Thursday, October 17, 2024

                                                        ਚੋਣਾਂ ਦਾ ਫਲ਼
                             ਕਿਸੇ ਲਈ ਮਿੱਠਾ, ਕਿਸੇ ਲਈ ਕੌੜਾ..!
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਚਾਇਤੀ ਚੋਣਾਂ ਦਾ ਫਲ ਕਿਸੇ ਲਈ ਮਿੱਠਾ ਤੇ ਕਿਸੇ ਲਈ ਕੌੜਾ ਰਿਹਾ। ਹਾਕਮ ਧਿਰ ਲਈ ਇਹ ਸੁਆਦਲਾ ਰਿਹਾ ਜਦੋਂ ਕਿ ਸਿਆਸੀ ਧੁਨੰਤਰਾਂ ਦਾ ਆਪਣੇ ਪਿੰਡਾਂ ’ਚ ਚੋਣ ਨਤੀਜਿਆਂ ਨੇ ਕੰਮ ਬੇਸੁਆਦਾ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਜੱਦੀ ਪਿੰਡ ਭੂੰਦੜ ’ਚੋਂ ਸ਼੍ਰੋਮਣੀ ਅਕਾਲੀ ਦਲ ਦਾ ਸਰਪੰਚੀ ਦਾ ਉਮੀਦਵਾਰ ਮੱਖਣ ਸਿੰਘ ਚੋਣ ਹਾਰ ਗਿਆ, ਜਦੋਂ ਕਿ ‘ਆਪ’ ਦੇ ਉਮੀਦਵਾਰ ਜਗਸੀਰ ਸਿੰਘ ਨੇ 75 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਹੈ। ਪਿੰਡ ਭੂੰਦੜ ’ਚ ਲੰਮੇ ਅਰਸੇ ਤੋਂ ਅਕਾਲੀ ਦਲ ਦਾ ਹੀ ਸਰਪੰਚ ਅਗਵਾਈ ਕਰਦਾ ਆ ਰਿਹਾ ਸੀ। ਪਹਿਲੀ ਦਫ਼ਾ ਪਿੰਡ ਭੂੰਦੜ ’ਚ ਕਿਸੇ ਦੂਸਰੀ ਪਾਰਟੀ ਦਾ ਪੈਰ ਪਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਪਿੰਡ ਵੜਿੰਗ ’ਚ ‘ਆਪ’ ਉਮੀਦਵਾਰ ਜੁਗਰਾਜ ਸਿੰਘ ਚੋਣ ਜਿੱਤ ਗਿਆ ਹੈ। 

         ਦੂਸਰੀ ਤਰਫ਼ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪਤਨੀ ਉਰਮਿਲਾ ਕੁਮਾਰੀ ਚੋਣ ਜਿੱਤ ਗਈ ਹੈ ਜੋ ਲੰਮੇ ਸਮੇਂ ਤੋਂ ਪਿੰਡ ਦੀ ਸਰਪੰਚ ਚੱਲੀ ਆ ਰਹੀ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਤਾਏ ਦਾ ਪੋਤਰਾ ਉਨ੍ਹਾਂ ਦੇ ਜੱਦੀ ਪਿੰਡ ’ਚੋਂ ‘ਆਪ’ ਤਰਫ਼ੋਂ ਚੋਣ ਜਿੱਤ ਗਿਆ ਹੈ। ਹਲਕਾ ਭੁੱਚੋ ਦੇ ਪਿੰਡ ਪੂਹਲਾ ’ਚ ਸੁਮਨਦੀਪ ਕੌਰ ਸਿੱਧੂ ਸਰਪੰਚ ਬਣੀ ਹੈ ਜੋ ਕੈਨੇਡਾ ਤੋਂ ਵਾਪਸ ਮੁੜੀ ਹੈ ਤੇ ਉਸ ਨੇ ਸਿਵਲ ਸਰਵਿਸ ਦੀ ਤਿਆਰੀ ਵੀ ਸ਼ੁਰੂ ਕੀਤੀ ਹੋਈ ਸੀ। ਹਲਕਾ ਮੌੜ ਦੇ ਵੱਡੇ ਪਿੰਡਾਂ ਵਿਚ ‘ਆਪ’ ਦੇ ਪੱਲੇ ਨਮੋਸ਼ੀ ਪਈ ਹੈ। ਮੌੜ ਹਲਕੇ ਦੇ ਵੱਡੇ ਪਿੰਡ ਚਾਉਕੇ ਵਿਚ ‘ਆਪ’ ਦਾ ਉਮੀਦਵਾਰ ਹਾਰ ਗਿਆ, ਜਦੋਂ ਕਿ ਬਾਕੀ ਧਿਰਾਂ ਦਾ ਸਰਬ ਸਾਂਝਾ ਉਮੀਦਵਾਰ ਚੋਣ ਜਿੱਤ ਗਿਆ। ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਪਿੰਡ ਬੱਲ੍ਹੋ ਵਿਚ ਵਿਰੋਧੀ ਧਿਰਾਂ ਦੀ ਸਾਂਝੀ ਉਮੀਦਵਾਰ ਅਮਰਜੀਤ ਕੌਰ ਨੇ ਜਿੱਤ ਹਾਸਲ ਕੀਤੀ ਹੈ। 

        ਹਲਕੇ ਦੇ ਵੱਡੇ ਪਿੰਡ ਮੰਡੀ ਕਲਾਂ ਵਿਚ ‘ਆਪ’ ਉਮੀਦਵਾਰ ਹਾਰ ਗਿਆ ਹੈ, ਜਦੋਂ ਕਿ ਮੰਡੀ ਕਲਾਂ ਕੋਠੇ ’ਚ ਪੱਤਰਕਾਰ ਜਸਵੰਤ ਦਰਦ ਨੇ ਚੋਣ ਜਿੱਤੀ। ਬਾਦਲਾਂ ਦੇ ਜੱਦੀ ਪਿੰਡ ਬਾਦਲ ਤੋਂ ਜੇਤੂ ਉਮੀਦਵਾਰ ’ਤੇ ਪਹਿਲਾਂ ‘ਆਪ’ ਦਾ ਦਾਅਵਾ ਨਹੀਂ ਸੀ ਪਰ ਹੁਣ ਇਸ ਜਿੱਤ ਨੂੰ ਪਾਰਟ ਆਪਣੀ ਝੋਲੀ ’ਚ ਮੰਨ ਰਹੀ ਹੈ। ਸਾਬਕਾ ਮੁੱਖ ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਦੇ ਜੱਦੀ ਪਿੰਡ ਸਰਾਏਨਾਗਾ ਵਿਚ ਕਾਂਗਰਸੀ ਉਮੀਦਵਾਰ ਦੀ ਜਿੱਤ ਹੋਈ ਹੈ। ਹਲਕਾ ਮੁਕਤਸਰ ਤੋਂ ‘ਆਪ’ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਜੱਦੀ ਪਿੰਡ ਫ਼ੱਤਣਵਾਲਾ ਵਿਚ ਉਸ ਦੇ ਘਰ ਵਿਚ ਲੰਮੇ ਸਮੇਂ ਤੋਂ ਕੰਮ ਕਰਨ ਵਾਲਾ ਚੋਣ ਜਿੱਤਿਆ ਹੈ। ਫ਼ਰੀਦਕੋਟ ਦੇ ਪਿੰਡ ਬਲੋਚਾ ਦੇ ਲੋਕਾਂ ਨੇ ਆਪਣੇ ਪਿੰਡ ਦੀ ਅਗਵਾਈ ਪੜ੍ਹੇ ਲਿਖੇ ਬੀਟੈੱਕ ਨੌਜਵਾਨ ਵਰਿੰਦਰਦੀਪ ਸਿੰਘ ਨੂੰ ਸੌਂਪੀ ਹੈ। 

       ਹਲਕਾ ਨਾਭਾ ਤੋਂ ‘ਆਪ’ ਵਿਧਾਇਕ ਦੇਵ ਮਾਨ ਦੀ ਭਰਜਾਈ ਉਨ੍ਹਾਂ ਦੇ ਜੱਦੀ ਪਿੰਡ ਫ਼ਤਿਹਪੁਰ ਰਾਜਪੂਤਾਂ ’ਚੋਂ ਚੋਣ ਹਾਰ ਗਈ। ਇਸੇ ਤਰ੍ਹਾਂ ਬਠਿੰਡਾ ਦੇ ਪਿੰਡ ਭਾਈਰੂਪਾ ਖ਼ੁਰਦ ਦੀ ਅਗਵਾਈ ਸ਼ਰਨਪ੍ਰੀਤ ਕੌਰ ਦੇ ਹਿੱਸੇ ਆਈ ਹੈ ਜੋ ਐਮਐਸਸੀ ਅਤੇ ਬੀਐੱਡ ਹੈ। ਫ਼ਿਰੋਜ਼ਪੁਰ ਦੇ ਪਿੰਡ ਕੋਠੇ ਕਿੱਲ੍ਹਿਆ ਵਾਲੇ ਵਿਚ ਇੱਕ ਮਾਂ ਨੇ ਹੀ ਸਰਪੰਚੀ ਵਿਚ ਆਪਣੇ ਪੁੱਤ ਨੂੰ ਹਰਾ ਦਿੱਤਾ ਹੈ। ਜਿੱਥੇ ਇਸ ਮਾਂ ਨੂੰ ਜਿੱਤ ਦੀ ਖ਼ੁਸ਼ੀ ਸੀ, ਉੱਥੇ ਪੁੱਤ ਦੇ ਹਾਰਨ ਦਾ ਦੁੱਖ ਵੀ ਸੀ। ਫ਼ਿਰੋਜ਼ਪੁਰ ਦੇ ਪਿੰਡ ਮਧਰੇ ਵਿਚ ਰਵੀ ਭਲਵਾਨ ਨੇ ਚੋਣ ਜਿੱਤੀ ਹੈ ਜੋ ਇਸ ਵੇਲੇ ਜੇਲ੍ਹ ਵਿਚ ਬੰਦ ਹੈ। ਉਹ ਜੇਲ੍ਹ ’ਚੋਂ ਚੋਣ ਜਿੱਤਣ ਵਾਲਾ ਇਕਲੌਤਾ ਉਮੀਦਵਾਰ ਹੋ ਸਕਦਾ ਹੈ। ਇਸੇ ਦੌਰਾਨ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਜੋ ਸਿੱਧੂ ਮੂਸੇਵਾਲਾ ਦਾ ਜੱਦੀ ਪਿੰਡ ਹੈ, ਵਿਚ ਗੁਰਸ਼ਰਨ ਸਿੰਘ ਸ਼ਰਨੀ ਚੋਣ ਜਿੱਤ ਗਿਆ ਹੈ ਜਦੋਂ ਕਿ ਮੂਸੇਵਾਲਾ ਦੇ ਪਰਿਵਾਰ ਦਾ ਸਮਰਥਕ ਚੋਣ ਹਾਰ ਗਿਆ।

No comments:

Post a Comment