Sunday, December 16, 2018

                                                            ਵਿਚਲੀ ਗੱਲ 
                             ਕਾਲੇ ਪਾਣੀ ਦੀ ਸਜ਼ਾ ਤੇ ਬੁੱਲੇ ਲੁੱਟਦੇ ਲਾਟ ਸਾਹਬ !
                                                          ਚਰਨਜੀਤ ਭੁੱਲਰ
ਬਠਿੰਡਾ : ਦਾਲ ’ਚ ਕਾਲਾ ਹੁੰਦਾ ਤਾਂ ਸ਼ਾਇਦ ਮਾਈ ਬਚ ਜਾਂਦੀ। ਜਦੋਂ ਦਾਲ ਹੀ ਪੂਰੀ ਕਾਲੀ ਹੋ ਜਾਏ ਤਾਂ ਵਿਹੁਮਾਤਾ ਫਿਰ ਕਾਲੇ ਲੇਖ ਹੀ ਲਿਖਦੀ ਹੈ। ਕਾਲਾ ਧੰਨ ਤਾਂ ਦੂਰ ਦੀ ਗੱਲ, ਚਾਰ ਚਿੱਟੇ ਛਿੱਲੜ ਹੀ ਖੀਸੇ ’ਚ ਹੁੰਦੇ। ਚਾਰ ਦਿਨ ਜ਼ਿੰਦਗਾਨੀ ਹੋਰ ਕੱਟ ਜਾਂਦੀ। ਕਾਲੇ ਪੀਲੀਏ (ਹੈਪੇਟਾਈਟਸ-ਸੀ) ਨੇ ਥੇੜ੍ਹੀ (ਗਿੱਦੜਬਾਹਾ) ਦੀ ਮਾਈ ਜੀਤੋ ਦੀ ਜਾਨ ਲੈ ਲਈ। ਗ਼ਰੀਬ ਪਰਿਵਾਰਾਂ ਲਈ ਮਹਿੰਗੇ ਇਲਾਜ ਸੌਖੇ ਨਹੀਂ। ਕਾਲਾ ਪਾਣੀ ਜਦੋਂ ਦਰਿਆਵਾਂ ’ਚ ਸ਼ੂਕਦਾ ਹੈ ਤਾਂ ਉਦੋਂ ਜ਼ਹਿਰੀ ਹੋਣ ਤੋਂ ਨਹਿਰੀ ਪਾਣੇ ਰੁਕਦੇ ਨਹੀਂ। ਬੁੱਢਾ ਨਾਲਾ ਸਤਲੁਜ ’ਚ ਕਹਿਰ ਮਚਾਉਂਦਾ ਹੈ। ਫਿਰ ਦੂਸ਼ਿਤ ਪਾਣੀ ਰਾਜਸਥਾਨ ਤੱਕ ਜ਼ਿੰਦਗੀਆਂ ਨਾਲ ਖੇਡਦੇ ਹਨ। ਕੌਮੀ ਗਰੀਨ ਟ੍ਰਿਬਿਊਨਲ ਨੇ ਰਾਜ ਭਾਗ ਵਾਲਿਆਂ ਨੂੰ ਬਿਆਸ/ਸਤਲੁਜ ਦੇ ਦੂਸ਼ਿਤ ਪਾਣੀ ਦੇਖ ਕੇ ਪੰਜਾਹ ਕਰੋੜ ਦਾ ਜੁਰਮਾਨਾ ਠੋਕਿਆ। ਸ਼ਾਇਦ ਇਨ੍ਹਾਂ ਦੀ ਅੱਖ ਖੁੱਲ੍ਹ ਜਾਏ। ਕਦੇ ‘ਚਿੱਟਾ’ ਤੇ ਕਦੇ ‘ਕਾਲਾ’ ਪੰਜਾਬ ਦੇ ਜੜ੍ਹੀਂ ਬੈਠਾ ਹੈ। ਪੰਜਾਬ ਦਾ ਪਾਣੀ ਕਦੇ ਅੰਮ੍ਰਿਤ ਵਰਗਾ ਹੁੰਦਾ ਸੀ। ਪਿੰਡ ਦੋਨਾ ਨਾਨਕਾ (ਫ਼ਾਜ਼ਿਲਕਾ) ’ਚ ਅੌਰਤਾਂ ਨੇ ਇਹ ਚੁਣੌਤੀ ਦਿੱਤੀ ਕਿ ਪਿੰਡ ਦੇ ਨਲਕੇ ਦਾ ਪਾਣੀ ਕੋਈ ਪੀ ਕੇ ਦਿਖਾਵੇ। ਬਿਮਾਰੀ ਗ਼ਰੀਬ ਮਾਰ ਨਾ ਕਰਦੀ ਤਾਂ ਨਿਹੱਥੇ ਹੋਏ ਗ਼ਰੀਬ ਦਾ ਮੰਜਾ ਪੀ.ਜੀ.ਆਈ ਚੋਂ ਵਾਪਸੀ ਮਗਰੋਂ ਗੁਰੂ ਘਰ ’ਚ ਅਰਦਾਸ ਲਈ ਨਾ ਡਹਿੰਦਾ।
                  ਖੁੰਢੇ ਹਲਾਲ (ਮੁਕਤਸਰ) ਦੇ ਮਜ਼ਦੂਰ ਬਲਦੇਵ ਸਿੰਘ ਤੇ ਉਸ ਦੀ ਪਤਨੀ ਕੋਲ ਟੈੱਸਟ ਕਰਾਉਣ ਜੋਗੇ ਪੈਸੇ ਨਹੀਂ। ਕਾਲੇ ਪੀਲੀਏ ਦਾ ਇਲਾਜ ਤਾਂ ਵਿੱਤੋਂ ਬਾਹਰੀ ਗੱਲ ਹੈ। ਮੀਆਂ ਬੀਵੀ ਇਸ ਗੱਲੋਂ ਅਣਜਾਣ ਹਨ ਕਿ ਜਿਨ੍ਹਾਂ ਨੂੰ ਵੋਟਾਂ ਪਾ ਕੇ ਵਿਧਾਇਕ ਬਣਾਇਆ, ਉਹ ਕਾਲੇ ਪਾਣੀ ਦੇ ਟਾਪੂ (ਅੰਡੇਮਾਨ ਨਿਕੋਬਾਰ) ’ਤੇ ਬੈਠ ਕੇ ਉਨ੍ਹਾਂ ਦੇ ਦੁੱਖਾਂ ’ਤੇ ਹੀ ਤਾਂ ਚਿੰਤਨ ਕਰ ਰਹੇ ਹਨ। ਵਿਧਾਨ ਸਭਾ ਦੀ ਦਲਿਤ ਭਲਾਈ ਬਾਰੇ ਕਮੇਟੀ ਦੇ ਚੇਅਰਮੈਨ ਨੱਥੂ ਰਾਮ ਤੇ ਕਮੇਟੀ ਮੈਂਬਰ ਪਿਛਲੇ ਦਿਨੀਂ ਕਾਲੇ ਪਾਣੀ ਦੇ ਟਾਪੂ ’ਤੇ ਬੈਠ ਕੇ ਦਲਿਤਾਂ ਦੀ ਜ਼ਿੰਦਗੀ ਨੂੰ ਦੋਜ਼ਖ਼ ਚੋਂ ਕੱਢਣ ਦੇ ਤਰੀਕੇ ਲੱਭਦੇ ਰਹੇ। ਟਾਪੂ ਦੀਆਂ ਹਵਾਈ ਟਿਕਟਾਂ, ਮਹਿੰਗੇ ਹੋਟਲਾਂ ਤੇ ਖਾਣ ਪਾਣੀ ਦਾ ਪੂਰਾ ਖਰਚਾ ਖ਼ਜ਼ਾਨੇ ਨੇ ਚੁੱਕਿਆ। ਕਮੇਟੀ ਮੈਂਬਰ ਵਿਧਾਇਕ ਕੁਲਵੰਤ ਪੰਡੋਰੀ ਆਖਦਾ ਹੈ ਕਿ ਉਹ ਰੋਸ ਵਜੋਂ ਟਾਪੂ ’ਤੇ ਨਹੀਂ ਗਏ, ਫ਼ਜ਼ੂਲ ਖ਼ਰਚੀ ਹੈ। ਇੱਧਰ, ਕਾਲੇ ਪਾਣੀ ਦੇ ਝੰਬੇ ਹੁਣ ਟਾਪੂ ’ਤੇ ਹੋਈ ਮੀਟਿੰਗ ’ਤੇ ਨਤੀਜੇ ਉਡੀਕ ਰਹੇ ਹਨ। ਸਰਕਾਰੀ ਨਿਯਮ ਵੀ ਰਮਣੀਕ ਥਾਵਾਂ ’ਤੇ ਮੀਟਿੰਗਾਂ ਦੀ ਖੁੱਲ੍ਹ ਦਿੰਦੇ ਹਨ। ਨੱਥੂ ਰਾਮ ਆਖਦੇ ਹਨ ਕਿ ਅੰਡੇਮਾਨ ਸਰਕਾਰ ਦੀਆਂ ਦਲਿਤ ਭਲਾਈ ਸਕੀਮਾਂ ਦਾ ਜਾਇਜ਼ਾ ਲੈਣ ਗਏ ਸੀ। ਰਿਪੋਰਟ ਵੀ ਦਿਆਂਗੇ।
                   ਗੱਠਜੋੜ ਸਰਕਾਰ ਵੇਲੇ ਵੀ ਭਲਾਈ ਕਮੇਟੀ ਨੇ ਰੋਹਤਾਂਗ ਪਾਸ (ਮਨਾਲੀ), ਸ਼ਿਮਲਾ, ਗੋਆ, ਪਹਿਲਗਾਮ, ਗੁਲਮਰਗ ਤੇ ਮੈਸੂਰ ’ਚ ਮੀਟਿੰਗਾਂ ਕਰਕੇ ਦਲਿਤਾਂ ਦੇ ‘ਅੱਛੇ ਦਿਨਾਂ’ ਲਈ ਭਖਵੀਂ ਬਹਿਸ ਕੀਤੀ ਸੀ। ਬੱਸ ਇੱਥੇ ਹੀ ਨਹੀਂ, ਦੋ ਮਹੀਨੇ ਪਹਿਲਾਂ ਅੰਡੇਮਾਨ ਟਾਪੂ ’ਤੇ ਬੈਠ ਕੇ ਹੀ ਪੰਜਾਬ ਦੇ ਵਿਕਾਸ ਬਾਰੇ ਪੂਰੇ ਚਾਰ ਦਿਨ ਪੰਜਾਬ ਦੇ ਵਿਧਾਇਕਾਂ ਨੇ ‘ਮੱਥਾ ਖਪਾਈ’ ਕੀਤੀ। ਟਾਪੂ ਵਾਲੀ ਮੀਟਿੰਗ ਵਿਚ ਸਭ ਧਿਰਾਂ ਦੇ ਵਿਧਾਇਕ ਚਾਈਂ ਚਾਈਂ ਗਏ। ‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤਾਂ ਇਸੇ ਮੀਟਿੰਗ ਕਰਕੇ ਵਿਧਾਇਕਾ ਰੁਪਿੰਦਰ ਰੂਬੀ ਦੇ ਵਿਆਹ ’ਚ ਸ਼ਾਮਿਲ ਹੋਣੋਂ ਖੁੰਝ ਗਈ ਸੀ। ਹੁਣ ਵਿਧਾਨ ਸਭਾ ਦੀ ਸੁਬਾਰਡੀਨੇਟ ਕਮੇਟੀ ਦੇ ਵਿਧਾਇਕ ਮੈਂਬਰ ਟਾਪੂ ’ਤੇ ਜਾਣ ਲਈ ਕਾਹਲੇ ਹਨ। ਗੱਲ ਹਾਲੇ ਕਿਸੇ ਸਿਰੇ ਨਹੀਂ ਲੱਗੀ। ‘ਆਪ’ ਵਿਧਾਇਕ ਨਾਜ਼ਰ ਮਾਨਸ਼ਾਹੀਆ ਆਖਦਾ ਹੈ ਕਿ ਕਮੇਟੀਆਂ ਦੀ ਮੀਟਿੰਗ ਚੰਡੀਗੜ੍ਹ-ਪੰਜਾਬ ਤੋਂ ਬਾਹਰ ਹੋਣ ’ਤੇ ਪਾਬੰਦੀ ਲੱਗੇ।  ਪਾਰਲੀਮੈਂਟ ਦੀਆਂ ਕਮੇਟੀਆਂ ਦਾ ਇਹੋ ਹਾਲ ਹੈ। ਕੱੁਝ ਅਰਸਾ ਪਹਿਲਾਂ ਪਾਰਲੀਮੈਂਟ ਦੀ ਖਪਤਕਾਰ ਮਾਮਲੇ ਕਮੇਟੀ  ਨੇ ਵੀ ਗ਼ਰੀਬਾਂ ਨੂੰ ਅਨਾਜ ਦੇਣ ਦੇ ਮੁੱਦੇ ’ਤੇ ਚਰਚਾ ਲਈ ਕਾਲੇ ਪਾਣੀ ਦੇ ਟਾਪੂ ਨੂੰ ਚੁਣਿਆ।
                  ਅੰਡੇਮਾਨ ਨਿਕੋਬਾਰ ਦੀਪ ਦੀ ਸੈਲੂਲਰ ਜੇਲ੍ਹ ਕਦੇ ਮਨਹੂਸ ਸਮਝੀ ਜਾਂਦੀ ਸੀ, ਜਿੱਥੇ ਦੇਸ਼ ਭਗਤਾਂ ਨੂੰ ਰੱਖ ਕੇ ‘ਕਾਲੇ ਪਾਣੀ ਦੀ ਸਜ਼ਾ’ ਦਿੱਤੀ ਜਾਂਦੀ ਸੀ। ਇਸ ਨੂੰ ਹੁਣ ਕੌਮੀ ਵਿਰਾਸਤ ’ਚ ਤਬਦੀਲ ਕੀਤਾ ਗਿਆ। ਜੇਲ੍ਹ ਦੇ ਬਾਹਰ ਬਾਬਾ ਭਾਨ ਸਿੰਘ ਦਾ ਬੁੱਤ ਵੀ ਲੱਗਾ ਹੈ। ਜਿਨ੍ਹਾਂ ਦੀ ਬਦੌਲਤ ਗੱਦੀ ਮਿਲੀ, ਉਨ੍ਹਾਂ ਦਾ ਪੰਜਾਬ ਅੱਜ ਖੁਦ ਹੀ ‘ਕਾਲੇ ਪਾਣੀ ਦੀ ਸਜ਼ਾ’ ਤੋਂ ਘੱਟ ਨਹੀਂ। ਲੋਕ ਪੰਜਾਬ ’ਚ ਹੀ ਕਾਲੇ ਪਾਣੀਆਂ ਨਾਲ ਘੁਲ ਰਹੇ ਹਨ ਤੇ ਉਨ੍ਹਾਂ ਸਿਆਸੀ ਮਾਲਕ ਟਾਪੂਆਂ ’ਤੇ ਸੈਰ ਕਰ ਰਹੇ ਹਨ। ਬਾਬਾ ਭਾਨ ਸਿੰਘ ਦਾ ਬੁੱਤ ਇਨ੍ਹਾਂ ਨੂੰ ਦੇਖ ਕੇ ਜ਼ਰੂਰ ਲਾਹਨਤਾਂ ਪਾਉਂਦਾ ਹੋਵੇਗਾ।  ਸਿਹਤ ਮੰਤਰੀ ਬ੍ਰਹਮ ਮਹਿੰਦਰਾ ਮੰਨਦੇ ਹਨ ਕਿ ਪੰਜਾਬ ’ਚ ਕਾਲੇ ਪੀਲੀਏ ਦੇ 50 ਹਜ਼ਾਰ ਕੇਸ ਹਨ। ਮੁਫ਼ਤ ਇਲਾਜ ਦਾ ਦਾਅਵੇ ਵੀ ਕਰਦੇ ਹਨ। ਸੰਗਰੂਰ ਜ਼ਿਲ੍ਹੇ ਦੀ ਕਾਲੇ ਪੀਲੀਏ ਦੇ ਕਰੀਬ 7200 ਕੇਸਾਂ ਨਾਲ ਪੰਜਾਬ ਚੋਂ ਝੰਡੀ ਹੈ। ਪੰਜਾਬ ’ਚ 700 ਪੁਲੀਸ ਮੁਲਾਜ਼ਮ ਵੀ ਕਾਲੇ ਪੀਲੀਏ ਨੇ ਮੰਜੇ ਵਿਚ ਪਾਏ ਹਨ ਜਿਨ੍ਹਾਂ ਨੂੰ ਇਲਾਜ ਦੇ ਫ਼ੰਡਾਂ ਲਈ ਹਾਈਕੋਰਟ ਜਾਣਾ ਪਿਆ।
                 ਸ਼ਾਹਕੋਟ ਚੋਣ ਵੇਲੇ ਲੱਖਾ ਸਧਾਣਾ ਹੋਰੀਂ ਬੋਤਲਾਂ ’ਚ ਕਾਲਾ ਪਾਣੀ ਲੈ ਕੇ ਗਏ। ਜਿਨ੍ਹਾਂ ਨੂੰ ਕਾਲਾ ਪਾਣੀ ਦਿੱਖਦਾ ਨਹੀਂ, ਉਹ ਗੱਦੀ ’ਤੇ ਬੈਠ ਕੇ 25 ਰੁਪਏ ਲੀਟਰ ਵਾਲਾ ਪਾਣੀ ਖ਼ਜ਼ਾਨੇ ਚੋਂ ਪੀ ਰਹੇ ਹਨ। ਕਾਂਗਰਸ ਸਰਕਾਰ ਦਾ ਇਕੱਲੇ ਪਾਣੀ ਦਾ ਖਰਚਾ ਛੇ ਲੱਖ ਦਾ ਹੈ। ਇਵੇਂ ਗੱਠਜੋੜ ਸਰਕਾਰ ਨੇ ਪਹਿਲੀ ਪਾਰੀ ਦੌਰਾਨ 10.29 ਲੱਖ ਪੀਣ ਵਾਲੇ ਪਾਣੀ ’ਤੇ ਖ਼ਰਚੇ। ਪੰਜਾਬੀਆਂ ਨੇ ਜੂਠਾ ਤਾਂ ‘ਜਿਊਣੇ ਮੌੜ’ ਦਾ ਵੀ ਖਾਧਾ ਹੈ। ਬੱਸ, ਬਿਮਾਰੀਆਂ ਹੀ ਉੱਠਣ ਨਹੀਂ ਦਿੰਦੀਆਂ। ਬੱਚਿਆਂ ਦੇ ਵਾਲ ਐਵੇਂ ਚਿੱਟੇ ਨਹੀਂ ਹੋਏ। ਕਦੇ ਜਿਊਣੇ ਮੌੜ ਦੀ ਰੂਹ ਪੰਜਾਬ ’ਚ ਆਈ ਤਾਂ ਫਿਰ ਟਾਪੂਆਂ ’ਤੇ ਸੈਰਾਂ ਵਾਲਿਆਂ ਨੂੰ ਲੈਣੇ ਦੇ ਦੇਣੇ ਪੈ ਜਾਣਗੇ।




1 comment:

  1. ਬਾਈ ਜੀ ਤੁਸੀਂ ਖਿਲਾਂ ਦੀਆਂ ਗਲਾ ਕਰਦੇ ਹੋ!!! ਕੇਂਦਰ ਨੇ ਤਾ 1947 ਤੋ ਲੈ ਕੇ ਹੁਣ ਤਕ ਲਖਾ ਕਰੋੜਾ ਲੋਕਾ ਦੀ ਜੇਬ(ਕੇਂਦਰੀ ਖਜਾਨੇ ਵਿਚੋ) ਲੋਕਾ ਨੂ ਨਦੀਆ ਆਪ ਪ੍ਰਦੂਸ਼ਨ ਕਰਨ ਨੂ ਦਿਤਾ ਹੈ!!! ਕੋਈ ਨਾ ਕੋਈ ਕੁਭ ਦਾ ਮੇਲਾ ਤਾ ਹਰੇਕ ਸਾਲ ਆਇਆ ਹੀ ਰਹਿੰਦਾ ਹੈ - ਕਦੇ ਨਾਸਿਕ ਵਿਚ ਕਦੇ ਅਲਾਹਾਬਾਦ ਵਿਚ ਕਦੇ ਕਿਤੇ ਕਦੇ ਕਿਤੇ. ਗੂਗਲ ਕਰ ਕਿ ਕੇਂਦਰ ਕਿਨੇ ਪੈਸਾ ਦਿੰਦਾ ਹੈ - Rs22,000 ਹਜਾਰ ਕਰੋੜ ਤਾ ਜੋ ਲੋਕ ਗੰਗਾ ਦਾ ਪਾਣੀ ਜਾ ਕਰ ਪ੍ਰ੍ਦੂਸਤ ਕਰ ਆਓਣ. ਤੁਸੀਂ ਦੇਖਿਆ ਹੀ ਹੋਣਾ ਹੈ - ਜਦੋ ਆਪਾ ਪਸ਼ੂ ਛਪੜ ਤੇ ਨਹਾਓਣ ਲੈ ਕੇ ਜਾਂਦੇ ਸੀ ਤਾ ਉਥੇ ਕਿਨਾਰੇ ਦਾ ਕੀ ਹਾਲ ਹੁੰਦਾ ਸੀ - ਹਜਾਰਾ ਕਰੋੜਾ ਲੋਕ ਗੰਗਾ ਦਾ ਕੀ ਹਾਲ ਕਰਦੇ ਹੋਣੇ ਹਨ - ਵਿਚੇ ਹੀ ਮਲ ਮੂਤਰ ਤੇ ਪਤਾ ਨਹੀ ਕੀ ਕੁਝ ਹੋਰ!!! ਲੁਧਿਆਣਾ ਦੇ ਬੂਢ਼ੇ ਨਾਲੇ ਵਿਚ - industrial pollution ਹੀ ਨਹੀ - ਪੂਜਾ ਦੀ ਰਾਖ ਵੀ ਡੋਲੀ ਜਾਂਦੀ ਹੈ!!! ਓਹ ਸਮਝਦੇ ਹਨ ਕਿ ਸਾਡੀ ਰਾਖ ਐਨੀ ਪਿਵਤਰ ਹੈ ਕਿ ਇਸ ਨੂ ਪਾਣੀ ਵਿਚ ਸੁਟਣਾ ਹੈ!!!! ਹਿੰਦੂਆ ਨੂ ਕੋਣ ਹਟਵਾਏ? ਕਪਟੈਨ ਹਟਾ ਲਊ ਕਿ ਬਾਦਲ - ਇੱਕ ਵਾਰ ਬਾਦਲ ਨੇ bjp ਵਾਲੇ ਆਵਦੇ ਭਾਈਵਾਲਾ ਨਾਲ ਇਹ ਮੁਦਾ ਉਠਾਇਆ ਸੀ ਕਿ ਜੇ ਲੋਕ ਹੀ ਨਾ ਰਹੇ - ਤੇ ਗੋਸਨ ਵਰਗਿਆ ਦੀ skin ਤੇ ਕੋਈ ਫਰਕ ਨਹੀ ਪਿਆ - ਤੇ ਫਿਰ ਬਾਦਲ ਵੀ ਚੁਪ ਕਰ ਗਿਆ -

    ReplyDelete