Sunday, December 30, 2018

                                                              ਵਿਚਲੀ ਗੱਲ
                     ਖਾਮੋਸ਼ ਮੇਰੇ ਨੰਦ ਕਿਸ਼ੋਰ, ਮਹਾਰਾਜਾ ਆਰਾਮ ਫ਼ਰਮਾ ਰਹੇ ਨੇ
                                                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਹੁਣ ਪ੍ਰਸ਼ਾਂਤ ਕਿਸ਼ੋਰ ਨੂੰ ਲੱਭ ਰਿਹਾ ਹੈ। ਉਂਜ, ਛੇਤੀ ਕਿਤੇ ਪੰਜਾਬ ਦਾ ‘ਮਹਾਰਾਜਾ’ ਵੀ ਨਹੀਂ ਲੱਭਦਾ। ਪ੍ਰਸ਼ਾਂਤ ਕਿਸ਼ੋਰ ਤਾਂ ਦੂਰ ਦੀ ਗੱਲ। ਪ੍ਰਸ਼ਾਂਤ ਨੇ ‘ਕਿੰਗ ਸਾਈਜ਼’ ਐਲਾਨ ਕਰਾਏ, ਜਿਉਂ ਚੋਣਾਂ ਖ਼ਤਮ ਹੋਈਆਂ, ਮੁੱਠੀ ਗਰਮ ਕੀਤੀ, ਵਾਚ ਗਿਆ ਪੱਤਰੇ। ਜਵਾਨੀ ‘ਘਰ ਘਰ ਰੁਜ਼ਗਾਰ’ ਦਾ ਸੱਚ ਤੇ ਕਿਸਾਨੀ ਬਲਦੇ ਸਿਵੇ ਦਿਖਾਉਣਾ ਚਾਹੁੰਦੀ ਹੈ। ਤਾਹੀਓ ਪੁੱਛ ਰਹੇ ਨੇ ‘ਕਿਧਰੇ ਪ੍ਰਸ਼ਾਂਤ ਕਿਸ਼ੋਰ ਤਾਂ ਨਹੀਂ ਦੇਖਿਆ’। ਸਿਆਸੀ ਠੱਗ ਪ੍ਰਸ਼ਾਂਤ ਕਿਸ਼ੋਰ ਨਾਲੋਂ ਤਾਂ ਸੁਰਜੀਤ ਪਾਤਰ ਦਾ ‘ਨੰਦ ਕਿਸ਼ੋਰ’ ਕਿਤੇ ਚੰਗਾ ਹੈ। ਇੱਕ ਬਜ਼ੁਰਗ ਦੀ ਇਹ ਟਿੱਪਣੀ ਸਹੀ ਜਾਪੀ ‘ਇੱਕ ਘਰੋਂ ਨੀਂ ਨਿਕਲਦਾ, ਇੱਕ ਘਰੇ ਨਹੀਂ ਟਿਕਦਾ’। ਪੌਣੇ ਦੋ ਵਰੇ੍ਹ ਲੰਘ ਚੱਲੇ ਹਨ, ਮੁੱਖ ਮੰੰਤਰੀ ਨੇ 85 ਵਿਧਾਨ ਸਭਾ ਹਲਕਿਆਂ ’ਚ ਹਾਲੇ ਪੈਰ ਨਹੀਂ ਪਾਇਆ। ਹੁਣ ਪੰਜਾਬ ਦੇ ਨੰਦ ਕਿਸ਼ੋਰ ਕਿਧਰ ਜਾਣ। ਪੁਰਖਿਆਂ ਦੇ ਪਿੰਡ ਮਹਿਰਾਜ ਵਾਲੇ ਕੱਚੇ ਹੁੰਦੇ ਆਖਦੇ ਨੇ ‘ ਮਹਾਰਾਜਾ ਸਾਹਬ ਦੀ ਤਾਂ ਸਿਹਤ ਠੀਕ ਨਹੀਂ’। ਯਾਦ ਕਰੋ, ਜਿਸ ਮਹਿਰਾਜ ਤੋਂ ਚੋਣ ਮੁਹਿੰਮ ਵਿੱਢੀ, ਹੁਣ ਉਹੀ ਮਹਿਰਾਜ ਦੂਰ ਹੋ ਗਿਆ। ਇੱਕ ਕਾਂਗਰਸੀ ਦੀ ਟਿੱਚਰ ਸੁਣੋ  ‘ਮਹਿਰਾਜ ਨਾਲੋਂ ਤਾਂ ਮੋਹਾਲੀ ਤੇ ਮਨਾਲੀ ਨੇੜੇ ਪੈਂਦੇ ਨੇ’। ਟਿੱਚਰਾਂ ਵਾਲਿਆਂ ’ਚ ਅੱਗਾ ਢੁਕਾਉਣ ਦੀ ਹਿੰਮਤ ਕਿਥੇ। ਵਰ੍ਹਾ 2018 ਦੀ ਟਿੱਕੀ ਛਿਪੀ ਹੈ। ਇੱਕ ਦਿਨ ਮਗਰੋਂ ਨਵਾਂ ਵਰ੍ਹਾ ਚੜੇ੍ਹਗਾ। ਵੱਡੇ ਚੋਣ ਦੰਗਲ ਵਾਲਾ ਵਰ੍ਹਾ। ਪੰਜਾਬ ਕਾਹਲਾ ਨਾ ਪਵੇ, ਚੋਣਾਂ ਨੇੜੇ ਮਹਾਰਾਜੇ ਦੇ ਦਰਸ਼ਨ ਵੀ ਕਰ ਲਵੇ। ਕੈਪਟਨ ਨੂੰ ਤਾਂ ਹਾਲੇ ਤਿੰਨ ਸੂਬਿਆਂ ਦੀ ਕਾਂਗਰਸੀ ਜਿੱਤ ਦਾ ਨਿੱਘ ਹੈ। ਜਿਨ੍ਹਾਂ ਨੰਦ ਕਿਸ਼ੋਰਾਂ ਦੇ ਘਰਾਂ ਦੇ ਚੁੱਲ੍ਹੇ ਠਰੇ ਨੇ, ਉਹ ਹੀ ਹੁਣ ਲੱਭ ਰਹੇ ਨੇ ਪ੍ਰਸ਼ਾਂਤ ਕਿਸ਼ੋਰ ਨੂੰ।
                  ਨਵੇਂ ਵਰੇ੍ਹ ਤੇ ਸੱਜਣ ਕੁਮਾਰ ਦਾ ਝੰਬਿਆਂ ਰਾਹੁਲ ਗਾਂਧੀ ਇਕੱਲੀ ਇਕੱਲੀ ਸੀਟ ਗਿਣੇਗਾ। ਇੱਧਰ ਸੁਖਪਾਲ ਮਾਣਕ ਲਈ ਕੋਈ ਵਰ੍ਹਾ ਨਵਾਂ ਨਹੀਂ। ਨਾ ਹੀ ਉਹ ਸੀਟਾਂ ਗਿਣਦਾ ਹੈ। ਕੌਣ ਸਲਫਾਸ ਖਾ ਗਿਆ,ਸੁਹਾਗ ਚੂੜਾ ਕਿਸ ਦਾ ਟੁੱਟ ਗਿਆ,ਕਿਹੜਾ ਰੇਲ ਅੱਗੇ ਕੁੱਦ ਗਿਆ,ਕਿਸ ਧੀ ਦੀ ਡੋਲੀ ਰੁਲ ਗਈ,ਸੰਗਰੂਰ ਦੇ ਪਿੰਡ ਕਣਕਵਾਲ ਵੱਡੀ ਦਾ ਸੁਖਪਾਲ ਦਿਨ ਚੜ੍ਹਦੇ ਹੀ ਅਖ਼ਬਾਰ ਫਰੋਲਦਾ ਹੈ। ਫਿਰ ਹਰ ਖ਼ੁਦਕੁਸ਼ੀ ਨੂੰ ਗਿਣਦਾ ਹੈ। ਸੁਖਪਾਲ ਨੇ ਰਜਿਸਟਰ ਖ਼ੋਲ ਕੇ ਦੱਸਿਆ ਕਿ ‘ ਵਰ੍ਹਾ 2018 ’ਚ ਇੱਕ ਹਜ਼ਾਰ ਕਿਸਾਨ ਮਜ਼ਦੂਰ ਖ਼ੁਦਕੁਸ਼ੀ ਕਰ ਗਏ’। ਜਿਨ੍ਹਾਂ ਦੇ ਘਰਾਂ ’ਚ ਸੱਥਰ ਵਿਛ ਗਏ, ਉਨ੍ਹਾਂ ਦਾ ਘਾਟਾ ਕੌਣ ਪੂਰਾ ਕਰੇਗਾ। ਸੁਆਲ ਚੋਣਾਂ ਮੌਕੇ ਪੁੱਛਣ ਵਾਲਾ ਹੈ। ਫਿਲਹਾਲ ਮਹਾਰਾਜਾ ਅਰਾਮ ਫਰਮਾ ਰਹੇ ਨੇ।  ਕੈਪਟਨ ਦੀ ਕਰਜ਼ਾ ਮੁਆਫ਼ੀ ਢਾਰਸ ਹੈ, ਹੱਲ ਨਹੀਂ। ਮੌਕੇ ਦਾ ਗਵਾਹ ਹੈ ਸੁਖਪਾਲ ਦਾ ਰਜਿਸਟਰ। ਪਿੰਡ ਮਾੜੀ (ਬਠਿੰਡਾ) ਦੀ ਬਚਨੋਂ ਬੁੜ੍ਹੀ ਨੱਬੇ ਵਰ੍ਹਿਆਂ ਦੀ ਹੈ। ਚਾਰ ਪੁੱਤ ਤੇ ਚਾਰ ਏਕੜ ਜ਼ਮੀਨ ਹੱਥੋਂ ਕਿਰ ਗਈ। ਦੋ ਮੁੰਡੇ ਸਲਫਾਸ ਖਾ ਗਏ, ਇੱਕ ਰੇਲ ਮੂਹਰੇ ਕੁੱਦ ਗਿਆ ਤੇ ਇੱਕ ਨਹਿਰ ’ਚ ਛਾਲ ਮਾਰ ਗਿਆ। ਬਚਨੋਂ ਬੁੜ੍ਹੀ ਆਖਦੀ ਹੈ ‘ ਏਹਨਾਂ ਚਾਰਾਂ ਨੇ ਤਾਂ ਮੋਢਾ ਦੇਣਾ ਸੀ, ਹੁਣ ਮੇਰੀ ਅਰਥੀ ਕੌਣ ਚੱਕੂ’।
                 ਪਿੰਡ ਅਕਲੀਆ (ਮਾਨਸਾ) ’ਚ ਜਾ ਕੇ ਪੁੱਛੋ ਕਿ ਚਾਰ ਜੀਅ ਕੈਂਸਰ ਨਾਲ ਚਲੇ ਜਾਣ ਤਾਂ ਪਿੱਛੇ ਪਰਿਵਾਰ ’ਤੇ ਕੀ ਬੀਤਦੀ ਹੈ। ਪਰਿਵਾਰ ਮੁਖੀ ਮਹਿੰਦਰ ਸਿੰਘ ਬਿਮਾਰੀ ਨੇ ਪਹਿਲਾਂ ਤੋਰ ਦਿੱਤਾ। ਮਗਰੋਂ ਚਾਰ ਜੀਅ ਕੈਂਸਰ ਨੇ ਦਬੋਚ ਲਏ। ਪਿੱਛੇ ਦੋ ਏਕੜ ਜ਼ਮੀਨ ਤੇ ਪੋਤਾ ਕਾਲਾ ਸਿੰਘ ਬਚਿਆ ਹੈ। ਹੁਣ ਕਾਲਾ ਸਿੰਘ ਨਾਲ ਜ਼ਿੰਦਗੀ ਕਲੀ ਜੋਟਾ ਖੇਡ ਰਹੀ ਹੈ। ਆਓ ਹੁਣ ਪਿੰਡ ਬਾਦਲ ਚੱਲਦੇ ਹਾਂ ਜਿਥੇ ਵੱਡੇ ਬਾਦਲ ਦੀ ਨਜ਼ਰ ਪੰਜਾਬ ਦੀ ਧਾਰ ’ਤੇ ਟਿਕੀ ਹੋਈ ਹੈ।  ਉਨ੍ਹਾਂ ਹੁਣ ਵੀ ਟਿਕ ਕੇ ਨਹੀਂ ਬੈਠਣਾ ਸੀ, ਬਸ਼ਰਤੇ ਬੇਅਦਬੀ ਵਾਲਾ ਸੇਕ ਨਾ ਲੱਗਾ ਹੁੰਦਾ। ਪੰਜਾਬ ਦੇ ਲੋਕਾਂ ਦਾ ਗ਼ੱੁਸਾ ਹਾਲੇ ਠੰਢਾ ਨਹੀਂ ਹੋਇਆ। ਜੋੜਾ ਘਰ ’ਚ ਕੀਤੀ ਸੇਵਾ ਵੀ ਕਿਸੇ ਕੰਮ ਨਹੀਂ ਆਈ। ਜਦੋਂ ਰਾਜਭਾਗ ਸੀ, ਉਦੋਂ ਤਾਂ ਬਾਦਲਾਂ ਦਾ ਹੈਲੀਕਾਪਟਰ ਭੋਗਾ ਵਿਆਹਾਂ ’ਤੇ ਵੀ ਊਰੀ ਵਾਂਗੂ ਘੁੰਮਦਾ ਸੀ। ਤਾਹੀਓਂ ਕੈਗ ਵਾਲੇ ਪੁੱਛਦੇ ਨੇ ‘ਬਾਲਾਸਰ ਕਾਹਤੋਂ ਗਿਆ ਹੈਲੀਕਾਪਟਰ’। ‘ਚਲੋ ਛੱਡੋ ਜੀ, ਆਖ ਕੇ ਤੁਰਦੇ ਕਿਵੇਂ ਬਣਨਾ’ ਇਹ ਕੋਈ ਬਾਦਲ ਤੋਂ ਸਿੱਖੇ। ਅੱਗੇ ਫਿਰ ਤੁਰਦੇ ਹਾਂ। ਪਹਿਲਾਂ ਵੱਡੇ ਬਾਦਲ ਵੱਲੋਂ ਖੁਦ ਇੱਕ ਸਮਾਗਮ ’ਚ ਸੁਣਾਈ ਗੱਲ ਸਾਂਝੀ ਕਰਦੇ ਹਾਂ। ਜਦੋਂ ਬਾਦਲ ਮੁੱਖ ਮੰਤਰੀ ਸਨ ਤਾਂ ਉਦੋਂ ਲੰਬੀ ਹਲਕੇ ਦਾ ਇੱਕ ਮਾੜਕੂ ਜੇਹਾ ਨੌਜਵਾਨ ਪੇਸ਼ ਹੋਇਆ ‘ਬਾਦਲ ਸਾਹਬ, ਭਰਤੀ ਖੁੱਲ੍ਹੀ ਐ, ਸਿਪਾਹੀ ਭਰਤੀ ਕਰਾ ਦਿਓ।’ ਬਾਦਲ ਬੋਲੇ ‘ਕਾਕਾ, ਥੋਡੀ ਸਿਪਾਹੀ ਵਾਲੀ ਪ੍ਰਸਨੈਲਟੀ ਨਹੀਂ, ਕਿਤੇ ਹੋਰ ਦੇਖੋ’ ।
                  ਥੋੜੇ੍ਹ ਸਮੇਂ ਮਗਰੋਂ ਚੋਣਾਂ ਸਨ। ਅੱਗਿਓਂ ਚੋਣ ਪ੍ਰਚਾਰ ’ਚ ਉਹੀ ਮਾੜਕੂ ਜੇਹਾ ਨੌਜਵਾਨ ਟੱਕਰ ਗਿਆ। ਬਾਦਲ ਹੱਥ ਜੋੜ ਕੇ ਆਖਣ ਲੱਗੇ ‘ਕਾਕਾ ਜੀ, ਵੋਟਾਂ ਪਾਇਓ’, ਅੱਗਿਓ ਨੌਜਵਾਨ ਕਹਿੰਦਾ ‘ ਬਾਦਲ ਸਾਹਬ , ਸਾਡੀ ਤਾਂ ਪ੍ਰਸਨੈਲਟੀ ਨਹੀਂ, ਕਿਤੇ ਹੋਰ ਲੈ ਲਓ ਵੋਟਾਂ’। ‘ਚਲੋ ਛੱਡੋ ਕਾਕਾ ਜੀ’ ਆਖ ਕੇ ਬਾਦਲ ਅੱਗੇ ਤੁਰਦੇ ਬਣੇ। ਬਾਦਲ ਕਿਸੇ ਨੂੰ ਕੁੱਝ ਵੀ ਆਖਣ, ਕਿਸੇ ਦੀ ਪ੍ਰਸਨੈਲਟੀ ’ਤੇ ਹੁਣ ਕੋਈ ਟਿੱਪਣੀ ਨਹੀਂ ਕਰਦੇ। ਵੈਸੇ ਹੁਣ ਤਾਂ ਮਾਹੌਲ ਵੀ ਬਾਦਲਾਂ ਲਈ ਹਾਲੇ ਸੁਖਾਵਾਂ ਨਹੀਂ। ਬੇਅਦਬੀ ਰੋਹ ਨੇ ਐਤਕੀਂ ਬਾਦਲ ਦੀ ਚੁੱਪ ਦੀ ਸਿਆਸਤ ਵੀ ਛਿੱਥੀ ਪਾ ਦਿੱਤੀ ਹੈ। ‘ਠੰਢੇ ਬੁਰਜ’ ਦਾ ਖ਼ਿਆਲ ਕੀਤਾ ਹੁੰਦਾ ਤਾਂ ਸ਼ਾਇਦ ਵਿਰੋਧੀ ਧਿਰ ਵਾਲੀ ਕੁਰਸੀ ਨਾ ਖੱੁਸਦੀ। ਅੱਗੇ ਚੋਣਾਂ ਹਨ। ਰਾਹੁਲ ਗਾਂਧੀ ਮੁੜ ਫਿਰ ਸੱਥਰਾਂ ’ਤੇ ਬੈਠਣ ਜਾਏਗਾ। ਜਿਨ੍ਹਾਂ ਦੇ ਆਲੂ ਰੁਲ ਗਏ, ਉਨ੍ਹਾਂ ਦੀ ਗੱਲ ਅਕਾਲੀ ਕਰਨਗੇ। ਆਟਾ ਦਾਲ ਦਾ ਚੋਗ਼ਾ ਪਾਉਣਗੇ, ਪੈਨਸ਼ਨਾਂ ਵੰਡਣਗੇ, ਮੁਆਵਜ਼ਾ ਦੇਣਗੇ, ਲੋਕਾਂ ਨੂੰ ਅੌਕਾਤ ਦਿਖਾਈ ਜਾਏਗੀ। ਅਗਲਾ ਅੱਧਾ ਵਰ੍ਹਾ ਲੋਕਾਂ ਦਾ ਹੋਵੇਗਾ। ਬਾਕੀ ਸਭ ਵਕਤ ਪ੍ਰਸ਼ਾਂਤ ਕਿਸ਼ੋਰ ਦੇ ਮਾਲਕਾਂ ਦਾ ਹੋਏਗਾ। ਅਡਾਨੀ ਅੰਬਾਨੀ ਦੇ ਪੈਸੇ ਦੀ ਧਮਾਲ ਪਏਗੀ। ਚੋਣਾਂ ਵੇਲੇ ਹੱਥ ਜੋੜਨ ਵਾਲਿਆਂ ਚੋਂ ਲੋਕਾਂ ਨੂੰ ਮੁੜ ਸੱਜਣ ਠੱਗ ਦਾ ਝਉਲਾ ਪਏਗਾ। ਮੁੱਠੀ ਬੰਦ ਕਰਕੇ ਭਾਸ਼ਣ ਦੇਣ ਵਾਲੇ ਇਹ ਨਾ ਭੁੱਲਣ ਕਿ ਜਦੋਂ ਲੋਕਾਂ ਦੀ ਬੰਦ ਮੁੱਠੀ ਤਣਦੀ ਹੈ ਤਾਂ ਫਿਰ ਰੱਬ ਦੀ ਲਾਠੀ ਆਵਾਜ਼ ਨਹੀਂ ਕਰਦੀ।



1 comment:

  1. ਭੁੱਲਰ ਸਾਹਿਬ ਤੁਸੀਂ ਮੋਦੀ - ਕਾਲੀਆ ਦੀ help ਕਰ ਰਹੇ ਹੋ. ਰਾਜਾ ਕੀ ਕਰੇ - ਮੋਦੀ ਪੈਸਾ ਨਹੀ ਦਿੰਦਾ!!! bjp states ਦੀ ਹੀ help ਕਰਦਾ ਹੈ. ਤੇ ਇੰਡੀਆ ਦੇ ਲੋਕ ਟੈਕ੍ਸ ਵੀ ਨਹੀ ਪੇ ਕਰਕੇ ਰਾਜੀ - ਕੋਈ ਪ੍ਰੋਪੇਰਟੀ ਟੈਕ੍ਸ ਦਿੰਦਾ ਹੈ? ਰਾਜਾ ਕੀ ਕਰੇ -

    ReplyDelete