Wednesday, October 12, 2022

                                                      ਸਾਡਾ ਅੰਕੜਾ ਬੋਲਦੈ..
                                      ਨਾ ਧਰਨੇ ਰੁਕੇ ਤੇ ਨਾ ਹੀ ਜਾਮ ਖੁੱਲ੍ਹੇ !
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ‘ਆਪ’ ਸਰਕਾਰ ਪੰਜਾਬ ’ਚ ਸੰਘਰਸ਼ੀ ਗੂੰਜ ਨੂੰ ਠੱਲ੍ਹ ਨਹੀਂ ਪਾ ਸਕੀ। ਪੰਜਾਬ ਵਿੱਚ ਨਾ ਧਰਨੇ ਮੁਜ਼ਾਹਰੇ ਰੁਕੇ ਹਨ, ਨਾ ਹੀ ਸੜਕੀ ਜਾਮ ਖੁੱਲ੍ਹੇ ਹਨ। ਪਹਿਲੇ ਪੰਜ ਮਹੀਨਿਆਂ ਦਾ ਅੰਕੜਾ ਦੇਖੀਏ ਤਾਂ ਪੰਜਾਬ ਵਿੱਚ ਰੋਜ਼ਾਨਾ ਔਸਤਨ ਦੋ ਸੜਕਾਂ ’ਤੇ ਚੱਕਾ ਜਾਮ ਹੋ ਰਿਹਾ ਹੈ। ਪਹਿਲੀ ਮਈ ਤੋਂ 30 ਸਤੰਬਰ ਦੌਰਾਨ ਪੰਜਾਬ ਵਿੱਚ 309 ਵਾਰ ਸੜਕ ਆਵਾਜਾਈ ਰੋਕੀ ਗਈ ਹੈ, ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਕਿਸਾਨਾਂ ਵੱਲੋਂ ਲਾਏ ਧਰਨਿਆਂ ਦੀ ਹੈ। ਇਸ ਸਮੇਂ ਦੌਰਾਨ ਕਿਸਾਨਾਂ ਨੇ 137 ਵਾਰ ਸੜਕਾਂ ਜਾਮ ਕੀਤੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵਾਅਦੇ ਤੇ ਦਾਅਵਾ ਕੀਤਾ ਗਿਆ ਕਿ ‘ਆਪ’ ਸਰਕਾਰ ਬਣਨ ’ਤੇ ਪੰਜਾਬ ਵਿੱਚ ਨਾ ਧਰਨੇ ਲੱਗਣਗੇ, ਨਾ ਲਾਠੀਚਾਰਜ ਹੋਵੇਗਾ ਅਤੇ ਨਾ ਹੀ ਪਾਣੀ ਦੀਆਂ ਬੁਛਾੜਾਂ ਪੈਣਗੀਆਂ। ਵੇਰਵਿਆਂ ਅਨੁਸਾਰ ਨਵੀਂ ਸਰਕਾਰ ਲਈ ਸਿਰਫ਼ ਅਪਰੈਲ ਮਹੀਨਾ ਹੀ ਸੰਘਰਸ਼ੀ ਸੁਰਾਂ ਪੱਖੋਂ ਠੰਢਾ ਰਿਹਾ ਹੈ। ਮਈ ਮਹੀਨੇ ਦੌਰਾਨ ਸੂਬੇ ਵਿੱਚ 53 ਵਾਰੀ ਸੜਕਾਂ ’ਤੇ ਸੰਘਰਸ਼ੀ ਲੋਕ ਬੈਠੇ ਅਤੇ ਚੱਕਾ ਜਾਮ ਹੋਇਆ। ਜੂਨ ਮਹੀਨੇ ਵਿੱਚ ਇਹ ਗਿਣਤੀ 47 ਰਹੀ। ਇਸੇ ਤਰ੍ਹਾਂ ਜੁਲਾਈ ਮਹੀਨੇ ਵਿੱਚ ਸਭ ਤੋਂ ਵੱਧ 78 ਵਾਰ ਸੜਕਾਂ ’ਤੇ ਆਵਾਜਾਈ ਰੋਕੀ ਗਈ, ਜਦਕਿ ਅਗਸਤ ਮਹੀਨੇ ਵਿੱਚ 74 ਵਾਰ ਇਹ ਧਰਨੇ ਲੱਗੇ। 

           ਬੀਤੇ ਮਹੀਨੇ ਸਤੰਬਰ ਦੀ ਗੱਲ ਕਰੀਏ ਤਾਂ 57 ਵਾਰ ਸੰਘਰਸ਼ੀਆਂ ਨੇ ਸੜਕਾਂ ਜਾਮ ਕੀਤੀਆਂ ਹਨ। ਕਿਸਾਨ ਯੂਨੀਅਨਾਂ ਨੇ ਮਈ ਮਹੀਨੇ ਵਿਚ 13 ਵਾਰੀ ਸੜਕਾਂ ਰੋਕੀਆਂ ਅਤੇ ਜੂਨ ਮਹੀਨੇ ਵਿਚ ਇਹ ਅੰਕੜਾ 22 ਵਾਰੀ ਸੜਕਾਂ ਜਾਮ ਕਰਨ ’ਤੇ ਪੁੱਜ ਗਿਆ। ਉਸ ਮਗਰੋਂ ਜੁਲਾਈ ਮਹੀਨੇ ਵਿਚ ਕਿਸਾਨ ਯੂਨੀਅਨਾਂ ਨੇ 36 ਵਾਰੀ ਅਤੇ ਅਗਸਤ ਮਹੀਨੇ ਵਿਚ 34 ਵਾਰੀ ਸੜਕਾਂ ਜਾਮ ਕੀਤੀਆਂ। ਲੰਘੇ ਸਤੰਬਰ ਮਹੀਨੇ ’ਚ 32 ਵਾਰੀ ਸੜਕਾਂ ਰੋਕੀਆਂ ਗਈਆਂ। ਇਨ੍ਹਾਂ ਧਰਨਿਆਂ ਵਿੱਚ ਸਭ ਤੋਂ ਵੱਧ ਗਿਣਤੀ ਕਿਸਾਨ ਯੂਨੀਅਨਾਂ ਦੇ ਲਾਏ ਧਰਨਿਆਂ ਦੀ ਰਹੀ। ਦੂਸਰੇ ਨੰਬਰ ’ਤੇ ਬੇਰੁਜ਼ਗਾਰ ਤੇ ਬਾਕੀ ਸੰਘਰਸ਼ੀ ਧਿਰਾਂ ਹਨ ਜਿਨ੍ਹਾਂ ਪੰਜ ਮਹੀਨਿਆਂ ਦੌਰਾਨ 107 ਵਾਰ ਸੜਕ ਆਵਾਜਾਈ ਰੋਕੀ। ਪੰਜਾਬ ਵਿੱਚ ਮੁਲਾਜ਼ਮ ਯੂਨੀਅਨਾਂ ਨੇ ਇਸ ਸਮੇਂ ਦੌਰਾਨ 36 ਵਾਰ ਸੜਕਾਂ ਜਾਮ ਕੀਤੀਆਂ। ਯਾਦ ਰਹੇ ਕਿ ਇਹ ਅੰਕੜਾ ਸਿਰਫ਼ ਸੜਕਾਂ ’ਤੇ ਆਵਾਜਾਈ ਰੋਕਣ ਦਾ ਹੈ, ਜਦਕਿ ਧਰਨਿਆਂ ਤੇ ਮੁਜ਼ਾਹਰਿਆਂ ਦੇ ਵੇਰਵੇ ਵੱਖਰੇ ਹਨ। ਟੈਂਕੀਆਂ ’ਤੇ ਚੜ੍ਹਨ ਵਾਲਿਆਂ ਦੀ ਗਿਣਤੀ ਵੀ ਇਨ੍ਹਾਂ ਤੋਂ ਵੱਖਰੀ ਹੈ। 

          ਜ਼ਿਲ੍ਹਾ ਸੰਗਰੂਰ ਇਸ ਮਾਮਲੇ ’ਚ ਪਹਿਲੇ ਨੰਬਰ ’ਤੇ ਹੈ, ਜਿੱਥੇ ਹੁਣ ਵੀ ਕਿਸਾਨਾਂ ਨੇ ‘ਪੱਕਾ ਮੋਰਚਾ’ ਲਾਇਆ ਹੋਇਆ ਹੈ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਆਖਦੇ ਹਨ ਕਿ ਗੰਨਾ ਕਾਸ਼ਤਕਾਰਾਂ ਨੂੰ ਆਪਣੇ ਬਕਾਏ ਲੈਣ ਲਈ ਕਾਫ਼ੀ ਸਮਾਂ ਸੜਕਾਂ ’ਤੇ ਬੈਠਣਾ ਪਿਆ ਹੈ। ਪੰਜਾਬ ਵਿਚ ਇਸ ਵੇਲੇ ਜ਼ੀਰਾ ਸ਼ਰਾਬ ਫ਼ੈਕਟਰੀ ਖ਼ਿਲਾਫ਼ ਜੁਲਾਈ ਮਹੀਨੇ ਤੋਂ ਪੱਕਾ ਮੋਰਚਾ ਚੱਲ ਰਿਹਾ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਨਹਿਰੀ ਪਾਣੀ ਦੇ ਮਾਮਲੇ ’ਤੇ ਡੇਢ ਮਹੀਨੇ ਤੋਂ ਕਿਸਾਨਾਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਬੀਕੇਯੂ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਲੋਕਾਂ ਨੂੰ ‘ਆਪ’ ਤੋਂ ਆਸ ਬੱਝੀ ਸੀ, ਪਰ ਜਦੋਂ ਦਾਅਵੇ ਹਕੀਕਤ ਨਾ ਬਣੇ ਤਾਂ ਲੋਕਾਂ ਦੇ ਗੁੱਸੇ ਦਾ ਵੀ ਬੰਨ੍ਹ ਟੁੱਟ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਵੀ ਨਹੀਂ ਰੁਕੀਆਂ ਹਨ ਤੇ ਮੁਜ਼ਾਹਰੇ ਹੋਣ ਦਾ ਮਤਲਬ ਹੈ ਕਿ ਸਰਕਾਰ ਲੋਕਾਂ ਦੀ ਬਾਂਹ ਨਹੀਂ ਫੜ ਰਹੀ।

                                   ਪੱਕਾ ਮੋਰਚਾ ਸਿਰਫ਼ ਜ਼ਿੱਦ ਕਰਕੇ: ਕੰਗ

‘ਆਪ’ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਨੇ ਥੋੜ੍ਹੇ ਸਮੇਂ ’ਚ ਹੀ ਪੱਕੇ ਮੋਰਚਿਆਂ ’ਚ ਕਮੀ ਲਿਆਂਦੀ ਹੈ ਤੇ ਸੰਵਾਦ ਰਚਾ ਕੇ ਸਭਨਾਂ ਧਿਰਾਂ ਦੇ ਮਸਲੇ ਹੱਲ  ਕੀਤੇ ਹਨ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੇ ਬਕਾਏ ਜਾਰੀ ਕੀਤੇ ਗਏ ਹਨ ਅਤੇ ਬਾਕੀ ਕਿਸਾਨ ਧਿਰਾਂ ਨੂੰ ਮੁੱਖ ਮੰਤਰੀ ਵਾਰ ਵਾਰ ਬੁਲਾ ਕੇ ਮਸਲੇ ਹੱਲ ਕਰਨ ਵਿੱਚ ਜੁਟੇ ਹੋਏ ਹਨ। ਕੁੱਝ ਮੁਜ਼ਾਹਰੇ ਸਿਆਸੀ ਧਿਰਾਂ ਵੱਲੋਂ ਪ੍ਰੇਰਿਤ ਹਨ। ਕੰਗ ਨੇ ਕਿਹਾ ਕਿ ਸੰਗਰੂਰ ’ਚ ਕਿਸਾਨਾਂ ਦਾ ਪੱਕਾ ਮੋਰਚਾ ਸਿਰਫ਼ ਜ਼ਿੱਦ ਵਾਲੀ ਗੱਲ ਹੈ ਜਦਕਿ ਸਰਕਾਰ ਨੇ ਸਭ ਮੰਗਾਂ ਮੰਨ ਲਈਆਂ ਹਨ। 




No comments:

Post a Comment