Showing posts with label Uni. Show all posts
Showing posts with label Uni. Show all posts

Thursday, October 24, 2024

                                                        ਸ਼ੁਕਰੀਆ ਕੈਨੇਡਾ 
                                  ਤੇਰਾ ਮੰਦਾ, ਅਸਾਂ ਲਈ ਚੰਗਾ..! 
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਕੈਨੇਡਾ ਦੇ ਮੰਦਵਾੜੇ ਨੇ ਪੰਜਾਬ ਦੇ ਤਕਨੀਕੀ ਕਾਲਜ ਤਾਰ ਦਿੱਤੇ ਹਨ। ਵਤਨ ਵਾਪਸੀ ਮਗਰੋਂ ਹੁਣ ਕਾਲਜ ਵਾਪਸੀ ਵੱਲ ਮੋੜਾ ਪਿਆ ਹੈ। ਜਿਨ੍ਹਾਂ ਕਾਲਜਾਂ ਨੂੰ ਤਾਲੇ ਲੱਗਣ ਦੀ ਨੌਬਤ ਬਣ ਗਈ ਸੀ, ਉਨ੍ਹਾਂ ਦੇ ਦਰਵਾਜ਼ੇ ਮੁੜ ਖੁੱਲ੍ਹੇ ਹਨ। ਪੰਜਾਬ ’ਚ ਤਕਨੀਕੀ ਸਿੱਖਿਆ ਦੀ ਮੁੜ ਦੀਪ ਬਲੇ ਹਨ। ਪਿਛਲੇ ਵਰ੍ਹੇ ਪਿਆ ਮੋੜਾ ਐਤਕੀਂ ਦਾਖ਼ਲਿਆਂ ’ਚ ਰੰਗ ਦਿਖਾਉਣ ਲੱਗਾ ਹੈ। ਇਸ ਵੇਲੇ ਪੰਜਾਬ ’ਚ ਚਾਰ ਸਰਕਾਰੀ ਤਕਨੀਕੀ ’ਵਰਸਿਟੀਆਂ ਹਨ ਜਿਨ੍ਹਾਂ ਅਧੀਨ ਸੈਂਕੜੇ ਸਰਕਾਰੀ ਤੇ ਪ੍ਰਾਈਵੇਟ ਕਾਲਜ ਆਉਂਦੇ ਹਨ। ਵੇਰਵਿਆਂ ਅਨੁਸਾਰ ਉਪਰੋਕਤ ’ਵਰਸਿਟੀਆਂ ਦੇ ਕੈਂਪਸਾਂ ਤੇ ਉਨ੍ਹਾਂ ਅਧੀਨ ਪੈਂਦੇ ਤਕਨੀਕੀ ਕਾਲਜਾਂ ’ਚ ਐਤਕੀਂ 10 ਤੋਂ 15 ਫ਼ੀਸਦੀ ਦਾਖ਼ਲੇ ਵਧੇ ਹਨ ਜਦੋਂ ਕਿ ਪਿਛਲੇ ਵਰ੍ਹੇ ਦਾਖ਼ਲਿਆਂ ਦੀ ਗਿਰਾਵਟ ਨੂੰ ਠੁੰਮ੍ਹਣਾ ਮਿਲ ਗਿਆ ਸੀ। ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕ ਆਸਵੰਦ ਹੋਏ ਹਨ। ਇਨ੍ਹਾਂ ਸਭਨਾਂ ਵਰਸਿਟੀਆਂ ਤੇ ਕਾਲਜਾਂ ਵਿਚ ਕੁੱਲ 1,01,092 ਪ੍ਰਵਾਨਿਤ ਸੀਟਾਂ ਸਨ ਜਿਨ੍ਹਾਂ ਚੋਂ ਐਤਕੀਂ 56,959 ਸੀਟਾਂ ਭਰ ਚੁੱਕੀਆਂ ਹਨ ਜੋ ਕਿ 56 ਫ਼ੀਸਦੀ ਬਣਦੀਆਂ ਹਨ।

           ਪਿਛਲੇ ਵਰ੍ਹੇ 1.09 ਲੱਖ ਪ੍ਰਵਾਨਿਤ ਸੀਟਾਂ ਚੋਂ 51,890 ਸੀਟਾਂ ਭਰੀਆਂ ਸਨ ਜੋ 47 ਫ਼ੀਸਦੀ ਸਨ। ਸਾਲ 2022-23’ਚ 1.01 ਲੱਖ ਸੀਟਾਂ ਚੋਂ 47,301 ਸੀਟਾਂ ਭਰੀਆਂ ਸਨ ਜੋ ਕਿ 47 ਫ਼ੀਸਦੀ ਹਨ। ਆਈ.ਕੇ ਗੁਜਰਾਲ ਪੀਟੀਯੂ ਕਪੂਰਥਲਾ ’ਚ ਐਤਕੀਂ 63.50 ਫ਼ੀਸਦੀ ਸੀਟਾਂ ਭਰੀਆਂ ਹਨ। ਇਸ ਵਰਸਿਟੀ ਅਧੀਨ ਕੁੱਲ 214 ਕਾਲਜ ਪੈਂਦੇ ਹਨ ਜਿਨ੍ਹਾਂ ਚੋਂ 57 ਇੰਜੀਨੀਅਰਿੰਗ ਕਾਲਜ ਅਤੇ 43 ਫਾਰਮੇਸੀ ਦੇ ਕਾਲਜ ਹਨ। ਇਸ ਵਰਸਿਟੀ ਅਤੇ ਉਸ ਦੇ ਅਧੀਨ ਪੈਂਦੇ ਕਾਲਜਾਂ ’ਚ ਕੁੱਲ ਪ੍ਰਵਾਨਿਤ 69,143 ਸੀਟਾਂ ਚੋਂ ਇਸ ਵਾਰ 43904 ਸੀਟਾਂ ਭਰ ਗਈਆਂ ਹਨ। ਪਿਛਲੇ ਵਰ੍ਹੇ ਇਸ ਵਰਸਿਟੀ ਤੇ ਕਾਲਜਾਂ ’ਚ 50.74 ਫ਼ੀਸਦੀ ਅਤੇ ਸਾਲ 2022-23 ਵਿਚ 50.56 ਫ਼ੀਸਦੀ ਸੀਟਾਂ ਭਰੀਆਂ ਸਨ। ਪੀਟੀਯੂ ਕਪੂਰਥਲਾ ਦੇ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਆਖਦੇ ਹਨ ਕਿ ਕੈਨੇਡਾ ਦੀ ਸਖ਼ਤੀ ਤੇ ਮੰਦਵਾੜੇ ਦਾ ਵੱਡਾ ਯੋਗਦਾਨ ਹੈ ਕਿ ਤਕਨੀਕੀ ਸਿੱਖਿਆ ’ਚ ਰੁਝਾਨ ਮੁੜ ਵਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੌਜੂਦਾ ਸਿਸਟਮ ਵਿਚ ਭਰੋਸਾ ਵਧਿਆ ਹੈ ਜਿਸ ਕਰਕੇ ਰੁਜ਼ਗਾਰ ਦਰ ਵੀ ਵਧੀ ਹੈ।

          ਇਸ ਨਾਲ ਸਰਕਾਰ ਦਾ ਖਰਚਾ ਵੀ ਘਟੇਗਾ ਅਤੇ ਵਰਸਿਟੀਆਂ ਦੇ ਵਿੱਤੀ ਸਰੋਤ ਵੀ ਵਧਣਗੇ। ਦੇਖਿਆ ਜਾਵੇ ਤਾਂ ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡਾ ਵਿਚ ਰੁਜ਼ਗਾਰ ਦਾ ਵੱਡਾ ਮਸਲਾ ਬਣ ਗਿਆ ਹੈ। ਕੈਨੇਡਾ ਵਾਸੀ ਕਮਲਜੀਤ ਸਿੰਘ ਸਿੱਧੂ (ਰਾਈਆ ਵਾਲੇ) ਆਖਦੇ ਹਨ ਕਿ ਕੈਨੇਡਾ ਸਰਕਾਰ ਨੇ ਨਿਯਮ ਸਖ਼ਤ ਕੀਤੇ ਹਨ ਅਤੇ ਹੁਣ ਤਾਂ ਵਰਕ ਪਰਮਿਟ ਹੋਲਡਰਾਂ ਨੂੰ ਵੀ ਕੰਮ ਨਹੀਂ ਮਿਲ ਰਿਹਾ ਹੈ। ਸੋਸ਼ਲ ਮੀਡੀਆ ’ਤੇ ਖ਼ਬਰਾਂ ਫਲੈਸ਼ ਹੋਣ ਕਰਕੇ ਪੰਜਾਬੀ ਮਾਪੇ ਵੀ ਹੁਣ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਕਿਨਾਰਾ ਕਰਨ ਲੱਗੇ ਹਨ। ਵੇਰਵਿਆਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਪੀਟੀਯੂ ਬਠਿੰਡਾ ਜੋ ਕਿ ਪਹਿਲਾਂ ਵਿੱਤੀ ਵਸੀਲਿਆਂ ਦੇ ਸੰਕਟ ਨਾਲ ਜੂਝ ਰਹੀ ਸੀ, ਇਸ ਮੌਜੂਦਾ ਰੁਝਾਨ ਤੋਂ ਕਾਫ਼ੀ ਆਸਵੰਦ ਹੈ। ਬਠਿੰਡਾ ਵਰਸਿਟੀ ਨਾਲ ਕਰੀਬ 60 ਕਾਲਜ ਐਫੀਲੀਏਟਿਡ ਹਨ। ਇਸ ਵਰ੍ਹੇ ਇਸ ਵਰਸਿਟੀ ਤੇ ਉਸ ਦੇ ਕਾਲਜਾਂ ਵਿਚ 38.78 ਫ਼ੀਸਦੀ ਸੀਟਾਂ ਭਰੀਆਂ ਹਨ ਜਦੋਂ ਕਿ ਪਿਛਲੇ ਸਾਲ 35.95 ਫ਼ੀਸਦੀ ਸੀਟਾਂ ਭਰੀਆਂ ਸਨ। ਸਾਲ 2022-23 ਵਿਚ 33 ਫ਼ੀਸਦੀ ਹੀ ਭਰੀਆਂ ਸਨ।

          ਬਠਿੰਡਾ ’ਵਰਸਿਟੀ ਦੇ ਡੀਨ ਪ੍ਰੋ. ਬੂਟਾ ਸਿੰਘ ਜੋ ਕਿ ਪਹਿਲਾਂ ’ਵਰਸਿਟੀ ਦੇ ਵਾਈਸ ਚਾਂਸਲਰ ਰਹਿ ਚੁੱਕੇ ਹਨ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਕੈਂਪਸ ਵਿਚ ਦਾਖ਼ਲੇ ਵਧੇ ਹਨ ਅਤੇ ਕਾਲਜਾਂ ਵਿਚ ਨਵੇਂ ਕੋਰਸਾਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਉਹ ਆਖਦੇ ਹਨ ਕਿ ਹੁਣ ਦਾਖ਼ਲੇ ਵਧਣ ਕਰਕੇ ਵਰਸਿਟੀ ਨੂੰ ਵਿੱਤੀ ਮਜ਼ਬੂਤੀ ਵੀ ਮਿਲੇਗੀ। ਦੂਸਰੇ ਸੂਬਿਆਂ ਦੇ ਵਿਦਿਆਰਥੀ ਵੀ ਇੱਥੇ ਆ ਰਹੇ ਹਨ ਅਤੇ ਪੁਰਾਣੇ ਇੰਜੀਨੀਅਰਿੰਗ ਕੋਰਸਾਂ ’ਚ ਮੁੜ ਰੌਣਕ ਪਰਤੀ ਹੈ। ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਅਧੀਨ ਕੋਈ ਕਾਲਜ ਨਹੀਂ ਹੈ ਪ੍ਰੰਤੂ ਇਸ ਵਰਸਿਟੀ ਦੇ ਕੈਂਪਸ ਵਿਚ ਐਤਕੀਂ 46.13 ਫ਼ੀਸਦੀ ਸੀਟਾਂ ਭਰ ਚੁੱਕੀਆਂ ਹਨ ਜਦੋਂ ਕਿ ਪਿਛਲੇ ਸਾਲ ਇਹ ਦਰ 28.85 ਫ਼ੀਸਦੀ ਸੀ। ਉਸ ਤੋਂ ਪਹਿਲਾਂ ਸਾਲ 2022-23 ਵਿਚ 37.42 ਫ਼ੀਸਦੀ ਸੀ। ਇਸੇ ਤਰ੍ਹਾਂ ਹੀ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਚ ਵੀ ਇਸ ਸਾਲ 72.23 ਫ਼ੀਸਦੀ ਸੀਟਾਂ ਭਰ ਚੁੱਕੀਆਂ ਹਨ ਅਤੇ ਸਾਲ 2023-24 ਵਿਚ 65.36 ਫ਼ੀਸਦੀ ਅਤੇ ਸਾਲ 2022-23 ਵਿਚ 58.55 ਫ਼ੀਸਦੀ ਸੀਟਾਂ ਭਰੀਆਂ ਸਨ।

          ਪੰਜਾਬ ਵਿਚ ਵਜ਼ੀਫ਼ਿਆਂ ਦੇ ਅੜਿੱਕੇ ਅਤੇ ਵਿਦੇਸ਼ ਜਾਣ ਦੇ ਰੁਝਾਨ ਕਰਕੇ ਬਹੁਤੇ ਤਕਨੀਕੀ ਕਾਲਜ ਬੰਦ ਵੀ ਹੋ ਚੁੱਕੇ ਹਨ ਅਤੇ ਕਈ ਕਾਲਜ ਘਾਟੇ ਵਿਚ ਚੱਲ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਤਨ ਵਾਪਸੀ ਦਾ ਨਾਅਰਾ ਦਿੱਤਾ ਸੀ ਅਤੇ ਪਿਛਲੇ ਸਮੇਂ ਤੋਂ ਬਣ ਰਹੇ ਮਾਹੌਲ ਕਰਕੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਈ ਹੈ। ਬਹੁਤੇ ਕਾਲਜਾਂ ਵਾਲੇ ਤਾਂ ਹਾਸੇ ਹਾਸੇ ਵਿਚ ਆਖਦੇ ਹਨ ਕਿ ਸਾਨੂੰ ਤਾਂ ਟਰੂਡੋ ਨੇ ਬਚਾ ਲਿਆ। ਜੁਆਇੰਟ ਐਸੋਸੀਏਸ਼ਨ ਆਫ਼ ਕਾਲਜ਼ਿਜ਼ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਆਖਦੇ ਹਨ ਕਿ ਜਿਹੜੇ ਕਾਲਜ ਆਖ਼ਰੀ ਸਾਹਾਂ ’ਤੇ ਸਨ, ਉਨ੍ਹਾਂ ਨੂੰ ‘ਵਤਨ ਵਾਪਸੀ’ ਨੇ ਬਚਾ ਲਿਆ ਹੈ। ਉਹ ਆਖਦੇ ਹਨ ਕਿ ਢਾਈ ਵਰ੍ਹਿਆਂ ਤੋਂ ਜੋ ਸਰਕਾਰ ਨੇ ਰੈਗੂਲਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਹਨ, ਉਸ ਨਾਲ ਵੀ ਇੱਕ ਮਾਹੌਲ ਸਿਰਜਿਆ ਗਿਆ ਹੈ। ਹੁਣ ਪੰਜਾਬ ਵਿਚ ਹੁਨਰ ਵੀ ਮਿਲਦਾ ਹੈ ਅਤੇ ਨੌਕਰੀ ਵੀ।

Thursday, January 9, 2020

                           ਨਵਾਂ ਸਕੈਂਡਲ 
    ਪੰਜ ਸੌ ਰੁਪਏ ਦਿਓ, ਪ੍ਰਸ਼ਨ ਪੱਤਰ ਲਓ! 
                           ਚਰਨਜੀਤ ਭੁੱਲਰ
ਬਠਿੰਡਾ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ ਚੱਲ ਰਹੀ ਸਮੈਸਟਰ ਪ੍ਰੀਖਿਆ ’ਚ ਪੇਪਰ ਲੀਕ ਸਕੈਂਡਲ ਬੇਪਰਦ ਹੋਇਆ ਹੈ ਜਿਸ ਦੇ ਤਾਰ ਪੰਜਾਬ ਦੀ ਹਾਕਮ ਧਿਰ ਨਾਲ ਜੁੜੇ ਜਾਪਦੇ ਹਨ। ਬਠਿੰਡਾ ਦੇ ਕੈਂਪਸ ਦੇ ਹੋਸਟਲ ਨੰਬਰ ਤਿੰਨ ਚੋਂ ਅੱਜ ਦੁਪਹਿਰ ਵੇਲੇ ਦਰਜਨਾਂ ਵਿਦਿਆਰਥੀ ਰੰਗੇ ਹੱਥੀ ਫੜੇ ਗਏ ਹਨ ਜਿਨ੍ਹਾਂ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ ਗਏ ਹਨ। ਪੇਪਰ ਲੀਕ ਮਾਮਲਾ ਕਈ ਦਿਨਾਂ ਤੋਂ ਚੱਲ ਰਿਹਾ ਸੀ ਪ੍ਰੰਤੂ ਯੂਨੀਵਰਸਿਟੀ ਨੇ ਮਾਮਲੇ ਨੂੰ ਬਹੁਤਾ ਸੰਜੀਦਗੀ ਨਾਲ ਨਹੀਂ ਲਿਆ। ਅੱਜ ਜਦੋਂ ਇੱਕ ਪ੍ਰੋਫੈਸਰ ਤੇ ਸਹਾਇਕਾਂ ਨੇ ਹੋਸਟਲ ਵਿਚ ਪੇਪਰ ਲੀਕ ਦੇ ਧੰਦੇ ਨੇ ਫੜ ਲਿਆ ਤਾਂ ਉਦੋਂ ਯੂਨੀਵਰਸਿਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਅਹਿਮ ਸੂਤਰਾਂ ਅਨੁਸਾਰ ਜੋ ਵਿਦਿਆਰਥੀ ਅੱਜ ਲੀਕ ਪ੍ਰਸ਼ਨ ਪੱਤਰਾਂ ਸਮੇਤ ਫੜੇ ਗਏ ਹਨ, ਉਨ੍ਹਾਂ ਨੇ ਫੈਕਲਟੀ ਦੀ ਹਾਜ਼ਰੀ ਵਿਚ ਕਬੂਲ ਕੀਤਾ ਕਿ ਉਨ੍ਹਾਂ ਨੂੰ ਪ੍ਰਤੀ ਵਿਦਿਆਰਥੀ ਪੰਜ ਸੌ ਰੁਪਏ ਵਿਚ ਇੱਕ ਪ੍ਰਸ਼ਨ ਪੱਤਰ ਮਿਲਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਇੱਕ ਵਿਚੋਲੇ ਦਾ ਨਾਮ ਵੀ ਲਿਆ ਜੋ ਯੂਨੀਵਰਸਿਟੀ ਦੇ ਪ੍ਰਬੰਧਕੀ ਅਮਲੇ ਜ਼ਰੀਏ ਪੇਪਰ ਲੀਕ ਕਰਾ ਕੇ ਵਿਦਿਆਰਥੀਆਂ ਤੱਕ ਆਨ ਲਾਈਨ ਪੁੱਜਦਾ ਕਰਦਾ ਸੀ।
               ਅੱਜ ਹੋਸਟਲ ਦੇ ਜਿਸ ਕਮਰੇ ਚੋਂ ਇਹ ਵਿਦਿਆਰਥੀ ਫੜੇ ਗਏ ਹਨ, ਉਸ ਕਮਰੇ ਵਿਚ ਕਾਂਗਰਸ ਦੇ ਐਨ.ਐਸ.ਯੂ.ਆਈ ਵਿੰਗ ਦਾ ਪੋਸਟਰ ਵੀ ਲੱਗਾ ਹੋਇਆ ਸੀ ਜਿਸ ਤੋਂ ਜਾਪਦਾ ਹੈ ਕਿ ਪੇਪਰ ਲੀਕ ਵਿਚ ਹਾਕਮ ਧਿਰ ਨਾਲ ਜੁੜੇ ਕਿਸੇ ਵਿਅਕਤੀ ਦਾ ਹੱਥ ਹੋਵੇਗਾ।ਬਠਿੰਡਾ ਦੀ ਇਸ ’ਵਰਸਿਟੀ ਦਾ ਅੱਜ ਕਰੀਬ 22 ਪ੍ਰੀਖਿਆ ਕੇਂਦਰਾਂ ਵਿਚ ਸਿਵਲ ਇੰਜਨੀਅਰਿੰਗ ਦੇ ਪੰਜਵੇਂ ਸਮੈਸਟਰ ਦਾ (ਇਨਵਾਇਰਨਮੈਂਟ ਇੰਜਨੀਅਰਿੰਗ) ਦਾ 1.30 ਵਜੇ ਦੁਪਹਿਰ ਪੇਪਰ ਸ਼ੁਰੂ ਹੋਣਾ ਸੀ। ਉਸ ਤੋਂ ਪਹਿਲਾਂ ਹੋਸਟਲ ਦੇ ਕਮਰਾ ਨੰਬਰ 324 ਵਿਚ ਅਚਨਚੇਤ ਛਾਪੇਮਾਰੀ ਕੀਤੀ ਗਈ ਜਿਥੇ ਕਮਰਾ ਬੰਦ ਕਰਕੇ ਵਿਦਿਆਰਥੀ ਮੋਬਾਇਲ ਫੋਨ ਤੋਂ ਪ੍ਰਸ਼ਨ ਪੱਤਰ ਉਤਾਰ ਰਹੇ ਸਨ। ਗੁਪਤ ਸੂਹ ’ਤੇ ਇਹ ਛਾਪਾ ਮਾਰਿਆ ਗਿਆ ਸੀ। ਯੂਨੀਵਰਸਿਟੀ ਤਰਫ਼ੋਂ ਕਾਲਜਾਂ ਦੇ ਪ੍ਰੀਖਿਆ ਕੇਂਦਰ ਵਿਚ ਆਨ ਲਾਈਨ ਪ੍ਰਸ਼ਨ ਪੱਤਰ 12.50 ਵਜੇ ਭੇਜਿਆ ਜਾਂਦਾ ਹੈ ਅਤੇ ਇਸ ਕਮਰੇ ਵਿਚਲੇ ਮੋਬਾਇਲ ’ਤੇ ਪ੍ਰਸ਼ਨ ਪੱਤਰ 12.53 ਵਜੇ ਪ੍ਰਾਪਤ ਹੋਇਆ ਸੀ। ਸੂਤਰ ਦੱਸਦੇ ਹਨ ਕਿ ਵੱਟਸਅਪ ਗਰੁੱਪ ਵਿਚ ਇਹ ਪ੍ਰਸ਼ਨ ਪੱਤਰ ਆਉਂਦਾ ਸੀ। ਪਤਾ ਲੱਗਾ ਹੈ ਕਿ ਕਈ ਦਿਨਾਂ ਤੋਂ ਇਹ ਧੰਦਾ ਚੱਲ ਰਿਹਾ ਸੀ। ਅੱਜ ਮਾਮਲਾ ਉੱਠਣ ਮਗਰੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
               ਸ਼ੱਕ ਕੀਤਾ ਜਾ ਰਿਹਾ ਹੈ ਕਿ ਪ੍ਰਸ਼ਨ ਪੱਤਰ ਲਹਿਰਾਗਾਗਾ ਖੇਤਰ ਦੇ ਕਿਸੇ ਕਾਲਜ ਚੋਂ ਲੀਕ ਹੋਇਆ ਹੋਵੇਗਾ। ਜਦੋਂ ਅੱਜ ਛਾਪਾ ਮਾਰਿਆ ਗਿਆ ਤਾਂ ਪਹਿਲੋਂ ਵਿਦਿਆਰਥੀਆਂ ਨੇ ਬੰਦ ਕਮਰਾ ਨਾ ਖੋਲ੍ਹਿਆ। ਹੋਸਟਲ ਦੇ ਕੇਅਰ ਟੇਕਰ ਨੇ ਕਮਰਾ ਖੁਲ੍ਹਵਾਇਆ ਅਤੇ ਕੁੱਝ ਵਿਦਿਆਰਥੀ ਮੌਕੇ ਤੇ ਫਰਾਰ ਵੀ ਹੋ ਗਏ। ਖਾਸ ਗੱਲ ਇਹ ਹੈ ਕਿ ਪੇਪਰ ਲੀਕ ਸਕੈਂਡਲ ’ਵਰਸਿਟੀ ਕੈਂਪਸ ਦੇ ਐਨ ਲਾਗਲੇ ਹੋਸਟਲ ਵਿਚ ਚੱਲ ਰਿਹਾ ਸੀ। ਪ੍ਰਬੰਧਕਾਂ ਨੇ ਉਸ ਸੀਨੀਅਰ ਵਿਦਿਆਰਥੀ ਤੋਂ ਵੀ ਪੁੱਛਗਿੱਛ ਕੀਤੀ ਹੈ ਜਿਸ ਦਾ ਨਾਮ ਫੜੇ ਵਿਦਿਆਰਥੀਆਂ ਨੇ ਲਿਆ ਹੈ। ਟੈਕਨੀਕਲ ’ਵਰਸਿਟੀ ਦੇ ਕੰਟਰੋਲਰ ਸ੍ਰੀ ਕਰਨਵੀਰ ਸਿੰਘ ਦਾ ਕਹਿਣਾ ਸੀ ਕਿ ਅੱਜ ਸ਼ੱਕ ਪੈਣ ਮਗਰੋਂ ਹੋਸਟਲ ’ਤੇ ਛਾਪਾ ਮਾਰਿਆ ਗਿਆ ਜਿਥੇ ਕੁਝ ਵਿਦਿਆਰਥੀ ਮੋਬਾਇਲ ਫੋਨ ਤੋਂ ਪ੍ਰਸ਼ਨ ਪੱਤਰ ਉਤਾਰ ਰਹੇ ਸਨ। ਉਨ੍ਹਾਂ ਨੇ ਅੱਜ ਦੀ ਇਹ ਪ੍ਰੀਖਿਆ ਫੌਰੀ ਕੈਂਸਲ ਕਰ ਦਿੱਤੀ ਹੈ ਅਤੇ ਇਹ ਪ੍ਰੀਖਿਆ ਮੁੜ ਲਈ ਜਾਵੇਗੀ। ਕੰਟਰੋਲਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸੀਨੀਅਰ ਪ੍ਰੋਫੈਸਰਾਂ ਦੇ ਅਧਾਰਿਤ ਅੰਦਰੂਨੀ ਪੜਤਾਲ ਕਮੇਟੀ ਬਣਾ ਦਿੱਤੀ ਗਈ ਹੈ ਜੋ ਮਾਮਲੇ ਦੀ ਜਾਂਚ ਕਰੇਗੀ। ਇਸੇ ਤਰ੍ਹਾਂ ਵਿਜੀਲੈਂਸ ਨੂੰ ਵੀ ਪੱਤਰ ਲਿਖ ਰਹੇ ਹਨ।
                      ਮਾਮਲਾ ਵਿਜੀਲੈਂਸ ਜਾਂਚ ਲਈ ਭੇਜਾਂਗੇ : ਚੰਨੀ
ਤਕਨੀਕੀ ਸਿੱਖਿਆ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਪੇਪਰ ਲੀਕ ਦਾ ਮਾਮਲਾ ਸੰਜੀਦਾ ਹੈ ਜਿਸ ਦੀ ਢੁਕਵੀਂ ਪੜਤਾਲ ਕਰਾਈ ਜਾਵੇਗੀ। ਉਹ ਇਸ ਮਾਮਲੇ ਦੀ ਪੜਤਾਲ ਵਿਜੀਲੈਂਸ ਨੂੰ ਸੌਂਪ ਰਹੇ ਹਨ ਤਾਂ ਜੋ ਅਸਲ ਦੋਸ਼ੀਆਂ ਤੱਕ ਪੁੱਜਿਆ ਜਾ ਸਕੇ। ਇਸ ਮਾਮਲੇ ਵਿਚ ਜੋ ਵੀ ਕਸੂਰਵਾਰ ਹੋਇਆ, ਉਸ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਅੱਜ ’ਵਰਸਿਟੀ ਪ੍ਰਬੰਧਕਾਂ ਤੋਂ ਵੇਰਵੇ ਵੀ ਹਾਸਲ ਕੀਤੇ।