ਭਾੜੇ ’ਤੇ ਜਹਾਜ਼
ਟੈਂਡਰ ਮੰਗਣ ਮਗਰੋਂ ਸਿਆਸੀ ਪਾਰਾ ਚੜ੍ਹਿਆ
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਹੁਣ ਜਹਾਜ਼ ਭਾੜੇ ’ਤੇ ਲੈਣ ਤੋਂ ਸਿਆਸੀ ਮਾਹੌਲ ਭਖ ਗਿਆ ਹੈ। ਸ਼ਹਿਰੀ ਹਵਾਬਾਜ਼ੀ ਮਹਿਕਮੇ ਨੇ ਇੱਕ ਸਾਲ ਲਈ ਅੱਠ ਤੋਂ ਦਸ ਸੀਟਾਂ ਵਾਲਾ ਏਅਰਕ੍ਰਾਫਟ ਕਿਰਾਏ ’ਤੇ ਲੈਣ ਵਾਸਤੇ ਟੈਂਡਰ ਮੰਗੇ ਹਨ। ਪੰਜਾਬ ਸਰਕਾਰ ਕੋਲ ਪਹਿਲਾਂ ਆਪਣਾ ਸਰਕਾਰੀ ਹੈਲੀਕਾਪਟਰ ਵੀ ਹੈ। ਵਿਰੋਧੀ ਧਿਰਾਂ ਨੇ ਇਲਜ਼ਾਮ ਲਾਏ ਹਨ ਕਿ ਨਵੀਂ ਸਰਕਾਰ ਖ਼ਜ਼ਾਨੇ ਨੂੰ ਉਡਾਉਣ ’ਤੇ ਲੱਗੀ ਹੋਈ ਹੈ। ਦੇਖਿਆ ਜਾਵੇ ਤਾਂ ਇਹ ਲੀਹਾਂ ਪਿਛਲੀਆਂ ਸਰਕਾਰਾਂ ਨੇ ਹੀ ਪਾਈਆਂ ਹਨ। ਵੇਰਵਿਆਂ ਅਨੁਸਾਰ ਨਵੰਬਰ 1997 ਤੋਂ ਜੁਲਾਈ 2021 ਤੱਕ ਦੇ ਸਮੇਂ (ਕਰੀਬ 24 ਸਾਲ) ਦੌਰਾਨ ਹੈਲੀਕਾਪਟਰ ’ਤੇ ਸਰਕਾਰੀ ਖ਼ਜ਼ਾਨੇ ’ਚੋਂ 166.23 ਕਰੋੜ ਰੁਪਏ ਖਰਚੇ ਗਏ ਹਨ। ਗੱਠਜੋੜ ਸਰਕਾਰ ਦੀ ਹਕੂਮਤ ਦੌਰਾਨ ਇਹ ਖਰਚਾ 119.35 ਕਰੋੜ ਤੇ ਕਾਂਗਰਸ ਹਕੂਮਤਾਂ ਦੌਰਾਨ 46.88 ਕਰੋੜ ਰੁਪਏ ਆਇਆ ਸੀ। ਨਵੀਂ ਸਰਕਾਰ ਦਾ ਸੱਤ ਮਹੀਨੇ ’ਚ ਹੈਲੀਕਾਪਟਰ ਖਰਚਾ ਕਿੰਨਾ ਰਿਹਾ ਹੈ, ਉਸ ਬਾਰੇ ਆਰਟੀਆਈ ਤਹਿਤ ਸੂਚਨਾ ਦੇਣ ਤੋਂ ਕਿਨਾਰਾ ਕਰ ਲਿਆ ਗਿਆ ਹੈ।
ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਸੀਨੀਅਰ ਅਧਿਕਾਰੀ ਆਖਦੇ ਹਨ ਕਿ ਪੰਜਾਬ ਸਰਕਾਰ ਨੂੰ ਭਾੜੇ ’ਤੇ ਜਹਾਜ਼ ਲੈਣ ਦੀ ਜ਼ਰੂਰਤ ਸੀ, ਜਿਸ ਕਰਕੇ ਟੈਂਡਰ ਮੰਗੇ ਗਏ ਹਨ। ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਕੋਲ ਆਪਣਾ ਹੈਲੀਕਾਪਟਰ ਹੈ ਤਾਂ ਕਿਰਾਏ ’ਤੇ ਹੋਰ ਜਹਾਜ਼ ਲੈਣ ਦੀ ਕੀ ਲੋੜ ਹੈ। ਇਸੇ ਤਰ੍ਹਾਂ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਖ਼ਜ਼ਾਨੇ ਦਾ ਪੈਸਾ ਸਿਆਸੀ ਹਿਤਾਂ ਲਈ ਵਰਤਿਆ ਜਾ ਰਿਹਾ ਹੈ। ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਸ੍ਰੀ ਕੇਜਰੀਵਾਲ ਦੇ ਹੁਕਮਾਂ ’ਤੇ ਸਰਕਾਰ ਭਾੜੇ ’ਤੇ ਜਹਾਜ਼ ਲੈ ਰਹੀ ਹੈ। ਪਿਛਲੀਆਂ ਸਰਕਾਰਾਂ ਸਮੇਂ ਵੀ ਹੈਲੀਕਾਪਟਰ ਭਾੜੇ ’ਤੇ ਲਿਆ ਜਾਂਦਾ ਰਿਹਾ ਹੈ ਜਿਸ ’ਤੇ ਆਡਿਟ ਇਤਰਾਜ਼ ਵੀ ਲੱਗੇ ਸਨ। ਕੈਪਟਨ ਸਰਕਾਰ ਸਮੇਂ ਸਰਕਾਰੀ ਹੈਲੀਕਾਪਟਰ ਦੇ ਅਪਰੇਸ਼ਨ/ਮੈਂਟੀਨੈਸ ਦਾ ਖਰਚਾ ਅਤੇ ਪ੍ਰਾਈਵੇਟ ਹੈਲੀਕਾਪਟਰਾਂ ਦੇ ਭਾੜੇ ਦਾ ਖਰਚਾ 14.58 ਕਰੋੜ ਰੁਪਏ ਰਿਹਾ ਹੈ।
ਕੈਪਟਨ ਸਰਕਾਰ ਨੇ ਸਵਾ ਚਾਰ ਵਰ੍ਹਿਆਂ ਦੌਰਾਨ ਪ੍ਰਾਈਵੇਟ ਹੈਲੀਕਾਪਟਰ ਦੇ ਭਾੜੇ ’ਤੇ 3.66 ਕਰੋੜ ਰੁਪਏ ਖ਼ਰਚ ਕੀਤੇ ਹਨ ਤੇ ਸਰਕਾਰੀ ਹੈਲੀਕਾਪਟਰ ਦਾ ਖਰਚਾ 10.92 ਕਰੋੜ ਰੁਪਏ ਰਿਹਾ ਹੈ। ਪਿਛਾਂਹ ਦੇਖੀਏ ਤਾਂ ਨਵੰਬਰ 1995 ਤੋਂ ਪੰਜਾਬ ਸਰਕਾਰ ਭਾੜੇ ਦਾ ਹੈਲੀਕਾਪਟਰ ਵਰਤਦੀ ਆ ਰਹੀ ਹੈ। ਨਵੰਬਰ 1995 ਤੋਂ 31 ਮਾਰਚ 1997 ਤੱਕ ਹੈਲੀਕਾਪਟਰ ਖਰਚਾ 9.68 ਕਰੋੜ ਰੁਪਏ ਰਿਹਾ। ਗੱਠਜੋੜ ਸਰਕਾਰ ਦੇ ਦਸ ਵਰ੍ਹਿਆਂ (2007-2017) ਦੌਰਾਨ ਹੈਲੀਕਾਪਟਰ ਦਾ ਖਰਚਾ 97.81 ਕਰੋੜ ਰੁਪਏ ਹੈ। ਉਦੋਂ ਰੋਜ਼ਾਨਾ ਔਸਤਨ 2 ਘੰਟੇ ਉਡਾਨ ਭਰਦਾ ਸੀ। ਵਰ੍ਹਾ 2007-2012 ਦੌਰਾਨ ਹੈਲੀਕਾਪਟਰ ਵਿੱਚ ਬਾਦਲ ਪਰਿਵਾਰ ਨੇ 426 ਗੇੜੇ ਬਾਦਲ ਪਿੰਡ ਦੇ ਲਾਏ ਸਨ। ਕੈਪਟਨ ਅਮਰਿੰਦਰ ਵੇਲੇ 2002-07 ਦੌਰਾਨ ਹੈਲੀਕਾਪਟਰ ਖਰਚਾ 22.62 ਕਰੋੜ ਰਿਹਾ। ਪੰਜਾਬ ਸਰਕਾਰ ਨੇ ਦਸੰਬਰ 2012 ਵਿੱਚ ‘ਬੈੱਲ-429’ ਹੈਲੀਕਾਪਟਰ 38 ਕਰੋੜ ਦੀ ਲਾਗਤ ਨਾਲ ਖ਼ਰੀਦ ਕੀਤਾ ਸੀ। ਇੱਕ ਸਰਕਾਰੀ ਹੈਲੀਕਾਪਟਰ ਅਪਰੈਲ 1994 ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਪੰਜਾਬ ਦੇ ਰਾਜਪਾਲ ਸੁਰਿੰਦਰ ਨਾਥ ਤੇ ਹੋਰ ਮਾਰੇ ਗਏ ਸਨ।
ਭਾੜੇ ਦੇ ਜਹਾਜ਼ ’ਤੇ ਆਡਿਟ ਇਤਰਾਜ਼ ਉੱਠੇ ਸਨ
ਏਨਾ ਕੁ ਬਦਲਾਓ ਜ਼ਰੂਰ ਹੈ ਕਿ ਪਿਛਲੀਆਂ ਸਰਕਾਰਾਂ ਨੇ ਜਦੋਂ ਭਾੜੇ ’ਤੇ ਹੈਲੀਕਾਪਟਰ ਲਿਆ ਤਾਂ ਢੁਕਵੀਂ ਪ੍ਰਕਿਰਿਆ ਦੀ ਥਾਂ ਸਿੱਧਾ ਹੀ ਕੰਪਨੀਆਂ ਤੋਂ ਹਾਇਰ ਕਰ ਲਿਆ, ਜਿਸ ’ਤੇ ਆਡਿਟ ਇਤਰਾਜ਼ ਵੀ ਲੱਗੇ ਸਨ। ਗੱਠਜੋੜ ਸਰਕਾਰ ਨੇ ਨਵੰਬਰ 2013 ਤੋਂ ਸਤੰਬਰ 2015 ਤੱਕ ਭਾੜੇ ਦੇ ਹੈਲੀਕਾਪਟਰ ’ਤੇ 12.13 ਕਰੋੜ ਰੁਪਏ ਖ਼ਰਚ ਕੀਤੇ ਸਨ। ਪੰਜਾਬ ਵਿੱਤੀ ਰੂਲਜ਼ ਮੁਤਾਬਕ ਹੈਲੀਕਾਪਟਰ ਭਾੜੇ ’ਤੇ ਲੈਣ ਲਈ ਟੈਂਡਰ ਕਰਨੇ ਜ਼ਰੂਰੀ ਸਨ, ਪਰ ਉਨ੍ਹਾਂ ਸਰਕਾਰਾਂ ਨੇ ਨਹੀਂ ਕੀਤੇ। ਨਵੀਂ ਸਰਕਾਰ ਨੇ ਟੈਂਡਰ ਲਾਏ ਹਨ।
No comments:
Post a Comment