ਕੌਣ ਕਰੂ ਵਸੂਲੀ
‘ਆਪ’ ਸਰਕਾਰ ’ਚ ਸ਼ਰਾਬ ਠੇਕੇਦਾਰਾਂ ਦੀਆਂ ਪੌਂ ਬਾਰਾਂ..!
ਚਰਨਜੀਤ ਭੁੱਲਰ
ਚੰਡੀਗੜ੍ਹ : ‘ਆਪ’ ਸਰਕਾਰ ਨੇ ਵੀ ਸ਼ਰਾਬ ਕਾਰੋਬਾਰ ਦੇ ਡਿਫਾਲਟਰ ਠੇਕੇਦਾਰਾਂ ਵੱਲ ਖੜ੍ਹੇ ਕਰੋੜਾਂ ਰੁਪਏ ਦੇ ਬਕਾਏ ਉਗਰਾਹੁਣ ਵਿੱਚ ਕੋਈ ਫੁਰਤੀ ਨਹੀਂ ਦਿਖਾਈ। ਜਾਣਕਾਰੀ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਨਿਸ਼ਾਨੇ ’ਤੇ ਆਏ ਦੀਪ ਮਲਹੋਤਰਾ ਦੇ ਪਰਿਵਾਰ ਦੀ ਹਿੱਸੇਦਾਰੀ ਵਾਲੀ ‘ਸਟਾਰ ਵਾਈਨ’ ਵੀ ਪੰਜ ਸਾਲਾਂ ਤੋਂ ਡਿਫਾਲਟਰ ਹੈ। ਸਟਾਰ ਵਾਈਨ ਕੋਲ 2016-17 ਦੌਰਾਨ ਸੁਨਾਮ ਗਰੁੱਪ ਤਹਿਤ ਸ਼ਰਾਬ ਦਾ ਕਾਰੋਬਾਰ ਸੀ ਤੇ ਇਸ ਕੰਪਨੀ ਵੱਲ 16.35 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ। ਦੀਪ ਮਲਹੋਤਰਾ ਦਾ ਲੜਕਾ ਗੌਰਵ ਮਲਹੋਤਰਾ ਇਸ ਕੰਪਨੀ ਵਿੱਚ ਹਿੱਸੇਦਾਰ ਹੈ। ਸੂਤਰਾਂ ਅਨੁਸਾਰ ਨਵੀਂ ਸਰਕਾਰ ਨੇ ਹਾਲੇ ਤੱਕ ਕਿਸੇ ਵੀ ਸ਼ਰਾਬ ਕੰਪਨੀ ਤੋਂ ਵਸੂਲੀ ਨਹੀਂ ਕੀਤੀ ਹੈ। ਕਈ ਸਾਲਾਂ ਤੋਂ ਸ਼ਰਾਬ ਦੇ ਠੇਕੇਦਾਰਾਂ ਵੱਲ ਕਰੀਬ 300 ਕਰੋੜ ਤੋਂ ਉੱਪਰ ਦੀ ਰਾਸ਼ੀ ਬਕਾਇਆ ਖੜ੍ਹੀ ਹੈ। ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਡੋਡਾ ਪਰਿਵਾਰ ਦੀ ਗਗਨ ਵਾਈਨ ਵੱਲ ਬਠਿੰਡਾ ਜ਼ਿਲ੍ਹੇ ਵਿੱਚ 23.83 ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨੇੜਲਾ ਸਾਥੀ ਵੀ ਇਸ ਮਾਮਲੇ ਵਿੱਚ ਕਰੋੜਾਂ ਰੁਪਏ ਦਾ ਡਿਫਾਲਟਰ ਹੈ, ਜਿਸ ’ਤੇ 2017 ਦੀਆਂ ਚੋਣਾਂ ਵੇਲੇ ਬਾਹਰਲੇ ਸੂਬਿਆਂ ’ਚੋਂ ਸ਼ਰਾਬ ਲਿਆਉਣ ਦੇ ਦੋਸ਼ ਹੇਠ ਕੇਸ ਵੀ ਦਰਜ ਹੋਇਆ ਸੀ।
ਕੈਪਟਨ ਸਰਕਾਰ ਵੇਲੇ ਇਨ੍ਹਾਂ ਸ਼ਰਾਬ ਠੇਕੇਦਾਰਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਪਾ ਦਿੱਤੀ ਗਈ ਸੀ। ਇਨ੍ਹਾਂ ਠੇਕੇਦਾਰਾਂ ਖ਼ਿਲਾਫ਼ ਪੰਜਾਬ ਲੈਂਡ ਰੈਵੇਨਿਊ ਐਕਟ 1887 ਤਹਿਤ ਕਾਰਵਾਈ ਸ਼ੁਰੂ ਕੀਤੀ ਹੋਈ ਹੈ, ਪਰ ਇਸ ਸਬੰਧੀ ਹਾਲੇ ਬਹੁਤੀ ਸਫਲਤਾ ਹੱਥ ਨਹੀਂ ਲੱਗੀ ਹੈ। ਸੂਤਰ ਆਖਦੇ ਹਨ ਕਿ ਜੇਕਰ ਸਰਕਾਰ ਸ਼ਰਾਬ ਠੇਕੇਦਾਰਾਂ ਤੋਂ ਇਹ ਬਕਾਇਆ ਹੀ ਵਸੂਲ ਲਵੇ ਤਾਂ ਕਿਸਾਨਾਂ ਦੀ ਮੂੰਗੀ ਤੇ ਮੱਕੀ ਦੀ ਐੱਮਐੱਸਪੀ ’ਤੇ ਖ਼ਰੀਦ ਵਾਲੇ ਬਕਾਏ ਤਾਰੇ ਜਾ ਸਕਦੇ ਹਨ। ਨਾਮੀ ਸ਼ਰਾਬ ਦੇ ਕਾਰੋਬਾਰੀ ਸਿੰਗਲਾ ਪਰਿਵਾਰ ਦੀ ਰਾਇਲ ਵਾਈਨ ਵੱਲ ਵੀ 21.16 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ। ਸਿੰਗਲਾ ਪਰਿਵਾਰ ਕੋਲ 2016-17 ਵਿੱਚ ਸੰਗਰੂਰ ਗਰੁੱਪ ਦੇ ਠੇਕੇ ਸਨ। ਇਸੇ ਤਰ੍ਹਾਂ ਚੱਢਾ ਪਰਿਵਾਰ ਵੱਲ ਵੀ ਕਰੋੜਾਂ ਦੇ ਬਕਾਏ ਖੜ੍ਹੇ ਹਨ। ਸੂਤਰ ਆਖਦੇ ਹਨ ਕਿ ਵੱਡੇ ਘਰਾਣੇ ਹੋਣ ਕਰਕੇ ‘ਆਪ’ ਸਰਕਾਰ ਵੀ ਇਨ੍ਹਾਂ ਨੂੰ ਹੱਥ ਪਾਉਣ ਤੋਂ ਗੁਰੇਜ਼ ਕਰ ਰਹੀ ਹੈ। ਉੱਪਰੋਂ ਇਸ ਵੇਲੇ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਪਹਿਲਾਂ ਹੀ ਸੀਬੀਆਈ ਅਤੇ ਈਡੀ ਕਾਫ਼ੀ ਸਰਗਰਮ ਹੈ, ਜਿਸ ਵੱਲੋਂ ਪੰਜਾਬ ਵਿੱਚ ਵੀ ਛਾਪੇ ਮਾਰੇ ਜਾ ਚੁੱਕੇ ਹਨ।
ਜੇ ਅੰਕੜਿਆਂ ’ਤੇ ਨਿਗਾਹ ਮਾਰੀਏ ਤਾਂ ਡਿਫਾਲਟਰਾਂ ’ਚ ਬਠਿੰਡਾ ਜ਼ਿਲ੍ਹੇ ਦਾ ਨਾਮ ਸਿਖਰ ’ਤੇ ਹੈ, ਜਿੱਥੋਂ ਦੇ ਠੇਕੇਦਾਰਾਂ ਵੱਲ 68.05 ਕਰੋੜ ਰੁਪਏ ਬਕਾਇਆ ਹਨ, ਜਦਕਿ ਸੰਗਰੂਰ ਦੇ ਡਿਫਾਲਟਰ ਠੇਕੇਦਾਰਾਂ ਵੱਲ 39.48 ਕਰੋੜ, ਮੋਗਾ ਵਿੱਚ 21.82, ਮਾਨਸਾ ’ਚ 15.28, ਬਰਨਾਲਾ ’ਚ 19.33 ਅਤੇ ਮੁਕਤਸਰ ’ਚ 7.49 ਕਰੋੜ ਰੁਪਏ ਦਾ ਬਕਾਇਆ ਹੈ। ਪਿਛਲੀਆਂ ਸਰਕਾਰਾਂ ਨੇ ਵੀ ਵਸੂਲੀ ਦੇ ਮਾਮਲੇ ਵਿੱਚ ਖਾਨਾਪੂਰਤੀ ਹੀ ਕੀਤੀ ਸੀ ਤੇ ਹੁਣ ਨਵੀਂ ਸਰਕਾਰ ਵੀ ਉਸੇ ਰਾਹ ’ਤੇ ਤੁਰ ਰਹੀ ਹੈ। ਦੀਪ ਮਲਹੋਤਰਾ ਦੀ ਜ਼ੀਰਾ ਵਿਚਲੀ ਸ਼ਰਾਬ ਫ਼ੈਕਟਰੀ ਅੱਗੇ ਕਰੀਬ 25 ਪਿੰਡਾਂ ਦੇ ਲੋਕ ਜੁਲਾਈ ਮਹੀਨੇ ਤੋਂ ਧਰਨੇ ’ਤੇ ਬੈਠੇ ਹਨ। ਹਾਈ ਕੋਰਟ ਵਿੱਚ ਦੀਪ ਮਲਹੋਤਰਾ ਨੇ ਕਿਹਾ ਹੈ ਕਿ ਧਰਨੇ ਕਰਕੇ ਕਰੀਬ 25 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਮੋਰਚਾ ਆਗੂਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਫ਼ੈਕਟਰੀ ਮਾਲਕ ਨੁਕਸਾਨ ਦੀ ਗੱਲ ਕਰ ਰਿਹਾ ਹੈ ਜਦਕਿ ਦੂਸਰੇ ਪਾਸੇ ਇਹ ਪਰਿਵਾਰ ਕਰੋੜਾਂ ਰੁਪਏ ਦਾ ਡਿਫਾਲਟਰ ਹੈ। ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਇਸ ਪਰਿਵਾਰ ਨਾਲ ਨਰਮੀ ਵਰਤ ਰਹੀ ਹੈ।
ਸਖ਼ਤੀ ਨਾਲ ਵਸੂਲੀ ਕਰਾਂਗੇ: ਚੀਮਾ
ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਸ਼ਰਾਬ ਦੇ ਇਹ ਕਾਰੋਬਾਰੀ ਪਿਛਲੀਆਂ ਸਰਕਾਰਾਂ ਸਮੇਂ ਡਿਫਾਲਟਰ ਹੋਏ ਹਨ ਤੇ ਇਨ੍ਹਾਂ ਖ਼ਿਲਾਫ਼ ਹੁਣ ਸਰਕਾਰ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਬਕਾਏ ਵਸੂਲੇ ਜਾ ਸਕਣ। ਉਨ੍ਹਾਂ ਕਿਹਾ ਕਿ ਹਰੇਕ ਡਿਫਾਲਟਰ ਤੋਂ ਸਖ਼ਤੀ ਨਾਲ ਵਸੂਲੀ ਕੀਤੀ ਜਾਵੇਗੀ ਤੇ ਇਨ੍ਹਾਂ ਡਿਫਾਲਟਰਾਂ ਦੀਆਂ ਅਟੈਚ ਜ਼ਮੀਨਾਂ ਦੀ ਨਿਲਾਮੀ ਕਰਕੇ ਪੈਸੇ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨਾਲ ਕੋਈ ਢਿੱਲ ਨਹੀਂ ਵਰਤੀ ਜਾਵੇਗੀ।
No comments:
Post a Comment