Sunday, December 23, 2018

                                  ਵਿਚਲੀ ਗੱਲ
        ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ...
                                  ਚਰਨਜੀਤ ਭੁੱਲਰ
ਬਠਿੰਡਾ : ਮਾਇਆ ਨੂੰ ਲੱਤ ਰੂਪ ਚੰਦ ਹੀ ਮਾਰ ਸਕਦਾ ਸੀ। ਜਦੋਂ ਪੱਲੇ ਦਿਲ ਦੀ ਦੌਲਤ ਹੋਵੇ ਤਾਂ ਸਟੈਂਟ ਦੀ ਲੋੜ ਨਹੀਂ ਪੈਂਦੀ। ‘ਵਾਹਿਗੁਰੂ ਨੇ ਸਬਰ ਸੰਤੋਖ ਬਖ਼ਸ਼ਿਆ, ਹੱਥ ਕਿਰਤ ਲਈ ਦਿੱਤੇ ਨੇ, ਕਿਸੇ ਅੱਗੇ ਅੱਡਣ ਲਈ ਨਹੀਂ। ’ ਏਦਾਂ ਦੇ ਖ਼ਿਆਲ ਰੱਖਦੈ ਮਜ਼ਦੂਰ ਰੂਪ ਚੰਦ। ਦੌਲਤਮੰਦ ਤੇ ਅਮੀਰੀ ਵਿਚਲਾ ਫ਼ਰਕ ਦੱਸਣ ਲਈ ਕਾਮੇ ਰੂਪ ਚੰਦ ਦਾ ਇੱਕੋ ਵਾਕਿਆ ਕਾਫ਼ੀ ਹੈ। ਮੌੜ ਚੜ੍ਹਤ ਸਿੰਘ ਵਾਲਾ (ਬਠਿੰਡਾ) ਦੇ ਇਸ ਮਜ਼ਦੂਰ ਦੇ ਘਰ ਨੂੰ ਇੱਕ ਬੱਕਰੇ ਦੀ ਠੱਗੀ ਨੇ ਹਿਲਾ ਕੇ ਰੱਖ ਦਿੱਤਾ। ਉਸ ਤੋਂ ਵੱਡਾ ਹਲੂਣਾ ਰੂਪ ਚੰਦ ਦਾ ਇਮਾਨ ਦੇ ਗਿਆ। ਮੌੜ ਦਾ ਕਸਾਈ ਹੱਥ ਤੇ ਹੱਥ ਮਾਰ ਕੇ ਰੂਪ ਚੰਦ ਦੇ ਮਾਪਿਆਂ ਤੋਂ ਬੱਕਰਾ ਲੈ ਗਿਆ। ਪੰਜ ਹਜ਼ਾਰ ਦੇ ਬੱਕਰੇ ਦੇ ਪੰਜ ਸੌ ਦੇ ਕੇ ਪੱਤਰੇ ਵਾਚ ਗਿਆ। ਮਜ਼ਦੂਰ ਨੇ ਬੱਕਰੇ ਦੀ ਕਮਾਈ ਤੋਂ ਕਈ ਸੁਪਨੇ ਵੇਖੇ ਸਨ। ਕਸਾਈ ਪਿੱਛੇ ਚੱਕਰ ਕੱਟਦਾ ਰਿਹਾ। ਪੁਲੀਸ ਕੋਲ ਗੇੜੇ ਮਾਰੇ। ਹੋਈ ਜੱਗੋਂ ਤੇਰ੍ਹਵੀਂ ਬਾਰੇ ਅਖੀਰ ਮੀਡੀਆ ਨੂੰ ਵੀ ਦੱਸਿਆ। ਕਿਧਰੋਂ ਢਾਰਸ ਨਾ ਮਿਲੀ। ਬਾਪ ਤਣਾਓ ਕਰਕੇ ਹਸਪਤਾਲ ਲਿਜਾਣਾ ਪਿਆ, ਸੱਜ ਵਿਆਹੀ ਭਰਜਾਈ ਕਲੇਸ਼ ’ਚ ਪੇਕੇ ਤੁਰ ਗਈ। ਰੂਪ ਚੰਦ ਦੀ ਦਿਹਾੜੀ ਛੁੱਟ ਗਈ। ‘ਪੰਜਾਬੀ ਟ੍ਰਿਬਿਊਨ’ ਨੇ ਬੱਕਰੇ ਵਾਲੇ ਦੀ ਬਾਂਹ ਫੜੀ। ਖ਼ਬਰ ਪੜ੍ਹ ਕੇ ਕੈਲੀਫੋਰਨੀਆਂ ਤੋਂ ਫ਼ੋਨ ਆਇਆ‘ ‘ ਮੈਂ ਚੰਡੀਗੜ੍ਹ ਪੁਲੀਸ ਦਾ ਸਾਬਕਾ ਮੁਲਾਜ਼ਮ ਜਸਵੀਰ ਸਿੰਘ ਬੋਲਦਾ, ਬੱਕਰੇ ਵਾਲੇ ਦੀ ਮਦਦ ਲਈ ਪੰਜ ਹਜ਼ਾਰ ਭੇਜਣੇ ਨੇ’ । ਜਸਵੀਰ ਦਾ ਬੱਕਰੇ ਵਾਲੇ ਨਾਲ ਰਾਬਤਾ ਕਰਾ ਦਿੱਤਾ। ‘ਗ਼ਰੀਬਾਂ ਦੇ ਬੈਂਕ ਖਾਤੇ ਕਿਥੇ ਸਾਹਿਬ’, ਰੂਪ ਚੰਦ ਦੇ ਇਹ ਦੱਸਣ ਮਗਰੋਂ ਜਸਵੀਰ ਨੇ ਬਦਲਵਾਂ ਪ੍ਰਬੰਧ ਬਾਰੇ ਸੋਚਿਆ।
         ਉਧਰੋਂ ਮੌੜ ਥਾਣੇ ਤੋਂ ਇੱਕ ਮੁਲਾਜ਼ਮ ਨੇ ਫ਼ੋਨ ’ਤੇ ਦੱਸਿਆ ‘ਅੌਹ ਸਾਹਮਣੇ ਕਸਾਈ ਹਵਾਲਾਤ ਤਾੜਿਆ ਪਿਐ’। ਮੋਗਾ ਜ਼ਿਲ੍ਹੇ ਤੋਂ ਇੱਕ ਵਕੀਲ ਨੇ ਰੂਪ ਚੰਦ ਨੂੰ ਸੁਨੇਹਾ ਘੱਲਿਆ ਕਿ ‘ਅਦਾਲਤ ’ਚ ਲੜਾਂਗਾ ਤੇਰਾ ਕੇਸ ਮੁਫ਼ਤ, ਕਿਧਰੇ ਨਾ ਜਾਈਂ’। ਕੈਲੀਫੋਰਨੀਆਂ ਵਾਲੇ ਜਸਵੀਰ ਦੇ ਪੰਜ ਹਜ਼ਾਰ ਹਾਲੇ ਰਸਤੇ ’ਚ ਹੀ ਸਨ। ਮੌੜ ਵਾਲਾ ਕਸਾਈ ਬੱਕਰੇ ਦੀ ਪੂਰੀ ਰਕਮ ਰੂਪ ਚੰਦ ਨੂੰ ਫੜਾ ਗਿਆ। ਦੂਸਰੇ ਦਿਨ ਜਦੋਂ ਜਸਵੀਰ ਦੇ ਰਿਸ਼ਤੇਦਾਰ ਨੇ ਪੰਜ ਹਜ਼ਾਰ ਦੇਣੇ ਚਾਹੇ ਤਾਂ ਰੂਪ ਚੰਦ ਨੇ ਹੱਥ ਜੋੜ ਕੇ ਲੈਣੋਂ ਨਾਂਹ ਕਰ ਦਿੱਤੀ। ਬੜੇ ਮਿੰਨਤ ਤਰਲੇ ਕੀਤੇ, ਰੂਪ ਚੰਦ ਨਾ ਮੰਨਿਆ। ਧੰਨਵਾਦ ਕਰਦਾ ਰਿਹਾ, ਪਰ ਬਾਹਰੋਂ ਆਏ ਪੈਸੇ ਨਾ ਲਏ। ਰੂਪ ਚੰਦ ਆਖਦਾ ਹੈ ਕਿ ਮੈਨੂੰ ਹੱਕ ਮਿਲ ਗਿਆ, ਕਿਸੇ ਦਾ ਕਿਉਂ ਖਾਵਾਂ। ਟਰਾਂਟੋ ਦੇ ਇੱਕ ਦਾਨੀ ਸੱਜਣ ਨੂੰ ਵੀ ਬੱਕਰੇ ਵਾਲੇ ਨੇ ਬਾਂਹ ਨਾ ਫੜਾਈ। ਮੈਨੂੰ ਦੌਲਤਮੰਦ ਲੀਡਰਾਂ ਤੋਂ ਰੂਪ ਚੰਦ ਕਿਤੇ ਵੱਧ ਅਮੀਰ ਜਾਪਿਆ। ਗ਼ਰੀਬ ਨੂੰ ਕੋਈ ਵੀ ਬਿਮਾਰੀ ਘੇਰ ਸਕਦੀ ਹੈ ਪਰ ਸਟੈਂਟ ਪਾਉਣ ਦੀ ਨੌਬਤ ਟਾਵੀਂ ਆਉਂਦੀ ਹੈ। ਪੰਜਾਬ ਦੇ ਦੋ ਦਰਜਨ ਦੇ ਕਰੀਬ ਵਿਧਾਇਕਾਂ/ਸਾਬਕਾ ਵਿਧਾਇਕਾਂ ਨੇ ਸਰਕਾਰੀ ਖ਼ਜ਼ਾਨੇ ਦੇ ਪੈਸੇ ਨਾਲ ਦਿਲ ਦਾ ਇਲਾਜ ਕਰਾਇਆ। ਵੱਡੇ ਬਾਦਲ ਤਾਂ ਸਰਕਾਰ ਬਦਲਣ ਤੋਂ ਐਨ ਪਹਿਲਾਂ ਅਮਰੀਕਾ ਚੋਂ 90 ਲੱਖ ਦਾ ਇਲਾਜ ਕਰਾ ਕੇ ਆਏ ਹਨ। ਖ਼ਜ਼ਾਨੇ ਨੇ ਪੂਰਾ ਭਾਰ ਚੁੱਕਿਆ।
                   ਸਰਾਏਨਾਗੇ ਵਾਲੇ ਮਰਹੂਮ ਵਿਧਾਇਕ ਕੰਵਰਜੀਤ ਸਿੰਘ ਦੇ ਅਮਰੀਕੀ ਇਲਾਜ ਤੇ ਖ਼ਜ਼ਾਨੇ ਚੋਂ 3.43 ਕਰੋੜ ਖ਼ਰਚੇ ਗਏ। ਇੱਥੋਂ ਤੱਕ ਵਿਧਾਇਕ ਸੁਖਪਾਲ ਭੁੱਲਰ ਨੇ ਤਾਂ ਮਹਿਜ਼ 1750 ਰੁਪਏ ਦਾ ਬਿੱਲ ਵੀ ਖ਼ਜ਼ਾਨੇ ਚੋਂ ਲੈ ਲਿਆ। ਵੱਡੇ ਘਰਾਂ ਦੇ ਭੋਗਾਂ ’ਤੇ ਤਾਂ ਲੰਗਰ ਵੀ ਸ਼੍ਰੋਮਣੀ ਕਮੇਟੀ ਲਾ ਦਿੰਦੀ ਹੈ। ਭੁੱਚੋ ਇਲਾਕੇ ’ਚ ਇੱਕ ਵਾਰੀ ਵੱਡੇ ਘਰ ਦੇ ਲੰਗਰ ਵਾਸਤੇ ਪਿੰਡਾਂ ਚੋਂ ਕਣਕ ਇਕੱਠੀ ਕੀਤੀ ਗਈ ਸੀ। ਰੂਪ ਚੰਦ ਆਖਦਾ ਹੈ ਕਿ ‘ ਮਾਲਕ ਨੇ ਸਬਰ ਸੰਤੋਖ ਤੋਂ ਬਿਨਾਂ ਇਨ੍ਹਾਂ ਨੂੰ ਸਭ ਕੱੁਝ ਦਿੱਤਾ।’  ਜਿਨ੍ਹਾਂ ਦੇ ਦਿਲਾਂ ’ਚ ਖੋਟ ਹੁੰਦਾ, ਉਹ ਨੇਤਾ ਪੁਲ ਨਹੀਂ ਬਣਾਉਂਦੇ। ਪੁਲ ਤਾਂ ਪਠਾਨਕੋਟ ਦਾ ਅਪਾਹਜ ਭਿਖਾਰੀ ਰਾਜੂ ਹੀ ਬਣਾ ਸਕਦਾ ਹੈ। ਭੀਖ ਦੀ ਜਮਾਂ ਪੂੰਜੀ ਨਾਲ ਉਸ ਨੇ  ਛੋਟਾ ਪੁਲ ਬਣਾ ਦਿੱਤਾ ਜੋ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਸੀ। ਬਿਹਾਰ ਦੇ ਮਜ਼ਦੂਰ ਦਸ਼ਰਥ ਮਾਝੀ ਨੂੰ ਸਭ ਤੋਂ ਵੱਡਾ ਸਲਾਮ। ਪੰਜ ਬੱਕਰੀਆਂ ਵੇਚ ਕੇ ਹਥੌੜੇ ਤੇ ਸੈਣੀਆਂ ਖ਼ਰੀਦੀਆਂ। ਲਾ ਲਿਆ ਸਿੱਧਾ ਪਹਾੜ ਨਾਲ ਮੱਥਾ। ਪੂਰੇ 22 ਵਰ੍ਹਿਆਂ ’ਚ ਪਹਾੜ ਨੂੰ ਚੀਰ ਕੇ ਰਸਤਾ ਬਣਾ ਦਿੱਤਾ। 75 ਕਿੱਲੋਮੀਟਰ ਦਾ ਸਫ਼ਰ 15 ਕਿੱਲੋਮੀਟਰ ਦਾ ਰਹਿ ਗਿਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ‘ਮਾਊਂਟਨ ਮੈਨ’ ਆਖ ਕੇ ਆਪਣੀ ਕੁਰਸੀ ਤੇ ਬਿਠਾਇਆ। ਤੋਹਫ਼ੇ ਵਿਚ ਪੰਜ ਏਕੜ ਜ਼ਮੀਨ ਦੇ ਦਿੱਤੀ। ਧੰਨ ਏਡਾ ਜਿਗਰਾ ਮਾਝੀ ਦਾ ਜਿਸ ਨੇ ਤੋਹਫ਼ੇ ’ਚ ਮਿਲੀ ਪੂਰੀ ਜ਼ਮੀਨ ਉਦੋਂ ਹੀ ਹਸਪਤਾਲ ਨੂੰ ਦਾਨ ਕਰ ਦਿੱਤੀ।
                 ਭਾਵੇਂ ਅੱਜ ਮਾਝੀ ਨਹੀਂ ਰਿਹਾ, ਪੱਥਰ ਦਿਲ ਲੋਕਾਂ ਨੂੰ ਦੱਸ ਗਿਆ, ਦੌਲਤਮੰਦ ਕੌਣ ਹੁੰਦਾ ਹੈ। ਅਬਦੁਲ ਸੱਤਾਰ ਈਦੀ ਵਾਲੀ ਸੇਵਾ ਕਿਸੇ ਭਾਗਾਂ ਵਾਲੇ ਨੂੰ ਮਿਲਦੀ ਹੈ। ਬਠਿੰਡੇ ਦਾ ਵਿਜੇ ਚਾਚਾ (ਸਹਾਰਾ ਜਨ ਸੇਵਾ) ਬੇਸਹਾਰਿਆਂ ਦੇ ਸਿਰਾਂ ਚੋਂ ਕੀੜੇ ਕੱਢਦਾ ਬੁੱਢਾ ਹੋ ਗਿਆ ਹੈ।  ਕਦੇ ਸੁਣਿਐ ਕਿ ਕਿਸੇ ਵੱਡੇ ਨੇਤਾ ਨੇ ਖ਼ੂਨਦਾਨ ਕੀਤਾ ਹੋਵੇ, ਸਰੀਰਦਾਨ ਕੀਤਾ ਹੋਵੇ, ਕੋਈ ਅੰਗਦਾਨ ਕੀਤਾ ਹੋਵੇ। ਵਿਰਲੇ ਲੀਡਰਾਂ ਹੀ ਜ਼ਮੀਰ ਦੇ ਆਖੇ ਲੱਗਦੇ ਨੇ। ਗੋਨਿਆਣਾ ਮੰਡੀ ਦਾ ਅਪਾਹਜ ਮਜ਼ਦੂਰ ਮਹਾਂਵੀਰ ਪ੍ਰਸ਼ਾਦ ਪੰਜਾਹ ਵਰ੍ਹਿਆਂ ਦਾ ਹੈ, 60 ਵਾਰ ਖ਼ੂਨਦਾਨ ਕਰ ਚੁੱਕਾ। ਉਸ ਨੂੰ ਸਭ ਛੱਡ ਗਏ, ਮਹਾਂਵੀਰ ਨੇ ਹੌਸਲਾ ਨਹੀਂ ਛੱਡਿਆ। ਸੋਨੂੰ ਲਲਾਰੀ ਸਿਰ ਅੰਤਾਂ ਦਾ ਕਰਜ਼ ਹੈ। ਖ਼ੂਨਦਾਨ ਕਰਨੋਂ ਨਹੀਂ ਖੁੰਝਦਾ। ਦਿਲਾਂ ਵਿਚ ਉਹੀ ਵੱਸਦੇ ਨੇ, ਜੋ ਵੰਡਦੇ ਨੇ। ਸਬਰ ਸੰਤੋਖ ਵਾਲਾ ਸੌ ਗੁਣਾ ਚੰਗਾ ਹੈ, ਜੋ ਸਿਆਸੀ ਲੋਕਾਂ ਵਾਂਗੂ ਵਿਕਦਾ ਤਾਂ ਨਹੀਂ। ਲਾਲ ਬੱਤੀਆਂ ਵਾਲੇ ਤਾਂ ਜਨਤਾ ਨੂੰ ਬਲੀ ਦਾ ਬੱਕਰਾ ਬਣਾਉਣ ਹੀ ਜਾਣਦੇ ਹਨ, ਇਹ ਭੁੱਲ ਹੀ ਬੈਠੇ ਹਨ ਕਿ ਬੱਕਰੇ ਦੀ ਮਾਂ ਕਦ ਤੱਕ ਖ਼ੈਰ ਮਨਾਉਗੀ।



1 comment:

  1. ਧੌਲੁ ਧਰਮੁ ਦਇਆ ਕਾ ਪੂਤੁ ॥
    ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਸ਼੍ਰੀ ਗੁਰੂ ਨਾਨਕ ਦੇਵ ਜੀ

    ਦੁਨੀਆ ਇਨਾ ਦੇ ਸ਼ਿਰ ਤੇ ਖੜੀ ਹੈ ਨਹੀ ਤਾ ਸਭ ਵੇਚ ਵੱਟ ਕੇ ਖਾ ਜਾਣ!!!

    ReplyDelete