Monday, November 19, 2018

                            ਡੂੰਘੇ ਭੇਤ
   ਕੇਂਦਰ ਅਰੂਸਾ ਦੇ ਆਲਮ ਅੱਗੇ ਖਾਮੋਸ਼
                       ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਗ੍ਰਹਿ ਮੰਤਰਾਲੇ ਨੇ ਮਹਿਮਾਨ ਦੋਸਤ ਅਰੂਸਾ ਆਲਮ ਦਾ ਕੋਈ ਭੇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨੀ ਪਰੀ ਅਰੂਸਾ ਆਲਮ ਦੀ ਠਹਿਰ ਦਾ ਪਹਿਲਾਂ ਹੀ ਗੁੱਝਾ ਭੇਤ ਬਣਿਆ ਹੋਇਆ ਹੈ। ਉੱਪਰੋਂ ਕੇਂਦਰ ਸਰਕਾਰ ਵੀ ਇਸ ਮਾਮਲੇ ਦੀ ਭਾਫ਼ ਨਹੀਂ ਕੱਢਣਾ ਚਾਹੁੰਦੀ। ਰੌਲਾ ਰੱਪਾ ਪਿਆ ਸੀ ਕਿ ਇੱਕ ਮਹਿਲਾ ਕੇਂਦਰੀ ਮੰਤਰੀ ਨੇ ਅਰੂਸਾ ਆਲਮ ਦੇ ਵੀਜੇ ਦੀ ਮਿਆਦ ਵਧਾਏ ਜਾਣ ਦੀ ਸਿਫ਼ਾਰਸ਼ ਕੀਤੀ ਹੈ। ਜਦੋਂ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਨੇਤਾ ਸੀ ਤਾਂ ਉਨ੍ਹਾਂ ਇੱਕ ਕੇਂਦਰੀ ਮੰਤਰੀ ਨੂੰ ਇਸ ਮਾਮਲੇ ’ਤੇ ਸਫ਼ਾਈ ਦੇਣ ਲਈ ਵੀ ਜਨਤਿਕ ਤੌਰ ’ਤੇ ਆਖਿਆ ਸੀ। ਵਿਰੋਧੀ ਆਖਦੇ ਹਨ ਕਿ ਅਰੂਸਾ ਆਲਮ ਚੰਡੀਗੜ੍ਹ ਠਹਿਰਦੀ ਹੈ ਪਰ ਠਹਿਰ ਦਾ ਕਿਸੇ ਨੂੰ ਕੋਈ ਇਲਮ ਨਹੀਂ। ਪੰਜਾਬੀ ਟ੍ਰਿਬਿਊਨ ਦੇ ਇਸ ਪੱਤਰਕਾਰ ਤਰਫ਼ੋਂ ਕੇਂਦਰੀ ਵਿਦੇਸ਼ ਮੰਤਰਾਲੇ ਨੂੰ 12 ਸਤੰਬਰ ਨੂੰ ਆਨ ਲਾਈਨ ਆਰ.ਟੀ.ਆਈ ਦਰਖਾਸਤ ਅਪਲਾਈ ਕੀਤੀ ਗਈ ਸੀ ਜਿਸ ਤਹਿਤ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਉਨ੍ਹਾਂ ਸਿਫ਼ਾਰਸ਼ੀ ਪੱਤਰਾਂ ਦੀ ਫ਼ੋਟੋ ਕਾਪੀ ਮੰਗੀ ਗਈ ਸੀ ਜੋ ਪਾਕਿਸਤਾਨੀ ਮਹਿਲਾ ਨਾਗਰਿਕਾਂ ਦੇ ਵੀਜੇ ਦੀ ਮਿਆਦ ਵਿਚ ਵਾਧੇ ਲਈ ਕੇਂਦਰੀ ਵਜ਼ੀਰਾਂ ਵੱਲੋਂ ਲਿਖੇ ਗਏ ਸਨ।
                 ਕੇਂਦਰੀ ਵਿਦੇਸ਼ ਮੰਤਰਾਲੇ ਨੇ 20 ਸਤੰਬਰ ਨੂੰ ਇਹ ਐਪਲੀਕੇਸ਼ਨ ਕੇਂਦਰੀ ਗ੍ਰਹਿ ਮੰਤਰਾਲੇ ਦੀ ਵਿਦੇਸ਼ ਬਰਾਂਚ (ਪਾਕਿ ਸੈੱਲ) ਨੂੰ ਤਬਦੀਲ ਕਰ ਦਿੱਤੀ ਸੀ। ਉਸ ਮਗਰੋਂ ਕਾਫ਼ੀ ਸਮਾਂ ਮੰਤਰਾਲੇ ਨੇ ਇਸ ਮਾਮਲੇ ’ਤੇ ਚੁੱਪ ਵੱਟੀ ਰੱਖੀ ਅਤੇ ਹੁਣ 3 ਨਵੰਬਰ ਨੂੰ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਇੰਟੈਲੀਜੈਂਸ ਬਿਊਰੋ ਨੇ 3 ਨਵੰਬਰ ਨੂੰ ਭੇਜੇ ਪੱਤਰ ਵਿਚ ਆਖਿਆ ਕਿ ਬਿਊਰੋ ਆਫ਼ ਇਮੀਗਰੇਸ਼ਨ ਅਤੇ ਇੰਟੈਲੀਜੈਂਸ ਬਿਊਰੋ ਨੂੰ ਆਰ.ਟੀ.ਆਈ ਐਕਟ ਤੋਂ ਛੋਟ ਮਿਲੀ ਹੋਈ ਹੈ। ਜੁਆਇੰਟ ਡਿਪਟੀ ਡਾਇਰੈਕਟਰ ਨੇ ਪੱਤਰ ਭੇਜ ਕੇ ਅਸਿੱਧੇ ਤਰੀਕੇ ਨਾਲ ਕੋਈ ਸੂਚਨਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਆਰਟੀਆਈ ਤਹਿਤ ਪਾਕਿਸਤਾਨੀ ਮਹਿਮਾਨਾਂ ਦੀ ਪਹਿਲੀ ਜਨਵਰੀ 2016 ਤੋਂ ਹੁਣ ਤੱਕ ਦੀ ਠਹਿਰ ਬਾਰੇ ਪੁੱਛਿਆ ਗਿਆ ਸੀ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀ ਸੂਚਨਾ ਦੇਣ ਤੋਂ ਪਾਸਾ ਵੱਟ ਲਿਆ ਸੀ।
                ਇਵੇਂ ਹੀ ਯੂ.ਟੀ ਚੰਡੀਗੜ੍ਹ ਦੇ ਐਸ.ਐਸ.ਪੀ ਨੂੰ ਪਾਕਿਸਤਾਨੀ ਮਹਿਲਾਵਾਂ ਦੀ ਲੰਘੇ ਦੋ ਵਰ੍ਹਿਆਂ ਦੀ ਠਹਿਰ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਆਰ.ਟੀ.ਆਈ ਦੀ ਦਰਖਾਸਤ ਡੀ.ਐਸ.ਪੀ (ਸੀ.ਆਈ.ਡੀ), ਡੀ.ਐਸ.ਪੀ ਸਕਿਉਰਿਟੀ ਵਿੰਗ ਤੇ ਡੀ.ਐੱਸ.ਪੀ ਹੈੱਡਕੁਆਟਰ ਕੋਲ ਭੇਜ ਦਿੱਤੀ ਸੀ। ਡੀ.ਐੱਸ.ਪੀ (ਸੀਆਈਡੀ) ਯੂ.ਟੀ ਚੰਡੀਗੜ੍ਹ ਨੇ ਵੀ 21 ਫਰਵਰੀ ਨੂੰ ਪੱਤਰ ਨੰਬਰ 201 ਤਹਿਤ ਪਾਕਿਸਤਾਨੀ ਮਹਿਲਾਵਾਂ ਦੀ ਸੂਚਨਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਅਰੂਸਾ ਆਲਮ ਨੇ 26 ਦਸੰਬਰ 2007 ਨੂੰ ਚੰਡੀਗੜ੍ਹ ਵਿਚ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਸੀ। ਵਿਰੋਧੀ ਆਗੂ ਹਮੇਸ਼ਾ ਹੀ ਅਰੂਸਾ ਆਲਮ ਦੇ ਬਹਾਨੇ ਹਾਕਮ ਧਿਰ ਨੂੰ ਨਿਸ਼ਾਨੇ ਤੇ ਰੱਖਦੇ ਹਨ। ਪੰਜਾਬ ਦੇ ਆਮ ਲੋਕਾਂ ਦੀ ਸਿਰਫ਼ ਏਨੀ ਕੁ ਰੁਚੀ ਹੈ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਅਰੂਸਾ ਆਲਮ ਆਖ਼ਰ ਕਿਥੇ ਠਹਿਰਦੀ ਹੈ। ਵਿਰੋਧੀਆਂ ਵੱਲੋਂ ਲਗਾਏ ਜਾਂਦੇ ਇਲਜ਼ਾਮਾਂ ਵਿਚ ਕਿੰਨਾ ਕੁ ਸੱਚ ਹੈ। ਇਸ ਗੱਲੋਂ ਹੈਰਾਨ ਵੀ ਹਨ ਕਿ ਇਸ ਦਾ ਭੇਤ ਕਿਉਂ ਰੱਖਿਆ ਜਾ ਰਿਹਾ ਹੈ।


 






No comments:

Post a Comment