Saturday, December 15, 2018

                         ਵਿਸ਼ਵ ਦਰਸ਼ਨ
ਨਰਿੰਦਰ ਮੋਦੀ ਨੇ ਉਡਾਏ ਦੋ ਹਜ਼ਾਰ ਕਰੋੜ ! 
                          ਚਰਨਜੀਤ ਭੁੱਲਰ
ਬਠਿੰਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਵਿਸ਼ਵ ਦਰਸ਼ਨ’ ਸਰਕਾਰੀ ਖ਼ਜ਼ਾਨੇ ਨੂੰ 2022.58 ਕਰੋੜ ਰੁਪਏ ਵਿਚ ਪਿਆ ਹੈ। ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਸੂਬਾਈ ਚੋਣਾਂ ’ਚ ਚਿੱਤ ਹੋ ਗਏ ਹਨ ਪ੍ਰੰਤੂ ਵਿਦੇਸ਼ ਯਾਤਰਾ ਕਰਨ ’ਚ ਉਨ੍ਹਾਂ ਨੇ ਸਭ ਦੀ ਪਿੱਠ ਲਾ ਦਿੱਤੀ ਹੈ। ਵਿਦੇਸ਼ ਯਾਤਰਾ ਦੇ ਪੁਰਾਣੇ ਰਿਕਾਰਡ ਵੀ ਤੋੜ ਦਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ 3 ਦਸੰਬਰ 2018 ਤੱਕ ਕੁੱਲ 84 ਵਿਦੇਸ਼ ਦੌਰੇ ਕੀਤੇ ਗਏ ਹਨ ਜਿਨ੍ਹਾਂ ਦੌਰਾਨ ਉਨ੍ਹਾਂ ਨੇ ਕਰੀਬ 60 ਮੁਲਕਾਂ ਦੇ ਰੰਗ ਵੇਖੇ ਹਨ। ‘ਮੋਦੀ ਮੋਦੀ ਮੋਦੀ’ ਦੇ ਨਾਅਰਿਆਂ ਦਾ ਸੁਆਦ ਵੱਖਰਾ ਚੱਖਿਆ। ਨਰਿੰਦਰ ਮੋਦੀ ਨੇ ਆਪਣੇ 1700 ਦਿਨਾਂ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਵਿਦੇਸ਼ੀ  ਧਰਤੀ ’ਤੇ ਕਰੀਬ 196 ਦਿਨ ਬਿਤਾਏ। ਮਤਲਬ ਕਿ ਮੋਦੀ ਦਾ ਅੌਸਤਨ ਹਰ ਅੱਠਵਾਂ ਦਿਨ ਵਿਦੇਸ਼ ਵਿਚ ਲੰਘਿਆ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰਿਆਂ ਦਾ ਹੁਣ ਤੱਕ ਦਾ ਖਰਚਾ 2022.58 ਕਰੋੜ ਆਇਆ ਹੈ ਜਿਸ ਚੋਂ ਏਅਰ ਕਰਾਫ਼ਟ ਮੁਰੰਮਤ ’ਤੇ 1583.18 ਕਰੋੜ ਅਤੇ ਸਪੈਸ਼ਲ ਉਡਾਣਾਂ (ਚਾਰਟਰਡ ਫਲਾਈਟ) ’ਤੇ 429.28 ਕਰੋੜ ਰੁਪਏ ਦਾ ਖਰਚਾ ਆਇਆ ਹੈ। ਵਿਦੇਸ਼ ਯਾਤਰਾ ਦੌਰਾਨ ਵਰਤੀ ਹਾਟ ਲਾਈਨ ’ਤੇ 9.12 ਕਰੋੜ ਰੁਪਏ ਦਾ ਖਰਚਾ ਪਿਆ ਹੈ।
                  ਇਸ ਖ਼ਰਚੇ ਵਿਚ ਨਰਿੰਦਰ ਮੋਦੀ ਦੀ ਵਿਦੇਸ਼ਾਂ ਵਿਚਲੀ ਰਿਹਾਇਸ਼ ਤੇ ਹੋਰ ਖ਼ਰਚੇ ਸ਼ਾਮਿਲ ਨਹੀਂ ਹਨ। ਆਖ਼ਰੀ ਚਾਰ ਵਿਦੇਸ਼ ਦੌਰਿਆਂ ਦਾ ਖਰਚਾ ਵੀ ਇਸ ਤੋਂ ਵੱਖਰਾ ਹੈ ਜਿਸ ਦੇ ਬਿੱਲ ਪ੍ਰਾਪਤ ਹੋਣੇ ਬਾਕੀ ਹਨ। ਵਰ੍ਹਾ 2018 ਦੌਰਾਨ ਮੋਦੀ ਨੇ 54 ਦਿਨ ਅਤੇ ਸਾਲ 2015 ਵਿਚ 56 ਦਿਨ ਵਿਦੇਸ਼ ਯਾਤਰਾ ’ਚ ਕੱਢੇ। ਨਰਿੰਦਰ ਮੋਦੀ ਕੋਲ ਇਸ ਵਕਤ ਸਿਰਫ਼ 2.28 ਕਰੋੜ ਦੀ ਚੱਲ ਅਚੱਲ ਸੰਪਤੀ ਹੈ। ਉਨ੍ਹਾਂ ਕੋਲ ਨਾ ਕੋਠੀ, ਨਾ ਕਾਰ ਅਤੇ ਨਾ ਹੀ ਕੋਈ ਸ਼ੋਅ ਰੂਮ ਤੇ ਕੋਈ ਦੁਕਾਨ ਹੈ। ਦੁਨੀਆ ਮੁੱਠੀ ’ਚ ਕਰਨ ਵਾਲੇ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ। ਤਾਹੀਓਂ  ਉਹ ‘ਵਿਸ਼ਵ ਦਰਸ਼ਨ’ ’ਚ ਝੰਡੀ ਲੈ ਗਏ ਹਨ ਅਤੇ ਉਨ੍ਹਾਂ ਦਾ ਅੌਸਤਨ ਪ੍ਰਤੀ ਦਿਨ ਦਾ ਵਿਦੇਸ਼ ਖਰਚਾ 10.31 ਕਰੋੜ ਆਇਆ ਹੈ ਅਤੇ ਪ੍ਰਤੀ ਦੇਸ਼ ਅੌਸਤਨ 33.70 ਕਰੋੜ ਖ਼ਰਚ ਆਏ ਹਨ। ਜਦੋਂ ਅਟੱਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੇ 31 ਦੇਸ਼ਾਂ ਦੇ ਦੌਰੇ ’ਚ 131 ਦਿਨ ਵਿਦੇਸ਼ਾਂ ’ਚ ਬਿਤਾਏ ਅਤੇ ਉਨ੍ਹਾਂ ਦੀ ਵਿਦੇਸ਼ ਯਾਤਰਾ ਦਾ ਖਰਚਾ ਸਿਰਫ਼ 144.43 ਕਰੋੜ ਰਿਹਾ ਸੀ। ਵਾਜਪਾਈ ਦਾ ਪ੍ਰਤੀ ਦਿਨ ਦਾ ਵਿਦੇਸ਼ ਖਰਚਾ 1.10 ਕਰੋੜ ਰੁਪਏ ਰਿਹਾ।
                  ਯੂ.ਪੀ.ਏ ਸਰਕਾਰ ਦੇ 10 ਵਰ੍ਹਿਆਂ ਦੌਰਾਨ ਡਾ.ਮਨਮੋਹਨ ਸਿੰਘ ਨੇ ਪਹਿਲੀ ਪਾਰੀ ਦੌਰਾਨ 35 ਮੁਲਕਾਂ ਦੇ ਦੌਰੇ ਦੌਰਾਨ 144 ਦਿਨ ਵਿਦੇਸ਼ੀ ਧਰਤੀ ਤੇ ਬਿਤਾਏ। ਇਵੇਂ ਦੂਸਰੀ ਪਾਰੀ ਦੌਰਾਨ ਡਾ. ਮਨਮੋਹਨ ਸਿੰਘ ਨੇ 38 ਮੁਲਕਾਂ ਦੇ ਦੌਰੇ ਦੌਰਾਨ 161 ਦਿਨ ਵਿਦੇਸ਼ੀ ਧਰਤੀ ’ਤੇ ਬਿਤਾਏ। ਇਨ੍ਹਾਂ ਦਸ ਵਰ੍ਹਿਆਂ ਦੀ ਵਿਦੇਸ਼ ਯਾਤਰਾ ਦਾ ਕੁੱਲ ਖਰਚਾ 699 ਕਰੋੜ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵਿਦੇਸ਼ ਯਾਤਰਾ ਲਈ ਹਾਲੇ ਦੋ ਤਿੰਨ ਮਹੀਨੇ ਹੋਰ ਬਾਕੀ ਪਏ ਹਨ ਜਿਨ੍ਹਾਂ ਦੌਰਾਨ ਉਹ ਅਧੂਰੀ ਖੁਆਇਸ਼ ਪੂਰੀ ਕਰ ਸਕਦੇ ਹਨ।  ਡਾ.ਮਨਮੋਹਨ ਸਿੰਘ ਦਾ ਦਸ ਵਰ੍ਹਿਆਂ ਦੌਰਾਨ ਪ੍ਰਤੀ ਦਿਨ ਵਿਦੇਸ਼ ਯਾਤਰਾ ਦਾ ਖਰਚਾ 2.29 ਕਰੋੜ ਰਿਹਾ।  ਡਾ. ਮਨਮੋਹਨ ਸਿੰਘ ਅਤੇ ਅਟੱਲ ਬਿਹਾਰੀ ਵਾਜਪਾਈ ਦੇ ਬਹੁਗਿਣਤੀ ਦੌਰੇ ਏਸ਼ੀਆਈ ਮੁਲਕਾਂ ਦੇ ਰਹੇ ਹਨ। ਵਾਜਪਾਈ ਦਾ ਸਭ ਤੋਂ ਮਹਿੰਗਾ ਵਿਦੇਸ਼ ਦੌਰਾ ਜਮਾਇਕਾ ਦਾ ਇੱਕ ਦਿਨ ਦਾ ਰਿਹਾ ਜਿਸ ’ਤੇ 9.25 ਕਰੋੜ ਖ਼ਰਚ ਆਏ ਸਨ ਅਤੇ ਇਸੇ ਤਰ੍ਹਾਂ ਡਾ. ਮਨਮੋਹਨ ਸਿੰਘ ਦਾ ਸਭ ਤੋਂ ਮਹਿੰਗਾ ਵਿਦੇਸ਼ ਦੌਰਾ ਡੈਨਮਾਰਕ ਦਾ ਰਿਹਾ ਜਿਸ ਤੇ ਇੱਕ ਦਿਨ ਵਿਚ 10.71 ਕਰੋੜ ਖ਼ਰਚ ਆਏ ਸਨ।
                  ਇੱਧਰ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੇ ਅੌਸਤਨ ਹਰ ਦਿਨ ਦਾ 10.31 ਕਰੋੜ ਖ਼ਰਚ ਆਇਆ ਹੈ। ਮੋਟੇ ਅੰਦਾਜ਼ੇ ਅਨੁਸਾਰ ਮੋਦੀ ਨੇ ਦੇਸ਼ ਦੇ ਹੁਣ ਤੱਕ ਕਰੀਬ 350 ਦੌਰੇ ਕੀਤੇ ਹਨ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਮੁਲਕ ਭਰ ਵਿਚ ਚਰਚਾ ਛਿੜੀ ਰਹਿੰਦੀ ਹੈ ਪ੍ਰੰਤੂ ਉਨ੍ਹਾਂ ਨੇ ਸਭ ਚਰਚੇ ਦਰਕਿਨਾਰ ਕੀਤੇ ਹਨ। ਸੂਤਰ ਦੱਸਦੇ ਹਨ ਕਿ ਏਨੇ ਵਿਦੇਸ਼ ਦੌਰੇ ਤਾਂ ਸ਼ਾਇਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਹਿੱਸੇ ਵੀ ਨਹੀਂ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਦੌਰਿਆਂ ’ਚ ਕਿੰਨਾ ਕੁ ਖੱਟਿਆ ਹੈ, ਉਸ ਦਾ ਖ਼ੁਲਾਸਾ ਕਰਨ ਦਾ ਵੀ ਹੁਣ ਢੁਕਵਾਂ ਸਮਾਂ ਆ ਚੁੱਕਾ ਹੈ।
                         ਵਿਦੇਸ਼ ਦੌਰਿਆਂ ’ਤੇ ਇੱਕ ਨਜ਼ਰ 
ਪ੍ਰਧਾਨ ਮੰਤਰੀ ਦਾ ਨਾਮ/   ਦੇਸ਼ਾਂ ਦੀ ਗਿਣਤੀ/  ਪ੍ਰਤੀ ਦੇਸ਼ ਅੌਸਤਨ ਖਰਚਾ/ ਕੁੱਲ ਖਰਚਾ
ਅਟੱਲ ਬਿਹਾਰੀ ਵਾਜਪਾਈ        31       4.70 ਕਰੋੜ      144.43 ਕਰੋੜ
ਡਾ.ਮਨਮੋਹਨ ਸਿੰਘ (ਪਹਿਲੀ ਪਾਰੀ) 35                8.60 ਕਰੋੜ    301.95 ਕਰੋੜ
ਡਾ.ਮਨਮੋਹਨ ਸਿੰਘ (ਦੂਸਰੀ ਪਾਰੀ)  38                12.80 ਕਰੋੜ    397.35 ਕਰੋੜ
ਨਰਿੰਦਰ ਮੋਦੀ                         60 (ਕਰੀਬ)      33.70 ਕਰੋੜ    2022.58 ਕਰੋੜ

   

         


1 comment:

  1. S Charnjit Singh Bhullar, ਬਾਈ ਜੀ ਕਿਰਪਾ ਕਰਕੇ ਇਸ ਮੁਦੇ ਦਾ ਵੀ investigation ਕਰੋ - ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਦੇ ਥਲੇ ਪੰਜਾਬ ਵਿਚ ਕਿਨੇ ਕੁ ਛੋਟੇ businessmen( ਦੁਕਾਨਦਾਰਾ) ਨੂ ਬਿਨਾ ਕੋਈ collateral ਜਾ ਗਰੰਟੀ ਦੇ 2 ਕਰੋੜ ਇੱਕ ਜਾਣੇ ਨੂ ਮਿਲੇ ਹੋਣ business ਖੋਲਣ ਵਾਸਤੇ(ਦੁਕਾਨ) ਵਾਸਤੇ!!!! ਕਦੇ ਕਿਸੇ ਕਿਸਾਨ ਨੂ ਵੀ ਬਿਨਾ ਗਰੰਟੀ ਜਾ collateral ਦੇ ਕਦੇ ਕਰਜਾ ਮਿਲਿਆ ਹੈ? ਮੋਦੀ ਨੇ ਪਿਛਲੇ ਸਾਲ ਆਪ ਦਸਿਆ FCCI ਮੀਟਿੰਗ ਵਿਚ ਕਿ ਉਸ ਨੇ 4 ਲਖ ਕਰੋੜ ਦਿਤਾ ਹੈ Dec.22,2017 ਤਕ. ਇਹ ਲਿੰਕ ਵੇਖੋ - ਆਵਦੇ rss ਜਾ bjp ਦੇ youth ਨੂ ਭਾਵੇ ਦੇ ਦਿਤਾ ਹੋਵੇ - ਫਿਰ ਬੈੰਕ ਇਨਾ ਤੋ ਪੈਸਾ ਵਾਪਸ ਕਿਵੇ ਲਵੇਗਾ ਜਦੋ ਕੁਝ ਰਖਿਆ ਹੀ ਨਹੀ!!! ਅਖੇ 9.75 ਲਖ ਨਵੇ business ਖੋਲੇ ਹਨ!!!! rss - bjp IT cell ਭਾਵੇ ਹੋਣ!!!
    Under the Mudra scheme, over Rs 4 lakh crore guarantee-less loans have been given to about 9.75 lakh youth for business, .

    Updated Date: Dec 13, 2017 18:01 PM

    https://www.firstpost.com/business/at-ficci-event-narendra-modi-trains-guns-on-congress-for-bad-loan-mess-calls-it-big-scam-4257059.html

    ReplyDelete