Showing posts with label Audit report. Show all posts
Showing posts with label Audit report. Show all posts

Wednesday, July 23, 2014

                                      ਕੌੜਾ ਸੱਚ
             ਕੌਣ ਛੱਕ ਗਿਆ ਕੈਦੀਆਂ ਦਾ ਰਾਸ਼ਨ
                                   ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੇ ਰਾਸ਼ਨ ਅਤੇ ਮਜ਼ਦੂਰੀ ਵਿੱਚ ਕਰੋੜਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੀ ਬਠਿੰਡਾ,  ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਜੇਲ੍ਹ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਜਿੱਥੇ ਜੇਲ੍ਹ ਪ੍ਰਸ਼ਾਸਨ 'ਤੇ ਉਂਗਲ ਖੜ੍ਹੀ ਕੀਤੀ ਹੈ, ਉੱਥੇ ਸਰਕਾਰੀ ਖ਼ਜ਼ਾਨੇ ਨੂੰ ਵੀ ਰਗੜਾ ਲਗਾਇਆ ਹੈ।
ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਅੰਦਰੂਨੀ ਪੜਤਾਲ ਸੰਸਥਾ (ਮਾਲ) ਪੰਜਾਬ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਸੂਬਾ ਸਰਕਾਰ ਨੇ ਇਸ ਸੰਸਥਾ ਤੋਂ ਬਠਿੰਡਾ, ਪਟਿਆਲਾ, ਲੁਧਿਆਣਾ, ਫ਼ਿਰੋਜ਼ਪੁਰ, ਜਲੰਧਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜੇਲ੍ਹ ਦਾ ਸਾਲ 2012-13 ਤੋਂ 2013-14 ਤਕ ਦਾ ਵਿਸ਼ੇਸ਼ ਆਡਿਟ ਕਰਵਾਇਆ ਹੈ ਜਿਸ ਵਿੱਚ ਇਹ ਘਪਲੇ ਬੇਪਰਦ ਹੋਏ ਹਨ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ 10.12 ਲੱਖ ਰੁਪਏ ਦੀ ਖ਼ਰੀਦੀ ਗਈ ਕਣਕ ਪੁੱਜੀ ਹੀ ਨਹੀਂ ਹੈ। ਜੇਲ੍ਹ ਪ੍ਰਸ਼ਾਸਨ ਨੇ ਪਨਗਰੇਨ ਤੋਂ 650 ਕੁਇੰਟਲ ਕਣਕ ਲੈਣ ਲਈ ਰਾਸ਼ੀ ਜਮ੍ਹਾਂ ਕਰਵਾਈ ਸੀ ਪਰ ਅੱਜ ਤਕ ਨਾ ਕਣਕ ਆਈ ਹੈ ਅਤੇ ਨਾ ਹੀ ਜੇਲ੍ਹ ਨੂੰ ਰਾਸ਼ੀ ਵਾਪਸ ਮੁੜੀ ਹੈ। ਲੁਧਿਆਣਾ ਜੇਲ੍ਹ ਵਿੱਚ ਕੈਦੀਆਂ ਨੂੰ ਦਿੱਤੀ ਜਾਂਦੀ ਸਬਜ਼ੀ ਵਿੱਚ ਵਰਤੇ ਜਾਂਦੇ ਮਸਾਲਿਆਂ, ਘਿਓ ਅਤੇ ਨਮਕ ਵਿੱਚ 10.56 ਲੱਖ ਰੁਪਏ ਦਾ ਰਗੜਾ ਲਗਾ ਦਿੱਤਾ ਗਿਆ ਹੈ। ਇਸ ਜੇਲ੍ਹ ਵਿੱਚ ਅਪਰੈਲ 2012 ਤੋਂ ਜੂਨ 2013 ਵਿੱਚ ਸਬਜ਼ੀ ਦੀ ਵਰਤੋਂ ਕਾਇਦੇ ਤੋਂ ਘੱਟ ਜਾਂ ਬਿਲਕੁਲ ਹੀ ਨਹੀਂ ਕੀਤੀ ਗਈ ਪਰ ਮਸਾਲੇ, ਘਿਓ ਅਤੇ ਨਮਕ ਦੀ ਵਰਤੋਂ ਵਿਖਾਈ ਗਈ ਹੈ। ਅਜਿਹਾ ਕਿਉਂ ਕੀਤਾ ਗਿਆ ਅਤੇ ਇਸ ਪਿੱਛੇ ਕੀ ਕਾਰਨ ਸੀ, ਇਸ ਬਾਰੇ ਆਡਿਟ ਚੁੱਪ ਹੈ।
                    ਸਾਲ 2012-13 ਵਿੱਚ ਲੁਧਿਆਣਾ ਜੇਲ੍ਹ ਵਿੱਚ ਸਟਾਕ 'ਚ ਪਈਆਂ ਪਈਆਂ 8.47 ਲੱਖ ਦੀਆਂ ਦਵਾਈਆਂ ਮੁੜ ਖ਼ਰੀਦ ਲਈਆਂ ਗਈਆਂ ਹਨ ਤੇ ਜੇਲ੍ਹ ਪ੍ਰਸ਼ਾਸਨ ਨੇ 5.27 ਲੱਖ ਰੁਪਏ ਦੀਆਂ ਦਵਾਈਆਂ ਦੀ ਅਣਅਧਿਕਾਰਤ ਖ਼ਰੀਦ ਕੀਤੀ ਹੈ ਜਿਨ੍ਹਾਂ ਸਬੰਧੀ ਪ੍ਰਵਾਨਗੀ ਵੀ ਨਹੀਂ ਲਈ ਗਈ। ਲੁਧਿਆਣਾ ਜੇਲ੍ਹ ਦੀ ਫੈਕਟਰੀ ਵਿੱਚ  ਕੈਦੀਆਂ ਵੱਲੋਂ ਤਿਆਰ ਕੀਤੇ ਜਾਂਦੇ ਦੇਸੀ ਸਾਬਣ ਅਤੇ ਫਿਨਾਇਲ ਦਾ ਮੁੱਲ ਮਾਰਕੀਟ ਨਾਲੋਂ ਦੁੱਗਣਾ ਹੈ। ਜੇਲ੍ਹ ਅੰਦਰ 12 ਹਜ਼ਾਰ ਕਿਲੋ ਦੇਸੀ ਸਾਬਣ ਤਿਆਰ ਕੀਤਾ ਗਿਆ ਹੈ। ਡੀ.ਜੀ.ਪੀ. (ਜੇਲ੍ਹਾਂ) ਨੇ 27 ਮਈ 2013 ਨੂੰ ਪੱਤਰ ਜਾਰੀ ਕਰ ਕੇ ਸਾਬਣ ਦੀ ਕੀਮਤ 35.40 ਰੁਪਏ ਪ੍ਰਤੀ ਕਿਲੋ ਅਤੇ ਫਿਨਾਇਲ ਦੀ ਕੀਮਤ 20 ਰੁਪਏ ਪ੍ਰਤੀ ਲਿਟਰ ਨਿਰਧਾਰਿਤ ਕਰ ਦਿੱਤੀ ਸੀ। ਵੇਖਿਆ ਜਾਵੇ ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਬਣ ਅਤੇ ਫਿਨਾਇਲ ਤਿਆਰ ਕਰਨ 'ਤੇ 11.59 ਲੱਖ ਰੁਪਏ ਦਾ ਵਾਧੂ ਖ਼ਰਚ ਕੀਤਾ ਗਿਆ ਹੈ। ਸਾਬਣ ਤਿਆਰ ਕਰਨ ਲਈ ਸਸਤੇ ਮਟੀਰੀਅਲ (ਸੋਡੀਅਮ ਸਿਲੀਕੇਟ: ਮੁੱਲ 11 ਰੁਪਏ, ਸੋਪ ਸਟੋਨ: ਮੁੱਲ 26.50 ਰੁਪਏ) ਦੀ ਵਰਤੋਂ ਕਰਨ ਦੀ ਥਾਂ 140 ਰੁਪਏ ਤੋਂ 209 ਰੁਪਏ ਤਕ ਵਾਲਾ ਮਟੀਰੀਅਲ ਵਰਤਿਆ ਗਿਆ ਹੈ। ਮਹਿੰਗਾ ਮਟੀਰੀਅਲ ਕਿਉਂ ਖ਼ਰੀਦਿਆ ਗਿਆ, ਇਸ ਬਾਰੇ ਵੇਰਵੇ ਕੁਝ ਨਹੀਂ ਦੱਸਦੇ। ਲੁਧਿਆਣਾ ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ਤੋਂ 4.92 ਲੱਖ ਰੁਪਏ ਜੁਰਮਾਨੇ ਵਜੋਂ ਵਸੂਲੇ ਸਨ ਪਰ ਉਹ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੀ ਨਹੀਂ ਹੋਏ ਹਨ।
                     ਅੰਮ੍ਰਿਤਸਰ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਸੁਪਰਡੈਂਟ ਨੂੰ ਸਰਕਾਰੀ ਰਿਹਾਇਸ਼ ਦੇਣ ਤੋਂ ਇਲਾਵਾ 97,692 ਰੁਪਏ ਮਕਾਨ ਕਿਰਾਇਆ ਭੱਤਾ ਦਿੱਤਾ ਹੈ। ਜੇਲ੍ਹ ਮੁਲਾਜ਼ਮਾਂ ਦੇ 46 ਕੁਆਰਟਰਾਂ ਵਿੱਚ ਕੋਈ ਮੀਟਰ ਨਹੀਂ ਲੱਗਿਆ ਹੋਇਆ ਤੇ ਸਾਰਿਆਂ ਨੂੰ ਸਪਲਾਈ ਜੇਲ੍ਹ ਸੁਪਰਡੈਂਟ ਦੇ ਮੀਟਰ 'ਚੋਂ ਹੀ ਜਾਂਦੀ ਹੈ। ਜੇਲ੍ਹ ਵਾਲੇ ਹਰ ਮੁਲਾਜ਼ਮ ਤੋਂ ਪ੍ਰਤੀ ਮਹੀਨਾ 300 ਰੁਪਏ ਵਸੂਲ ਕਰ ਰਹੇ ਹਨ ਜਦਕਿ ਪੰਜਾਬ ਸਰਕਾਰ ਦੀ ਅਜਿਹੀ ਕੋਈ ਵਿਵਸਥਾ ਹੀ ਨਹੀਂ ਹੈ। ਪਟਿਆਲਾ ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ਦਾ ਮਿਹਨਤਾਨਾ 11.93 ਲੱਖ ਰੁਪਏ ਖ਼ਜ਼ਾਨੇ 'ਚੋਂ ਕਢਵਾ ਲਏ ਸਨ ਪਰ ਕੈਦੀਆਂ ਨੂੰ ਨਹੀਂ ਵੰਡੇ। ਇਸ ਦੌਰਾਨ ਕਈ ਕੈਦੀ ਜੇਲ੍ਹ 'ਚੋਂ ਰਿਹਾਅ ਵੀ ਹੋ ਗਏ ਹਨ। ਪਟਿਆਲਾ ਜੇਲ੍ਹ ਵੱਲੋਂ ਕਰੀਬ 96.86 ਲੱਖ ਰੁਪਏ ਦੀ ਕਣਕ ਬਿਨਾਂ ਟੈਂਡਰਾਂ ਤੋਂ ਹੀ ਖ਼ਰੀਦੀ ਗਈ ਹੈ। ਬਠਿੰਡਾ ਜੇਲ੍ਹ ਦਾ ਆਡਿਟ ਮੁਕੰਮਲ ਹੋ ਚੁੱਕਿਆ ਹੈ ਪਰ ਅਜੇ ਪ੍ਰਵਾਨਗੀ ਅਧੀਨ ਹੈ। ਅਹਿਮ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਠਿੰਡਾ ਜੇਲ੍ਹ ਵਿੱਚ ਰਾਸ਼ਨ ਦੀ ਖ਼ਰੀਦ ਵਿੱਚ ਵੱਡੀ ਗੜਬੜੀ ਹੋਈ ਹੈ। ਰਾਸ਼ਨ ਤੋਂ ਬਿਨਾਂ ਸਾਬਣ-ਤੇਲ ਦੀ ਜੋ ਸਥਾਨਕ ਖ਼ਰੀਦ ਕੀਤੀ ਗਈ ਹੈ, ਉਸ ਵਿੱਚ ਸਮਾਨ ਸਸਤੇ ਭਾਅ 'ਤੇ ਖ਼ਰੀਦਿਆ ਗਿਆ ਹੈ ਜਦਕਿ ਮੁੱਖ ਦਫ਼ਤਰ ਦੇ ਪੱਧਰ 'ਤੇ ਖ਼ਰੀਦ ਕੀਤੇ ਰਾਸ਼ਨ ਦੀ ਕੀਮਤ ਕਿਤੇ ਜ਼ਿਆਦਾ ਹੈ। ਇਸ ਵਿੱਚ ਲੱਖਾਂ ਰੁਪਏ ਦਾ ਫ਼ਰਕ ਸਾਹਮਣੇ ਆਇਆ ਹੈ।
                   ਫ਼ਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਨੇ ਵੀ ਕੈਦੀਆਂ ਦਾ 3.56 ਲੱਖ ਰੁਪਏ ਦਾ ਮਿਹਨਤਾਨਾ ਨਹੀਂ ਵੰਡਿਆ ਹੈ ਜਦਕਿ ਖ਼ਜ਼ਾਨੇ 'ਚੋਂ ਰਾਸ਼ੀ ਕਢਵਾ ਲਈ ਗਈ ਹੈ। ਇਸ ਜੇਲ੍ਹ 'ਚੋਂ ਡੈਪੂਟੇਸ਼ਨ 'ਤੇ ਗਈਆਂ ਦੋ ਮਹਿਲਾ ਮੁਲਾਜ਼ਮਾਂ ਨੂੰ ਬਿਨਾਂ ਤਾਇਨਾਤੀ ਤੋਂ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਅੱਠ ਲੱਖ ਰੁਪਏ ਤਨਖ਼ਾਹ ਵਜੋਂ ਦਿੱਤੇ ਗਏ ਹਨ। ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਆਡਿਟ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਆਡਿਟ ਰਿਪੋਰਟ ਵਿੱਚ ਜਿਹੜੀਆਂ ਊਣਤਾਈਆਂ 'ਤੇ ਉਂਗਲ ਉਠਾਈ ਗਈ ਹੋਵੇਗੀ, ਉਨ੍ਹਾਂ 'ਤੇ ਗੌਰ ਕੀਤੀ ਜਾਵੇਗੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।