Showing posts with label Election violance. Show all posts
Showing posts with label Election violance. Show all posts

Friday, February 3, 2017

                             ਚੋਣ ਹਿੰਸਾ 
          ਅਸੀਂ ਆਪਣੇ ਲਾਲ ਗੁਆ ਬੈਠੇ...
                          ਚਰਨਜੀਤ ਭੁੱਲਰ
ਬਠਿੰਡਾ : ਹਰਜੀਤ ਕੌਰ ਦੇ ਘਰ ਦਾ ਚਿਰਾਗ ਸਦਾ ਲਈ ਬੁੱਝ ਗਿਆ ਹੈ। ਉਮੀਦਾਂ ਦੇ ਸਹਾਰੇ ਸਦਾ ਲਈ ਟੁੱਟ ਗਏ। ਚੋਣ ਹਿੰਸਾ ਦਾ ਸੇਕ ਕੋਈ ਇਸ ਮਾਂ ਤੋਂ ਪੁੱਛ ਕੇ ਦੇਖੇ ਜਿਸ ਦਾ ਘਰ ਮੌੜ ਬੰਬ ਧਮਾਕੇ ਨੇ ਸਦਾ ਲਈ ਸੁੰਨਾ ਕਰ ਦਿੱਤਾ ਹੈ। ਨੌਵੀਂ ਕਲਾਸ 'ਚ ਪੜਦਾ ਜਪਸਿਮਰਨ ਸਿੰਘ ਇਸ ਧਮਾਕੇ 'ਚ ਦੁਨੀਆਂ ਤੋਂ ਰੁਖਸਤ ਹੋ ਗਿਆ। ਪਰਿਵਾਰ 'ਚ ਪਿਛੇ ਹੁਣ ਜਪਸਿਮਰਨ ਦੀ ਛੋਟੀ ਭੈਣ ਪਰੀ ਬਚੀ ਹੈ। ਭਰਾ ਦੀ ਮੌਤ ਨੇ ਇਸ ਨੰਨ•ੀ ਪਰੀ ਤੋਂ ਸਦਾ ਲਈ  ਹਾਸੇ ਖੋਲ ਲਏ ਹਨ। ਪੰਜਾਬ ਚੋਣਾਂ 'ਚ ਕੋਈ ਵੀ ਜਿੱਤੇ ਪਰ ਇਹ ਮਾਪੇ ਅੱਜ ਹੀ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਮੌੜ ਧਮਾਕੇ 'ਚ ਤਿੰਨ ਬੱਚੇ ਮੌਤ ਦੇ ਮੂੰਹ ਵਿਚ ਜਾ ਪਏ ਹਨ ਜੋ ਇਕੱਠੇ ਦੋਸਤੀ ਦੇ ਰਾਹ 'ਤੇ ਚੱਲਣ ਤੋਂ ਪਹਿਲਾਂ ਹੀ ਵਿਦਾ ਹੋ ਗਏ। ਇਨ•ਾਂ ਦਾ ਚੌਥਾ ਦੋਸਤ ਅੰਕੁਸ਼ ਮੌਤ ਦੇ ਜ਼ਿੰਦਗੀ ਦਰਮਿਆਨ ਜੂਝ ਰਿਹਾ ਹੈ। ਜਪਸਿਮਰਨ ਪੁਲੀਸ ਪਬਲਿਕ ਸਕੂਲ 'ਚ ਪੜ ਰਿਹਾ ਸੀ ਅਤੇ ਉਸ ਦੇ ਬਾਪ ਦੀ ਸਪੇਅਰ ਪਾਰਟਸ ਦੀ ਦੁਕਾਨ ਹੈ ਜਿਸ ਦੇ ਪਰਿਵਾਰ ਨੂੰ ਇਸ ਧਮਾਕੇ ਨੇ ਤੀਲਾ ਤੀਲਾ ਕਰ ਦਿੱਤਾ ਹੈ।
                          ਰਾਕੇਸ਼ ਕੁਮਾਰ ਦੀ ਕਰਿਆਣੇ ਦੀ ਛੋਟੀ ਦੁਕਾਨ ਹੈ ਪਰ ਉਸ ਦਾ ਦੁੱਖ ਹੁਣ ਸਭ ਤੋਂ ਵੱਡਾ ਹੈ। ਉਸ ਦਾ ਸੱਤਵੀਂ ਕਲਾਸ 'ਚ ਪੜਦਾ ਲੜਕਾ ਸੌਰਵ ਸਿੰਗਲਾ ਵੀ ਚੋਣ ਹਿੰਸਾ ਦੇ ਸੇਕ ਵਿਚ ਜਲ ਗਿਆ ਹੈ। ਮਾਂ ਸ਼ਸ਼ੀ ਬਾਲਾ ਨੂੰ ਹਰ ਪਾਸਿਓ ਪੁੱਤ ਦੇ ਝਓਲੇ ਪੈਂਦੇ ਹਨ। ਵੱਡੀ ਭੈਣ ਨੋਨੂੰ ਨੂੰ ਹੁਣ ਕਦੇ ਟੱਪੂ ਟੱਪੂ ਕਰਦਾ ਸੌਰਵ ਨਹੀਂ ਦਿਖੇਗਾ। ਪਿੰਡ ਸੰਦੋਹਾ ਦਾ ਰਿਪਨਦੀਪ ਸਿੰਘ ਦੀ ਆਪਣੇ ਇਨ•ਾਂ ਦੋਸਤਾਂ ਨਾਲ ਦੋਸਤੀ ਨਿਭਾ ਗਿਆ। ਚੌਥੀ 'ਚ ਪੜ•ਦੇ ਇਸ ਬੱਚੇ ਨੇ ਬਚਪਨ ਤੋਂ ਹੀ ਦੁੱਖਾਂ ਨੂੰ ਗਲ ਨਾਲ ਲਾ ਲਿਆ ਸੀ।  ਰਿਪਨਦੀਪ ਸਿੰਘ ਨੇ ਜਦੋਂ ਹੋਸ਼ ਸੰਭਾਲੀ ਤਾਂ ਉਸ ਤੋਂ ਪਹਿਲਾਂ ਹੀ ਬਾਪ ਜਹਾਨੋਂ ਚਲਾ ਗਿਆ। ਬਾਪ ਦੀ ਇੱਕ ਤਸਵੀਰ ਹੀ ਉਸ ਕੋਲ ਬਚੀ ਹੈ। ਮਾਂ ਹਰਪ੍ਰੀਤ ਕੌਰ ਕੋਲੋਂ ਇੱਕ ਤਸਵੀਰ ਝੱਲੀ ਨਹੀਂ ਜਾਂਦੀ ਸੀ ਤੇ ਹੁਣ ਤਸਵੀਰਾਂ ਦੋ ਹੋ ਗਈਆਂ ਹਨ, ਇੱਕ ਪਤੀ ਦੀ ਤੇ ਦੂਸਰੀ ਰਿਪਨਦੀਪ ਦੀ। 11 ਮਹੀਨੇ ਦੀ ਛੋਟੀ ਭੈਣ ਰੀਤ ਜਦੋਂ ਸੁਰਤ ਸੰਭਾਲੇਗੀ ਤਾਂ ਉਦੋਂ ਭਰਾ ਦੀ ਤਸਵੀਰ ਚੋਂ ਹੀ ਪਿਆਰ ਤਲਾਸੇਗੀ। ਸਮਾਜ ਸੇਵੀ ਵਿੱਕੀ ਦੱਸਦਾ ਹੈ ਕਿ ਉਨ•ਾਂ ਦੀ ਗਲੀ ਦੇ ਪੰਜ ਬੱਚੇ ਬਚਪਨ ਦੇ ਦੋਸਤ ਸਨ ਜਿਨ•ਾਂ ਚੋਂ ਤਿੰਨ ਸਾਥ ਛੱਡ ਗਏ ਤੇ ਚੌਥਾ ਅੰਕੁਸ਼ ਜ਼ਿੰਦਗੀ ਨਾਲ ਲੜ ਰਿਹਾ ਹੈ। ਇਹ ਬੱਚੇ ਗਲੀ ਦੀ ਨੁੱਕਰ ਤੇ ਖੇਡ ਰਹੇ ਸਨ ਪਰ ਬੰਬ ਧਮਾਕੇ ਨੇ ਉਨ•ਾਂ ਦੀ ਖੇਡ ਸਦਾ ਲਈ ਵਿਗਾੜ ਦਿੱਤੀ।
                        ਪੰਜਵਾਂ ਦੋਸਤ ਕਰਿਸ਼ ਵੀ ਹਾਦਸੇ ਤੋਂ ਚੰਦ ਮਿੰਟ ਪਹਿਲਾਂ ਹੀ ਗਲੀ ਚੋਂ ਘਰ ਵਾਪਸ ਪਰਤ ਗਿਆ ਸੀ। ਕਰਿਸ਼ ਨੂੰ ਹੁਣ ਆਪਣੇ ਦੋਸਤ ਨਹੀਂ ਲੱਭ ਰਹੇ ਹਨ। ਉਹ ਬਠਿੰਡਾ ਵਿਖੇ ਤੀਸਰੀ ਕਲਾਸ ਵਿਚ ਪੜ•ਦਾ ਹੈ।  ਕਰਿਸ਼ ਏਨਾ ਸਦਮੇ ਵਿਚ ਹੈ ਕਿ ਉਹ ਸਕੂਲ ਨਹੀਂ ਜਾ ਰਿਹਾ ਹੈ। ਇੱਥੋਂ ਤੱਕ ਕਿ ਕਰਿਸ਼ ਨੇ ਅੱਜ ਸਕੂਲ ਪ੍ਰੀਖਿਆ ਵੀ ਛੱਡ ਦਿੱਤੀ ਹੈ। ਮਾਪੇ ਦੱਸਦੇ ਹਨ ਕਿ ਕਰਿਸ਼ ਨੂੰ ਹੌਲ ਪੈ ਰਹੇ ਹਨ ਅਤੇ ਉਹ ਡੌਰ ਭੌਰ ਹੈ। ਅੱਜ ਹਾਦਸੇ ਵਿਚ ਜਾਨ ਗੁਆਉਣ ਵਾਲੇ ਬੱਚਿਆਂ ਦੇ ਜਦੋਂ ਸਿਵੇ ਬਲੇ ਤਾਂ ਮਾਪਿਆਂ ਦੇ ਅਰਮਾਨ ਦੀ ਇਨ•ਾਂ ਸਿਵਿਆਂ ਵਿਚ ਹੀ ਰਾਖ ਹੋ ਗਏ। ਸਿਵਿਆਂ ਚੋਂ ਵੋਟਾਂ ਤਲਾਸਣ ਵਾਲਿਆਂ ਨੇ ਇਨ•ਾਂ ਘਰਾਂ ਦੀ ਤਲਾਸ਼ ਸਦਾ ਲਈ ਖਤਮ ਕਰ ਦਿੱਤੀ ਹੈ।