Sunday, December 2, 2018

                            ਵਿਚਲੀ ਗੱਲ
               ਡੂੰਘੇ ਵੈਣਾਂ ਦਾ ਕੀ ਮਿਣਨਾ...
                          ਚਰਨਜੀਤ ਭੁੱਲਰ
ਬਠਿੰਡਾ : ਉਹ ਦਿਨ ਕਿਆਮਤ ਤੋਂ ਘੱਟ ਨਹੀਂ ਹੁੰਦੇ ਜਦੋਂ ਲਾਸ਼ਾਂ ਰੁਲ ਜਾਣ ਤੇ ਅਸਥੀਆਂ ਨੂੰ ਝੂਰਨਾ ਪਵੇ।। ਉਦੋਂ ਜ਼ਿੰਦਗੀ ਮਿੱਟੀ ਹੋ ਜਾਂਦੀ ਹੈ, ਅਰਮਾਨ ਮਰ ਜਾਂਦੇ ਹਨ ਤੇ ਅੱਥਰੂ ਅੱਖਾਂ ਦੇ ਕੋਇਆਂ ‘ਤੇ ਹੀ ਸੁੱਕ ਜਾਂਦੇ ਹਨ।। ਮਨੁੱਖੀ ਜਾਮਾ ਤਾਂ ਨਸੀਬ ਹੋਇਆ। ਚੈਨ ਤਾਂ ਮਰ ਕੇ ਵੀ ਨਸੀਬ ਨਹੀਂ ਹੋ ਰਿਹਾ। ਕੋਈ ਆਖਦਾ ਹੋਣੀ ਹਾਰ ਗਈ। ਦਾਣਾ ਪਾਣੀ ਮੁੱਕ ਗਿਆ। ਜਦੋਂ ਹਕੂਮਤ ‘ਯਮਦੂਤ’ ਬਣ ਜਾਏ ਤਾਂ ਉਦੋਂ ਰਾਮ ਲੀਲਾ ਮੈਦਾਨ ’ਚ ਖੋਪੜੀਆਂ ਨੂੰ ਆਉਣਾ ਪੈਂਦਾ। ਖੇਤਾਂ ਦੇ ਰਾਜੇ ਹੁੰਦੇ ਤਾਂ ਖੋਪੜੀਆਂ ਨੂੰ ਦਿੱਲੀ ਨਾ ਆਉਣਾ ਪੈਂਦਾ। ਦਿੱਲੀ ਦੇ ਕਿਸਾਨ ਮੁਜ਼ਾਹਰੇ ’ਚ ਖ਼ੁਦਕੁਸ਼ੀ ਕਰਨ ਵਾਲੇ ਦੋ ਕਿਸਾਨਾਂ ਦੀਆਂ ਖੋਪੜੀਆਂ ਵੀ ਕੁੱਦੀਆਂ ਹਨ। ਸਿਰਫ਼ ਕੇਂਦਰ ਦੀ ਖੋਪੜੀ ਨੂੰ ਹਲੂਣਾ ਦੇਣ ਲਈ। ਪੰਜਾਬ ਤਾਂ ਕਿਸਾਨਾਂ ਦੀ ‘ਸ਼ਮਸ਼ਾਨ ਭੂਮੀ’ ਬਣ ਗਿਆ ਹੈ। ਐਵੇਂ ਪੈਰਾਂ ਹੇਠੋਂ ਜ਼ਮੀਨ ਨਹੀਂ ਖਿਸਕੀ। ਉਦੋਂ ਨਸੀਬਾਂ ਨੂੰ ਕਾਹਦਾ ਦੋਸ਼ ਜਦੋਂ ਸਿਆਸੀ ਰੋਟੀਆਂ ਸੇਕਣ ਵਾਲੇ ਭੁੱਲ ਬੈਠਣ ਕਿ ਸਿਵਿਆਂ ਦੀ ਅੱਗ ਤੋਂ ਵੱਡੀ ਢਿੱਡ ਦੀ ਅੱਗ ਹੁੰਦੀ ਹੈ। ਜਿਉਂਦ ਦੇ ਕਿਸਾਨ ਟੇਕ ਸਿੰਘ ਦੀ ਲਾਸ਼ ਨੂੰ 20 ਦਿਨ, ਪ੍ਰੀਤਮ ਛਾਜਲੀ ਦੀ ਲਾਸ਼ ਨੂੰ ਮਹੀਨਾ, ਜਲੂਰ ਕਾਂਡ ਵਾਲੀ ਗੁਰਦੇਵ ਕੌਰ ਦੀ ਲਾਸ਼ ਨੂੰ ਸਵਾ ਮਹੀਨਾ ਮਿੱਟੀ ਨਸੀਬ ਨਹੀਂ ਹੋਈ ਸੀ। ਲਹਿਰਾ ਧੂਰਕੋਟ ਦੇ ਕਿਸਾਨ ਨੂੰ 27 ਦਿਨਾਂ ਮਗਰੋਂ ਮਿੱਟੀ ਜੁੜੀ। ਨਿਆਂ ਖ਼ਾਤਰ ਲਾਸ਼ਾਂ ਸੜਕਾਂ ’ਤੇ ਉੱਤਰਨ ਤਾਂ ਉਦੋਂ ਪਿੱਛੇ ਕੱੁਝ ਨਹੀਂ ਬਚਦਾ।
                    ਜਦੋਂ ਨਹਿਰੀ ਮੋਘਿਆਂ ’ਚ ਲਾਸ਼ਾਂ ਫਸਦੀਆਂ ਹੋਣ, ਸਿਹਤ ਕੇਂਦਰ ਖ਼ਾਲੀ ਖੜਕਣ, ਸਿਵੇ ਠੰਢੇ ਹੋਣ ਨੂੰ ਤਰਸਣ, ਹਵਾਈ ਅੱਡਿਆਂ ’ਤੇ ਤਾਬੂਤਾਂ ਲਈ ਲਾਈਨਾਂ ਲੱਗਣ, ਫਿਰ ਕਾਹਦਾ ਰੰਗਲਾ ਪੰਜਾਬ।  ਲੁਧਿਆਣਾ ਦੇ ਜਸਵਿੰਦਰ ਦੀ ਲਾਸ਼ ਦੋ ਵਰ੍ਹਿਆਂ ਤੋਂ ਦਿੱਲੀ ਦੇ ਹਸਪਤਾਲ ਦੇ ’ਚ ਪਈ ਹੈ। ਪਰਿਵਾਰ ਨੂੰ ਮੁੰਡੇ ਦੀ ਮਿੱਟੀ ਸਮੇਟਣ ਲਈ ਅਦਾਲਤ ਜਾਣਾ ਪਿਆ। ਜਿਨ੍ਹਾਂ ਜਿਉਂਦੇ ਜੀਅ ਲਾਸ਼ ਬਣਾ ਦਿੱਤਾ ਉਨ੍ਹਾਂ ਨੂੰ ਮੋਇਆ ਦੀ ਕਾਹਦੀ ਪ੍ਰਵਾਹ। ਬਾਹਰੀ ਤਾਕਤਾਂ ਤੋਂ ਨਹੀਂ, ਅੰਦਰੋਂ ਤੋਂ ਤਾਂ ਹੁਣ ਅਸਥੀਆਂ ਵੀ ਖ਼ਤਰੇ ’ਚ  ਹਨ। ਜਲੰਧਰ ’ਚ ਕੱੁਝ ਅਰਸਾ ਪਹਿਲਾਂ ਬਜ਼ੁਰਗ ਦੀਆਂ ਅਸਥੀਆਂ ਨੂੰ ਹੀ ਚੋਰ ਲੈ ਗਏ। ਪਿੰਡ ਸਾਦੀਪੁਰ (ਯਮੁਨਾਨਗਰ) ’ਚ ਅਸਥੀਆਂ ਚੋਰੀ ਕਰਦੇ ਤਿੰਨ ਚੋਰ ਫੜੇ ਸਨ। ਭਰਤਪੁਰ ਦੇ ਸਿਵਿਆਂ ਚੋਂ ਤਿੰਨ ਅੌਰਤਾਂ ਦੇ ਅੰਗੀਠੇ ਦੀ ਰਾਖ ਹੀ ਲੈ ਗਏ। ਰਾਖ ਚੋਂ ਚੋਰ ਗਹਿਣੇ ਲੱਭਦੇ ਰਹੇ। ਉਦੋਂ ਵੀ ਤਾਂ ਮੱਥੇ ’ਤੇ ਹੱਥ ਵੱਜਦਾ ਹੈ ਜਦੋਂ ‘ਡੈੱਥ ਸਰਟੀਫਿਕੇਟ’ ਬਣਨ ਦੀਆਂ ਮੁਬਾਰਕਾਂ ਡੀਸੀ ਦੇਵੇ। ਧੌਲਾ ਦੀ ਗ਼ਰੀਬ ਮਹਿਲਾ ਦਾ ਪਤੀ ਗੁਜ਼ਰਿਆ ਤਾਂ ਮੌਤ ਦੀ ਲਿਖਤੀ ਪੁਸ਼ਟੀ ਪੰਚਾਇਤ ਨੇ ਕੀਤੀ। ਪਤਾਲਪੁਰੀ ਤੋਂ ਫੁੱਲਾਂ ਦੀ ਰਸ਼ੀਦ ਲੈ ਆਈ। ਕਿਸੇ ਨੇ ਨਾ ਸੁਣੀ। ਆਖ਼ਰ ਵੱਡੀ ਸਿਫ਼ਾਰਸ਼ ਕਰਾਉਣੀ ਪਈ। ਤਾਹੀਓਂ ਡਿਪਟੀ ਕਮਿਸ਼ਨਰ ਨੇ ਡੈੱਥ ਸਰਟੀਫਿਕੇਟ ਬਣਵਾ ਕੇ ਐਮ.ਪੀ ਭਗਵੰਤ ਮਾਨ ਨੂੰ ਫ਼ੋਨ ਕਰਕੇ ਆਖਿਆ ‘ਮੁਬਾਰਕਾਂ’।
                  ਸਾਉੂਦੀ ਅਰਬ ’ਚ ਤਿੰਨ ਮਹੀਨੇ ਨੌਜਵਾਨ ਦੀ ਲਾਸ਼ ਰੁਲੀ। ਜਦੋਂ ਲੁਧਿਆਣਾ ਦੇ ਪਿੰਡ ਸੇਖਾ ’ਚ ਮਾਪਿਆਂ ਨੂੰ ਲਾਸ਼ ਆਉਣ ਦਾ ਸੁਨੇਹਾ ਮਿਲਿਆ ਤਾਂ ਬਜ਼ੁਰਗ ਬਾਪ ਦੇ ਮੂੰਹੋਂ ਨਿਕਲਿਆ ‘ਧੰਨਭਾਗ’। ਨੌਂ ਖਾੜੀ ਮੁਲਕਾਂ ਚੋਂ ਲੰਘੇ ਤਿੰਨ ਵਰ੍ਹਿਆਂ ਦੌਰਾਨ 10,400 ਭਾਰਤੀ ਲੋਕ ਤਾਬੂਤਾਂ ਵਿਚ ਪਰਤੇ ਹਨ। ਜਿਗਰ ਦੇ ਟੋਟੇ ਵਿਦੇਸ਼ਾਂ ਦੇ ਮੁਰਦਘਾਟਾਂ ਵਿਚ ਪਏ ਹਨ,ਇੱਧਰ ਮਾਪੇ ਕਲਬੂਤ ਵੇਖਣ ਲਈ ਤਰਸ ਗਏ। ਮਾਵਾਂ ਦੀਆਂ ਅੱਖਾਂ ਦੇ ਅੱਥਰੂ ਵੀ ਸੁੱਕ ਗਏ। ਵਿਦੇਸ਼ੋਂ ਆਏ ਤਾਬੂਤ ਕੋਲ ਬੈਠੀ ਮਾਂ ਦੇ ਵੈਣ ‘ ਵੇ ਕਰਜ਼ਾ ਤਾਂ ਲਾਹ ਜਾਂਦਾ ਪੁੱਤ ਬੂਟਿਆ’ ਹੁਣ ਝੱਲੇ ਨਹੀਂ ਜਾਂਦੇ। ਸਰਕਾਰੇ, ਮੋਇਆ ਨਾਲ ਕਾਹਦਾ ਗਿਲਾ। ਵਿਦੇਸ਼ੋਂ ਪੁੱਤ ਦੀ ਲਾਸ਼ ਮੰਗਵਾਉਣ ਲਈ ਵੀ ਹੱਥ ਜੋੜਨੇ ਪੈਂਦੇ ਹਨ। ਅਮਰੀਕਾ ਤੋਂ ਆਏ ਮਲਵਿੰਦਰ ਸਿੱਧੂ ਦੱਸਦੇ ਹਨ ਕਿ ਸੱਤ ਏਕੜ ਵੇਚ ਕੇ ਭੇਜੇ ਇੱਕ ਪੁੱਤ ਦੀ ਵਿਦੇਸ਼ ’ਚ ਸੱਤ ਦਿਨਾਂ ਮਗਰੋਂ ਮੌਤ ਹੋ ਗਈ। ਬਾਪ ਤਾਬੂਤ ਉਡੀਕ ਰਿਹਾ। ਨਾ ਜ਼ਮੀਨ ਬਚੀ ਤੇ ਨਾ ਪੁੱਤ। ਬਾਪ ਦੇ ਹੱਥ ਖ਼ਾਲੀ ਹਨ ਜੋ ਤਾਬੂਤ ਮੰਗਵਾਉਣ ਲਈ ਹੁਣ ਕਦੇ ਕਿਸੇ ਨੇਤਾ ਅੱਗੇ ਜੁੜਦੇ ਹਨ ਤੇ ਕਦੇ ਕਿਸੇ ਅਧਿਕਾਰੀ ਅੱਗੇ।
                ਪ੍ਰਵਾਸ ਦਾ ਦੂਸਰਾ ਪੱਖ ਵੀ ਦਿਲ ਹਿਲਾਊ ਹੈ। ਦੁਆਬੇ ਦੇ ਪਿੰਡਾਂ ਵਿਚ ਅਸਥੀਆਂ ਵਰ੍ਹਿਆਂ ਤੋਂ ਵਿਦੇਸ਼ੀ ਵਾਰਸਾਂ ਨੂੰ ਉਡੀਕ ਰਹੀਆਂ ਹਨ ਜਿਨ੍ਹਾਂ ਕੋਲ ਮਾਪਿਆਂ ਦੇ ਫ਼ੁਲ ਪਾਉਣ ਦੀ ਵਿਹਲ ਨਹੀਂ। ਧਰਵਾਸ ਵਾਲੀ ਗੱਲ ਹੈ ਕਿ ਅਸਥੀਆਂ ਸੁਰੱਖਿਅਤ ਹਨ। ਨਹੀਂ ਤਾਂ ਜਿੰਦਰੇ ਭੰਨ ਕੇ ਅਸਥੀਆਂ ਵਿਚਲੇ ਪੈਸੇ ਕੱਢਣ ਦੇ ਵੀ ਸਮਾਚਾਰ ਬਣੇ ਹਨ। ਜ਼ੀਰਾ ਦੇ ਸ਼ਮਸ਼ਾਨ ਘਾਟ ’ਚ ਘੜਾ ਭੰਨਣ ਵਾਲੀ ਥਾਂ ਤੇ ਗੋਲਕ ਹੀ ਭੰਨੀ ਗਈ। ‘ਉੱਡਤਾ ਪੰਜਾਬ’ ਦੇ ਸ਼ਮਸ਼ਾਨਘਾਟਾਂ ’ਚ ਕਿੰਨੇ ਮੁੰਡੇ ਡਿੱਗੇ ਮਿਲੇ ਹਨ। ਫ਼ੁਲ ਚੁਗਣ ਜਾਣ ਵਾਲਿਆਂ ਨੂੰ ਪਹਿਲਾਂ ਸਰਿੰਜਾਂ ਚੁਗਣੀਆਂ ਪੈਂਦੀਆਂ ਹਨ। ਰਾਮਪੁਰਾ ਦੇ ਨੌਜਵਾਨ ਦੀ ਲਾਸ਼ ਦਾ ਦੋ ਵਾਰ ਸਸਕਾਰ ਕਰਨਾ ਪਿਆ। ਚਿੱਟੇ ਨੇ ਸਰੀਰ ਪਲਾਸਟਿਕ ਬਣਾ ਦਿੱਤਾ ਸੀ। ਪੰਜਾਬ ਦੇ ਮੰਤਰੀ ਅਤੇ ਐਮ.ਪੀ ਸਿਹਤ ਕੇਂਦਰਾਂ ਨੂੰ ਘੱਟ, ਸ਼ਮਸ਼ਾਨ ਘਾਟਾਂ ਨੂੰ ਗੱਫੇ ਵੰਡਦੇ ਹਨ। ਪੰਜਾਬ ਦੇ ਮੁਸਲਿਮ/ਈਸਾਈ ਭਾਈਚਾਰੇ ਦੀ ਆਬਾਦੀ ਵਾਲੇ 3228 ਪਿੰਡਾਂ ਚੋਂ 1084 ਪਿੰਡਾਂ ਵਿਚ ਕਬਰਸਤਾਨ ਹਨ। ਅਬੋਹਰ ਦੇ ਮੁਸਲਿਮ ਪਰਿਵਾਰ ਦਫ਼ਨਾਉਣ ਲਈ ਮ੍ਰਿਤਕਾਂ ਨੂੰ ਗੰਗਾਨਗਰ ਲਿਜਾਂਦੇ ਰਹੇ ਹਨ।
                 ਬਲਿਆਲ ਖ਼ੁਰਦ ਦੀ ਬਾਜ਼ੀਗਰ ਬਸਤੀ ਦੇ ਲੋਕਾਂ ਨੂੰ ਸਸਕਾਰ ਲਈ ਭਵਾਨੀਗੜ੍ਹ ਜਾਣਾ ਪੈਂਦਾ ਹੈ। ਹਰੀਗੜ੍ਹ (ਬਰਨਾਲਾ) ਨੇ ਪੰਜ ਸ਼ਮਸ਼ਾਨ ਘਾਟਾਂ ਦਾ ਇੱਕ ਬਣਾ ਲਿਆ, ਭੇਦ ਭਾਵ ਮਿਟਾ ਦਿੱਤੇ। ਪਿੰਡ ਬਾਦਲ ਨੇ ਵੱਡਾ ਦਿਲ ਨਹੀਂ ਦਿਖਾਇਆ ਜਿੱਥੇ ਵੀ.ਆਈ.ਪੀ ਸ਼ਮਸ਼ਾਨ ਘਾਟ ਵੱਖਰਾ ਹੈ। ਗੋਬਿੰਦ ਲੌਂਗੋਵਾਲ ਦੀ ਨਜ਼ਰ ਵੀ ਇੱਧਰ ਨਹੀਂ ਪਈ। ਸਹਾਰਾ ਬਠਿੰਡਾ ਵਾਲੇ ਵਿਜੇ ਗੋਇਲ ਅਨੁਸਾਰ ਕਈ ਗ਼ਰੀਬ ਲੋਕਾਂ ਕੋਲ ਕਫ਼ਨ ਤੱਕ ਨਹੀਂ ਹੁੰਦਾ। ਵੱਡੇ ਘਰਾਂ ਵਾਲੇ ਵੀ ਅਗਨ ਨੂੰ ਤਰਸਦੇ ਹਨ। ਪੰਜਾਬ ਸਰਕਾਰ ਵੱਲੋਂ ਗ਼ਰੀਬਾਂ ਨੂੰ ਮੁਫ਼ਤ ਕਫ਼ਨ ਦੇਣ ਦੀ ਚਲਾਈ ਸਕੀਮ ਵੀ ਗ਼ਾਇਬ ਹੈ। ਪੰਜਾਬ ’ਚ ਤਾਂ ਮਰਕੇ ਵੀ ਸਕੂਨ ਨਹੀਂ। ਮੁਰਦੇ ਵੋਟਰ ਹੁੰਦੇ ਤਾਂ ਲਾਸ਼ਾਂ ਵੀ ‘ਅੱਛੇ ਦਿਨ’ ਉਡੀਕਦੀਆਂ।

   



No comments:

Post a Comment