱਲੋਂ ਚੁੱਪ ਨੇ, ਪਤਾ ਨਹੀਂ। ਮਨਜਿੰਦਰ ਸਿਰਸਾ ਬਿਨਾਂ ਰੁਕੇ ਜ਼ਰੂਰ ਬੋਲੇ, ਭੇਤ ਫਿਰ ਨਹੀਂ ਖੋਲ੍ਹੇ, ਹਰਸਿਮਰਤ ਕਦੋਂ ਅਸਤੀਫ਼ਾ ਦੇਊ ? ‘ਅਕਲਾਂ ਬਾਝੋਂ, ਖੂਹ ਖਾਲੀ’ ਸਮਝੋ ਪੂਰੀ ਤਰ੍ਹਾਂ ਬਾਹਰ ਹੈ। ਜੋ ਪੰਜਾਬ ਦੀ ਕੰਧ ’ਤੇ ਲਿਖਿਐ। ਇਕੱਲਾ ਸੁਖਬੀਰ ਨਹੀਂ, ਅਮਰਿੰਦਰ ਸਿਓਂ ਵੀ ਪੜ੍ਹੇ। ਕਿਤਾਬਾਂ ਭਾਵੇਂ ਨਾ ਵੀ ਪੜ੍ਹਨ। ਅੱਗੇ ਮਨਜਿੰਦਰ ਸਿਰਸਾ ਤੋਂ ਸੁਣੋ। ਟਕੋਰ ਸਿੱਧੀ ਅਮਰਿੰਦਰ ’ਤੇ ਮਾਰੀ। ‘ਹਿਟਲਰ ਤੋਂ ਥੋਡੇ ਦਾਦੇ ਨੇ ਤੋਹਫ਼ੇ ਲਏ’। ‘ਕਿਤਾਬਾਂ ਤੁਸੀਂ ਪੜ੍ਹੋ, ਸਾਨੂੰ ਗੁਟਕਾ ਸਾਹਿਬ ਮੁਬਾਰਕ।’ ਜੋ ਪੜ੍ਹਦੇ ਲਿਖਦੇ ਹਨ। ਉਹੋ ਕਿਤਾਬਾਂ ਦੀ ਤਾਸੀਰ ਜਾਣਦੇ ਨੇ। ਮੌਨ ਹੋ ਕੇ ਵੀ ਕਿਤਾਬ ਬੋਲਦੀ ਹੈ। ‘ਪ੍ਰਧਾਨ ਜੀ’ ਨੂੰ ਕੌਣ ਸਮਝਾਵੇ। ਅਖੀਰ ਜਦੋਂ ਨਾ ਹੀ ਸਮਝੇ, ਢੀਂਡਸੇ ਰਾਤੋ ਰਾਤ ‘ਟੌਹੜਾ’ ਬਣ ਗਏ। ਕਾਸ਼ ! ਅਕਾਲੀ ਦਲ ਕੋਲ ਲਾਇਬਰੇਰੀ ਹੁੰਦੀ। ਕਿਤਾਬਾਂ ਜ਼ਰੂਰ ਟੋਕਦੀਆਂ, ਇੰਝ ਨਹੀਂ, ਇੰਝ ਕਰ।
                ਆਓ ਬੱਚਿਓ, ਤੁਹਾਨੂੰ ਅਕਾਲੀ ਦਲ ਦੀ ਲਾਇਬਰੇਰੀ ਦਿਖਾਈਏ। ਦੇਖ ਕੇ ਕਿਤੇ ਚੱਕਰ ਨਾ ਖਾ ਜਾਇਓ। ਲਾਇਬਰੇਰੀ ’ਚ ਸਿਰਫ਼ 461 ਰੁਪਏ ਦੀਆਂ ਕਿਤਾਬਾਂ ਹਨ। ਖੁਦ ਅਕਾਲੀ ਦਲ ਦੀ ਆਡਿਟ ਰਿਪੋਰਟ ’ਚ ਇਹ ਭੇਤ ਖੁੱਲ੍ਹਿਐ। ਛੱਡੋ ਜੀ, ਹੁਣ ਕਿਹੜਾ ਬਾਪੂ ਦਾ ਰਾਜ ਹੈ। ‘ਤਾਲੋਂ ਖੁੰਝੀ ਡੂਮਣੀ ਗਾਵੇ ਆਲ ਬੇਤਾਲ’। ਗੌਣ ਵਾਲੀ ਗੱਲ ਛੱਡੋ, ਤੁਸੀਂ ਇਹ ਦੱਸੋ ਹੁਣ ਮਹਾਰਾਜੇ ਨੂੰ ਸੁਖਬੀਰ ਕਿਹੜੀ ਕਿਤਾਬ ਭੇਜੇ। ਭਾਵੇਂ ਭਾਰਤ-ਪਾਕਿ ਸਬੰਧਾਂ ’ਤੇ ਹੀ ਦੱਸ ਦੇਵੋ। ਕੌਣ ਪੰਗਾ ਲੈਂਦਾ ਗੁਰੂ, ਕਿਤਾਬਾਂ ਦੱਸ ਕੇ। ਹਕੂਮਤੀ ਹੱਥ ਕਿੰਨੇ ਲੰਮੇ ਹੁੰਦੇ ਨੇ। ਬਾਬਾ ਬੁੱਲ੍ਹੇ ਸ਼ਾਹ ਦੱਸ ਰਿਹੈ ‘ਇਹ ਪੜ੍ਹਨਾ ਇਲਮ ਜ਼ਰੂਰ ਹੋਇਆ ਪਰ ਦੱਸਣਾ ਨਾ ਮਨਜ਼ੂਰ ਹੋਇਆ ਜਿਸ ਦੱਸਿਆ ਸੋ ਮਨਸੂਰ ਹੋਇਆ।’ ਖੈਰ ਅਮਰਿੰਦਰ ਪੜ੍ਹਦਾ ਤਾਂ ਬਹੁਤ ਹੈ। ਵਿਧਾਨ ਸਭਾ ਲਾਇਬਰੇਰੀ ਬੜੀ ਵਿਸ਼ਾਲ ਹੈ। ਉਥੋਂ ਅਮਰਿੰਦਰ ਨੇ ਪਹਿਲੀ ਪਾਰੀ ਵੇਲੇ 10 ਕਿਤਾਬਾਂ ਲਈਆਂ। ਲਾਇਬਰੇਰੀ ’ਚ ਹਿਟਲਰ ਦੀਆਂ ਕਿਤਾਬਾਂ ਦੇ ਛੇ ਸੈੱਟ ਪਏ ਨੇ। ਸੁਖਬੀਰ ਨੇ ਕਦੇ ਕੋਈ ਕਿਤਾਬ ਜਾਰੀ ਨਹੀਂ ਕਰਵਾਈ। ਸ਼ਾਇਦ ਸੁਖਬੀਰ ਨੂੰ ਇਹ ਗੱਲ ਜਚ ਗਈ, ਜੋ ਜ਼ਿਆਦਾ ਪੜ੍ਹਦੇ ਨੇ, ਸਿਆਸਤ ‘ਚ ਮਰਦੇ ਨੇ। ਜਗਮੀਤ ਬਰਾੜ, ਬੀਰਦਵਿੰਦਰ, ਕੁਲਦੀਪ ਵਡਾਲਾ ਤੇ ਮਨਪ੍ਰੀਤ ਬਾਦਲ ਆਦਿ। ਕਿਤਾਬਾਂ ਪੜ੍ਹਨ ਵਾਲਿਆਂ ’ਚ ਖੜ੍ਹੇ ਨੇ। ਜਮਹੂਰੀ ਸੂਚਕ ਅੰਕ ਇਕਦਮ ਥੱਲੇ ਡਿੱਗਿਐ।
                ਨਾਨਕ ਸਿੰਘ ਦੀ ਕਵਿਤਾ ‘ਖੂਨੀ ਵਿਸਾਖੀ’ ਦਾ ਚੇਤਾ ਆਇਐ। ‘ਅੱਜ ਸ਼ਹਿਰ ਵਿੱਚ ਪੈਣਗੇ ਵੈਣ ਡੂੰਘੇ, ਵਸਦੇ ਘਰਾਂ ਨੂੰ ਥੇਹ ਬਣਾਣ ਚੱਲੇ।’ ਮੁਲਕ ਹੁਣ ਚੱਲਦੀ ਫਿਰਦੀ ਪ੍ਰਯੋਗਸ਼ਾਲਾ ਬਣਿਐ। ਕਿਤੇ ਨਾਜ਼ੀ ਤਜਰਬਾ ਹੁੰਦੈ ਤੇ ਕਿਤੇ ਗੁਜਰਾਤੀ। ਜਦੋਂ ਟੱਕਰ ਕਾਲੀ ਬੋਲੀ ਰਾਤ ਨਾਲ ਹੋਵੇ, ਚਾਨਣ ਦੇ ਲੱਪ ਭਰ ਕੇ ਤੁਰਨਾ ਪੈਂਦਾ।ਕਿਤਾਬਾਂ ਤਾਂ ਸੱਚਮੁੱਚ ਲਾਟੂ ਹੀ ਨੇ। ਜਗਦੇ ਸਿਰ ਹੀ ਦਿੱਲੀ ਦੇ ਚੌਕਾਂ ’ਚ ਖੜ੍ਹੇ ਨੇ। ਐਵੇਂ ਯੂਨੀਵਰਸਿਟੀਆਂ ’ਚੋਂ ਮੌਤ ਨਾਲ ਮੁਕਲਾਵਾ ਲੈਣ ਕੌਣ ਨਿਕਲਦੈ। ਏਹ ਗੱਲਾਂ ਛੱਡੋ, ਪਹਿਲਾਂ ਇਹ ਦੱਸੋ, ਮੋਦੀ ਨੂੰ ਕਿਹੜੀ ਕਿਤਾਬ ਭੇਜੀਏ? ਪ੍ਰਧਾਨ ਮੰਤਰੀ ਨੇ ਢਾਈ ਸਾਲ ਪਹਿਲਾਂ ਖੁਦ ਕਿਹਾ। ‘ਗੁਲਦਸਤੇ ਨਹੀਂ, ਕਿਤਾਬਾਂ ਦਿਓ’। ਭਗਵੰਤ ਮਾਨ ਆਖਦੈ, ਮੋਦੀ ਨੂੰ ਜੋ ਮਰਜ਼ੀ ਕਿਤਾਬਾਂ ਭੇਜ ਦਿਓ, ਬੱਸ ਇਤਿਹਾਸ ਨੂੰ ਛੱਡ ਕੇ। ਕੀ ਪਤੈ ਕਦੋਂ ਇਤਿਹਾਸ ਬਦਲ ਦੇਵੇ। ਪਾਰਲੀਮੈਂਟ ’ਚ ਵਿਸ਼ਾਲ ਲਾਇਬਰੇਰੀ ਹੈ। ਸਾਢੇ ਚਾਰ ਲੱਖ ਕਿਤਾਬਾਂ ਪਈਆਂ ਨੇ। ਭਾਜਪਾ ਐੱਮਪੀ ਦੂਰੋਂ ਦੀ ਦੱਬੇ ਪੈਰ ਲੰਘਦੇ ਨੇ, ਕਿਤਾਬਾਂ ਕਿਤੇ ਜਾਗ ਨਾ ਪੈਣ। ਕਿਤਾਬਾਂ ਦਾ ਦਿੱਲੀ ਚੋਣਾਂ ’ਚ ਕੀ ਕੰਮ। ਪੰਗਾ ਹੁਣ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਪਾਇਐ। ਉਹੀ ਮਿਸ਼ਰਾ ਜੀਹਨੇ ਪ੍ਰਸ਼ਾਂਤ ਭੂਸ਼ਨ ਨੂੰ ਕੁੱਟ ਧਰਿਆ ਸੀ।
                ਕਪਿਲ ਮਿਸ਼ਰਾ ਆਪਣੇ ਮੁਖਾਰਬਿੰਦ ’ਚੋਂ ਇੰਝ ਬੋਲੋ, ‘ਹਿੰਦੁਸਤਾਨ ਬਨਾਮ ਪਾਕਿਸਤਾਨ’ ਮੁਕਾਬਲਾ ਅੱਠ ਫਰਵਰੀ ਨੂੰ ਹੋਵੇਗਾ। ਵਾਇਆ ਸ਼ਾਹੀਨ ਬਾਗ ਪਾਕਿਸਤਾਨ ਦਿੱਲੀ ਪੁੱਜਾ ਹੈ। ਛੋਟੇ ਛੋਟੇ ਪਾਕਿਸਤਾਨ ਬਣਾਏ ਜਾ ਰਹੇ ਨੇ।’ ਗੁਸਤਾਖ਼ੀ ਮੁਆਫ਼, ਬੱਸ ਥੋੜ੍ਹੀ ਕਿਰਪਾ ਕਰੋ, ਏਹ ਤਾਂ ਜ਼ਰੂਰ ਦੱਸੋ। ਮਿਸ਼ਰਾ ਸਾਹਿਬ ਨੂੰ ਕਿਹੜੀ ਕਿਤਾਬ ਭੇਜੀਏ? ਕਮਲੇਸ਼ਵਰ ਦੀ ਸ਼ਾਹ ਕਿਰਤ ‘ਕਿਤਨੇ ਪਾਕਿਸਤਾਨ’ ਠੀਕ ਰਹੂ। ਸ਼ਾਇਦ ਅੱਗ ਦਾ ਸੇਕ ਘਟ ਜਾਏ। ਕਮਲੇਸ਼ਵਰ ਦੇ ਨਾਵਲ ਦਾ ਨਿਚੋੜ ਸਮਝੋ। ‘ਪਾਕਿਸਤਾਨ ਤੋਂ ਪਾਕਿਸਤਾਨ ਪੈਦਾ ਹੁੰਦਾ ਹੈ ਜਿਵੇਂ ਛੂਤ ਦਾ ਰੋਗ। ਜਦੋਂ ਤੱਕ ਧਰਮ/ਜਾਤ/ਨਸਲ ਦੇ ਕੰਧਾੜੇ ਚੜ੍ਹ ਕੇ ਸੱਤਾ ਤੇ ਕਬਜ਼ੇ ਦੀ ਲਾਲਸਾ ਬਣੀ ਰਹੂ, ਉਦੋਂ ਤੱਕ ਇਸ ਭੂਮੀ ’ਤੇ ਪਾਕਿਸਤਾਨ ਬਣਾਏ ਜਾਣ ਦੀ ਫਿਰਕੂ ਵਿਰਾਸਤ ਫੈਲਦੀ ਰਹੇਗੀ।’ ਪੱਛਮੀ ਬੰਗਾਲ ਵਾਲਾ ਦਿਲੀਪ ਘੋਸ਼। ਗੱਬਰ ਸਿੰਘ ਬਣਿਐ। ਅਖੇ ਕੁੱਤਿਆਂ ਵਾਂਗੂ ਕੁੱਟਦੇ ਹਾਂ ਜੋ ਜਨਤਕ ਸੰਪਤੀ ਨੂੰ ਛੇੜਦੇ ਨੇ। ਯੂਪੀ ਵਾਲੇ ਮੁੱਖ ਮੰਤਰੀ। ਮਹਾਤਮਾ ਯੋਗੀ ਕਿਸੇ ਦੀ ਨੂੰਹ-ਧੀ ਨਾਲੋਂ ਘੱਟ ਨੇ। ਆਖਦੇ ਨੇ, ‘ਪੁਰਸ਼ ਆਪ ਰਜਾਈਆਂ ’ਚ ਬੈਠੇ ਨੇ, ਅੌਰਤਾਂ ਨੂੰ ਚੌਰਾਹਿਆਂ ’ਤੇ ਬਿਠਾ’ਤਾ।’ ਆਜ਼ਾਦੀ ਦੀ ਰੱਟ ਦੇਸ਼ਧ੍ਰੋਹ ਹੈ। ਭਾਜਪਾਈ ਕੈਲਾਸ਼ ਵਿਜੈਵਰਗੀਆ ਦੋ ਕਦਮ ਅੱਗੇ ਨੇ। ਮੋਦੀ ਕੱਪੜੇ ਪਛਾਣਦੇ ਨੇ। ਕੈਲਾਸ਼ ਬਾਬੂ, ਪੋਹਾ ਖਾਣ ਦੇ ਢੰਗ ਤੋਂ ਦੱਸਦੇ ਨੇ, ਕੌਣ ਬੰਗਲਾਦੇਸ਼ੀ ਹੈ।
                ਆਖ਼ਰੀ ਅਰਜ਼ ਐ, ਇਨ੍ਹਾਂ ਸੱਜਣਾਂ ਨੂੰ ਕਿਹੜੀ ਕਿਤਾਬ ਭੇਟ ਕਰੀਏ? ਅੱਛਾ, ਕਿਤਾਬਾਂ ਨਾਲ ਗੱਲ ਨਹੀਂ ਬਣਨੀ। ਇਨ੍ਹਾਂ ਨੂੰ ਇਕੱਠੇ ਕਰੋ, ਕਿਤੇ ਇੱਕ ਥਾਂ ਬਿਠਾਓ। ਮਰਹੂਮ ਟੋਨੀ ਬਾਤਿਸ਼ ਦਾ ਨਾਟਕ ‘ਕੁਦਰਤ ਦੇ ਸਭ ਬੰਦੇ’ ਦਿਖਾਓ।’ ਗੱਲ ਫਿਰ ਵੀ ਨਾ ਬਣੇ। ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਸੁਣਾਉਣਾ। ਜਦੋਂ ਮੁਲਕ ਦਾ ਬਟਵਾਰਾ ਹੁੰਦੈ। ਪਾਗਲਾਂ ਦਾ ਵਟਾਂਦਰਾ ਵੀ ਹੋਣ ਲੱਗਦੈ। ਕਿਰਦਾਰ ਬਿਸ਼ਨ ਸਿੰਘ ਪਾਗਲ ਜਾਨ ਦੇ ਦਿੰਦਾ ਹੈ। ਕਹਾਣੀ ਪਾਗਲਾਂ ਦੀ ਸੰਵੇਦਨਾਂ ਦਾ ਬਿਰਤਾਂਤ ਹੈ। ਫਿਰਕੂ ਸੋਚਾਂ ਵਾਲਿਆਂ ਨਾਲੋਂ ਪਾਗਲ ਵੀ ਕਿਤੇ ਚੰਗੇ ਨੇ। ਪਿਆਰਿਓ, ਇਨ੍ਹਾਂ ਦੇ ਫਿਰ ਪੱਲੇ ਨਾ ਪਈ ਤਾਂ ਕਿਤਾਬਾਂ ਦੇ ਯੱਭ ’ਚ ਨਾ ਪੈਣਾ। ਸੱਪ ਦੇ ਡੰਗੇ ਦਾ, ਕੁੱਤੇ ਦੇ ਵੱਢੇ ਦਾ, ਇਲਾਜ ਹਸਪਤਾਲਾਂ ’ਚ ਹੁੰਦੈ। ਮੁਲਕ ’ਚ ਇੱਕ ਵਿਸ਼ੇਸ਼ ਏਮਜ਼ ਬਣੇ, ਜਿਥੇ ਜ਼ੁਬਾਨ ਰੋਗ ਵਾਲਿਆਂ ਦਾ ਮੁਫ਼ਤ ’ਚ ਇਲਾਜ ਹੋਵੇ। ਜੇ ਦਾਦੀ ਤੋਂ ਬਾਤਾਂ ਟਿਕ ਕੇ ਸੁਣਦੇ, ਨਾਲੇ ਪੰਚਤੰਤਰ ਪੜ੍ਹਦੇ, ਨੌਬਤ ਇੱਥੋਂ ਤੱਕ ਨਾ ਆਉਂਦੀ।ਕਿਤਾਬਾਂ ਪੜ੍ਹਦੇ ਤਾਂ ਦਿਮਾਗ ਖੁੱਲ੍ਹਦੇ, ਮੋਹ ਬਣਾਉਂਦੇ ਪਿਆਰ ਵਧਾਉਂਦੇ। ਗੁਲਜ਼ਾਰ ਦੀ ਨਜ਼ਮ ਦਾ ਦਮ ਵੇਖੋ, ‘ਕਿਤਾਬੇਂ ਮਾਂਗਨੇ ਗਿਰਨੇ ਉਠਾਨੇ ਕੇ ਬਹਾਨੇ ਰਿਸ਼ਤੇ ਬਣਤੇ ਥੇ’।
                ਅੱਜ 71ਵਾਂ ਗਣਤੰਤਰ ਦਿਵਸ ਹੈ। ਗਣਰਾਜ ਨੂੰ ਇਨ੍ਹਾਂ ‘ਗੰਨ ਰਾਜ’ ਬਣਾ ਰੱਖਿਐ। ਦੇਸ਼ ਦਾ ਗਣ ਸ਼ਾਹੀਨ ਬਾਗ ਬੈਠਾ ਹੈ। ਬਿਰਧ ਮਾਵਾਂ ਤੇ ਬੱਚੇ ਵੀ ਡਟੇ ਨੇ। ਬਾਬਾ ਰਾਮਦੇਵ ਦਾ ਵੀ ਅੰਦਰਲਾ ਜਾਗਿਐ। ਮੁਲਕ ਭਰ ’ਚੋਂ ਕਾਫਲੇ ਤੁਰੇ ਹਨ। ਮਸਲਾ ਮੁਸਲਿਮ ਬਚਾਉਣ ਦਾ ਨਹੀਂ, ਜ਼ਮੀਰਾਂ ਦੀ ਰੱਖਿਆ ਦਾ ਹੈ। ਗਣਤੰਤਰ ਦਿਵਸ ਮੌਕੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਪੁੱਜੇ ਹਨ। ਚੀਨੀ ਉਤਪਾਦਨ ’ਚ ਬ੍ਰਾਜ਼ੀਲ ਵੱਡਾ ਖਿਡਾਰੀ ਹੈ। ਚੰਗਾ ਹੋਵੇ ਮੁੱਖ ਮਹਿਮਾਨ ਬ੍ਰਾਜ਼ੀਲੀ ਮਿੱਠਾ ਇਨ੍ਹਾਂ ਦੇ ਮੂੰਹਾਂ ’ਚ ਪਾ ਕੇ ਜਾਵੇ। ਹਾਲਾਂਕਿ ਭਾਰਤੀ ਕਿਸਾਨਾਂ ਦੀਆਂ ਬੇੜੀਆਂ ’ਚ ਵੱਟੇ ਬ੍ਰਾਜ਼ੀਲ ਨੇ ਹੀ ਪਾਏ ਹਨ। ਗਣਤੰਤਰ ਦਿਵਸ ਮਗਰੋਂ ਬਸੰਤ ਪੰਚਮੀ ਹੈ। ਸਿਰਫ਼ ਆਮ ਜਨ ਦੀ, ਜਿਨ੍ਹਾਂ ਦੀ ਚੱਤੋ ਪਹਿਰ ਬਸੰਤ ਹੈ, ਉਨ੍ਹਾਂ ਨੂੰ ਕਾਹਦਾ ਚਾਅ। ਬੇਸ਼ੱਕ ਕੈਪਟਨ ਨੂੰ ਪੁੱਛ ਕੇ ਦੇਖ ਲਓ। ਗੱਲ ਹਿਟਲਰ ਦੀ ਕਿਤਾਬ ਤੋਂ ਤੁਰੀ ਸੀ। ਆਖਦੇ ਨੇ ਅਕਲ ਬਦਾਮ ਖਾਣ ਨਾਲ ਨਹੀਂ, ਜ਼ਿੰਦਗੀ ’ਚ ਠੁੱਡੇ ਖਾਣ ਨਾਲ ਆਉਂਦੀ ਹੈ। ਤਮਾਮ ਉਮਰ ਛੱਜੂ ਰਾਮ ਨੇ ਠੋਕਰਾਂ ਹੀ ਤਾਂ ਖਾਧੀਆਂ ਨੇ। ਹੁਣ ਬਸੰਤ ਪੰਚਮੀ ’ਤੇ ਦਿੱਲੀ ਜਾਣ ਦੀ ਤਿਆਰੀ ਖਿੱਚੀ ਬੈਠੈ। ਆਖਦੈ, ‘ਨਵੇਂ ਮੁੰਡੇ ਨੇ, ਪੇਚਾ ਤਾਂ ਪਾ ਬੈਠੇ, ਆਸਮਾਨੋਂ ਗੁੱਡੀ ਕਿਵੇਂ ਲਾਹੁਣੀ ਹੈ, ਬੱਸ ਏਨਾ ਕੁ ਦੱਸਣ ਚੱਲਿਐਂ।’


Monday, January 23, 2017

                                ਬਦਲ ਗਏ ਰਾਹ
            ਗੈਂਗਸਟਰ ਦਾ ਹੀਰੋ ਹੁਣ ਚੀ ਗਵੇਰਾ !
                                ਚਰਨਜੀਤ ਭੁੱਲਰ
ਬਠਿੰਡਾ : ਗੈਂਗਸਟਰ ਲੱਖਾ ਸਧਾਣਾ ਦਾ ਹੀਰੋ ਹੁਣ ਚੀ ਗਵੇਰਾ ਹੈ। ਉਹ ਫੀਦਲ ਕਾਸਤਰੋ ਦੀ ਗੱਲ ਕਰਦਾ ਹੈ। ਨੌਜਵਾਨਾਂ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸੁਨੇਹਾ ਦੱਸਦਾ ਹੈ। ਗਦਰੀ ਬਾਬਿਆਂ ਦੀ ਕਹਾਣੀ ਸੁਣਾਉਂਦਾ ਹੈ। ਡਾ. ਭੀਮ ਰਾਓ ਅੰਬੇਦਕਰ ਦਾ ਫਲਸਫਾ ਦੱਸਣਾ ਨਹੀਂ ਭੁੱਲਦਾ। ਉਸ ਨੇ ਹੁਣ ਜ਼ਿੰਦਗੀ ਦੇ ਨਵੇਂ ਪੰਨੇ ਖੋਲ•ੇ ਹਨ। ਕਿਤਾਬਾਂ ਨੇ ਉਸ ਨੂੰ ਨਵੇਂ ਰਾਹ ਦਿਖਾ ਦਿੱਤੇ ਹਨ। ਕਦੇਂ ਗੈਂਗਸਟਰ ਲੱਖਾ ਸਧਾਣਾ ਸਿਰਫ ਗੋਲੀ ਦੀ ਭਾਸ਼ਾ ਜਾਣਦਾ ਹੁੰਦਾ ਸੀ। ਮਾਰ ਕੁੱਟ ਤੇ ਖੂਨ ਖ਼ਰਾਬਾ ਹੀ ਉਸ ਦਾ ਸੰਸਾਰ ਸੀ। ਮਹਿੰਗੀਆਂ ਗੱਡੀਆਂ ਤੇ ਲਾਮ ਲਸ਼ਕਰ ਉਸ ਦੀ ਪਹਿਚਾਣ ਬਣਦੇ ਸਨ। ਕਈ ਲੀਡਰਾਂ ਨੇ ਕੁਰਸੀ ਨੂੰ ਹੱਥ ਪਾਉਣ ਲਈ ਉਸ ਦਾ ਮੋਢਾ ਵਰਤਿਆ। ਹਲਕਾ ਰਾਮਪੁਰਾ ਦੇ ਪਿੰਡਾਂ 'ਚ ਲੱਗੇ ਗੈਂਗਸਟਰ ਲੱਖਾ ਸਧਾਣਾ ਦੇ ਪੋਸਟਰ ਹੁਣ  ਸਭ ਨੂੰ ਹੈਰਾਨ ਕਰਦੇ ਹਨ। ਇਨ•ਾਂ ਪੋਸਟਰਾਂ ਤੇ ਚੀ ਗਵੇਰਾ, ਫੀਦਲ ਕਾਸਤਰੋ, ਨੈਲਸ਼ਨ ਮੰਡੇਲਾ, ਡਾ. ਭੀਮ ਰਾਓ ਅੰਬੇਦਕਰ ਤੇ ਗਦਰੀ ਬਾਬਿਆਂ ਦੀਆਂ ਤਸਵੀਰਾਂ ਹਨ। ਇਹ ਪੋਸਟਰ ਲੋਕਾਂ ਦੀ ਸਮਝ ਤੋਂ ਬਾਹਰ ਹਨ। ਗੈਂਗਸਟਰ ਲੱਖਾ ਸਧਾਣਾ ਨੇ ਅੱਜ ਆਪਣੇ ਪਿੰਡ ਸਧਾਣਾ ਵਿਚ ਅੱਜ ਪਹਿਲੀ ਚੇਤਨਾ ਰੈਲੀ ਕਰਕੇ 'ਜਾਗ ਪੰਜਾਬੀ ਜਾਗ' ਦਾ ਸੁਨੇਹਾ ਦਿੱਤਾ।
                         ਲੋਕਾਂ ਦਾ ਭਰੋਸਾ ਲੱਖਾ ਜਿੱਤ ਸਕੇਗਾ ਜਾਂ ਨਹੀਂ,ਇਹ ਵੱਖਰੀ ਗੱਲ ਹੈ ਪ੍ਰੰਤੂ ਉਸ ਨੇ ਜੁਰਮ ਦੇ ਜਗਤ ਤੋਂ ਮੂੰਹ ਫੇਰਨ ਦਾ ਐਲਾਨ ਕਰ ਦਿੱਤਾ ਹੈ। ਉਹ ਹੁਣ ਆਪਣੇ ਪੁਰਾਣੇ ਦਾਗ ਧੋਣਾ ਚਾਹੁੰਦਾ ਹੈ। ਉਸ ਵਲੋਂ ਅਚਾਨਕ ਕੱਟੇ ਮੋੜੇ ਨੇ ਸਭਨਾਂ ਨੂੰ ਦੰਗ ਕੀਤਾ ਹੈ। ਦੱਸਣਯੋਗ ਹੈ ਕਿ ਲੱਖਾ ਸਧਾਣਾ ਕਬੱਡੀ ਦਾ ਚੰਗਾ ਖਿਡਾਰੀ ਰਿਹਾ ਹੈ ਅਤੇ ਉਸ ਨੇ ਜੁਰਮ ਦੀ ਦੁਨੀਆਂ ਵਿਚ ਪੈਰ ਪਾਉਣ ਮਗਰੋਂ ਮਾਲਵਾ ਖ਼ਿੱਤੇ ਵਿਚ ਪੂਰੀ ਦਹਿਸ਼ਤ ਬਣਾ ਲਈ ਸੀ। ਕਈ ਲੀਡਰਾਂ ਦੀ ਖਾਤਰ ਉਸ ਨੇ ਬੂਥਾਂ ਤੇ ਕਬਜ਼ੇ ਵੀ ਕੀਤੇ ਸਨ। ਉਸ ਨੇ ਔਸਤਨ ਤਿੰਨ ਚਾਰ ਮਹੀਨੇ ਹਰ ਸਾਲ ਜੇਲ•ਾਂ ਵਿਚ ਹੀ ਕੱਟੇ ਹਨ। ਆਦਮਪੁਰਾ ਕਾਂਡ ਵਿਚ ਉਸ ਦੇ ਗੋਲੀ ਲੱਗੀ ਅਤੇ ਉਸ ਮਗਰੋਂ ਪਿੰਡ ਸਿਧਾਣਾ ਵਿਚ ਉਸ ਤੇ ਹਮਲਾ ਹੋਇਆ ਸੀ। ਉਸ ਨੇ ਦੋ ਵਾਰੀ ਮੌਤ ਨੇੜਿਓਂ ਵੇਖੀ ਹੈ। ਪੰਜਾਬੀ ਟ੍ਰਿਬਿਊਨ ਨਾਲ ਗੱਲ ਕਰਦੇ ਹੋਏ ਲੱਖਾ ਸਧਾਣਾ ਨੇ ਪਛਤਾਵਾਂ ਕੀਤਾ ਕਿ ਉਸ ਨੇ ਲੀਡਰਾਂ ਦੇ ਹੱਥੀਂ ਚੜ• ਕੇ ਚੌਧਰ ਦੇ ਸੰਸਾਰ ਵਿਚ ਪੈਰ ਰੱਖ ਲਿਆ ਸੀ। ਉਹ ਆਖਦਾ ਹੈ ਕਿ ਕਿਤਾਬਾਂ ਨੇ ਮੈਨੂੰ ਹਲੂਣਾ ਦਿੱਤਾ ਹੈ। ਚੀ ਗਵੇਰਾ ਤੇ ਫੀਦਲ ਕਾਸਤਰੋ ਨੇ ਮੈਨੂੰ ਜਗਾ ਦਿੱਤਾ ਹੈ। ਉਹ ਦੱਸਦਾ ਹੈ ਕਿ ਉਸ ਨੇ ਜੇਲ• ਦੌਰਾਨ ਪੂਰੇ ਮਾਰਕਸਵਾਦ ਨੂੰ ਪੜਿ•ਆ ਤੇ ਸ਼ਹੀਦ ਭਗਤ ਸਿੰਘ ਦੀ ਜੋ ਕਿਤਾਬ ਹੱਥ ਲੱਗੀ, ਉਸ ਦਾ ਪਾਠ ਕੀਤਾ।
                      ਮੁਕਤਸਰ ਜੇਲ• 'ਚ ਊਰਦੂ ਭਾਸ਼ਾ ਸਿੱਖੀ ਅਤੇ ਰੂਸੀ ਤੇ ਭਾਰਤੀ ਸਾਹਿਤ ਦੀ ਹਰ ਚੰਗੀ ਪੁਸਤਕ ਨੂੰ ਪੜਿ•ਆ। ਉਹ ਦੱਸਦਾ ਹੈ ਕਿ ਜਦੋਂ ਕਿਤਾਬਾਂ ਨੇ ਉਸ ਨੂੰ ਰੋਸ਼ਨੀ ਦਿਖਾਈ ਤਾਂ ਉਸ ਨੂੰ ਰਾਤਾਂ ਦੀ ਨੀਂਦ ਇਨ•ਾਂ ਕਿਤਾਬਾਂ ਤੋਂ ਛੋਟੀ ਲੱਗੀ। ਦੱਸ ਦੇਈਏ ਕਿ ਸਾਲ 2012 ਦੀਆਂ ਚੋਣਾਂ ਵਿਚ ਲੱਖਾ ਸਧਾਣਾ ਨੇ ਪੀਪਲਜ਼ ਪਾਰਟੀ ਤਰਫ਼ੋਂ ਰਾਮਪੁਰਾ ਹਲਕੇ ਤੋਂ ਚੋਣ ਵੀ ਲੜੀ ਸੀ। ਉਹ ਦੱਸਦਾ ਹੈ ਕਿ ਹੁਣ ਚੋਣਾਂ ਵਿਚ ਵੀ ਸਭ ਧਿਰਾਂ ਵਲੋਂ ਹਮਾਇਤ ਮੰਗੀ ਜਾ ਰਹੀ ਹੈ ਪਰ ਉਸ ਨੇ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਹ ਆਖਦਾ ਹੈ ਕਿ ਚੋਣਾਂ ਨਾਲ ਮੂਲ ਮਸਲੇ ਹੱਲ ਨਹੀਂ ਹੋਣੇ ਜਿਸ ਲਈ ਹਰ ਆਦਮੀ ਨੂੰ ਜਾਗਣਾ ਪੈਣਾ ਹੈ। ਜਾਗਣ ਨਾਲ ਹੀ ਬੰਦਾ ਸੁਧਰਦਾ ਹੈ। ਜਾਗਣ ਮਗਰੋਂ ਲੋਕ ਕੀ ਕਰਨ, ਇਸ ਦਾ ਉਹ ਖੁਲਾਸਾ ਨਹੀਂ ਕਰਦਾ ਹੈ। ਲੱਖਾ ਸਧਾਣਾ ਨੂੰ ਅੱਜ ਵੀ ਆਪਣੇ ਸਾਹਾਂ ਦੀ ਗਿਣਤੀ ਦਾ ਪਤਾ ਨਹੀਂ ਪਰ ਉਹ ਚੌਕਸ ਰਹਿ ਕੇ ਜੁਰਮ ਦੀ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ ਹੈ। ਜੁਰਮ ਦਾ ਸੰਸਾਰ ਉਸ ਨੂੰ ਇਸ ਤੋਂ ਮੁਕਤ ਹੋਣ ਦਿੰਦਾ ਹੈ ਜਾਂ ਨਹੀਂ ,ਇਹ ਤਾਂ ਸਮਾਂ ਦੱਸੇਗਾ। ਜਦੋਂ ਲੱਖਾ ਨੂੰ ਪੁੱਛਿਆ ਕਿ ਤੁਸੀਂ ਹੁਣ 'ਕਾਮਰੇਡ' ਬਣ ਗਏ ਹੋ ਤਾਂ ਉਸ ਨੇ ਆਖਿਆ ਕਿ ਉਹ ਤਾਂ ਜਾਗਦੀ ਜ਼ਮੀਰ ਵਾਲਾ ਇਨਸਾਨ ਬਣਨਾ ਚਾਹੁੰਦਾ ਹੈ।
                     ਉਹ ਦੱਸਦਾ ਹੈ ਕਿ ਉਹ ਦੋ ਵਾਰ ਮੌਤ ਨੂੰ ਜੱਫੀ ਪਾ ਕੇ ਮੁੜਿਆ ਹੈ। ਉਹ ਹੁਣ ਪਿੰਡ ਦੀਵਾਨਾ (ਬਰਨਾਲਾ) ਦੀ ਲਾਇਬਰੇਰੀ ਵਿਚ ਨੌਜਵਾਨਾਂ ਨੂੰ ਕਿਤਾਬਾਂ ਲਿਆ ਕੇ ਪੜਨ ਲਈ ਪ੍ਰੇਰਦਾ ਹੈ। 'ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਪਰ ਬਾਕੀ ਸਮਾਂ ਹੁਣ ਲੋਕਾਂ ਲਈ ਲਾਵਾਂਗਾ।' ਲੱਖੇ ਦਾ ਇਹ ਕਹਿਣਾ ਹੈ। ਉਸ ਨੇ ਸਮਾਜਿਕ ਤੇ ਸਿਆਸੀ ਪ੍ਰਬੰਧ 'ਚ ਬਦਲਾਓ ਲਈ ਕੋਈ ਨਵਾਂ ਫ਼ਾਰਮੂਲਾ ਤਾਂ ਨਹੀਂ ਦੱਸਿਆ ਪਰ ਉਹ ਹੁਣ ਪਿੰਡ ਪਿੰਡ ਚੇਤਨਾ ਰੈਲੀਆਂ ਕਰਨ ਦਾ ਪ੍ਰੋਗਰਾਮ ਵੀ ਉਲੀਕ ਰਿਹਾ ਹੈ। ਹੁਣ ਖਾਸ ਗੱਲ ਇਹ ਵੇਖਣੀ ਹੋਵੇਗੀ ਕਿ ਉਹ ਨਵੇਂ ਰਾਹਾਂ ਤੇ ਕਿੰਨਾ ਕੁ ਪਹਿਰਾ ਦਿੰਦਾ ਹੈ ਅਤੇ ਲੋਕਾਂ ਦਾ ਦਿਲ ਜਿੱਤਣ ਵਿਚ ਕਿੰਨਾ ਕੁ ਸਫਲ ਹੁੰਦਾ ਹੈ। ਚਰਚੇ ਇਹ ਵੀ ਹੈ ਕਿ ਉਸ ਦੇ ਆਖਰੀ ਮਨਸੂਬੇ ਵਿਚ ਸਿਆਸਤ ਵਿਚ ਕੁੱਦਣ ਦੇ ਵੀ ਹੋ ਸਕਦੇ ਹਨ।

Saturday, January 21, 2012

         ਕਿਤਾਬਾਂ ਤੋਂ ਡਰਦੇ ਨੇ ਮੁੱਖ ਮੰਤਰੀ
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਹੁਣ ਕਿਤਾਬਾਂ ਤੋਂ ਦੂਰ ਭੱਜਣ ਲੱਗੇ ਹਨ। ਹਾਲ ਵਿਧਾਇਕਾਂ ਦਾ ਵੀ ਇਹੋ ਹੈ। ਲੰਘੇ 40 ਵਰਿ•ਆਂ 'ਚ ਪੰਜਾਬ ਦੇ ਮੁੱਖ ਮੰਤਰੀਆਂ 'ਚ ਕਿਤਾਬਾਂ ਪੜ•ਨ ਦੀ ਰੁਚੀ ਘਟੀ ਹੈ। ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਘੇ ਚਾਰ ਵਰਿ•ਆਂ 'ਚ ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਚੋਂ ਇੱਕ ਵੀ ਕਿਤਾਬ ਨਹੀਂ ਲਈ ਹੈ। ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1977 'ਚ ਮੁੱਖ ਮੰਤਰੀ ਹੁੰਦਿਆਂ ਇਸੇ ਲਾਇਬਰੇਰੀ ਚੋਂ 23 ਕਿਤਾਬਾਂ ਇਸੂ ਕਰਾਈਆਂ ਸਨ। ਸਿਆਸਤ 'ਚ ਉਲਝੇ ਨੇਤਾ ਕਿਤਾਬਾਂ ਦੇ ਸ਼ੌਕ 'ਚ ਫਸ ਨਹੀਂ ਸਕੇ ਹਨ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੀ ਕੁਰਸੀ ਸਾਲ 1997 'ਚ ਸੰਭਾਲੀ ਸੀ ਤਾਂ ਉਦੋਂ ਪੰਜ ਵਰਿ•ਆਂ 'ਚ ਉਨ•ਾਂ ਵਲੋਂ ਸਿਰਫ਼ ਪੰਜ ਕਿਤਾਬਾਂ ਲਈਆਂ ਗਈਆਂ ਸਨ। ਮੌਜੂਦਾ ਹਕੂਮਤੀ ਵਰਿ•ਆਂ 'ਚ ਉਨ•ਾਂ ਇੱਕ ਵੀ ਕਿਤਾਬ ਲਾਇਬਰੇਰੀ ਚੋਂ ਨਹੀਂ ਲਈ ਹੈ। ਉਂਝ ਨੇਤਾਵਾਂ 'ਚ ਲੱਖ ਸਿਆਸੀ ਵਖਰੇਵੇਂ ਹੋਣ ਪ੍ਰੰਤੂ ਕਿਤਾਬਾਂ ਨਾ ਪੜ•ਨ ਦੇ ਮਾਮਲੇ 'ਚ ਇਨ•ਾਂ ਦੀ ਇੱਕੋ ਸੁਰ ਬਣਨ ਲੱਗੀ ਹੈ। ਏਦਾ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਦੂਰ ਹੀ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਲਾਇਬਰੇਰੀ ਦੀ ਚਰਚਾ ਤਾਂ ਕਾਫੀ ਹੁੰਦੀ ਹੈ ਪ੍ਰੰਤੂ ਉਨ•ਾਂ ਨੇ ਵੀ ਸਰਕਾਰੀ ਲਾਇਬਰੇਰੀ ਤੋਂ ਕੋਈ ਕਿਤਾਬ ਨਹੀਂ ਲਈ ਹੈ। ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੀ ਇਸ ਮਾਮਲੇ 'ਚ ਪਿਛੇ ਨਹੀਂ ਹੈ। ਉਸ ਨੇ ਵੀ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਕੋਈ ਕਿਤਾਬ ਇਸੂ ਨਹੀਂ ਕਰਾਈ ਹੈ। ਬੀਬੀ ਭੱਠਲ ਨੇ ਬਤੌਰ ਮੁੱਖ ਮੰਤਰੀ ਹੁੰਦਿਆਂ ਇੱਕ ਵੀ ਕਿਤਾਬ ਲਾਇਬਰੇਰੀ ਚੋਂ ਨਹੀਂ ਲਈ ਸੀ। ਮਗਰੋਂ ਉਨ•ਾਂ ਨੇ ਸਿਰਫ਼ ਇੱਕ ਕਿਤਾਬ ਇਸੂ ਕਰਾਈ ਸੀ।
            ਵਿਧਾਨ ਸਭਾ ਪੰਜਾਬ ਵਲੋਂ ਜੋ ਸੂਚਨਾ ਦੇ ਅਧਿਕਾਰ ਤਹਿਤ ਤੱਥ ਦਿੱਤੇ ਗਏ ਹਨ,ਉਨ•ਾਂ ਅਨੁਸਾਰ ਮੌਜੂਦਾ ਵਜ਼ਾਰਤ ਦੇ  ਅੱਧੀ ਦਰਜਨ ਵਜ਼ੀਰ ਵੀ ਹਨ ਜਿਨ•ਾਂ ਨੇ ਕਿਤਾਬਾਂ ਪੜ•ਨ ਤੋਂ ਪਾਸਾ ਹੀ ਵੱਟੀ ਰੱਖਿਆ ਹੈ। ਇਨ•ਾਂ ਵਜ਼ੀਰਾਂ ਨੇ ਵਜ਼ਾਰਤ ਦੇ ਲੰਘੇ ਚਾਰ ਵਰਿ•ਆਂ ਦੌਰਾਨ ਇੱਕ ਵੀ ਕਿਤਾਬ ਵਿਧਾਨ ਸਭਾ ਦੀ ਲਾਇਬਰੇਰੀ ਚੋਂ ਇਸੂ ਨਹੀਂ ਕਰਾਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਕਿਤਾਬਾਂ ਨਾ ਇਸੂ ਕਰਾਉਣ ਦੇ ਮਾਮਲੇ ਵਿੱਚ ਵੀ ਆਪਣਾ ਗਠਜੋੜ ਨਿਭਾਇਆ ਹੈ। ਕਾਂਗਰਸੀ ਵਿਧਾਇਕਾਂ ਨੇ ਵੀ ਇਨ•ਾਂ ਵਿਧਾਇਕਾਂ ਦੇ ਪੈਰ 'ਚ ਪੈ ਧਰਿਆ ਹੈ। ਦੱਸਦੇ ਹਨ ਜੋ ਪੁਰਾਣੇ ਵਿਧਾਇਕ ਹੁੰਦੇ ਸਨ,ਉਹ ਕਿਤਾਬਾਂ ਚੋਂ ਹੀ ਰਾਹ ਲੱਭਦੇ ਸਨ। ਕੈਬਨਿਟ ਵਜ਼ੀਰ ਸੁੱਚਾ ਸਿੰਘ ਲੰਗਾਹ, ਭਾਜਪਾ ਨੇਤਾ ਤੇ ਵਜ਼ੀਰ ਤੀਕਸ਼ਣ ਸੂਦ,ਵਜ਼ੀਰ ਰਣਜੀਤ ਸਿੰਘ ਬ੍ਰਹਮਪੁਰਾ,ਵਜ਼ੀਰ ਪਰਮਿੰਦਰ ਸਿੰਘ ਢੀਂਡਸਾ,ਵਜ਼ੀਰ ਅਜੀਤ ਸਿੰਘ ਕੋਹਾੜ ਅਤੇ ਜਨਮੇਜਾ ਸਿੰਘ ਸੇਖੋਂ ਵਲੋਂ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਚਾਰ ਵਰਿ•ਆਂ ਦੌਰਾਨ ਕੋਈ ਕਿਤਾਬ ਇਸੂ ਨਹੀਂ ਕਰਾਈ ਹੈ। ਮਹਿਲਾ ਵਿਧਾਇਕਾਂ ਚੋਂ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼,ਰਾਜਵਿੰਦਰ ਕੌਰ ਭੁੱਲਰ,ਰਾਜਬੰਸ ਕੌਰ ਅਤੇ ਰਜ਼ੀਆ ਸੁਲਤਾਨਾ ਨੇ ਇਸ ਸਮੇਂ ਦੌਰਾਨ ਕੋਈ ਕਿਤਾਬ ਇਸੂ ਨਹੀਂ ਕਰਾਈ ਹੈ। ਪੰਜਾਬ ਦੇ 117 ਵਿਧਾਇਕਾਂ ਚੋਂ ਏਦਾ ਦੇ 71 ਵਿਧਾਇਕ ਹਨ ਜਿਨ•ਾਂ ਨੇ ਕਿਤਾਬ ਇਸੂ ਕਰਾਉਣ ਲਈ ਕਦੇ ਅਸੈਂਬਲੀ ਦੀ ਲਾਇਬਰੇਰੀ ਦਾ ਮੂੰਹ ਨਹੀਂ ਦੇਖਿਆ ਹੈ।
            ਵੇਰਵਿਆਂ ਅਨੁਸਾਰ ਸਾਲ 1997-2002 ਦੀ ਅਕਾਲੀ ਹਕੂਮਤ ਦੌਰਾਨ 62 ਵਿਧਾਇਕਾਂ ਨੇ ਲਾਇਬਰੇਰੀ ਦਾ ਮੂੰਹ ਨਹੀਂ ਦੇਖਿਆ ਸੀ ਜਦੋਂ ਕਿ ਸਾਲ 2002-2007 ਦੀ ਕਾਂਗਰਸੀ ਹਕੂਮਤ ਦੌਰਾਨ 64 ਵਿਧਾਇਕਾਂ ਨੇ ਲਾਇਬਰੇਰੀ ਚੋਂ ਕੋਈ ਕਿਤਾਬ ਨਹੀਂ ਲਈ ਸੀ। ਹੁਣ ਮੌਜੂਦਾ ਅਕਾਲੀ ਵਜ਼ਾਰਤ 'ਚ ਇਹ ਗਿਣਤੀ ਵੱਧ ਕੇ 71 ਵਿਧਾਇਕਾਂ ਦੀ ਹੋ ਗਈ ਹੈ ਜੋ ਕਦੇ ਲਾਇਬਰੇਰੀ ਨਹੀਂ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਵਿਧਾਨ ਸਭਾ ਦੀ ਲਾਇਬਰੇਰੀ ਕਮੇਟੀ ਦੇ ਚੇਅਰਮੈਨ ਸਾਲ 2002-2007 ਦੌਰਾਨ ਵਿਧਾਇਕ ਤੇਜ ਪ੍ਰਕਾਸ਼ ਸਿੰਘ ਬਣੇ, ਉਨ•ਾਂ ਨੇ ਉਦੋਂ ਇੱਕ ਵੀ ਕਿਤਾਬ ਇਸੂ ਨਹੀਂ ਕਰਾਈ। ਉਸ ਤੋਂ ਪਹਿਲਾਂ ਸਾਲ 1997-2002 ਦੌਰਾਨ          ਲਾਇਬਰੇਰੀ ਕਮੇਟੀ ਦੇ ਚੇਅਰਮੈਨ ਗਿਰਧਾਰਾ ਸਿੰਘ ਬਣੇ ,ਉਨ•ਾਂ ਨੇ ਵੀ ਖੁਦ ਕੋਈ ਕਿਤਾਬ ਇਸੂ ਨਹੀਂ ਕਰਾਈ ਸੀ। ਇਵੇਂ ਹੀ ਲਾਇਬਰੇਰੀ ਕਮੇਟੀ ਦੇ ਜੋ ਵਿਧਾਇਕ ਮੈਂਬਰ ਬਣਦੇ ਹਨ,ਉਹ ਖੁਦ ਵੀ ਕਿਤਾਬਾਂ ਨਹੀਂ ਲੈਂਦੇ ਹਨ। ਜਿਆਦਾ ਪੜੇ ਲਿਖੇ ਵਿਧਾਇਕ ਵੀ ਕਿਤਾਬਾਂ ਨਾਲ ਸਾਂਝ ਪਾਉਣ ਤੋਂ ਡਰਦੇ ਰਹੇ ਹਨ। ਦੂਸਰੀ ਤਰਫ਼ ਉਹ ਵਿਧਾਇਕ ਵੀ ਹਨ ਜਿਨ•ਾਂ ਨੂੰ ਪੜ•ਨ ਲਿਖਣ ਦਾ ਕਾਫੀ ਸ਼ੌਕ ਹੈ ਜਿਨ•ਾਂ ਨੇ ਕਿਤਾਬਾਂ ਲੈਣ 'ਚ ਸਭ ਪਿਛਾਂਹ ਛੱਡ ਦਿੱਤੇ ਹਨ। ਸਾਲ 1997-2002 ਦੀ ਵਜ਼ਾਰਤ ਵਾਲੇ ਸਾਲਾਂ ਵਿੱਚ ਸਭ ਤੋਂ ਵੱਧ 84 ਕਿਤਾਬਾਂ ਵਿਧਾਇਕ ਚਰਨਜੀਤ ਸਿੰਘ ਅਟਵਾਲ ਨੇ ਵਿਧਾਨ ਸਭਾ ਲਾਇਬਰੇਰੀ ਚੋਂ ਲਈਆਂ ਸਨ ਜਦੋਂ ਕਿ ਸਾਲ 2002-2007 ਦੀ ਹਕੂਮਤ ਦੌਰਾਨ ਸਭ ਤੋਂ ਵੱਧ ਕਿਤਾਬਾਂ ਵਿਧਾਇਕ ਬਲਵੀਰ ਸਿੰਘ ਬਾਠ ਨੇ 39 ਲਾਇਬਰੇਰੀ ਚੋਂ ਇਸੂ ਕਰਾਈਆਂ ਸਨ। ਮੌਜੂਦਾ ਵਜ਼ਾਰਤ ਦੌਰਾਨ ਵਿਧਾਇਕ ਗੁਰਦੀਪ ਸਿੰਘ ਭੈਣੀ ਨੇ ਸਭ ਤੋਂ ਜਿਆਦਾ 122 ਕਿਤਾਬਾਂ ਲਾਇਬਰੇਰੀ ਚੋਂ ਲਈਆਂ ਹਨ।
                  ਮੁੱਖ ਮੰਤਰੀਆਂ ਦਾ ਕਿਤਾਬਾਂ ਨਾਲ ਮੋਹ
         ਮੁੱਖ ਮੰਤਰੀ ਦਾ ਨਾਮ           ਲਾਇਬਰੇਰੀ ਤੋਂ ਲਈਆਂ ਕਿਤਾਬਾਂ
1. ਗਿਆਨੀ ਜੈਲ ਸਿੰਘ   (1972-1977)  :  9 ਕਿਤਾਬਾਂ
2. ਪ੍ਰਕਾਸ਼ ਸਿੰਘ ਬਾਦਲ (1977-1980)  : 23 ਕਿਤਾਬਾਂ
3  ਦਰਬਾਰਾ  ਸਿੰਘ     (1980-1983)  : 10 ਕਿਤਾਬਾਂ
4  ਸੁਰਜੀਤ ਸਿੰਘ ਬਰਨਾਲਾ (1985-1987)  :  9 ਕਿਤਾਬਾਂ
5  ਬੇਅੰਤ ਸਿੰਘ           (1992-1995)  : 10 ਕਿਤਾਬਾਂ
6  ਹਰਚਰਨ ਸਿੰਘ ਬਰਾੜ   (1995-1996)  : 01 ਕਿਤਾਬ
7 ਰਜਿੰਦਰ ਕੌਰ ਭੱਠਲ    (1996-1997)  : ਜ਼ੀਰੋ ਕਿਤਾਬ
8 ਪ੍ਰਕਾਸ਼ ਸਿੰਘ ਬਾਦਲ    (1997-2002)  : 5 ਕਿਤਾਬਾਂ
9  ਕੈਪਟਨ ਅਮਰਿੰਦਰ ਸਿੰਘ (2002-2007)  : 11 ਕਿਤਾਬਾਂ
10 ਪ੍ਰਕਾਸ਼ ਸਿੰਘ ਬਾਦਲ  (2007-2011)  :  ਜ਼ੀਰੋ ਕਿਤਾਬ
                                                     ਲਾਇਬਰੇਰੀ ਦੇ ਨਿਯਮ ਕੀ ਹਨ
ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਦੇ ਨਿਯਮਾਂ ਮੁਤਾਬਿਕ ਹਰ ਵਿਧਾਇਕ ਨੂੰ ਇੱਕ ਪਾਸ ਬੁੱਕ ਇਸੂ ਕੀਤੀ ਜਾਂਦੀ ਹੈ ਜੋ ਲਾਇਬਰੇਰੀਅਨ ਆਪਣੇ ਕੋਲ ਰੱਖਦਾ ਹੈ। ਇੱਕ ਵਿਧਾਇਕ ਇੱਕੋ ਵੇਲੇ ਤਿੰਨ ਕਿਤਾਬਾਂ ਇਸੂ ਕਰਾ ਸਕਦਾ ਹੈ। ਨਾ ਮੋੜਨ ਦੀ ਸੂਰਤ ਵਿੱਚ ਅਗਲੀ ਕਿਤਾਬ ਇਸੂ ਨਹੀਂ ਕੀਤੀ ਜਾਂਦੀ। ਇੱਕ ਕਿਤਾਬ 30 ਦਿਨਾਂ ਲਈ ਇਸੂ ਕੀਤੀ ਜਾਂਦੀ ਹੈ। ਕਿਤਾਬ ਗੁਆਚ ਜਾਣ ਦੀ ਸੂਰਤ ਵਿੱਚ ਵਿਧਾਇਕ ਨੂੰ ਕਿਤਾਬਾਂ ਦੇ ਅਸਲੀ ਮੁੱਲ ਦੇ ਨਾਲ ਨਾਲ 25 ਫੀਸਦੀ ਵਾਧੂ ਚਾਰਜ ਦੇਣੇ ਪੈਂਦੇ ਹਨ। ਵਿਧਾਨ ਸਭਾ ਸਕੱਤਰੇਤ 'ਚ ਵਿਧਾਇਕਾਂ ਦੀ ਸਹੂਲਤ ਦੀ ਲਾਇਬਰੇਰੀ ਬਣਾਈ ਹੋਈ ਹੈ ਜਿਸ 'ਤੇ ਸਲਾਨਾ ਲੱਖਾਂ ਰੁਪਏ ਖਰਚੇ ਜਾਂਦੇ ਹਨ। ਲੰਘੇ 15 ਵਰਿ•ਆਂ 'ਚ ਲਾਇਬਰੇਰੀ ਦਾ ਖਰਚ 51 ਲੱਖ ਰੁਪਏ ਦੇ ਕਰੀਬ ਹੈ। ਇੱਥੋਂ ਤੱਕ ਕਿ ਬਕਾਇਦਾ ਇੱਕ ਲਾਇਬਰੇਰੀ ਕਮੇਟੀ ਵੀ ਬਣਾਈ ਹੋਈ ਹੈ ਜਿਸ ਦੇ ਮਸ਼ਵਰੇ ਨਾਲ ਕਿਤਾਬਾਂ ਦੀ ਖਰੀਦ ਹੁੰਦੀ ਹੈ। ਲਾਇਬਰੇਰੀ ਕਮੇਟੀ ਦੇ ਮੈਂਬਰਾਂ ਨੂੰ ਜੋ ਭੱਤੇ ਦਿੱਤੇ ਜਾਂਦੇ ਹਨ,ਉਹ ਵੱਖਰੇ ਹਨ।
     






Sunday, June 12, 2011

  
                                                                       ਰੰਗ ਸਰਕਾਰੀ
                             ਕਿਤਾਬਾਂ ਸਸਤੀਆਂ, ਮਸ਼ਵਰਾ ਭਾਰੀ।
                                                                    ਚਰਨਜੀਤ ਭੁੱਲਰ
ਬਠਿੰਡਾ: ਵਿਧਾਇਕਾਂ ਦੀ ਸਿਆਣਪ ਦਾ ਰੰਗ ਹੈ ਕਿ ਕਿਤਾਬਾਂ ਨਾਲੋਂ 'ਮਸ਼ਵਰਾ' ਭਾਰੀ ਹੈ। ਸਰਕਾਰੀ ਖ਼ਜ਼ਾਨੇ ਨੂੰ ਕਿਤਾਬਾਂ ਦੀ ਚੋਣ ਲਈ ਵਿਧਾਇਕਾਂ ਵਲੋਂ ਦਿੱਤਾ 'ਮਸ਼ਵਰਾ' ਕਾਫੀ ਮਹਿੰਗਾ ਪਿਆ ਹੈ। ਇਨ੍ਹਾਂ ਵਿਧਾਇਕਾਂ ਨੇ 'ਮਸ਼ਵਰਾ' ਵੀ ਠੰਢੇ ਪਹਾੜਾਂ 'ਚ ਬੈਠ ਕੇ ਦਿੱਤਾ ਹੈ। ਉੱਨਾਂ ਕਿਤਾਬਾਂ ਦਾ ਮੁੱਲ ਨਹੀਂ,ਜਿਨ੍ਹਾਂ ਖਰਚ 'ਮਸ਼ਵਰੇ' 'ਤੇ ਹੋਇਆ ਹੈ। ਚਾਰ ਵਰ੍ਹਿਆਂ ਦੇ 'ਮਸ਼ਵਰੇ' ਦਾ ਮੁੱਲ 16.45 ਲੱਖ ਤਾਰਿਆ ਗਿਆ ਹੈ। ਜਦੋਂ ਕਿ ਕਿਤਾਬਾਂ ਦਾ ਮੁੱਲ ਸਿਰਫ਼ 85 ਹਜ਼ਾਰ ਰੁਪਏ ਹੈ। ਇਹ ਪੁਸਤਕਾਂ ਵਿਧਾਇਕਾਂ ਲਈ ਬਣੀ 'ਵਿਧਾਨ ਸਭਾ ਲਾਇਬਰੇਰੀ' ਲਈ ਖ਼ਰੀਦੀਆਂ ਗਈਆਂ। ਪੰਜਾਬ ਸਰਕਾਰ ਨੇ ਚਾਰ ਵਰ੍ਹਿਆਂ 'ਚ 85,798 ਰੁਪਏ ਦੀਆਂ ਕਰੀਬ 200 ਕਿਤਾਬਾਂ ਦੀ ਖਰੀਦ ਕੀਤੀ ਹੈ। ਇਨ੍ਹਾਂ ਦੋ ਸੌ ਕਿਤਾਬਾਂ ਦੀ ਚੋਣ ਲਈ ਜੋ 'ਮਸ਼ਵਰਾ' ਵਿਧਾਇਕਾਂ ਨੇ ਦਿੱਤਾ, ਉਸ ਦੀ ਕੀਮਤ 16,45,498 ਰੁਪਏ ਤਾਰਨੀ ਪਈ ਹੈ। ਵਿਧਾਇਕਾਂ ਨੇ ਪੁਸਤਕਾਂ ਦੀ ਚੋਣ ਕਰਨ ਲਈ ਠੰਢੇ ਪਹਾੜਾਂ ਦੀ ਚੋਣ ਕੀਤੀ। 'ਵਿਧਾਨ ਸਭਾ ਲਾਇਬਰੇਰੀ' ਦੀ ਬਿਹਤਰੀ ਅਤੇ ਪੁਸਤਕਾਂ ਦੀ ਚੋਣ ਲਈ ਇੱਕ 'ਲਾਇਬਰੇਰੀ ਕਮੇਟੀ' ਬਣੀ ਹੋਈ ਹੈ ਜਿਸ ਦੇ ਮੈਂਬਰ ਵਿਧਾਇਕ ਹੁੰਦੇ ਹਨ। ਲਾਇਬਰੇਰੀ ਕਮੇਟੀ ਵਲੋਂ ਜੋ ਮੀਟਿੰਗ ਪੁਸਤਕਾਂ ਦੀ ਚੋਣ ਆਦਿ ਲਈ ਕੀਤੀ ਜਾਂਦੀ ਹੈ, ਉਸ ਮੀਟਿੰਗ ਦਾ ਟੀ.ਏ, ਡੀ.ਏ ਬਕਾਇਦਾ ਹਰ ਵਿਧਾਇਕ ਮੈਂਬਰ ਨੂੰ ਮਿਲਦਾ ਹੈ। ਕਿਤਾਬਾਂ ਦੇ ਖਰੀਦ ਮੁੱਲ ਨਾਲੋਂ ਕਈ ਗੁਣਾ ਜਿਆਦਾ ਵਿਧਾਇਕਾਂ ਦੇ ਭੱਤੇ ਬਣ ਜਾਂਦੇ ਹਨ। ਤਾਹੀਓਂ ਪੁਸਤਕਾਂ ਦੀ ਚੋਣ 'ਚ ਦਾੜ੍ਹੀ ਨਾਲੋਂ ਮੁੱਛਾਂ ਵੱਧ ਜਾਂਦੀਆਂ ਹਨ। ਬਾਵਜੂਦ ਇਸ ਦੇ ਸਰਕਾਰ ਨੂੰ ਸਭ ਕੁਝ ਪ੍ਰਵਾਨ ਹੈ। ਸੂਤਰ ਆਖਦੇ ਹਨ ਕਿ 'ਮਸ਼ਵਰੇ' ਲਈ ਦਿੱਤੀ ਰਾਸ਼ੀ ਪੁਸਤਕਾਂ 'ਤੇ ਲੱਗਦੀ ਤਾਂ ਵਿਧਾਨ ਸਭਾ ਲਾਇਬਰੇਰੀ ਦਾ ਬੌਧਿਕ ਖ਼ਜ਼ਾਨਾ 'ਭਰਪੂਰ' ਹੋ ਜਾਣਾ ਸੀ।
         ਵਿਧਾਨ ਸਭਾ ਪੰਜਾਬ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਹ ਕਾਫੀ ਦਿਲਚਸਪ ਹਨ ਤੇ ਪ੍ਰੇਸ਼ਾਨ ਕਰਨ ਵਾਲੇ ਵੀ ਹਨ। ਪੰਜਾਬ ਵਿਧਾਨ ਸਭਾ ਦੀ 'ਲਾਇਬਰੇਰੀ ਕਮੇਟੀ' ਵਲੋਂ ਸਾਲ 2007-08 ਤੋਂ 2010-11 ਦੌਰਾਨ ਲਾਇਬਰੇਰੀ ਲਈ ਕਿਤਾਬਾਂ ਦੀ ਚੋਣ ਅਤੇ ਬਿਹਤਰੀ ਖਾਤਰ 91 ਮੀਟਿੰਗਾਂ ਕੀਤੀਆਂ ਗਈਆਂ ਹਨ। ਇਨ੍ਹਾਂ ਮੀਟਿੰਗਾਂ 'ਚ ਸ਼ਾਮਲ ਹੋਏ ਮੈਂਬਰ ਵਿਧਾਇਕਾਂ ਨੂੰ 16.45 ਲੱਖ ਰੁਪਏ ਭੱਤਿਆਂ ਵਜੋਂ ਦਿੱਤੇ ਗਏ ਹਨ। ਇਨ੍ਹਾਂ 91 ਮੀਟਿੰਗਾਂ 'ਚ ਕੇਵਲ 200 ਕਿਤਾਬਾਂ ਦੀ ਚੋਣ ਹੀ ਕੀਤੀ ਗਈ ਹੈ। ਰੌਚਿਕ ਗੱਲ ਇਹ ਹੈ ਕਿ ਮੈਂਬਰ ਵਿਧਾਇਕਾਂ ਨੇ ਕਾਫੀ ਮੀਟਿੰਗਾਂ ਪੰਜਾਬ ਤੋਂ ਬਾਹਰ ਕੀਤੀਆਂ। ਲਾਇਬਰੇਰੀ ਕਮੇਟੀ ਨੇ ਪੁਸਤਕਾਂ ਦੀ ਚੋਣ ਲਈ 1 ਅਗਸਤ ਅਤੇ 2 ਅਗਸਤ 2007 ਨੂੰ ਸ਼ਿਮਲਾ ਵਿਖੇ ਮੀਟਿੰਗ ਕੀਤੀ। ਸ਼ਿਮਲਾ 'ਚ ਬੈਠ ਕੇ ਇਨ੍ਹਾਂ ਵਿਧਾਇਕਾਂ ਨੇ ਕਿਤਾਬਾਂ ਦਾ ਫੈਸਲਾ ਕੀਤਾ। ਇਵੇਂ ਹੀ ਮੈਂਬਰ ਵਿਧਾਇਕਾਂ ਨੇ 27 ਅਕਤੂਬਰ ਤੋਂ 29 ਅਕਤੂਬਰ 2009 ਤੱਕ ਤਿੰਨ ਦਿਨ ਮੀਟਿੰਗ ਜੈਪੁਰ 'ਚ ਕੀਤੀ। ਸੂਤਰ ਹੈਰਾਨ ਹਨ ਕਿ ਕਿਤਾਬਾਂ ਦੀ ਸੂਚੀ ਤਿਆਰ ਕਰਨ ਵਾਸਤੇ ਜੈਪੁਰ ਜਾਂ ਸ਼ਿਮਲਾ ਜਾਣ ਦੀ ਕੀ ਲੋੜ ਪਈ ਸੀ। ਹਾਲਾਂ ਕਿ ਜ਼ਿਆਦਾ ਮੀਟਿੰਗਾਂ ਚੰਡੀਗੜ੍ਹ 'ਚ ਹੋਈਆਂ ਹਨ। ਫਿਰ ਵੀ ਪੰਜਾਬੋਂ ਬਾਹਰ ਹੋਈਆਂ ਮੀਟਿੰਗਾਂ ਕਾਫੀ ਹਨ। ਲਾਇਬਰੇਰੀ ਕਮੇਟੀ ਦੇ ਵਿਧਾਇਕਾਂ ਨੇ 13 ਫਰਵਰੀ ਅਤੇ 14 ਫਰਵਰੀ 2008 ਨੂੰ ਤਾਮਿਲਨਾਡੂ ਦੇ ਊਟੀ ਨੂੰ ਮੀਟਿੰਗ ਲਈ ਚੁਣਿਆ। ਏਡੀ ਦੂਰ ਜਾ ਕੇ ਵਿਧਾਇਕਾਂ ਨੇ ਕਿਤਾਬਾਂ ਖਰੀਦਣ ਲਈ ਮਸ਼ਵਰਾ ਦਿੱਤਾ। ਇਸੇ ਤਰ੍ਹਾਂ ਇਨ੍ਹਾਂ ਵਿਧਾਇਕਾਂ ਨੇ 15 ਫਰਵਰੀ 2008 ਨੂੰ ਕੋਅੰਬਟੂਰ 'ਚ ਮੀਟਿੰਗ ਰੱਖੀ। ਉਥੇ ਬੈਠ ਕੇ ਕਿਤਾਬਾਂ ਦੀ ਸੂਚੀ ਤਿਆਰ ਕੀਤੀ। 11 ਫਰਵਰੀ ਅਤੇ 12 ਫਰਵਰੀ 2008 ਨੂੰ ਇਸੇ ਤਰ੍ਹਾਂ ਦੀ ਮੀਟਿੰਗ ਚੇਨਈ 'ਚ ਰੱਖੀ ਗਈ। ਲਾਇਬਰੇਰੀ ਕਮੇਟੀ ਵਲੋਂ ਚਾਰ ਵਰ੍ਹਿਆਂ ਚੋਂ 91 ਮੀਟਿੰਗਾਂ ਕੀਤੀਆਂ ,ਉਨ੍ਹਾਂ ਚੋਂ 17 ਮੀਟਿੰਗਾਂ ਨਵੀਂ ਦਿੱਲੀ 'ਚ ਕੀਤੀਆਂ ਗਈਆਂ। ਇਨ੍ਹਾਂ ਸਭ ਮੀਟਿੰਗਾਂ ਦਾ ਵਿਧਾਇਕਾਂ ਨੇ ਬਕਾਇਦਾ ਟੀ.ਏ,ਡੀ.ਏ ਵਸੂਲ ਕੀਤਾ ਹੈ। ਲਾਇਬਰੇਰੀ ਕਮੇਟੀ ਪੰਜਾਬ 'ਚ ਕੇਵਲ ਇੱਕੋ ਮੀਟਿੰਗ ਰੱਖੀ ਹੈ ਜੋ ਕਿ ਪਟਿਆਲਾ ਵਿਖੇ 21 ਨਵੰਬਰ 2005 ਨੂੰ ਹੋਈ ਸੀ। ਉਂਝ ਅਗਰ ਸਾਲ 2004-05 ਤੋਂ ਹੁਣ ਤੱਕ ਦਾ ਲੇਖਾ ਜੋਖਾ ਕਰੀਏ ਤਾਂ ਵਿਧਾਨ ਸਭਾ ਲਾਇਬਰੇਰੀ ਲਈ ਇਨ੍ਹਾਂ ਸੱਤ ਵਰ੍ਹਿਆਂ 'ਚ 711 ਪੁਸਤਕਾਂ ਖਰੀਦ ਕੀਤੀਆਂ ਗਈਆਂ ਹਨ ਜਿਨ੍ਹਾਂ 'ਤੇ 3,98,380 ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ਸੱਤ ਸਾਲਾਂ 'ਚ ਲਾਇਬਰੇਰੀ ਕਮੇਟੀ ਦੀਆਂ 157 ਮੀਟਿੰਗਾਂ ਹੋਈਆਂ ਹਨ। ਹਰ ਮੀਟਿੰਗ 'ਚ ਔਸਤਨ ਚਾਰ ਤੋਂ ਪੰਜ ਪੁਸਤਕਾਂ ਦੀ ਚੋਣ ਕੀਤੀ ਗਈ ਹੈ।
           ਸਰਕਾਰੀ ਸੂਤਰ ਆਖਦੇ ਹਨ ਕਿ ਲਾਇਬਰੇਰੀ ਕਮੇਟੀ ਵਲੋਂ ਜੋ ਤਾਮਿਲਨਾਡੂ 'ਚ ਮੀਟਿੰਗ ਰੱਖੀ ਗਈ ਸੀ, ਉਸ ਦੌਰਾਨ ਤਾਮਿਲਨਾਡੂ ਦੀ ਵਿਧਾਨ ਸਭਾ ਦਾ ਦੌਰਾ ਮੈਂਬਰ ਵਿਧਾਇਕਾਂ ਨੇ ਕੀਤਾ ਸੀ। ਤਾਮਿਲਨਾਡੂ ਦੇ ਰਾਜਪਾਲ ਨਾਲ ਵੀ ਮੀਟਿੰਗ ਕੀਤੀ ਸੀ। ਨਿਯਮਾਂ ਅਨੁਸਾਰ ਜਦੋਂ ਵੀ ਸੂਬੇ ਤੋਂ ਬਾਹਰ ਕੋਈ ਮੀਟਿੰਗ ਰੱਖੀ ਜਾਂਦੀ ਹੈ ਤਾਂ ਉਥੇ 'ਬਾਈ ਏਅਰ' ਜਾਣ ਦਾ ਖਰਚ ਵੀ ਮੈਂਬਰਾਂ ਨੂੰ ਦਿੱਤਾ ਜਾਂਦਾ ਹੈ। ਪੰਜਾਬ ਵਿਧਾਨ ਸਭਾ ਦੇ ਸਕੱਤਰ ਸ੍ਰੀ ਵੇਦ ਪ੍ਰਕਾਸ਼ ਦਾ ਕਹਿਣਾ ਸੀ ਕਿ ਲਾਇਬਰੇਰੀ ਕਮੇਟੀ ਦੀ ਮੀਟਿੰਗ ਦਾ ਸਮਾਂ ਅਤੇ ਸਥਾਨ ਕਮੇਟੀ ਦੇ ਚੇਅਰਮੈਨ ਜਾਂ ਸਮੁੱਚੀ ਕਮੇਟੀ ਵਲੋਂ ਨਿਸ਼ਚਿਤ ਕੀਤਾ ਜਾਂਦਾ ਹੈ। ਮੀਟਿੰਗ ਕਿਤੇ ਵੀ ਰੱਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਲੋੜ ਅਨੁਸਾਰ ਕਦੋਂ ਵੀ ਬੁਲਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਤੌਰ 'ਤੇ ਲਾਇਬਰੇਰੀ ਕਮੇਟੀ ਵਲੋਂ ਕਿਤਾਬਾਂ ਦੀ ਚੋਣ ਕੀਤੀ ਜਾਂਦੀ ਹੈ।
ਬਾਕਸ ਲਈ :
                                                       ਲਾਇਬਰੇਰੀ ਕਮੇਟੀ ਕੀ ਹੈ ?
ਵਿਧਾਨ ਸਭਾ ਦੀ ਲਾਇਬਰੇਰੀ ਦੀ ਸਾਂਭ ਸੰਭਾਲ ਅਤੇ ਪੁਸਤਕਾਂ ਆਦਿ ਦੀ ਚੋਣ ਲਈ ਲਾਇਬਰੇਰੀ ਕਮੇਟੀ ਬਣਾਈ ਜਾਂਦੀ ਹੈ ਜਿਸ ਦੇ ਨੌ ਮੈਂਬਰ ਹੁੰਦੇ ਹਨ। ਵਿਧਾਨ ਸਭਾ ਦੇ ਸਪੀਕਰ ਵਲੋਂ ਨੌ ਵਿਧਾਇਕਾਂ ਨੂੰ ਇਸ ਦੇ ਮੈਂਬਰ ਨਾਮਜ਼ਦ ਕੀਤਾ ਜਾਂਦਾ ਹੈ ਜਿਨ੍ਹਾਂ ਚੋਂ ਇੱਕ ਮੈਂਬਰ ਨੂੰ ਚੇਅਰਮੈਨ ਬਣਾਇਆ ਜਾਂਦਾ ਹੈ। ਲਾਇਬਰੇਰੀ ਕਮੇਟੀ ਦੀ ਮਿਆਦ ਇੱਕ ਸਾਲ ਹੁੰਦੀ ਹੈ ਅਤੇ ਹਰ ਸਾਲ ਨਵੀਂ ਲਾਇਬਰੇਰੀ ਕਮੇਟੀ ਬਣਦੀ ਹੈ। ਕਮੇਟੀ ਮੈਂਬਰਾਂ ਨੂੰ ਹਰ ਮੀਟਿੰਗ ਅਟੈਂਡ ਕਰਨ ਬਦਲੇ ਇੱਕ ਦਿਨ ਦਾ 1000 ਰੁਪਏ ਡੀ.ਏ ਅਤੇ 12 ਰੁਪਏ ਪ੍ਰਤੀ ਕਿਲੋਮੀਟਰ ਗੱਡੀ ਦਾ ਖਰਚਾ ਮਿਲਦਾ ਹੈ। ਅਗਰ ਹਵਾਈ ਸਫ਼ਰ ਹੋਵੇ ਤਾਂ ਫਸਟ ਕਲਾਸ ਦਾ ਕਿਰਾਇਆ ਦਿੱਤਾ ਜਾਂਦਾ ਹੈ। ਲਾਇਬਰੇਰੀ ਕਮੇਟੀ ਦੇ ਮੌਜੂਦਾ ਚੇਅਰਮੈਨ ਮਨਜੀਤ ਸਿੰਘ ਮੀਆਂਵਿੰਡ ਹਨ।