Saturday, September 1, 2018

                             ਬੇਅਦਬੀ ਮਾਮਲਾ
          ਤਸੀਹਾ ਘਰਾਂ ’ਚ ਪਰਖਿਆ ਇਮਾਨ
                             ਚਰਨਜੀਤ ਭੁੱਲਰ
ਬਠਿੰਡਾ  :  ਪੁਲੀਸ ਤਸ਼ੱਦਦ ਨੇ ਦਰਜਨਾਂ ਬੇਕਸੂਰਾਂ ਨੂੰ ਨਕਾਰਾ ਬਣਾ ਦਿੱਤਾ ਹੈ ਜਿਨ੍ਹਾਂ ਦੀ ਹੁਣ ਜ਼ਿੰਦਗੀ ਉੱਖੜ ਗਈ ਹੈ। ਤਸੀਹਾ ਘਰਾਂ ’ਚ ਉਨ੍ਹਾਂ ਦਾ ਇਮਾਨ ਪਰਖਿਆ ਗਿਆ। ਜ਼ਮੀਰਾਂ ਦੇ ਸੱਚੇ ਉਹ ਪੁਲੀਸ ਦੀ ਕੁੱਟ ਝੱਲ ਗਏ ਪ੍ਰੰਤੂ ਹੁਣ ਉਨ੍ਹਾਂ ਦੇ ਸਰੀਰਾਂ ’ਚ ਬੱਜ ਪੈ ਗਿਆ। ਜਦੋਂ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਪਹਿਲੀ ਜੂਨ 2015 ਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਤਾਂ ਉਦੋਂ ਹੀ ਪੁਲੀਸ ਦਾ ਝੱਖੜ ਬੇਕਸੂਰ ਲੋਕਾਂ ’ਤੇ ਝੱੁਲਣਾ ਸ਼ੁਰੂ ਹੋ ਗਿਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਉਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਬੇਅਦਬੀ ਮਾਮਲਿਆਂ ਦੇ ਅਸਲ ਮੁਲਜ਼ਮਾਂ ਨੂੰ ਬੇਨਕਾਬ ਕਰ ਦਿੱਤਾ ਹੈ। ਹੁਣ ਉਨ੍ਹਾਂ ਬੇਕਸੂਰਾਂ ਨੂੰ ਕੌਣ ਇਨਸਾਫ਼ ਦੇਵੇਗਾ ਜਿਨ੍ਹਾਂ ਨੂੰ ਪੁਲੀਸ ਤਸੀਹਾ ਘਰਾਂ ’ਚ ਝੰਬਦੀ ਰਹੀ। ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਦਾ ਗੰ੍ਰਥੀ ਗੋਰਾ ਸਿੰਘ ਦਾ ਇਮਾਨ ਪਰਖਣ ਲਈ ਹਰ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਉਸ ਨੇ ਜ਼ਮੀਰ ਅੱਗੇ ਹਥਿਆਰ ਨਾ ਸੁੱਟੇ। ਉਸ ਨੇ ਆਪਣੇ ਪਿੰਡੇ ਤਿੰਨ ਵਰੇ੍ਹ ਪੁਲੀਸ ਦਾ ਹਰ ਜ਼ੁਲਮ ਝੱਲਿਆ। ਗੋਰਾ ਸਿੰਘ ਆਖਦਾ ਹੈ ਕਿ ਗੁਰੂ ਦੇ ਸਰੂਪ ਚੋਰੀ ਹੋਣ ਮਗਰੋਂ ਉਹ ਮਾਨਸਿਕ ਤੌਰ ’ਤੇ ਟੁੱਟ ਚੁੱਕਾ ਸੀ। ਉੱਪਰੋਂ ਪੁਲੀਸ ਨੇ ਕਟਹਿਰੇ ’ਚ ਖੜ੍ਹਾ ਕਰ ਦਿੱਤਾ।
                   ਤਸੀਹਾ ਘਰ ’ਚ ਕਦੇ ਪੁਲੀਸ ਨੇ ਉਸ ਨੂੰ ਕਰੰਟ ਲਗਾਇਆ ਅਤੇ ਕਦੇ ਪਾਣੀ ’ਚ ਡਬੋਇਆ। ਏਨੀ ਬੇਰਹਿਮੀ ਨਾਲ ਤਸ਼ੱਦਦ ਕੀਤਾ ਕਿ ਉਸ ਦਾ ਗਲ਼ਾ ਖ਼ਰਾਬ ਹੋ ਚੁੱਕਾ ਹੈ ਅਤੇ ਸਰੀਰ ਦੀ ਪੀੜ ਰਾਤਾਂ ਨੂੰ ਅੱਖ ਨਹੀਂ ਲੱਗਣ ਦਿੰਦੀ। ਦੋ ਵਾਰ ਪੁਲੀਸ ਗੁਜਰਾਤ ਅਤੇ ਦੋ ਵਾਰੀ ਦਿੱਲੀ ਲੈ ਕੇ ਗਈ। ਉਹ ਨਾਰਕੋ ਟੈੱਸਟ ਸਮੇਤ ਹਰ ਪ੍ਰੀਖਿਆ ਚੋਂ ਖਰਾ ਨਿਕਲਿਆ। ਹਰ ਏਜੰਸੀ ਨੂੰ ਪੂਰਾ ਸਾਥ ਦਿੱਤਾ। ਉਸ ਦੀ ਪਤਨੀ ਸਵਰਨਜੀਤ ਕੌਰ ਦੱਸਦੀ ਹੈ ਕਿ ਉਸ ਨੂੰ ਪੁਲੀਸ ਨੇ ਏਨੇ ਤਸੀਹੇ ਦਿੱਤੇ ਕਿ ਫ਼ੌਰੀ ਅਪਰੇਸ਼ਨ ਕਰਾਉਣਾ ਪਿਆ। ਪੁਲੀਸ ਨੇ ਕਦੇ ਕਰੰਟ ਦੇ ਝਟਕੇ ਦਿੱਤੇ ਅਤੇ ਬਰਫ਼ ਮੂੰਹ ਤੇ ਰੱਖੀ। ਚਾਰ ਮਹੀਨੇ ਤਾਂ ਮੰਜੇ ਚੋਂ ਉੱਠਿਆ ਹੀ ਨਹੀਂ ਗਿਆ। ਲੋਕਾਂ ਨੇ ਪੈਸੇ ਇਕੱਠੇ ਕਰਕੇ ਦੋਵਾਂ ਦਾ ਇਲਾਜ ਕਰਾਇਆ। ਗੰ੍ਰਥੀ ਦੱਸਦਾ ਹੈ ਕਿ ਉਸ ਦਾ ਘਰ ਡਿੱਗ ਚੁੱਕਾ ਹੈ ਅਤੇ 60 ਹਜ਼ਾਰ ਦਾ ਬੈਂਕ ਤੋਂ ਲਿਆ ਕਰਜ਼ਾ ਵੀ ਵਕੀਲਾਂ ਦੀਆਂ ਫ਼ੀਸਾਂ ਵਿਚ ਚਲਾ ਗਿਆ। ਇੱਕ ਬੱਚਾ ਪੁਲੀਸ ਸਹਿਮ ਰਹਿਣ ਕਰਕੇ ਪ੍ਰੀਖਿਆ ਚੋਂ ਫ਼ੇਲ੍ਹ ਹੋ ਗਿਆ।
        ਗੋਰਾ ਸਿੰਘ ਤਸੱਲੀ ਜ਼ਾਹਿਰ ਕਰਦਾ ਹੈ ਕਿ ਬੇਅਦਬੀ ਦੇ ਅਸਲ ਦੋਸ਼ੀ ਜੱਗ ਜ਼ਾਹਿਰ ਹੋ ਗਏ ਹਨ ਪ੍ਰੰਤੂ ਗਿਲਾ ਕਰਦਾ ਹੈ ਕਿ ਪੁਲੀਸ ਨੇ ਬਿਨਾਂ ਕਸੂਰੋਂ ਹੀ ਉਨ੍ਹਾਂ ਨੂੰ ਜ਼ਿੰਦਗੀ ਭਰ ਦਾ ਰੋਗੀ ਬਣਾ ਦਿੱਤਾ। ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ’ਤੇ ਏਨਾ ਤਸ਼ੱਦਦ ਹੋਇਆ ਕਿ ਉਹ ਬਾਂਹਾਂ ਨਾਲ ਹੁਣ ਕੱੁਝ ਵੀ ਭਾਰਾ ਨਹੀਂ ਚੁੱਕ ਸਕਦਾ। ਉਸ ਨੂੰ ਫ਼ਿਰੋਜ਼ਪੁਰ ਦੇ ਤਸੀਹਾ ਘਰ ਵਿਚ 36 ਘੰਟੇ ਪੁਲੀਸ ਤਸੀਹੇ ਦਿੰਦੀ ਰਹੀ। ਉਸ ਨੂੰ ਕਦੇ ਪੁੱਠਾਂ ਲਮਕਾਇਆ ਅਤੇ ਕਦੇ ਨੱਕ ਵਿਚ ਪਾਣੀ ਪਾਇਆ। ਉਸ ਦੀ ਮਾਂ ਨੂੰ ਅਧਰੰਗ ਹੋ ਗਿਆ ਤੇ ਸਦਮੇ ’ਚ ਉਹ ਜਹਾਨੋਂ ਚਲੀ ਗਈ। ਉਸ ਨੇ ਰੋਸ ਵਜੋਂ ਗੁਰੂ ਘਰ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ। ਫ਼ਿਰੋਜ਼ਪੁਰ ਦੇ ਤਸੀਹਾ ਘਰ ’ਚ ਪੁਲੀਸ ਨੇ ਪਿੰਡ ਦੇ ਨੌਜਵਾਨ ਗੁਰਜੀਤ ਸਿੰਘ ਨੂੰ ਤਿੰਨ ਦਿਨ ਤਸੀਹੇ ਦਿੱਤੇ। ਲੋਕਾਂ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਤਾਂ ਪੁਲੀਸ ਤਸ਼ੱਦਦ ਮਗਰੋਂ ਦਿਮਾਗ਼ੀ ਤੌਰ ਤੇ ਸੁੱਧ ਬੁੱਧ ਖੋਹ ਬੈਠਾ ਹੈ। ਪਿੰਡ ਦੇ ਹਰਬੰਸ ਸਿੰਘ ਨੂੰ ਏਨੇ ਤਸੀਹੇ ਦਿੱਤੇ ਗਏ ਕਿ ਉਸ ਤੋਂ ਪੈਰ ਖ਼ਰਾਬ ਹੋ ਗਏ ਹਨ ਅਤੇ ਠੀਕ ਚੱਲਿਆ ਨਹੀਂ ਜਾਂਦਾ ਹੈ।
                  ਪਿੰਡ ’ਚ ਇੱਕ ਵਿਅਕਤੀ ਸਿਲਾਈ ਕਢਾਈ ਦਾ ਕੰਮ ਸਿਖਾਉਂਦਾ ਸੀ, ਉਹ ਪੁਲੀਸ ਮਾਰ ਮਗਰੋਂ ਪਿੰਡ ਹੀ ਛੱਡ ਗਿਆ। ਸਿੰਘਾਪੁਰ ਤੋਂ ਆਏ ਪਿੰਡ ਦੇ ਬਾਸ਼ਿੰਦੇ ਗੁਰਜੀਤ ਸਿੰਘ ਨੂੰ ਵੀ ਪੁਲੀਸ ਨੇ ਤਸੀਹਿਆਂ ਦੀ ਸੌਗਾਤ ਦੇ ਦਿੱਤੀ। ਲੋਕ ਆਖਦੇ ਹਨ ਕਿ ਉਨ੍ਹਾਂ ਨੇ ਤਿੰਨ ਵਰੇ੍ਹ ਬਹੁਤ ਸਹਿਮ ਤੇ ਦੁੱਖ ਝੱਲੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮਗਰੋਂ ਪਿੰਡ ਦੇ ਲੋਕਾਂ ਦੀਆਂ ਆਂਦਰਾਂ ਠੰਢੀਆਂ ਹੋਈਆਂ ਹਨ। ਨਿਹੱਥੇ ਲੋਕ ਇਸ ਗੱਲੋਂ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਕਾਹਦੀ ਸਜ਼ਾ ਦਿੱਤੀ ਗਈ ਤੇ ਹੁਣ ਉਨ੍ਹਾਂ ਨੂੰ ਇਨਸਾਫ਼ ਕੌਣ ਦੇਵੇਗਾ। ਪੰਜਗਰਾਈਂ ਦੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਪੁਲੀਸ ਤਸ਼ੱਦਦ ਦਾ ਹਰ ਰੂਪ ਦੇਖਿਆ ਹੈ। ਪੀੜਾਂ ਦੇ ਝੱਖੜ ਵਿਚ ਵੀ ਉਹ ਡੋਲੇ ਨਹੀਂ। ਉਨ੍ਹਾਂ ਦੀ ਮਾਲੀ ਇਮਦਾਦ ਲਈ ਵਿਦੇਸ਼ ਬੈਠੇ ਪੰਜਾਬੀਆਂ ਨੇ ਵੀ ਹੱਥ ਨਹੀਂ ਘੁੱਟਿਆ। ਪੰਜਗਰਾਈਂ ਦੇ ਜੋ ਹੋਰ ਅਮਨ ਵਗ਼ੈਰਾ ਨੌਜਵਾਨ ਪੁਲੀਸ ਦੀ ਕੁੱਟ ਨੇ ਭੰਨ ਸੁੱਟੇ, ਉਨ੍ਹਾਂ ਦੀ ਹੁਣ ਕੌਣ ਬਾਂਹ ਫੜੂ। ਬਰਗਾੜੀ ਦੇ ਗੰ੍ਰਥੀ ਸੁਖਪਾਲ ਸਿੰਘ ਦੇ ਲੜਕੇ ਗੁਰਮੁਖ ਸਿੰਘ ਨੇ ਵੀ ਤਸ਼ੱਦਦ ਦਾ ਹਰ ਘਿਣਾਉਣਾ ਚਿਹਰਾ ਵੇਖਿਆ।
                  ਬਰਗਾੜੀ ਦੇ ਗੁਰੂ ਘਰ ਦੇ ਸਾਰੇ ਮੁਲਾਜ਼ਮਾਂ ਨੂੰ ਲੰਮਾ ਸਮਾਂ ਮਾਨਸਿਕ ਪ੍ਰੇਸ਼ਾਨੀ ਵਿਚੋਂ ਲੰਘਣਾ ਪਿਆ। ਗੁਰੂ ਘਰ ਦੇ ਗੰ੍ਰਥੀ ਬੁੱਧ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੀਬੀਆਈ ਦੋ ਦਫ਼ਾ ਦਿੱਲੀ ਲਿਜਾ ਚੁੱਕੀ ਹੈ। ਪੜਤਾਲਾਂ ਨੇ ਸੁਰਤ ਭੱੁਲਾ ਦਿੱਤੀ ਹੈ। ਕੋਟਕਪੂਰਾ ਗੋਲੀ ਕਾਂਡ ’ਚ ਜ਼ਖਮੀ ਹੋਏ ਅਜੀਤ ਸਿੰਘ ਦੀ ਹਾਲਤ ਅਪਾਹਜਾਂ ਵਰਗੀ ਹੋ ਗਈ ਹੈ। ਸਰਕਾਰ ਨੇ ਉਨ੍ਹਾਂ ਨੂੰ ਮਾਲੀ ਮਦਦ ਤਾਂ ਦੇ ਦਿੱਤੀ ਹੈ ਪ੍ਰੰਤੂ ਉਸ ਦੀ ਲੱਤ ਕਮਜ਼ੋਰ ਹੋ ਗਈ ਹੈ ਅਤੇ ਪੈਰ ਠੀਕ ਕੰਮ ਨਹੀਂ ਕਰ ਰਿਹਾ ਹੈ। ਅਜੀਤ ਸਿੰਘ ਦੱਸਦਾ ਹੈ ਕਿ ਪੁਲੀਸ ਦੀ ਗੋਲੀ ਨੇ ਜ਼ਿੰਦਗੀ ਭਰ ਦਾ ਸਦਮਾ ਲਾ ਦਿੱਤਾ ਹੈ। ਏਦਾ ਦੇ ਹੋਰ ਕਾਫ਼ੀ ਨੌਜਵਾਨ ਹਨ ਜਿਨ੍ਹਾਂ ਨੂੰ ਪੁਲੀਸ ਨੇ ਬਿਨਾਂ ਕਸੂਰੋਂ ਗ਼ਸ਼ੀਆਂ ਪਾ ਦਿੱਤੀਆਂ ਸਨ ਜਿਨ੍ਹਾਂ ਦੀ ਹੁਣ ਵੀ ਕਿਧਰੇ ਸੁਣਵਾਈ ਨਹੀਂ ਹੋਈ।







No comments:

Post a Comment