Showing posts with label Gobindpura thermal.Job scam. Show all posts
Showing posts with label Gobindpura thermal.Job scam. Show all posts

Sunday, May 31, 2015

                                    ਭੌਂ ਪ੍ਰਾਪਤੀ
                     ਜੁਗਾੜੀ ਲੈ ਗਏ ਨੌਕਰੀਆਂ
                                   ਚਰਨਜੀਤ ਭੁੱਲਰ
ਬਠਿੰਡਾ : ਗੋਬਿੰਦਪੁਰਾ ਥਰਮਲ ਲਈ ਐਕੁਆਇਰ ਕੀਤੀ ਜ਼ਮੀਨ ਵਿਚ ਨਵਾਂ ਨੌਕਰੀ ਸਕੈਂਡਲ ਹੋ ਗਿਆ ਹੈ। ਜੱਦੀ ਪੁਸ਼ਤੀ ਜ਼ਮੀਨਾਂ ਦੇਣ ਵਾਲੇ ਤਾਂ ਨੌਕਰੀ ਲਈ ਭਟਕ ਰਹੇ ਹਨ। ਰਾਤੋ ਰਾਤ ਜ਼ਮੀਨਾਂ ਦੇ ਮਾਲਕ ਬਣਨ ਵਾਲੇ ਨੌਕਰੀਆਂ ਲੈ ਗਏ ਹਨ। ਜਿਲ•ਾ ਪ੍ਰਸ਼ਾਸਨ ਮਾਨਸਾ ਨੇ ਬਰੇਟਾ ਦੇ 162 ਅਜਿਹੇ ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ ਜੋ ਚੰਦ ਮਿੰਟ ਪਹਿਲਾਂ ਹੀ ਇਨ•ਾਂ ਜ਼ਮੀਨਾਂ ਦੇ ਮਾਲਕ ਬਣੇ ਸਨ। ਇਨ•ਾਂ ਕਿਸਾਨਾਂ ਨੇ 17 ਜਨਵਰੀ 2011 ਨੂੰ ਜ਼ਮੀਨ ਖਰੀਦੀ ਅਤੇ ਉਸੇ ਦਿਨ ਹੀ ਸਰਕਾਰ ਨੇ ਇਹ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਿਲ•ਾ ਪ੍ਰਸ਼ਾਸਨ ਮਾਨਸਾ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਕੀਤੀ ਕਰੀਬ 200 ਸਫਿਆਂ ਦੀ ਰਿਪੋਰਟ ਅਨੁਸਾਰ ਪਿਓਨਾ ਥਰਮਲ ਪਾਵਰ ਪਲਾਂਟ ਵਾਸਤੇ ਚਾਰ ਪਿੰਡਾਂ ਗੋਬਿੰਦਪੁਰਾ, ਬਰੇਟਾ, ਜਲਵੇੜਾ ਅਤੇ ਸਿਰਸੀਵਾਲਾ ਦੇ 1820 ਕਿਸਾਨਾਂ ਦੀ 878 ਜ਼ਮੀਨ 216 ਕਰੋੜ ਵਿਚ ਐਕੁਆਇਰ ਹੋਈ ਸੀ। ਭਾਵੇਂ ਇਸ ਥਰਮਲ ਦੀ ਉਸਾਰੀ ਹਾਲੇ ਤੱਕ ਸ਼ੁਰੂ ਨਹੀਂ ਹੋਈ ਪ੍ਰੰਤੂ ਇਨ•ਾਂ ਪਿੰਡਾਂ ਵਿਚ ਰਾਤੋਂ ਰਾਤ ਮਰਲਿਆਂ ਵਿਚ ਜ਼ਮੀਨਾਂ ਖਰੀਦ ਕੇ 50 ਦੇ ਕਰੀਬ ਬਾਹਰਲੇ ਲੋਕ ਸਰਕਾਰੀ ਨੌਕਰੀਆਂ ਲੈ ਗਏ ਹਨ।
                      ਜਿਲ•ਾ ਪ੍ਰਸ਼ਾਸਨ ਨੇ ਇਨ•ਾਂ ਚਾਰੋਂ ਪਿੰਡਾਂ ਦੇ 624 ਅਜਿਹੇ ਕਿਸਾਨਾਂ ਦੀ ਜ਼ਮੀਨ ਵੀ ਐਕੁਆਇਰ ਵੀ ਕੀਤੀ ਜੋ ਭੂਮੀ ਪ੍ਰਾਪਤੀ ਦੇ ਨੋਟੀਫਿਕੇਸ਼ਨ ਤੋਂ ਐਨ ਪਹਿਲਾਂ ਨੌਕਰੀ ਦੇ ਲਾਲਚ ਵਿਚ ਤਬਾਦਲੇ ਕਰਾ ਕੇ ਜ਼ਮੀਨਾਂ ਦੇ ਮਾਲਕ ਬਣ ਗਏ ਸਨ। ਬਰੇਟਾ ਦੇ ਕਿਰਨਦੀਪ ਸਿੰਘ,ਹਰਕੇਸ਼ ਅਤੇ ਜਗਮੇਲ ਸਿੰਘ ਨੂੰ ਉਸ ਤਿੰਨ ਤਿੰਨ ਮਰਲੇ ਜ਼ਮੀਨ ਦੇ ਅਧਾਰ ਤੇ ਨੌਕਰੀ ਮਿਲ ਗਈ ਹੈ ਜੋ ਜ਼ਮੀਨ ਉਨ•ਾਂ ਦੇ ਪ੍ਰਵਾਰਾਂ ਨੇ ਨੋਟੀਫਿਕੇਸ਼ਨ ਹੋਣ ਵਾਲੇ ਦਿਨ ਹੀ ਖਰੀਦ ਕੀਤੀ ਸੀ। ਪਿੰਡ ਸਿਰਸੀਵਾਲਾ ਦੇ ਵਿਚ 119 ਕਿਸਾਨਾਂ ਨੇ ਨੋਟੀਫਿਕੇਸ਼ਨ ਤੋਂ ਪੰਜ ਦਿਨ ਪਹਿਲਾਂ ਅਤੇ 56 ਕਿਸਾਨਾਂ ਨੇ ਤਿੰਨ ਦਿਨ ਪਹਿਲਾਂ ਇਸ ਪਿੰਡ ਵਿਚ ਤਬਾਦਲਾ ਪ੍ਰਣਾਲੀ ਤਹਿਤ ਜ਼ਮੀਨ ਖਰੀਦ ਲਈ। ਏਦਾ ਦੀ ਚੁਸਤ ਚਲਾਕੀ ਨਾਲ ਬਣੇ ਕਰੀਬ 10 ਮਾਲਕਾਂ ਦੇ ਜੀਆਂ ਨੂੰ ਸਰਕਾਰੀ ਨੌਕਰੀ ਵੀ ਮਿਲ ਗਈ ਹੈ। ਇਸ ਪਿੰਡ ਦੇ ਰੁਪਿੰਦਰ ਸਿੰਘ,ਗੁਰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਤਾਂ ਨੋਟੀਫਿਕੇਸ਼ਨ ਤੋਂ ਪਹਿਲਾਂ ਦੋ ਦੋ ਮਰਲੇ ਜ਼ਮੀਨ ਦਾ ਤਬਾਦਲਾ ਕਰਕੇ ਮਾਲਕ ਬਣੇ ਸਨ ਜੋ ਇਸ ਰਸਤੇ ਸਰਕਾਰੀ ਨੌਕਰੀ ਵੀ ਲੈ ਗਏ ਹਨ।                                                                                               ਪਿੰਡ ਜਲਵੇੜਾ ਦੇ ਕੁੱਲ 212 ਕਿਸਾਨਾਂ ਦੀ 14 ਏਕੜ ਜ਼ਮੀਨ ਐਕੁਆਇਰ ਹੋਈ ਸੀ ਜਿਸ ਚੋਂ 171 ਕਿਸਾਨ ਤਾਂ ਨੋਟੀਫਿਕੇਸ਼ਨ ਵਾਲੇ ਦਿਨ ਹੀ ਜ਼ਮੀਨ ਦਾ ਤਬਾਦਲਾ ਕਰਕੇ ਮਾਲਕ ਬਣੇ ਸਨ। ਚੰਦ ਪਲ ਪਹਿਲਾਂ ਹੀ ਤਬਾਦਲੇ ਨਾਲ ਬਣੇ ਮਾਲਕਾਂ ਚੋਂ 37 ਕਿਸਾਨਾਂ ਦੇ ਨੌਕਰੀ ਵਾਸਤੇ ਕੇਸ ਵਿਚਾਰੇ ਜਾ ਰਹੇ ਹਨ ਜਦੋਂ ਕਿ ਅੱਧੀ ਦਰਜਨ ਨੌਕਰੀ ਲੈ ਗਏ ਹਨ। ਪਿੰਡ ਗੋਬਿੰਦਪੁਰਾ ਦੇ 899 ਕਿਸਾਨਾਂ ਦੀ ਜ਼ਮੀਨ ਐਕੁਆਇਰ ਹੋਈ ਹੈ ਜਿਨ•ਾਂ ਚੋਂ 266 ਕਿਸਾਨ ਅਜਿਹੇ ਹਨ ਜਿਨ•ਾਂ ਦੀ ਜ਼ਮੀਨ ਦਾ ਤਬਾਦਲਾ ਇੱਕੋ ਤਰੀਕ ਵਿੱਚ ਹੋਇਆ ਹੈ। ਐਕੁਆਇਰ ਦੇ ਨੋਟੀਫਿਕੇਸ਼ਨ ਤੋਂ ਦੋ ਦਿਨ ਪਹਿਲਾਂ ਹੀ ਇੱਕੋ ਦਿਨ ਵਿਚ ਇਸ ਜ਼ਮੀਨ ਦਾ ਤਬਾਦਲਾ ਹੋਇਆ ਹੈ। ਇਸ ਪਿੰਡ ਵਿਚ 30 ਫੀਸਦੀ ਜ਼ਮੀਨ ਤਬਾਦਲੇ ਦੀ ਮਾਲਕੀ ਵਾਲੀ ਐਕੁਆਇਰ ਹੋਈ ਹੈ।ਗੋਬਿੰਦਪੁਰਾ ਦੇ ਅਮਰਿੰਦਰ,ਗੁਰਤੇਜ,ਹਰਜਿੰਦਰ,ਹਰਪ੍ਰੀਤ ਅਤੇ ਹਰਵਿੰਦਰ ਆਦਿ ਨੇ ਨੋਟੀਫਿਕੇਸ਼ਨ ਤੋਂ ਦੋ ਦਿਨ ਪਹਿਲਾਂ ਹੀ ਤਬਾਦਲੇ ਕਰਾ ਕੇ ਜ਼ਮੀਨਾਂ ਦੇ ਮਾਲਕ ਬਣੇ ਅਤੇ ਨੌਕਰੀਆਂ ਲੈ ਲਈਆਂ।                                                                                                                                                                             ਡੀ.ਸੀ ਦਫਤਰ ਕੋਲ ਇਨ•ਾਂ ਪਿੰਡਾਂ ਦੇ 1008 ਨੌਜਵਾਨਾਂ ਨੇ ਨੌਕਰੀ ਵਾਸਤੇ ਅਪਲਾਈ ਕੀਤਾ ਸੀ ਜਿਸ ਚੋਂ 51 ਨੂੰ ਨੌਕਰੀਆਂ ਦਿੱਤੀਆਂ ਗਈਆਂ। ਇਸ ਤੋਂ ਬਿਨ•ਾਂ ਪੁਲੀਸ ਵਿਭਾਗ ਨੇ ਇਨ•ਾਂ ਪਿੰਡਾਂ ਦੇ 107 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਦੂਸਰੀ ਤਰਫ ਪਿੰਡ ਗੋਬਿੰਦਪੁਰਾ ਦੇ 29 ਪ੍ਰਵਾਰਾਂ ਸਮੇਤ ਕੁੱਲ 52 ਕਿਸਾਨ ਪ੍ਰਵਾਰ ਅਜਿਹੇ ਹਨ ਜਿਨ•ਾਂ ਦੀ ਜੱਦੀ ਪੁਸ਼ਤੀ ਜ਼ਮੀਨ ਸਰਕਾਰ ਨੇ ਐਕੁਆਇਰ ਕਰ ਲਈ ਪ੍ਰੰਤੂ ਹਾਲੇ ਤੱਕ ਨੌਕਰੀ ਨਹੀਂ ਦਿੱਤੀ ਹੈ। ਗੋਬਿੰਦਪੁਰਾ ਦੇ ਸਰਪੰਚ ਗੁਰਲਾਲ ਸਿੰਘ ਦਾ ਪ੍ਰਤੀਕਰਮ ਸੀ ਕਿ ਉਨ•ਾਂ ਦੇ ਪਿੰਡ ਦੇ ਜੱਦੀ ਜ਼ਮੀਨਾਂ ਵਾਲਿਆਂ ਨੂੰ ਨੌਕਰੀ ਮਿਲੀ ਹੈ ਪ੍ਰੰਤੂ ਕਾਫੀ ਉਹ ਲੋਕ ਵੀ ਨੌਕਰੀਆਂ ਲੈ ਗਏ ਜੋ ਪਿੰਡ ਦੇ ਵਸਨੀਕ ਹੀ ਨਹੀਂ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਮਾਨਸਾ ਦੇ ਜਿਲ•ਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਉਨ•ਾਂ ਨੂੰ ਨੌਕਰੀਆਂ ਤੇ ਇਤਰਾਜ ਨਹੀਂ ਪ੍ਰੰਤੂ ਮਾਲ ਵਿਭਾਗ ਦੇ ਉਨ•ਾਂ ਅਫਸਰਾਂ ਤੇ ਪੁਲੀਸ ਕੇਸ ਦਰਜ ਹੋਣਾ ਚਾਹੀਦਾ ਹੈ ਜਿਨ•ਾਂ ਨੇ ਖਾਸ ਲੋਕਾਂ ਨੂੰ ਲਾਭ ਪਹੁੰਚਾਇਆ ਹੈ।
                                       ਬਦਨੀਤੀ ਕਾਰਨ ਹੋਇਆ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਭੁਪਿੰਦਰ ਸਿੰਘ ਰਾਏ ਦਾ ਕਹਿਣਾ ਸੀ ਕਿ ਮਾਲ ਮਹਿਕਮੇ ਦੇ ਅਫਸਰਾਂ ਨੇ ਬਦਨੀਤੀ ਨਾਲ ਨੋਟੀਫਿਕੇਸ਼ਨ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਤਬਾਦਲੇ ਅਤੇ ਰਜਿਸਟਰੀਆਂ ਕੀਤੀਆਂ। ਉਨ•ਾਂ ਦੱਸਿਆ ਕਿ ਇਸੇ ਕਰਕੇ ਇਨ•ਾਂ ਅਫਸਰਾਂ ਨੂੰ ਚਾਰਜਸੀਟ ਜਾਰੀ ਕੀਤੀ ਜਾ ਚੁੱਕੀ ਹੈ।