Showing posts with label Gurbachan Singh Bhullar. Show all posts
Showing posts with label Gurbachan Singh Bhullar. Show all posts

Sunday, June 17, 2012

                                      ਸਿੱਖਿਆ ਮੰਤਰੀ ਤੇ ਝੰਡਾ ਸਿੰਘ ਝੋਟਾ-ਕੁੱਟ
                                                                ਗੁਰਬਚਨ ਸਿੰਘ ਭੁੱਲਰ
ਮੇਰੇ ਜਮਾਤੀ ਖੜਕ ਸਿੰਘ ਦਾ ਫ਼ੋਨ ਆਇਆ ਤਾਂ ਮੈਂ ਹੈਰਾਨ ਹੀ ਰਹਿ ਗਿਆ। ਉਹਦਾ ਸੁੱਖ-ਸਾਂਦ ਦਾ ਫ਼ੋਨ ਤਾਂ ਅੱਗੇ ਵੀ ਆਉਂਦਾ ਰਹਿੰਦਾ ਸੀ ਪਰ ਅੱਜ ਉਹਨੇ ਵੱਖਰੀ ਹੀ ਗੱਲ ਕਰ ਦਿੱਤੀ ਸੀ। ਹਾਂ, ਜਮਾਤੀ ਤੋਂ ਇਹ ਮਤਲਬ ਨਾ ਲੈ ਲੈਣਾ ਕਿ ਉਹ ਕਾਲਜ ਜਾਂ ਯੂਨੀਵਰਸਿਟੀ ਵਿਚ ਮੇਰੇ ਨਾਲ ਪੜ•ਦਾ ਹੁੰਦਾ ਸੀ। ਪਿੰਡ ਦੇ ਸਕੂਲ ਵਿਚ ਬੱਸ ਤਿੰਨ ਸਾਲ ਉਹ ਮੇਰਾ ਕਦੀ-ਕਦਾਈਂ ਹਾਜ਼ਰ ਹੋਣ ਵਾਲਾ ਸਾਥੀ ਰਿਹਾ ਸੀ। ਸਕੂਲ ਵਿਚ ਪਹਿਲੇ ਦਿਨੋਂ ਹੀ ਉਹਦਾ ਦਿਲ ਨਹੀਂ ਸੀ ਲਗਦਾ। ਸਾਡੇ ਕਮਰਿਆਂ ਦੇ ਪਿਛਲੇ ਪਾੱਸੇ ਬਾਹਰ ਵੱਲ ਖੁਲ•ਦੀਆਂ ਖਿੜਕੀਆਂ ਸਨ ਜਿਨ•ਾਂ ਦੇ ਹੇਠਲੇ ਅੱਧ ਵਿਚ ਸਰੀਏ ਸਨ ਤੇ ਉਤਲੇ ਅੱਧ ਖਾਲੀ ਸਨ। ਜਦੋਂ ਮਾਸਟਰ ਜੀ ਇਧਰ-ਉਧਰ ਹੁੰਦੇ, ਉਹ ਖਿੜਕੀ ਖੋਲ•ਦਾ ਤੇ ਸਰੀਏ ਟੱਪ ਜਾਂਦਾ। ਉਹਦੇ ਭੱਜਣ ਸਮੇਂ ਅਸੀਂ ਸਾਰੇ ਇਕ ਸੁਰ ਵਿਚ ਗਾਉਂਦੇ, ਖਿੜਕੀਏ ਖੁੱਲ• ਜਾ ਨੀ, ਖੜਕ ਸਿੰਘ ਨੇ ਜਾਣਾ!
            ਜਦੋਂ ਉਹ ਕਿਸੇ ਦਿਨ ਫੇਰ ਸਕੂਲ ਆਉਂਦਾ, ਮਾਸਟਰ ਜੀ ਕੁਛ ਨਹੀਂ ਸਨ ਆਖਦੇ। ਇਮਤਿਹਾਨ ਵੇਲੇ ਹਰ ਵਾਰ ਉਹਦਾ ਬਾਪੂ ਝੰਡਾ ਸਿੰਘ ਘਰ ਦੇ ਘਿਉ ਦੀ ਪੀਪੀ ਤੇ ਕਣਕ ਦੀ ਵੱਡੀ ਬੋਰੀ ਪੁਜਦੀ ਕਰ ਦਿੰਦਾ ਸੀ। ਤੀਜੀ ਵਿਚੋਂ ਵੀ ਪਾਸ ਹੋ ਜਾਣ ਦੇ ਬਾਵਜੂਦ ਉਹਨੇ ਚੌਥੀ ਵਿਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ। ਤਾਏ ਨੇ ਜੁੱਤੀ ਫੜ ਲਈ, ਅਜੇ ਕੱਲ• ਬੋਰੀ ਤੇ ਪੀਪੀ ਦੇ ਕੇ ਆਇਆਂ, ਤੂੰ ਹੁਣ ਸਕੂਲ ਨਹੀਂ ਜਾਣਾ! ਹਰ ਜੁੱਤੀ ਦੇ ਜਵਾਬ ਵਿਚ ਉਹ ਕਹੇ, ਬੱਸ ਇਕ ਵਾਰ ਕਹਿ ਦਿੱਤਾ ਸੋ ਕਹਿ ਦਿੱਤਾ, ਨਹੀਂ ਜਾਣਾ। ਜਦੋਂ ਗਿਣਤੀ ਸਤਾਰਾਂ ਹੋ ਗਈ, ਤਾਏ ਨੇ ਜੁੱਤੀ ਸਿੱਟ ਕੇ ਖੜਕ ਨੂੰ ਹਿੱਕ ਨਾਲ ਲਾ ਲਿਆ ਅਤੇ ਬੋਲਿਆ,''ਪੁੱਤ ਮੇਰਾ ਹੀ ਹੈਂ! ਤੇਰਾ ਦਾੱਦਾ ਜਦੋਂ ਕਿਸੇ ਗੱਲੋਂ ਮੈਨੂੰ ਜੁੱਤੀਆਂ ਨਾਲ ਕੁਟਦਾ, ਮੈਂ ਆਬਦੀ ਗੱਲ ਉੱਤੇ ਇਉਂ ਹੀ ਅੜਿਆ ਰਹਿੰਦਾ। ਆਖ਼ਰ ਉਹ ਜੁੱਤੀ ਸਿੱਟ ਕੇ ਮੈਨੂੰ ਹਿੱਕ ਨਾਲ ਲਾ ਲੈਂਦਾ।...ਜਾਹ ਪੁਤਰਾ, ਅੱਜ ਤੋਂ ਤੂੰ ਅਜਾਦ ਪੰਛੀ, ਖੁੱਲ•ੀਆਂ ਉਡਾਰੀਆਂ ਲਾ!”
          ਫ਼ੋਨ ਅਨੁਸਾਰ ਉਹਨੇ ਇਸ ਸਾਲ ਬਾਪੂ ਦਾ ਜਨਮ-ਦਿਨ ਮੰਨਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਉਹ ਚਾਹੁੰਦਾ ਸੀ, ਮੈਂ ਓਦੋਂ ਹਰ ਹਾਲਤ ਪਹੁੰਚਾਂ ਤੇ ਲੋਕਾਂ ਨੂੰ ਬਾਪੂ ਬਾਰੇ ਦੱਸ ਕੇ ਉਹਦਾ ਨਾਂ ਉਜਾਗਰ ਕਰ ਦੇਵਾਂ। ਉਹਦਾ ਬਾਪੂ ਮਰੇ ਨੂੰ ਅੱਧੀ ਸਦੀ ਹੋਣ ਲੱਗੀ ਹੈ, ਅੱਗੇ ਨਾ ਕਦੇ ਪਿੱਛੇ, ਹੁਣ ਜਨਮ-ਦਿਨ? ਮੈਂ ਪੁੱਛਿਆ, ਕਦੋਂ ਹੈ ਤਾਏ ਦਾ ਜਨਮ-ਦਿਨ? ਖੜਕ ਹੱਸਿਆ,''ਮੈਨੂੰ ਤਾਂ ਕੀ, ਇਹ ਤਾਂ ਬਾਪੂ ਨੂੰ ਵੀ ਪਤਾ ਨਹੀਂ ਹੋਣਾ, ਉਹ ਕਦੋਂ ਜੰਮਿਆ ਸੀ। ਇਕ ਗੱਲ ਪੱਕੀ ਐ, ਉਹ ਤਿੱਖੀ ਗਰਮੀ ਜਾਂ ਕੱਕਰ ਠੰਢ ਵਿਚ ਜੰਮਣਾ ਤਾਂ ਮੰਨਿਆ ਨਹੀਂ ਹੋਣਾ। ਅਕਤੂਬਰ ਵਿਚ ਜਿਹੜਾ ਦਿਨ ਤੈਨੂੰ ਸੂਤ ਰਹੂ, ਆਪਾਂ ਬਾਪੂ ਦਾ ਜਨਮ-ਦਿਨ ਆਖ ਦੇਵਾਂਗੇ।”
            ਤਾਏ ਦੇ ਕੌਤਕੀ ਜੀਵਨ ਨੂੰ ਚੇਤੇ ਕਰ ਕੇ ਇਕ ਵਾਰ ਤਾਂ ਮੈਂ ਸੋਚਿਆ, ਉਹਦੇ ਬਾਰੇ ਚੰਗੀ ਗੱਲ ਕਿਥੋਂ ਲੱਭੂ! ਫੇਰ ਸੋਚਿਆ, ਹੁਣ ਪਿੰਡ ਵਿਚ ਤਾਏ ਨੂੰ ਜਾਣਨ ਵਾਲੇ ਕਿੰਨੇ ਕੁ ਬਚੇ ਹੋਣਗੇ, ਜੋ ਮਰਜ਼ੀ ਬੋਲ ਦਿਆਂਗੇ। ਖੜਕ ਸਿੰਘ ਕੋਈ ਨਵੀਂ ਗੱਲ ਨਹੀਂ ਸੀ ਕਰ ਰਿਹਾ, ਹਰ ਕੋਈ ਚਾਹੁੰਦਾ ਹੈ, ਲੋਕ ਉਹਦੇ ਵਡੇਰਿਆਂ ਨੂੰ ਇੱਜ਼ਤ ਨਾਲ ਚੇਤੇ ਕਰਨ। ਅਰਥੀ-ਟੈਕਸ ਲਾਉਣ ਕਰਕੇ ਬਦਨਾਮ ਹੋਏ ਰਾਜੇ ਨੂੰ ਚੰਗਾ ਕਹਾਉਣ ਲਈ ਉਹਦੇ ਪੁੱਤਰ ਰਾਜੇ ਨੇ ਇਹ ਟੈਕਸ ਭਰਨ ਦੇ ਨਾਲ ਨਾਲ ਖੱਫਣ ਵੀ ਤੋਸਾਖਾਨੇ ਵਿਚ ਜਮ•ਾਂ ਕਰਵਾਉਣ ਦਾ ਹੁਕਮ ਚਾੜ• ਦਿੱਤਾ। ਲੋਕ ਆਖਣ, ਇਹਦੇ ਨਾਲੋਂ ਤਾਂ ਇਹਦਾ ਪਿਉ ਹੀ ਚੰਗਾ ਸੀ! ਉਹਦੇ ਮਰਨ ਮਗਰੋਂ ਉਹਨੂੰ ਚੰਗਾ ਕਹਾਉਣ ਦੇ ਇਰਾਦੇ ਨਾਲ ਉਹਦੇ ਪੁੱਤਰ ਰਾਜੇ ਨੇ ਅਗਲੇ ਜਹਾਨ ਦੇ ਰਾਹ ਵਿਚ ਖਰਚਣ ਵਾਸਤੇ ਮਰਨ ਵਾਲੇ ਦੇ ਮੂੰਹ ਵਿਚ ਪਾਈ ਜਾਂਦੀ ਮੋਹਰ ਕਢਵਾਉਣੀ ਸ਼ੁਰੂ ਕਰ ਦਿੱਤੀ। ਲੋਕ ਪਹਿਲੇ ਦੋਵਾਂ ਨੂੰ ਸਲਾਹੁਣ ਲੱਗੇ। ਅਸਲ ਪਰੇਸ਼ਾਨੀ ਰਾਜਾ ਬਣਨ ਮਗਰੋਂ ਉਹਦੇ ਪੁੱਤਰ ਨੂੰ ਆਈ। ਟੈਕਸ ਵਸੂਲਣ ਤੋਂ ਇਲਾਵਾ ਮੁਰਦਾ ਵੀ ਹੁਣ ਖੱਫਣ ਖੁਹਾ ਕੇ ਤੇ ਮੂੰਹੋਂ ਮੋਹਰ ਕਢਵਾ ਕੇ ਅਲਫ਼ ਨੰਗਾ ਤੇ ਸੁੱਧਾ ਨੰਗ ਹੋ ਚੁੱਕਿਆ ਸੀ। ਸੋਚ ਸੋਚ ਕੇ ਉਹਨੇ ਮੁਰਦਾ ਕਬਰ ਵਿਚ ਪਾਉਣ ਦੀ ਥਾਂ ਸਿਰ ਵਾਲੇ ਪਾਸਿਉਂ ਅੱਧਾ ਧਰਤੀ ਵਿਚ ਦੱਬਣ ਤੇ ਪੈਰਾਂ ਵਾਲੇ ਪਾਸਿਉਂ ਅੱਧਾ ਬਾਹਰ ਰੱਖਣ ਦਾ ਫ਼ਰਮਾਨ ਜਾਰੀ ਕਰ ਦਿੱਤਾ। ਤਰਾਹੀ ਤਰਾਹੀ ਕਰਦੇ ਲੋਕ ਪਹਿਲੇ ਤਿੰਨਾਂ ਰਾਜਿਆਂ ਨੂੰ ਧਰਮੀ ਰਾਜੇ ਆਖਣ ਲੱਗ ਪਏ। ਅਗਲੇ ਰਾਜੇ ਨੇ ਇਸ ਚੌਥੇ ਰਾਜੇ ਨੂੰ ਧਰਮੀ ਅਖਵਾਉਣ ਵਾਸਤੇ ਜੋ ਕਾਰਾ ਕੀਤਾ, ਸਾਊਪੁਣਾ ਇਥੇ ਲਿਖਣ ਦੀ ਆਗਿਆ ਨਹੀਂ ਦਿੰਦਾ।
         ਤਾਏ ਝੰਡਾ ਸਿੰਘ ਦੀ ਜੀਵਨਗਾਥਾ ਬੜੀ ਦਿਲਚਸਪ ਅਤੇ ਰੰਗਬਰੰਗੀ ਸੀ। ਉਹ ਸਰ•ੋਂ ਦਾ ਤੇਲ ਪਿਆ ਪਿਆ ਕੇ ਮਜ਼ਬੂਤ ਤੇ ਅਟੁੱਟ ਬਣਾਈ ਹੋਈ ਸੰਮਾਂ ਵਾਲੀ ਡਾਂਗ ਅੰਦਰ-ਬਾਹਰ ਜਾਣ ਸਮੇਂ ਹਮੇਸ਼ਾ ਹੱਥ ਵਿਚ ਰਖਦਾ। ਇਕ ਦਿਨ ਕਿਧਰੇ ਜਾਂਦਿਆਂ ਇਕ ਪਿੰਡ ਦੇ ਲੋਕਾਂ ਨੇ ਕਿਹਾ, ਓ ਭਾਈ ਸਾਹਿਬ, ਅੱਗੇ ਨਾ ਜਾਈਂ, ਮਾਰਨਖੁੰਡਾ ਝੋਟਾ ਰਾਹ ਘੇਰੀਂ ਖੜ•ਾ ਹੈ। ਉਹ ਮੁਸਕਰਾ ਕੇ ਤੁਰਿਆ ਗਿਆ। ਲੋਕਾਂ ਦੇ ਸਾਹ ਰੁਕ ਗਏ। ਝੋਟਾ ਕਹਿਰੀ ਨਜ਼ਰਾਂ ਨਾਲ ਦੇਖ ਕੇ ਪੂਰੇ ਬਲ ਨਾਲ ਤਾਏ ਵੱਲ ਭੱਜਿਆ। ਅੱਗੋਂ ਤਾਏ ਨੇ ਵੀ ਪੂਰੇ ਬਲ ਨਾਲ ਸੰਮਾਂ ਵਾਲੀ ਡਾਂਗ ਉਹਦੇ ਸਿੰਗਾਂ ਦੇ ਐਨ ਵਿਚਾਲੇ ਜੜ ਦਿੱਤੀ। ਇਸ ਅਚਾਨਕ ਟੁੱਟੇ ਕਹਿਰ ਨਾਲ ਭਮੱਤਰਿਆ ਤੇ ਬੌਂਦਲਿਆ ਝੋਟਾ ਪੁੱਠਾ ਮੁੜ ਕੇ ਆਉਣ ਵੇਲੇ ਨਾਲੋਂ ਦੁਗੁਣੀ ਰਫ਼ਤਾਰ ਨਾਲ ਭੱਜ ਤੁਰਿਆ। ਤਾਏ ਦੀ ਪੂਰੇ ਇਲਾਕੇ ਵਿਚ ਧੰਨ-ਧੰਨ ਹੋ ਗਈ ਅਤੇ ਉਸ ਦਿਨ ਤੋਂ ਉਹਦਾ ਨਾਂ ਝੋਟਾ-ਕੁੱਟ ਪੈ ਗਿਆ।
            ਸਾਰੀ ਉਮਰ ਤਾਏ ਨੇ ਕੰਮ ਦਾ ਡੱਕਾ ਭੰੰਨ ਕੇ ਦੂਹਰਾ ਨਹੀਂ ਸੀ ਕੀਤਾ ਅਤੇ ਭਲਾਈ ਤੋਂ ਬਿਨਾਂ ਹੋਰ ਕੋਈ ਕਸਰ ਨਹੀਂ ਸੀ ਛੱਡੀ! ਠਾਣੇ ਵਾਲਿਆਂ ਨਾਲ ਮਿਲ ਕੇ ਰੂੜੀ-ਮਾਰਕਾ ਦਾਰੂ ਕਢਦਾ ਤੇ ਰਾਜਸਥਾਨ ਤੋਂ ਘੋੜੀ ਉੱਤੇ ਫ਼ੀਮ ਦੀ ਬੋਰੀ ਲੱਦ ਲਿਆਉਂਦਾ। ਦਿਲ ਦਾ ਉਹ ਹੀਰਾ ਸੀ, ਦੋਸਤੀ ਸਭ ਨਾਲ, ਵੈਰ ਕਿਸੇ ਨਾਲ ਵੀ ਨਹੀਂ। ਉਹਦੀ ਇਕ ਬੈਠਕ ਵਿਚ ਭਗੌੜੇ ਡਾਕੂ-ਬਦਮਾਸ਼ ਦਾਰੂ ਪੀਂਦੇ ਰਹਿੰਦੇ ਤੇ ਦੂਜੀ ਵਿਚ ਪੁਲਸੀਏ। ਦੋਵਾਂ ਬੈਠਕਾਂ ਵਿਚ ਇਕੋ ਬੱਕਰੇ ਦੇ ਮਾਸ ਦੇ ਛੰਨੇ ਪਹੁੰਚਦੇ ਰਹਿੰਦੇ। ਤਾਇਆ ਦੋਵਾਂ ਨੂੰ ਇਕ ਦੂਜੇ ਦੀ ਸੋਅ ਤੱਕ ਨਾ ਲੱਗਣ ਦਿੰਦਾ। ਇਕ ਵਾਰ ਕਿਸੇ ਦੇ ਸੱਟਾਂ ਮਾਰਨ ਕਰਕੇ ਉਹਨੂੰ ਕੈਦ ਹੋ ਗਈ। ਜੇਲ•ਰ ਨੇ ਚੱਕੀ ਪੀਹਣ ਲਾ ਦਿੱਤਾ। ਤਾਏ ਨੇ ਉਤਲਾ ਪੁੜ ਹੇਠਲੇ ਉੱਤੇ ਮਾਰ ਕੇ ਦੋਵੇਂ ਭੰਨ ਦਿੱਤੇ। ਨਵੀਂ ਮੁਸ਼ੱਕਤ ਕੈਦੀਆਂ ਦੇ ਲੰਗਰ ਵਿਚ ਕੰਮ ਕਰਨ ਦੀ ਮਿਲੀ। ਛੁੱਟਣ ਵਿਚ ਕੁਛ ਹੀ ਦਿਨ ਰਹਿੰਦੇ ਸਨ, ਤਾਏ ਨੇ ਆਪਣਾ ਚਿਰਾਂ ਦਾ ਗੁੱਸਾ ਕੱਢਣ ਲਈ ਲੰਗਰ ਦਾ ਦੌਰਾ ਕਰਨ ਆਏ ਜੇਲ•ਰ ਦੇ ਮੌਰਾਂ ਵਿਚ ਖਰਪਾੜ ਮਾਰੀ। ਕੈਦ ਤਾਂ ਤਿੰਨ ਮਹੀਨੇ ਵਧ ਗਈ ਪਰ ਕੈਦੀਆਂ ਵਿਚ ਤਾਏ ਦੀ ਧੰਨ-ਧੰਨ ਹੋ ਗਈ।
            ਜ਼ਿੰਦਗੀ ਵਿਚ ਤਾਇਆ ਬੱਸ ਇਕ ਵਾਰ, ਤਾਈ ਮਰੀ ਤੋਂ, ਨਿੰਮੋਝੂਣਾ ਹੋਇਆ। ਫੁੱਲ ਪਾਉਣ ਹਰਦੁਆਰ ਗਿਆ ਤਾਂ ਉਥੇ ਗੰਗਾ ਦੇ ਕਿਨਾਰੇ ਰੋਂਦੀ ਇਕ ਬੇਸਹਾਰਾ ਤੀਵੀਂ ਤਾਏ ਦੇ ਨਰਮ ਦਿਲ ਤੋਂ ਝੱਲੀ ਨਾ ਗਈ। ਘਰ ਆ ਕੇ ਨੂੰਹ ਨੂੰ ਕਹਿੰਦਾ, ਬਾਹਰ ਤੇਰੀ ਨਵੀਂ ਬੇਬੇ ਜੀ ਖੜ•ੀ ਐ, ਜਾਹ ਪੁੱਤ ਉਹਨੂੰ ਪੂਰੇ ਆਦਰ-ਮਾਣ ਨਾਲ ਅੰਦਰ ਲਿਆ। ਜਦੋਂ ਘਰ-ਪਰਿਵਾਰ ਤੇ ਸਕੇ-ਸੰਬੰਧੀਆਂ ਨੇ ਬਖੇੜਾ ਖੜ•ਾ ਕਰ ਦਿੱਤਾ, ਤਾਇਆ ਬਿਚਾਰਾ ਉਹਨੂੰ ਘਰੋਂ ਕੱਢਣ ਦੀ ਥਾਂ ਆਪਣੇ ਬਿਸ਼ਨਪੁਰੇ ਵਾਲੇ ਯਾਰ, ਮੁਕੰਦੇ ਛੜੇ ਦੇ ਲੜ ਲਾ ਕੇ ਵੱਟੇ ਵਿਚ ਸੱਜਰ ਸੂਈ ਮੱਝ ਲੈ ਆਇਆ।
        ਤਾਏ ਦਾ ਨੇਕਨਾਮ ਜੀਵਨ ਮਨ ਦੀਆਂ ਅੱਖਾਂ ਅੱਗੋਂ ਲੰਘਿਆ ਤਾਂ ਮੈਥੋਂ ਪੁੱਛਿਆ ਹੀ ਗਿਆ,''ਛੋਟੇ ਵੀਰ, ਅੱਗੇ ਤਾਂ ਕਦੇ ਮਨਾਇਆ ਨਹੀਂ, ਹੁਣ ਅਚਾਨਕ ਤਾਏ ਦਾ ਜਨਮ-ਦਿਨ...?” ਉਹ ਮੇਰੀ ਗੱਲ ਕੱਟ ਕੇ ਬੋਲਿਆ,''ਗੱਲ ਇਹ ਐ, ਵੱਡੇ ਭਾਈ, ਆਪਣੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਐਲਾਨ ਕੀਤਾ ਹੈ, ਪਰਾਇਮਰੀ ਸਕੂਲ ਵਾਸਤੇ ਦਸ ਲੱਖ, ਮਿਡਲ ਵਾਸਤੇ ਵੀਹ ਲੱਖ, ਸੀਨੀਅਰ ਸਕੈਂਡਰੀ ਵਾਸਤੇ ਪੱਚੀ ਲੱਖ ਤੇ ਕਾਲਜ ਵਾਸਤੇ ਪਚੱਤਰ ਲੱਖ ਰੁਪਏ ਦਿਉ ਤੇ ਆਪਣੇ ਪੁਰਖੇ ਦਾ ਨਾਂ ਰਖਵਾਉ। ਪੱਚੀ ਲੱਖ ਦੇਵਾਂਗੇ, ਆਪਣੇ ਪਿੰਡ ਵਾਲੇ ਸਕੂਲ ਦਾ ਨਾਂ ਬਾਪੂ ਦੇ ਨਾਂ ਉੱਤੇ ਹੋ ਜਾਊ। ਬੱਸ ਆਪਾਂ ਸਾਰੇ ਪਿੰਡ ਉੱਤੇ ਬਾਪੂ ਦੀ ਝੰਡੀ ਕਰ ਦੇਣੀ ਐ!”
          ਮੈਂ ਹੈਰਾਨ ਹੋ ਕੇ ਪੁੱਛਿਆ,''ਪਰ ਯਾਰ ਖੜਕ, ਪੱਚੀ ਲੱਖ ਕੋਈ ਛੋਟੀ-ਮੋਟੀ ਰਕਮ ਨਹੀਂ। ਤੂੰ ਇਉਂ ਗੱਲ ਕਰ ਰਿਹਾ ਐਂ ਜਿਵੇਂ ਪੱਚੀ ਹਜ਼ਾਰ ਦਾ ਮਾਮਲਾ ਹੋਵੇ!” ਖੜਕ ਸਿੰਘ ਹੱਸਿਆ,''ਬਾਪੂ ਏਨਾਂ ਕੁਛ ਦੇ ਗਿਆ ਐ ਕਿ ਉਹਦਾ ਨਾਂ ਲੈ ਕੇ ਦਾਨ-ਪੁੰਨ ਕੀਤਿਆਂ ਵੀ ਘਟਣਾ ਨਹੀਂ। ਤੇਰੇ ਯਾਦ ਐ, ਬਾਪੂ ਨੇ ਪਿੰਡ ਦੀ ਸ਼ਾਮਲਾਟੀ ਜ਼ਮੀਨ ਧੱਕੇ ਨਾਲ ਦੱਬ ਕੇ ਆਬਦੇ ਨਾਂ ਕਰਵਾ ਲਈ ਸੀ? ਪਿੱਛੇ ਜਿਹੇ ਉਹਦੇ ਬਿਲਕੁਲ ਨੇੜਿਉਂ ਸੜਕ ਨਿਕਲ ਗਈ। ਹੁਣ ਉਥੇ ਦੋ-ਤਿੰਨ ਫ਼ੈਕਟਰੀਆਂ ਲੱਗ ਗਈਆਂ। ਪਤਾ ਐ, ਆਪਣੀ ਓਸ ਜ਼ਮੀਨ ਦਾ ਹੁਣ ਕੀ ਦਿੰਦੇ ਐ? ਕਿੱਲੇ ਦਾ ਪੰਜਾਹ ਲੱਖ! ਅੱਧਾ ਕਿੱਲਾ ਵੇਚ ਦਿਆਂਗੇ ਤੇ ਸਕੂਲ ਦੇ ਮੱਥੇ ਉੱਤੇ ਮੋਟਾ ਮੋਟਾ ਲਿਖਵਾ ਕੇ ਫੱਟਾ ਲਾਵਾਂਗੇ—ਸਮਾਜ-ਸੇਵਕ ਝੰਡਾ ਸਿੰਘ ਸਰਕਾਰੀ ਸਕੂਲ। ਵੱਡੇ ਭਾਈ, ਤੂੰ ਵੱਡੀਆਂ ਵੱਡੀਆਂ ਕਿਤਾਬਾਂ ਲਿਖਦਾ ਐਂ, ਵੱਡੇ ਵੱਡੇ ਇਕੱਠਾਂ ਵਿਚ ਬੋਲਦਾ ਐਂ। ਨਾਲੇ ਤਾਂ ਤੂੰ ਬਾਪੂ ਬਾਰੇ ਵਧੀਆ ਵਧੀਆ ਗੱਲਾਂ ਸੁਣਾ ਕੇ ਉਹਦਾ ਖ਼ੂਬ ਗੁੱਡਾ ਬੰਨ•ੀਂ ਤੇ ਨਾਲੇ ਆਬਦੇ ਹੱਥ ਨਾਲ ਮਲੂਕਾ ਜੀ ਨੂੰ ਪੱਚੀ ਲੱਖ ਦਾ ਚੈੱਕ ਦੇ ਕੇ ਫੱਟੇ ਤੋਂ ਪਰਦਾ ਹਟਵਾਈਂ।” ਸਿੱਖਿਆ ਮੰਤਰੀ ਦੀ ਸੂਖ਼ਮ ਸੋਚ ਨੇ ਮੈਨੂੰ ਦੰਗ ਕਰ ਦਿੱਤਾ। ਸਕੂਲਾਂ ਲਈ ਮਾਇਆ ਹਾਸਲ ਕਰਨ ਦੀ ਵਿਉਂਤ ਕਾਹਦੀ ਸੀ, ਇਹ ਤਾਂ ਗੰਗਾ-ਮਈਆ ਸੀ ਜਿਸ ਵਿਚ ਅਸ਼ਨਾਨ ਕਰ ਕੇ ''ਝੰਡਾ ਸਿੰਘ ਝੋਟਾ-ਕੁੱਟ” ਦੇਖਦਿਆਂ ਦੇਖਦਿਆਂ ''ਸਮਾਜ-ਸੇਵਕ ਝੰਡਾ ਸਿੰਘ” ਬਣ ਬਣ ਨਿਕਲਣੇ ਸਨ!
          ਅੱਜ ਵਾਲੇ ਇਹਨਾਂ ਆਗੂਆਂ ਦੀ ਹੀ ਸਰਕਾਰ ਦੀ ਜੁਲਾਈ 2011 ਵਾਲੀ ਅਧਿਆਪਕ ਜੋਗਤਾ ਪ੍ਰੀਖਿਆ ਦੇ ਕਰੀਬ ਢਾਈ ਲੱਖ ਉਮੀਦਵਾਰਾਂ ਵਿਚੋਂ ਪਾਸ ਹੋਏ ਲਗਭਗ ਨੌਂ ਹਜ਼ਾਰ ਬੇਰੁਜ਼ਗਾਰ ਅਧਿਆਪਕ, ਜਿਨ•ਾਂ ਦੀ ਕੌਂਸਲਿੰਗ ਵੀ ਪਿਛਲਾ ਸਾਲ ਮੁੱਕਣ ਤੋਂ ਪਹਿਲਾਂ ਹੋ ਗਈ ਸੀ ਤੇ ਜਿਨ•ਾਂ ਵਿਚੋਂ ਕਈ ਪੀ-ਐੱਚ.ਡੀ. ਵੀ ਹਨ, ਇਕਰਾਰੀ ਹੋਈ ਨੌਕਰੀ ਪਰਾਪਤ ਕਰਨ ਵਾਸਤੇ ਅੱਜ-ਕੱਲ• ਸਿੱਖਿਆ ਮੰਤਰੀ ਦੇ ਪਿੰਡ ਮਲੂਕਾ ਅਤੇ ਨਾਨਕੇ ਪਿੰਡ ਲਹਿਰਾ ਧੂਰਕੋਟ ਵੱਲ ਵਹੀਰਾਂ ਘੱਤ ਰਹੇ ਹਨ। ਮੰਤਰੀ ਜੀ ਦੀ ਪੁਲਿਸ ਉਹਨਾਂ ਨੂੰ ਡਾਂਗਾਂ ਦਾ ਪ੍ਰਸ਼ਾਦ-ਪਾਣੀ ਵਰਤਾ ਰਹੀ ਹੈ ਜਦੋਂ ਕਿ ਪਿੰਡਾਂ ਦੇ ਲੋਕ ਦਾਲੇ-ਪ੍ਰਸ਼ਾਦੇ ਤੇ ਚਾਹ-ਦੁੱਧ ਦਾ ਲੰਗਰ ਪਕਾ-ਵਰਤਾ ਰਹੇ ਹਨ। ਤਿੰਨ ਵਾਰ ਮੁੱਖ ਮੰਤਰੀ ਨੂੰ ਅਤੇ ਪੰਜ ਵਾਰ ਸਿੱਖਿਆ ਮੰਤਰੀ ਨੂੰ ਮਿਲ ਕੇ ਅਸਫਲ ਰਹਿਣ ਮਗਰੋਂ ਕਰੋਧ ਵਿਚ ਆਏ ਬੇਰੁਜ਼ਗਾਰ ਅਧਿਆਪਕਾਵਾਂ-ਅਧਿਆਪਕ ਹਿੱਕਾਂ ਪਿਟਦੇ ਹਨ, ਨਾਅਰੇ ਲਾਉਂਦੇ ਹਨ ਅਤੇ ਟੈਂਕੀਆਂ ਤੇ ਟਾਵਰਾਂ ਉੱਤੇ ਚੜ•ਦੇ ਹਨ।
         ਮੇਰਾ ਸੁਝਾਅ ਹੈ, ਸਿੱਖਿਆ ਮੰਤਰੀ ਨੂੰ ਆਪਣੀ ਉਤਲੀ ਵਿਉਂਤ ਹੀ ਇਥੇ ਵੀ ਲਾਗੂ ਕਰ ਦੇਣੀ ਚਾਹੀਦੀ ਹੈ। ਜਿਵੇਂ ਯੂਨੀਵਰਸਿਟੀਆਂ ਵਿਚ ਨਾਨਕ ਚੇਅਰ, ਕਬੀਰ ਚੇਅਰ, ਰਵਿਦਾਸ ਚੇਅਰ ਹੁੰਦੀਆਂ ਹਨ, ਸਕੂਲਾਂ ਵਿਚ ਮਜ਼ਮੂਨਾਂ ਦੇ ਨਾਂ ਸੰਬੰਧਿਤ ਅਧਿਆਪਕਾਂ ਦੀ ਤਨਖ਼ਾਹ ਨਿਸਚਿਤ ਸਮੇਂ ਤੱਕ ਦੇਣ ਵਾਲਿਆਂ ਦੇ ਪੁਰਖਿਆਂ ਦੇ ਨਾਂ ਉੱਤੇ ਰੱਖ ਦੇਣੇ ਚਾਹੀਦੇ ਹਨ। ਮਿਸਾਲ ਵਜੋਂ, ''ਵੰਤਾ ਸਿੰਘ ਵਿਗਿਆਨ ਅਧਿਆਪਕ ਸ੍ਰੀ ਮੋਹਨ ਲਾਲ”, ''ਗੰਡਾ ਸਿੰਘ ਗਣਿਤ ਅਧਿਆਪਕ ਸ੍ਰੀ ਸੋਹਨ ਸਿੰਘ”, ਵਗੈਰਾ ਵਗੈਰਾ। ਏਕ ਪੰਥ, ਦੋ ਕਾਜ! ਨਾਲੇ ਪੁੰਨ, ਨਾਲੇ ਫ਼ਲੀਆਂ!
       (011-65736868)
   

Sunday, May 20, 2012

                                     … ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ!
                                                              ਗੁਰਬਚਨ ਸਿੰਘ ਭੁੱਲਰ
ਪਿਛਲੇ ਐਤਵਾਰ ਛਪੇ ਮੇਰੇ ਲੇਖ ''ਬਾਦਲ ਜੀ, ਹੁਣ ਤਾਂ ਸਾਡਾ ਕਿੱਲਾ ਵੀ ਮਿਣੋ'' ਦੇ ਸਬੰਧ ਵਿਚ ਕੁਝ ਗੱਲਾਂ ਅਜਿਹੀਆਂ ਵਾਪਰੀਆਂ ਜੋ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਠੀਕ ਰਹਿਣਗੀਆਂ।'ਪੰਜਾਬੀ ਟ੍ਰਿਬਿਊਨ'' ਦੇ ਸੰਪਾਦਕ ਵਜੋਂ ਕੰਮ ਕਰਦਿਆਂ ਇਹ ਗੱਲ ਤਾਂ ਮੈਂ ਚੰਗੀ ਤਰ੍ਹਾਂ ਜਾਣ ਗਿਆ ਸੀ ਕਿ ਇਸ ਦੇ ਪਾਠਕਾਂ ਦਾ ਘੇਰਾ ਦੂਜੇ ਅਖ਼ਬਾਰਾਂ ਨਾਲੋਂ ਬਹੁਤ ਵੱਖਰਾ ਹੈ। ਲੇਖਕ ਤੇ ਦੂਜੇ ਅਖ਼ਬਾਰਾਂ ਦੇ ਪੱਤਰਕਾਰ, ਕੰਮਕਾਜੀ ਤੇ ਸੇਵਾਮੁਕਤ ਸਕੂਲੀ-ਕਾਲਜੀ ਅਧਿਆਪਕ, ਬੁੱਧੀਜੀਵੀ ਤੇ ਹੋਰ ਪੜ੍ਹੇ-ਲਿਖੇ ਲੋਕ ਸਭ ਤੋਂ ਵੱਧ ਇਸੇ ਦੇ ਪਾਠਕ ਹਨ। ਇਹ ਚਾਨਣ ਨਹੀਂ ਸੀ ਕਿ ਪਾਠਕ ਸਮੂਹ ਏਨਾ ਵੰਨ-ਸੁਵੰਨਾ ਅਤੇ ਏਨਾ ਜਾਗਰਿਤ ਹੈ। ਇਹ ਪਤਾ ਲੇਖ ਦੇ ਹੁੰਗਾਰੇ ਵਜੋਂ ਆਏ ਤੇ ਹੁਣ ਵੀ ਆ ਰਹੇ ਗਿਣਤੀਉਂ ਬਾਹਰੇ ਫ਼ੋਨਾਂ ਤੋਂ ਲੱਗਿਆ। ਜਦੋਂ ਕੋਈ ਫ਼ੋਨ ਆਉਂਦਾ ਮੈਂ ਪੁੱਛਦਾ, ''ਕਿਥੋਂ ਬੋਲ ਰਹੇ ਹੋ, ਕੀ ਕਰਦੇ ਹੋ?'' ਪ੍ਰਤੀਕਰਮ ਦੇਣ ਵਾਲੇ ਪਾਠਕਾਂ ਵਿੱਚ ਉਪਰੋਕਤ ਲੋਕ ਤਾਂ ਸਨ ਹੀ ਉਨ੍ਹਾਂ ਤੋਂ ਬਿਨਾਂ  ਕਾਲਜ ਵਿਦਿਆਰਥੀ, ਮਨੁੱਖਾਂ ਤੇ ਪਸ਼ੂਆਂ ਦੇ ਡਾਕਟਰ, ਪਟਵਾਰੀ ਤੇ ਕਾਨੂੰਗੋ, ਸਿਪਾਹੀ ਤੇ ਐੱਸ ਅੱੈਸ ਪੀ, ਛੋਟੇ ਕਾਰੋਬਾਰੀ, ਟੈਲੀਫ਼ੋਨ ਕੰਪਨੀਆਂ ਖਾਸ ਕਰਕੇ ਬੀ ਐਸ ਐਨ ਐਲ ਦੇ ਕਰਮਚਾਰੀ ਤੇ ਅਧਿਕਾਰੀ, ਰੇਡੀਓ, ਟੀਵੀ ਤੇ ਕੰਪਿਊਟਰ ਸੰਚਾਰ ਨਾਲ ਸਬੰਧਤ ਲੋਕ, ਮੈਂਬਰ, ਸਰਪੰਚ ਤੇ ਬਲਾਕ ਸੰਮਤੀਆਂ ਦੇ ਚੇਅਰਮੈਨ, ਇੰਜੀਨੀਅਰ ਤੇ ਆਪਣੇ ਕਈ ਅਖ਼ਬਾਰਾਂ ਦੇ ਬਾਵਜੂਦ ਸਾਧਾਰਨ ਤੋਂ ਲੈ ਕੇ ਧੁਰ ਖੱਬੇ ਤਕ ਦੇ ਕਾਮਰੇਡ ਆਦਿ ਵੀ ਸ਼ਾਮਲ ਸਨ। ਫ਼ੋਨਾਂ ਦੀ ਅਟੁੱਟ ਲੜੀ ਹਾਲੇ ਤਕ ਜਾਰੀ ਹੈ। ਲੋਕਾਂ ਵੱਲੋਂ ਆਪੇ ਹੀ ਇਹ ਲੇਖ ਕਈ ਵੈੱਬਸਾਈਟਾਂ ਉੱਤੇ ਪਾ ਦਿੱਤੇ ਜਾਣ ਕਾਰਨ ਕੱਲ੍ਹ-ਪਰਸੋਂ ਕੁਝ ਮੱਠਾ ਪਿਆ ਫ਼ੋਨਾਂ ਦਾ ਸਿਲਸਿਲਾ ਫੇਰ ਜ਼ੋਰ ਫੜ ਗਿਆ ਹੈ।
             ਬਹੁਗਿਣਤੀ ਦਾ ਪੰਜਾਬੋਂ ਹੋਣਾ ਤਾਂ ਸੁਭਾਵਿਕ ਸੀ, ਕਾਫ਼ੀ ਫ਼ੋਨ ਹਰਿਆਣਾ, ਦਿੱਲੀ ਤੇ ਰਾਜਸਥਾਨ ਤੋਂ ਆਏ। ਇੰਟਰਨੈੱਟ ਐਡੀਸ਼ਨ ਦੀ ਕਿਰਪਾ ਨਾਲ ਕੁਝ ਪਰਦੇਸੀ ਪਾਠਕਾਂ ਨੇ ਵੀ ਸੰਪਰਕ ਕੀਤਾ। ਸਭ ਤੋਂ ਦਿਲਚਸਪ ਫ਼ੋਨ ਇੱਕ ਮਾਈ ਦਾ ਸੀ,''ਭਾਈ, ਮੈਂ ਬਾਦਲ ਪਿੰਡ ਤੋਂ ਬੋਲਦੀ ਆਂ, ਅੱਸੀ ਸਾਲ ਉਮਰ ਹੈ ਮੇਰੀ। ਬਹੁਤ ਚੰਗਾ ਲੱਗਿਆ ਤੇਰਾ ਲਿਖਿਆ।'' ਮੈਂ ਹੱਸਿਆ,''ਬੀਬੀ, ਜੇ ਤੁਸੀਂ ਬਾਦਲ ਪਿੰਡ ਤੋਂ ਹੋਂ, ਸਾਡਾ ਕਿੱਲਾ ਹੀ ਦੁਆ ਦਿਉ!'' ਮਾਈ ਹੱਸੀ, ਵੇ ਵੀਰਾ, ਥੋਨੂੰ ਤਾਂ ਫੇਰ ਕੁਝ ਦੁਆਈਏ ਜੇ ਪਹਿਲਾਂ ਸਾਡੇ ਨਾਲ ਕੀਤੇ ਕਰਾਰਾਂ ਦਾ ਕੁਝ ਬਣੇ! ਸਭ ਤੋਂ ਬਹੁਤਾ ਹਾਸਾ ਇੱਕ ਪਟਵਾਰੀ ਸਾਹਿਬ ਦੇ ਫ਼ੋਨ ਤੋਂ ਆਇਆ,''ਭੁੱਲਰ ਸਾਹਿਬ, ਤੁਸੀਂ ਕਿੱਲਾ ਲੈ ਲਵੋ, ਮੇਰਾ ਵਾਅਦਾ ਰਿਹਾ, ਸਭਾ ਦੇ ਨਾਂ ਪਲਾਟ ਚੜ੍ਹਨ ਤਕ ਦਾ ਸਾਰਾ ਕੰਮ ਸਾਡੇ ਮੁਹਾਲੀ ਵਾਲੇ ਸਾਥੀ ਸਾਡੇ ਮਹਿਕਮੇ ਦਾ ਅਸੂਲ ਤੋੜ ਕੇ ਤੁਹਾਥੋਂ ਇੱਕ ਵੀ ਪੈਸਾ ਰਿਸ਼ਵਤ ਲਏ ਬਿਨਾਂ ਫ਼ਟਾਫ਼ਟ ਕਰ ਦੇਣਗੇ।''
          ਇੱਕ ਬੜੀ ਵਚਿੱਤਰ ਤੇ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਸੈਂਕੜੇ ਫੋਨਾਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਿਸੇ ਅਹੁਦੇਦਾਰ ਜਾਂ ਕਾਰਜਕਾਰੀ ਮੈਂਬਰ ਦਾ ਇੱਕ ਵੀ ਫ਼ੋਨ ਨਹੀਂ ਆਇਆ! ਜਿੰਨਾ ਚਿਰ ਧੀਰ ਜੀ ਜਿਉਂਦੇ ਰਹੇ, ਸਰਕਾਰ ਦਾ ਕੁੰਡਾ ਖੜਕਾਉਂਦੇ ਰਹੇ, ਹੁਣ ਆਬਦੀ ਹਿੱਕ ਤੋਂ ਬੇਰ ਚੁੱਕ ਕੇ ਆਬਦੇ ਹੀ ਮੂੰਹ ਵਿੱਚ ਪਾ ਸਕਣ ਵਾਲਾ ਹਿੰਮਤੀ ਕਿੱਥੋਂ ਲੱਭੀਏ! ਸੂਣ ਵਾਲੀਆਂ ਦੋ ਮੱਝਾਂ ਦੇ ਮਾਲਕਾਂ ਨੂੰ ਇਕੱਠਿਆਂ ਰਾਤ ਕੱਟਣੀ ਪੈ ਗਈ। ਇਕ ਸੌਂ ਗਿਆ, ਦੂਜਾ ਜਾਗਦਾ ਰਿਹਾ। ਜਾਗਦੇ ਦੀ ਮੱਝ ਨੇ ਕੱਟਾ ਦੇ ਦਿੱਤਾ, ਸੁੱਤੇ ਦੀ ਮੱਝ ਨੇ ਕੱਟੀ। ਜਾਗਦੇ ਨੇ ਅਦਲਾ-ਬਦਲੀ ਕਰ ਦਿੱਤੀ। ਸੁੱਤੇ ਨੇ ਜਾਗ ਕੇ ਜਦੋਂ ਹੈਰਾਨੀ-ਪਰੇਸ਼ਾਨੀ ਜਿਹੀ ਪ੍ਰਗਟਾਈ। ਗ਼ੈਬੀ ਆਵਾਜ਼ ਆਈ,''ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੀ ਹੁੰਦੇ ਹਨ ਭਾਈ!'' ਜਾਗਦੇ ਹੋਣ ਕਰਕੇ ਕ੍ਰਿਕਟਰ, ਐਕਟਰ ਤੇ ਸਾਧ-ਸੰਤ ਕਰੋੜਾਂ ਰੁਪਏ ਤੇ ਵੀਹਾਂ ਕਿੱਲੇ ਭੋਇੰ ਲੈ ਜਾਂਦੇ ਹਨ, ਲੇਖਕਾਂ ਦੇ ਆਗੂ ਨੀਂਦ ਦੀਆਂ ਮੌਜਾਂ ਮਾਣਦੇ ਹਨ। ਜਦੋਂ ਦਰਬਾਰ ਸਾਹਿਬ ਵਿੱਚ ਮੱਸੇ ਰੰਘੜ ਦੀਆਂ ਆਪਹੁਦਰੀਆਂ ਤੋਂ ਦੁਖੀ ਸਿੱਖ ਤਲਵੰਡੀ ਸਾਬੋ ਬਾਬਾ ਦੀਪ ਸਿੰਘ ਕੋਲ ਆ ਕੇ ਰੋਏ ਤਾਂ ਉਹ ਕਹਿੰਦੇ, ਭਾਈ ਤੁਸੀਂ ਐਡੀ ਦੂਰ ਆਏ, ਓਥੇ ਹੀ ਲੜ ਮਰਨਾ ਸੀ ਪਰ ਜੇ ਇਹ ਕੰਮ ਮੇਰੇ ਕਰਨ ਦਾ ਸਮਝਦੇ ਹੋ, ਚਲੋ ਮੈਂ ਹੀ ਚਲਦਾ ਹਾਂ। ਅੱਗੇ ਦਾ ਇਤਿਹਾਸ ਤੁਸੀਂ ਜਾਣਦੇ ਹੀ ਹੋ। ਜੇ ਸਭਾ ਸਮਝਦੀ ਹੈ, ਬਾਬਾ ਦੀਪ ਸਿੰਘ ਦੇ ਇਲਾਕੇ ਦਾ ਕੋਈ ਬੰਦਾ ਉਨ੍ਹਾਂ ਦੀ ਹਿੱਕ ਤੋਂ ਬੇਰ ਚੁੱਕ ਕੇ ਉਨ੍ਹਾਂ ਦੇ ਮੂੰਹ ਵਿੱਚ ਪਾਵੇ, ਉਹ ਮੈਂ ਆਪਣਾ ਫ਼ਰਜ਼ ਸਮਝਦਿਆਂ ਪਾ ਦਿੱਤਾ ਹੈ। ਹੁਣ ਕੋਹੜੀ ਟੱਬਰਾ, ਇਸ ਬੇਰ ਨੂੰ ਚੱਬ ਤਾਂ ਲਉ!
          ਗੰਭੀਰ ਗੱਲ, ਜਿਸ ਦੀ ਪੰਜਾਬ ਦੇ ਸਾਰੇ ਸੋਚਵਾਨ ਲੋਕਾਂ ਨੂੰ ਚਿੰਤਾ ਹੋਣੀ ਚਾਹੀਦੀ ਹੈ, ਸਰਕਾਰ ਅਤੇ ਲੋਕਾਂ ਵਿਚਕਾਰਲੀ ਬੇਵਸਾਹੀ, ਬੇਇਤਬਾਰੀ ਹੈ। ਗ਼ਜ਼ਬ ਸਾਂਈਂ ਦਾ, ਇੱਕ ਵੀ ਬੰਦੇ ਨੇ ਇਹ ਨਹੀਂ ਆਖਿਆ ਕਿ ਦੇਰ-ਸਵੇਰ ਹੋ ਜਾਂਦੀ ਹੈ। ਸਭਾ ਨੂੰ ਪਲਾਟ ਮਿਲ ਜਾਵੇਗਾ। ਸਭ ਦਾ ਕਹਿਣਾ ਸੀ, ਗ਼ਲਤ ਆਸਾਂ ਲਾਈ ਬੈਠੇ ਹੋ। ਲੇਖਕਾਂ ਦੀ ਬੇਵਸੀ ਇਉਂ ਬੋਲਦੀ ਸੀ, ਆਪਾਂ ਨੂੰ ਤਾਂ ਪਹਿਲਾਂ ਵਾਂਗ ਹੀ ਪ੍ਰਧਾਨ ਜਾਂ ਸਕੱਤਰ ਦੇ ਘਰੋਂ ਕੰਮ ਚਲਾਉਣਾ ਪਊ। ਇੱਕ ਪਾਠਕ ਮੇਰੇ ਭੱਥੇ ਵਿੱਚੋਂ ਤੀਰ ਲੈ ਕੇ ਮੇਰੇ ਵੱਲ ਹੀ ਚਲਾਉਂਦਾ ਹੋਇਆ ਬੋਲਿਆ,''ਹੋਂ ਤਾਂ ਤੁਸੀਂ ਉਮਰ ਵਿੱਚ ਮੈਥੋਂ ਵੱਡੇ, ਮੁਆਫ਼ ਕਰਨਾ, ਸਰਕਾਰ ਤੋਂ ਪਲਾਟ ਦੀ ਉਡੀਕ ਵਿੱਚ ਮੁਰਲੀ ਉੱਤੇ ਕਾਹਨੂੰ ਬੈਠੇ ਹੋ! ਉੱਠ ਕੇ ਸੁਖ ਦਾ ਸਾਹ ਤੇ ਰੱਬ ਦਾ ਨਾਂ ਲਉ!'' ਇੱਕ ਵੱਡੇ ਸਿੱਖ ਧਾਰਮਿਕ ਆਗੂ ਦਾ ਫ਼ੋਨ ਆਇਆ। ਨਾਂ ਸੁਣ ਕੇ ਮੈਂ ਸੋਚਿਆ, ਉਸੇ ਨਾਂ ਵਾਲਾ ਕੋਈ ਹੋਰ ਹੋਣਾ ਹੈ ਪਰ ਉਨ੍ਹਾਂ ਵੱਲੋਂ ਆਪਣੇ ਨਾਂ ਨਾਲ ਬੋਲੇ ਗਏ ਸ਼ਬਦ ਭਾਈ ਨੇ ਮੈਨੂੰ ਦੁਬਿਧਾ ਵਿੱਚ ਪਾ ਦਿੱਤਾ। ਮੈਂ ਪੁੱਛਿਆ, ਉਹ ਵਾਲੇ ਭਾਈ ਫ਼ਲਾਣਾ ਸਿੰਘ ਜੀ? ਉਹ ਹੱਸੇ, ਹਾਂ ਜੀ, ਉਹ ਵਾਲੇ ਹੀ! ਉਨ੍ਹਾਂ ਨੇ  ਲੰਮੀ-ਚੌੜੀ ਗੱਲਬਾਤ ਵਿੱਚ ਇੱਕ ਦਿਲਚਸਪ ਕਿੱਸਾ ਪੂਰੇ ਵਿਸਤਾਰ ਨਾਲ ਸੁਣਾਇਆ। ਸਾਰ-ਤੱਤ ਇਹ ਕਿ ਸਾਡੇ ਗੁਆਂਢੀਆਂ ਦੇ ਇੱਕ ਗਾਂ ਹੁੰਦੀ ਸੀ। ਦੂਜੀਆਂ ਗਊਆਂ ਨਾਲੋਂ ਵੱਡਾ ਕੱਦ-ਕਾਠ, ਵੱਡੇ ਵੱਡੇ ਸਿੰਗ, ਦੂਰੋਂ ਦੇਖਣ ਨੂੰ ਨਗੌਰੀ ਬਲ੍ਹਦ ਜਾਪਦੀ, ਨਾ ਨਵੇਂ ਦੁੱਧ ਹੁੰਦੀ ਤੇ ਨਾ ਸੂੰਦੀ, ਪੂਰੀ ਚਰਿੱਤਰਵਾਨ…। ਮੈਂ ਸੋਚਿਆ, ਭਾਈ ਸਾਹਿਬ ਨੇ ਇਹ ਕੀ ਕਥਾ ਛੇੜ ਲਈ ਤੇ ਇਹ ਦਾ ਮੇਰੇ ਲੇਖ ਨਾਲ ਕੀ ਨਾਤਾ! ਪਰ ਉਨ੍ਹਾਂ ਦੇ ਇੱਕੋ ਵਾਕ ਨੇ ਸਾਰੀ ਗੱਲ ਸਾਫ਼ ਕਰ ਦਿੱਤੀ। ਕਹਿੰਦੇ, ਵਾਹਿਗੁਰੂ ਮਿਹਰ ਕਰੇ, ਤੁਸੀਂ ਸਰਕਾਰ ਰੂਪੀ ਓਸ ਗਾਂ ਤੋਂ ਦੁੱਧ ਭਾਲ ਰਹੇ ਹੋ!
           ਅਸਲ ਗੱਲ ਇਹ ਹੈ ਕਿ ਵਿਚਾਰੇ ਸਾਧਾਰਨ ਭੋਲੇ-ਭਾਲੇ ਲੋਕਾਂ ਦੀ ਗੱਲ ਤਾਂ ਛੱਡੋ, ਜਦੋਂ ਸਾਡੇ ਹਾਕਮ ਰਾਜਧਾਨੀ ਵਿੱਚ ਜੁੜੇ ਸੈਂਕੜੇ ਲੇਖਕਾਂ, ਪਾਠਕਾਂ ਤੇ ਹੋਰ ਬੁੱਧੀਮਾਨਾਂ ਸਾਹਮਣੇ ਉੱਚੇ ਮੰਚ ਤੋਂ ਕੀਤਾ ਵਾਅਦਾ ਦੇਰ-ਸਵੇਰ ਵੀ ਪੂਰਾ ਨਹੀਂ ਕਰਦੇ, ਸਾਨੂੰ ਇਸ ਬੇਵਿਸਾਹੀ, ਬੇਇਤਬਾਰੀ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ। ਇਹ ਬੇਵਿਸਾਹੀ ਓਦੋਂ ਹੋਰ ਵਧਦੀ ਹੈ ਜਦੋਂ ਕ੍ਰਿਕਟ ਵਾਂਗ ਹੀ ਡੇਰਿਆਂ-ਮੱਠਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਭੇਟ ਕੀਤੇ ਜਾਂਦੇ ਹਨ। ਹੋਰ ਤਾਂ ਹੋਰ, ਅਜੇ ਇਸੇ ਹਫ਼ਤੇ ਬਾਦਲ ਸਾਹਿਬ ਰਾਜਸਥਾਨ ਵਿੱਚ ਭੈਰੋਂ ਸਿੰਘ ਸ਼ੇਖ਼ਾਵਤ ਦੇ ਨਾਂ ਉੱਤੇ ਇੱਕ ਕਰੋੜ ਦੇ ਕੇ ਆਏ ਹਨ। ਬਠਿੰਡੇ ਤੋਂ ਜਿੰਨੇ ਵੀ ਫ਼ੋਨ ਆਏ, ਲਗਪਗ ਸਭ ਨੇ ਕਿਹਾ ਕਿ ਸਾਡੇ ਇੱਥੇ ਕਬੱਡੀ ਕੱਪ ਵੇਲੇ ਆਰੰਭਕ ਤੇ ਸਮਾਪਤੀ ਪ੍ਰੋਗਰਾਮਾਂ ਉੱਤੇ ਕਿਸੇ ਕੰਪਨੀ ਰਾਹੀਂ ਲੋਕਾਂ ਦੇ ਗਾੜ੍ਹੇ ਪਸੀਨੇ ਦੀ ਕਮਾਈ ਦੇ ਪੰਜ ਕਰੋੜ ਰੁਪਏ ਖਰਚ ਕਰ ਦਿੱਤੇ ਗਏ ਜਿਨ੍ਹਾਂ ਵਿੱਚੋਂ ਅੱਧੇ ਸ਼ਾਹਰੁਖ ਖਾਂ ਨੂੰ ਕੁੱਲ ਉੱਨੀ ਮਿੰਟ ਲਈ ਅਧਨੰਗੀਆਂ ਕੁੜੀਆਂ ਨਾਲ ਨੱਚਣ ਸਦਕਾ ਦੇ ਦਿੱਤੇ ਗਏ। ਲੇਖਕਾਂ ਦੀ ਗਿਣਤੀ ਜੇਠਾਂ ਵਿੱਚ ਹੁੰਦੀ ਹੈ, ਐਕਟਰਾਂ ਤੇ ਕ੍ਰਿਕਟਰਾਂ ਦੀ ਦਿਉਰਾਂ ਵਿੱਚ। ਪੰਜਾਬੀ ਬੋਲੀਆਂ ਵਿੱਚ ਤਾਂ ਗੱਜਬੱਜ ਕੇ ਕਿਹਾ ਜਾਂਦਾ ਹੈ, ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਮੰਗ ਲਏ!
ਪੰਜਾਬੀ ਸੱਭਿਆਚਾਰ ਵਿੱਚ ਕੌਲ-ਕਰਾਰ ਦੀ ਬੜੀ ਮਹੱਤਤਾ ਸੀ। ਹਜ਼ਾਰਾਂ-ਲੱਖਾਂ ਦਾ ਦੇਣ-ਲੈਣ ਜ਼ਬਾਨ ਅਤੇ ਇਕਰਾਰ ਦੇ ਭਰੋਸੇ ਹੋ ਜਾਂਦਾ ਸੀ। (ਕਰੋੜ-ਅਰਬ ਓਦੋਂ ਹੁੰਦੇ ਹੀ ਨਹੀਂ ਸਨ; ਲੱਖ ਵੀ ਘੱਟ ਹੀ ਹੁੰਦੇ ਸਨ!) ਕੌਲ ਤੋਂ ਮੁੱਕਰੇ ਬੰਦੇ ਦੀ ਸਮਾਜ ਵਿੱਚ ਕੋਈ ਹੈਸੀਅਤ ਨਹੀਂ ਸੀ ਰਹਿੰਦੀ। ਖੇੜਿਆਂ ਦੇ ਲੜ ਲੱਗੀ ਹੀਰ ਨੂੰ ਰਾਂਝਾ ਸਭ ਤੋਂ  ਕਾਟਵਾਂ-ਚੀਰਵਾਂ ਮਿਹਣਾ ਇਹੋ ਮਾਰਦਾ ਹੈ, ਕਰ ਕੇ ਕੌਲ ਜ਼ਬਾਨ ਦੇ ਹਾਰੀਉਂ ਨੀ!
        ਇੱਕ ਵਾਰ ਤਾਂ ਮਨ ਨਿਰਾਸ਼ ਹੋ ਗਿਆ ਜਾਂ ਕਹੋ, ਪਾਠਕਾਂ ਦੇ ਇਨ੍ਹਾਂ ਪ੍ਰਤੀਕਰਮਾਂ ਨੇ ਨਿਰਾਸ਼ ਕਰ ਦਿੱਤਾ ਕਿ ਪਲਾਟ-ਪਲੂਟ ਦੀ ਝਾਕ ਨਾ ਰੱਖੋ। ਵੀਰਵਾਰ ਦੇ ਅਖ਼ਬਾਰ ਦੀ ਤਸਵੀਰ ਵਿੱਚ ਬਾਦਲ ਸਾਹਿਬ ਨੂੰ ਇੱਕ ਕਰੋੜ ਦਾ ਮੰਜੇ ਜਿੱਡਾ ਚੈੱਕ ਕ੍ਰਿਕਟਰ ਯੁਵਰਾਜ ਸਿੰਘ ਦੇ ਹਵਾਲੇ ਕਰਦਿਆਂ ਦੇਖਿਆ ਤਾਂ ਇਸ ਘੋਰ ਨਿਰਾਸ਼ਾ ਵਿੱਚ ਮੈਨੂੰ ਫੇਰ ਮਰਾਸੀ ਯਾਦ ਆ ਗਿਆ। ਵਿਚਾਰੇ ਦੀ ਟੈਰ ਮਰ ਗਈ ਤੇ ਪੈਰੀਂ ਤੁਰਨ ਦੀ ਆਦਤ ਨਹੀਂ ਸੀ। ਕਿਧਰੇ ਜਾਂਦਿਆਂ ਜਦੋਂ ਪਿੰਜਣੀਆਂ ਵਿੱਚ ਖੱਲੀਆਂ ਚੜ੍ਹਨ ਲੱਗੀਆਂ, ਉਹਨੇ ਅੱਖਾਂ ਬੰਦ ਕਰਕੇ ਤੇ ਦੋਵੇਂ ਹੱਥ ਉੱਚੇ ਚੁੱਕ ਕੇ ਦੁਆ ਕੀਤੀ, ਅੱਲਾ ਮੀਆਂ, ਘੋੜੀ ਬਖ਼ਸ਼, ਲਿੱਸੀ-ਮਾੜੀ ਹੀ ਸਹੀ, ਮੈਂ ਪ੍ਰਭਾਂ ਦੇ ਘਰਾਂ ਤੋਂ ਮੰਗ-ਤੰਗ ਕੇ ਤਕੜੀ ਕਰ ਲਊਂ। ਫੇਰ ਉਹਨੇ ਸਮਝੌਤੇਬਾਜ਼ੀ ਕੀਤੀ, ਘੋੜੀ ਨਹੀਂ ਤਾਂ ਬਛੇਰੀ ਹੀ ਸਹੀ, ਮੈਂ ਪਾਲ ਕੇ ਵੱਡੀ ਕਰ ਲਊਂ! ਏਨੀਂ ਨੂੰ ਪਿੱਛੋਂ ਘੋੜੀ-ਸਵਾਰ ਠਾਣੇਦਾਰ ਆ ਰਲਿਆ, ਪਿੱਛੇ ਪਿੱਛੇ ਕੁਛ ਦਿਨਾਂ ਦੀ ਬਛੇਰੀ। ਉਹ ਨੇ ਗਰੀਬੜਾ ਜਿਹਾ ਬੰਦਾ ਦੇਖ ਕੇ ਹੁਕਮ ਕੀਤਾ, ਐਹ ਬਛੇਰੀ ਚੁੱਕ ਉਇ, ਨਿਆਣੀ ਥੱਕ ਜਾਊ। ਮਰਾਸੀ ਪਹਿਲਾਂ ਹੀ ਗਰਮੀ ਨਾਲ ਅੱਕਲਕਾਨ ਤੇ ਥੱਕਿਆ-ਹਾਰਿਆ, ਉੱਤੋਂ ਬਛੇਰੀ ਮੋਢਿਆਂ ਉੱਤੇ ਚਾੜ੍ਹਨੀ ਪੈ ਗਈ। ਕਹਿੰਦਾ, ਵਾਹ ਉਇ ਪੁੱਠੀਆਂ ਸਮਝਣ ਵਾਲਿਆ ਰੱਬਾ, ਮੰਗੀ ਸੀ ਚੜ੍ਹਨ ਨੂੰ, ਭੇਜ ਦਿੱਤੀ ਚੁੱਕਣ ਨੂੰ! ਤਸਵੀਰ ਦੇਖ ਕੇ ਮੈਂ ਸੋਚਿਆ, ਸਰਕਾਰ ਨੂੰ ਪਲਾਟ ਚੇਤੇ ਕਰਵਾਇਆ ਸੀ ਸਾਡੇ ਹਵਾਲੇ ਕਰਨ ਨੂੰ, ਉਹਨੇ ਚੰਗਾ-ਚੇਤੇ-ਕਰਾਇਆ ਆਖਦਿਆਂ ਇੱਟਾਂ, ਸੀਮਿੰਟ ਤੇ ਸਰੀਏ ਸਮੇਤ ਇਕ ਕਰੋੜ ਵਿਚ ਵੇਚ ਕੇ ਚੈੱਕ ਯੁਵਰਾਜ ਸਿੰਘ ਦੇ ਹਵਾਲੇ ਕਰ ਦਿੱਤਾ! ਵਾਹ ਨੀ ਪੁੱਠੀਆਂ ਸਮਝਣ ਵਾਲੀਏ ਸਰਕਾਰੇ, ਪਲਾਟ ਯਾਦ ਕੀ ਕਰਵਾਇਆ, ਹੱਥੋਂ ਹੀ ਗੁਆ ਬੈਠੇ।
ਆਖ਼ਰ ਮੇਰੇ ਕਿਸਾਨ ਪਿਛੋਕੇ ਨੇ ਆਸ ਫੇਰ ਜਗਾ ਦਿੱਤੀ।
            ਕਹਿੰਦੇ, ਕਿਸੇ ਗੱਲੋਂ ਕਰੋਧ ਵਿਚ ਆਏ ਦੇਵਤੇ ਨੇ ਧਰਤੀ ਨੂੰ ਸੋਕੇ ਦਾ ਸਰਾਪ ਦੇ ਕੇ ਉਹ ਬੰਸਰੀ ਅਲਮਾਰੀ ਵਿਚ ਸਾਂਭ ਦਿੱਤੀ ਜਿਸ ਨੂੰ ਬਜਾਇਆਂ ਮੀਂਹ ਪੈਂਦਾ ਸੀ। ਦੂਜੇ ਸਾਲ ਹੀ ਤਰਾਹੀ ਤਰਾਹੀ ਕਰਦੇ ਕਿਸਾਨ ਬੀ ਲਈ ਸਾਂਭ ਕੇ ਰੱਖੀ ਕਣਕ ਖਾਣ ਲੱਗੇ। ਇਕ ਕਿਸਾਨ ਨੇ ਅੱਧਾ ਬੀ ਪਿਛਲੇ ਸਾਲ ਬੀਜ ਕੇ ਗੁਆ ਲਿਆ ਸੀ, ਬਾਕੀ ਅੱਧਾ ਹੁਣ ਬੀਜਣ ਲਈ ਪਤਨੀ ਦੇ ਰੋਕਦਿਆਂ ਰੋਕਦਿਆਂ ਵੀ ਸੁੱਕੀ ਭੋਇੰ ਵਿਚ ਹਲ ਜਾ ਜੋੜਿਆ। ਸਭ ਲੋਕ ਉਹ ਨੂੰ ਮੂਰਖ ਆਖਣ ਲੱਗੇ। ਉਹ ਕਹਿੰਦਾ, ਮੇਰਾ ਧਰਮ ਹੈ ਬੀ ਪਾਉਣਾ, ਫ਼ਸਲ ਪੈਦਾ ਕਰਨਾ ਰੱਬ ਦਾ ਧਰਮ ਹੈ, ਉਹ ਆਪਣਾ ਧਰਮ ਨਿਭਾਉਂਦਾ ਹੈ ਕਿ ਨਹੀਂ, ਇਹ ਉਹ ਜਾਣੇ! ਉਧਰ ਇਕ ਦਿਨ ਦੇਵਤਨੀ ਆਖਣ ਲੱਗੀ, ਸੁਆਮੀ, ਕਿਤੇ ਸਰਾਫ ਦੇ ਚੱਕਰ ਵਿਚ ਬੰਸਰੀ ਬਜਾਉਣੀ ਹੀ ਨਾ ਭੁੱਲ ਜਾਇਉ। ਦੇਵਤਾ ਬੋਲਿਆ, ਗੱਲ ਤਾਂ ਤੇਰੀ ਠੀਕ ਹੈ ਭਾਗਵਾਨੇ, ਰਾਤ ਨੂੰ ਚੋਰੀਉਂ ਦੋ ਕੁ ਤਾਨਾਂ ਕੱਢ ਲਵਾਂਗੇ। ਬੱਸ ਦੇਵਤਾ ਦੇ ਬੁੱਲ੍ਹਾਂ ਦਾ ਬੰਸਰੀ ਉੱਤੇ ਟਿਕਣਾ ਸੀ ਕਿ ਮੂਲ੍ਹੇਧਾਰ ਮੀਂਹ ਵਰ੍ਹ ਪਿਆ ਅਤੇ ਘੜੀਆਂ ਪਲਾਂ ਵਿਚ ਜਲ-ਥਲ ਇਕ ਹੋ ਗਿਆ! ਲੇਖਕ-ਪਾਠਕ ਮੈਨੂੰ ਲੱਖ ਨਿਰਾਸ਼ ਕਰਦੇ ਰਹਿਣ, ਮੈਂ ਕਿਸਾਨ-ਪੁੱਤਰ ਹਾਂ ਤੇ ਲੇਖਕ ਸਭਾ ਦੇ ਪਲਾਟ ਦੀ ਆਸ ਮੈਂ ਛੱਡਣੀ ਨਹੀਂ! ਕੀ ਪਤਾ, ਬਾਦਲ ਜੀ ਕਦੇ ਅਹਿਲਕਾਰਾਂ ਨੂੰ ਪੁੱਛ ਬੈਠਣ ਕਿ ਕੋਈ ਮੇਰਾ ਇਹੋ ਜਿਹਾ ਇਕਰਾਰ ਹੋਵੇ ਤਾਂ ਦੱਸੋ ਜਿਸ ਨੂੰ ਪੂਰਾ ਕਰਦਿਆਂ ਬਹੁਤੀ ਹਿੰਗ-ਫ਼ਟਕੜੀ ਨਾ ਲਗਦੀ ਹੋਵੇ ਤੇ ਕੋਈ ਉਨ੍ਹਾਂ ਨੂੰ ਇਸ ਇਕਰਾਰ ਦਾ ਚੇਤਾ ਕਰਵਾ ਦੇਵੇ! ਲੇਖਕ ਵਜੋਂ ਮੇਰਾ ਧਰਮ ਹੈ ਆਬਦੀ ਸਭਾ ਦਾ ਪਲਾਟ ਮੰਗਣਾ, ਦੇਣਾ ਜਾਂ ਨਾ ਦੇਣਾ ਬਾਦਲ ਜੀ ਦਾ ਧਰਮ ਹੈ! ਆਪਣਾ ਧਰਮ ਉਹ ਜਾਨਣ! ਲੇਖਕ ਮਿੱਤਰੋ ਤੇ ਪਾਠਕ ਪਿਆਰਿਓ, ਮੈਨੂੰ ਨਿਰਾਸ਼ ਨਾ ਕਰੋ। ਮੈਂ ਨਿਰਾਸ਼ ਹੋਣਾ ਨਹੀਂ!
         ਜਦੋਂ ਬਾਬਾ ਬਾਲ ਨਾਥ ਜੋਗੀ ਆਪਣੇ ਮੁੰਡੇ ਰਾਂਝੇ ਨੂੰ ਜੋਗ ਦੇਣ ਤੋਂ ਇਨਕਾਰ ਕਰ ਦਿੰਦਾ ਹੈ, ਉਹ ਵਡਿਆਉਂਦਾ ਹੈ: ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸਥੇ, ਨਜ਼ਰ ਆਵਨਾ ਏਂ ਜ਼ਾਹਰਾ ਪੀਰ ਮੀਆਂ। ਬਾਬਾ ਫੇਰ ਵੀ ਆਨਾ-ਕਾਨੀ ਕਰਦਾ ਹੈ: ਹੱਥ ਕੰਗਣਾ, ਪਹੁੰਚੀਆਂ ਫੱਬ ਰਹੀਆਂ, ਕੰਨੀਂ ਛਣਕਦੇ ਸੋਹਣੇ ਬੁੰਦੜੇ ਨੀ/ ਮੱਝ ਪੱਟ ਦੀਆਂ ਲੁੰਗੀਆਂ ਘਿੰਨ ਉੱਤੇ, ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੀ। ਅਰਥਾਤ, ਇਹ ਤੇਰੇ ਲੱਛਣ ਜੋਗ ਲੈਣ ਵਾਲੇ ਨੇ? ਬਾਦਲ ਜੀ ਲੱਖ ਆਖਦੇ ਰਹਿਣ: ਭੋਇੰ ਕਾਗ਼ਜ਼ ਅਤੇ ਸਾਗਰ ਬਣੇ ਸਿਆਹੀ, ਹੱਥ ਕਲਮ ਜਿਉਂ ਤਿੱਖੀ ਕਟਾਰ ਹੋਵੇ/ ਲਿਖਣ ਲੱਗੇ ਨਾ ਕਿਤੇ ਵੀ ਬੱਸ ਕਰਦੇ, ਆਸ ਕਿੱਲੇ ਦੀ ਕਿਵੇਂ ਸਾਕਾਰ ਹੋਵੇ! ਅਰਥਾਤ, ਇਹ ਤੁਹਾਡੇ ਲੱਛਣ ਪਲਾਟ ਲੈਣ ਵਾਲੇ ਨੇ? ਰਿਸ਼ੀ ਕਵੀ ਪੂਰਨ ਸਿੰਘ ਵੱਲੋਂ ਥਾਪੇ ਗਏ ਸਾਡੇ ਰਿਸ਼ਤੇ ਅਨੁਸਾਰ ਮੈਂ ਰਾਂਝੇ ਦਾ ਵੀਰ ਹਾਂ ਅਤੇ ਬਾਦਲ ਸਾਹਿਬ ਨੂੰ ਬੇਨਤੀ ਵਿਚ ਮੈਂ ਉਹੋ ਸ਼ਬਦ ਬੋਲ ਦੇਣੇ ਕਾਫ਼ੀ ਸਮਝਦਾ ਹਾਂ ਜੋ ਉਹਨੇ ਬਾਬੇ ਬਾਲ ਨਾਥ ਦੇ ਉਪਰੋਕਤ ਇਨਕਾਰ ਦੇ ਜਵਾਬ ਵਿਚ ਕਹੇ ਸਨ: ਜੋਗ ਦਿਉ ਤੇ ਕਰੋ ਨਿਹਾਲ ਮੈਨੂੰ, ਕੇਹੀਆਂ ਜੀਉ 'ਤੇ ਘੁੰਡੀਆਂ ਚਾੜ੍ਹੀਆਂ ਨੇ/ ਏਸ ਜੱਟ ਗ਼ਰੀਬ ਨੂੰ ਤਾਰ  ਓਵੇਂ, ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ! ਅਰਥਾਤ, ਬਾਦਲ ਜੀ, ਹੁਣ ਤਾਂ ਸਭ ਜੇ-ਜੱਕਾਂ ਛੱਡ ਕੇ ਸਾਨੂੰ ਲੇਖਕਾਂ ਨੂੰ ਵੀ   ਕ੍ਰਿਕਟੀਆਂ, ਐਕਟਰਾਂ, ਡੇਰੇਦਾਰਾਂ ਤੇ ਸੰਗਤ-ਦਰਸ਼ਨੀਆਂ ਵਾਂਗੂੰ ਬੱਸ ਤਾਰ ਹੀ ਦਿਉ!
* ਸੰਪਰਕ: 011-65736868

Sunday, September 18, 2011

      ਤੂੰ ਦਾਤਾ  ਦਾਤਾਰੁ ਤੇਰਾ  ਦਿੱਤਾ  ਖਾਵਣਾ !
                               ਗੁਰਬਚਨ ਸਿੰਘ ਭੁੱਲਰ
ਮਨੁੱਖ ਨੂੰ ਉਹਦੇ ਆਪਣੇ ਹੱਥਾਂ ਨੇ ਸਿਰਜਿਆ ਹੈ। ਕਿਰਤੀ ਮਨੁੱਖ ਆਖਦੇ ਹਨ, ‘ਅਪਨਾ ਹਾਥ ਜਗਨਨਾਥ’, ਭਾਵ ਆਪਣੇ ਹੱਥ ਹੀ ਭਗਵਾਨ ਹਨ ! ਬਹੁਤ ਸਾਰੇ ਲੋਕ ਸਵੇਰ ਵੇਲੇ ਆਪਣੇ ਹੱਥ ਸਾਹਮਣੇ ਕਰ ਕੇ ਅੱਖਾਂ ਖੋਲ•ਦੇ  ਹਨ ਅਤੇ ਸਭ ਤੋਂ ਪਹਿਲਾਂ ਆਪਣੇ ਹੀ ਹੱਥਾਂ ਦੇ ਦਰਸ਼ਨ-ਦੀਦਾਰ ਕਰਦੇ ਹਨ। ਧਾਰਮਿਕ ਲੋਕ ਆਪਣੇ ਹੱਥਾਂ ਦੀ ਸ਼ਕਤੀ ਵਿਚ ਪ੍ਰਮਾਤਮਾ ਨੂੰ ਵੀ ਹਿੱਸੇਦਾਰ ਬਣਾ ਲੈਂਦੇ ਹਨ ਅਤੇ ਧੰਨਵਾਦੀ ਹੋ ਕੇ ਆਖਦੇ ਹਨ, ਤੂ ਦਾਤਾ ਦਾਤਾਰੁ  ਤੇਰਾ ਦਿਤਾ ਖਾਵਣਾ ! ਉਹਨਾਂ ਦਾ ਕਹਿਣਾ ਹੈ ਕਿ ਇਸ ਧਰਤੀ ਉੱਤੇ ਅੰਨ-ਪਾਣੀ, ਫਲ-ਫਲੂਟ, ਜੋ ਕੁਛ ਵੀ ਹੈ,  ਉਸੇ ਦਾ ਹੀ ਉਪਜਾਇਆ ਹੋਇਆ ਹੈ। ਇਸ ਲਈ ਮਨੁੱਖ ਦੇ ਹੱਥਾਂ ਦੀ ਕਰਾਮਾਤ ਦੇ ਬਾਵਜੂਦ ਇਹ ਸਭ ਉਸੇ ਦੀ ਦੇਣ ਤੇ ਕਿਰਪਾ ਹੈ! ਉਹ ਕਿਰਪਾਲੂ ਹੈ, ਉਹਦੀ ਕਿਰਪਾ ਦਾ ਆਨੰਦ ਮਾਨਣ ਵਿਚ ਸੰਗ-ਝਿਜਕ ਕਾਹਦੀ!
      ਪਿਛਲੇ ਦਿਨੀਂ ਬਠਿੰਡੇ ਦੇ ਇਕ ਪੱਤਰਕਾਰ ਚਰਨਜੀਤ ਭੁੱਲਰ ਨੇ ਸੂਚਨਾ-ਅਧਿਕਾਰ ਕਾਨੂੰਨ ਅਧੀਨ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਥੇਦਾਰ ਅਵਤਾਰ ਸਿੰਘ ਮੱਕੜ ਜੀ ਦੀ ਕਾਰ ਦੇ ਤੇਲ ਦੇ ਖਰਚੇ ਦੀ ਜਾਣਕਾਰੀ ਮੰਗੀ। ਕਮੇਟੀ ਦੇ ਪੱਤਰ ' 60115 ਅਨੁਸਾਰ ਮਿਲੀ ਅਧਿਕਾਰਿਤ ਸੂਚਨਾ ਦਸਦੀ ਹੈ ਕਿ 1 ਅਪਰੈਲ 2006 ਤੋਂ 31 ਮਾਰਚ 2011 ਤੱਕ ਦੇ ਪੰਜ ਸਾਲਾਂ ਵਿਚ ਜਥੇਦਾਰ ਜੀ ਦੀ ਕਾਰ ਇਕ ਕਰੋੜ ਚੌਂਹਠ ਲੱਖ ਚੁਰਾਨਵੇਂ ਹਜ਼ਾਰ ਪੰਜ ਸੌ ਦਸ ਰੁਪਏ ਦਾ ਤੇਲ ਪੀ ਗਈ। ਜੇ ਤੇਲ ਦਾ ਇਸ ਸਮੇਂ ਦਾ ਔਸਤ ਭਾਅ 50 ਰੁਪਏ ਪ੍ਰਤੀ ਲਿਟਰ ਲਾਈਏ ਅਤੇ ਕਾਰ ਲਿਟਰ ਵਿਚ ਦਸ ਕਿਲੋਮੀਟਰ ਵੀ ਕਢਦੀ ਮੰਨੀਏ, ਕੁੱਲ ਸਫ਼ਰ 32,98,902 ਕਿਲੋਮੀਟਰ ਹੋ ਜਾਵੇਗਾ। ਧਰਤੀ ਦਾ ਵੱਡੇ ਤੋਂ ਵੱਡਾ ਘੇਰਾ ਭੂਮੱਧਰੇਖਾ ਉੱਤੇ 40,030 ਕਿਲੋਮੀਟਰ ਹੈ। ਜੇ ਜਥੇਦਾਰ ਜੀ ਭੂਮੱਧਰੇਖਾ ਉੱਤੇ ਸਿੱਧੇ ਤੁਰੇ ਜਾਂਦੇ, ਧਰਤੀ ਦੀ ਸਾਢੇ ਬਿਆਸੀ ਵਾਰ ਪਰਕਰਮਾ ਕਰ ਲੈਂਦੇ। ਜੇ ਉਹਨਾਂ ਨੂੰ 3,84,403 ਕਿਲੋਮੀਟਰ ਦੂਰ ਵਸਦੇ ਚੰਦ ਮਾਮਾ ਜੀ ਦਾ ਮੋਹ ਜਾਗਦਾ, ਉਹ ਚਾਰ ਵਾਰ ਆ-ਜਾ ਸਕਦੇ ਸਨ ਅਤੇ ਪੰਜਵੀਂ ਵਾਰ
ਉਥੇ ਜਾ ਕੇ ਟਿਕ ਸਕਦੇ ਸਨ!
      ਚਲੋ, ਪੰਜ ਸਾਲਾਂ ਦਾ ਲੰਮਾ-ਚੌੜਾ ਹਿਸਾਬ-ਕਿਤਾਬ ਛੱਡੀਏ ਅਤੇ 1 ਅਪਰੈਲ 2010 ਤੋਂ 31 ਮਾਰਚ 2011 ਤੱਕ ਦੇ ਸੱਜਰੇ ਇਕ ਸਾਲ ਦੀ ਗੱਲ ਕਰੀਏ। ਇਸ ਇਕ ਸਾਲ ਵਿਚ ਜਥੇਦਾਰ ਮੱਕੜ ਦੀ ਕਾਰ ਦੀ ਟੈਂਕੀ ਵਿਚ ਸੰਤਾਲੀ ਲੱਖ ਚਰਵੰਜਾ ਹਜ਼ਾਰ ਸੱਤ ਸੌ ਛੱਬੀ ਰੁਪਏ ਦਾ ਤੇਲ ਪਿਆ। ਲਗਦਾ ਹੈ, ਜਥੇਦਾਰ ਜੀ ਨੇ ਟੈਂਕੀ ਉਤਰਵਾ ਕੇ ਕਾਰ ਵਿਚ ਟੈਂਕ ਫਿੱਟ ਕਰਵਾ ਲਿਆ ਹੈ! ਖੈਰ, ਜੇ ਇਸ ਸਾਲ ਦਾ ਤੇਲ ਦਾ ਭਾਅ 60 ਰੁਪਏ ਲਿਟਰ ਲਾਈਏ, ਕੁੱਲ ਸਫ਼ਰ 7,92,288 ਕਿਲੋਮੀਟਰ ਬਣ ਜਾਂਦਾ ਹੈ, ਭਾਵ ਇਸ ਇਕ ਸਾਲ ਵਿਚ ਜਥੇਦਾਰ ਜੀ ਧਰਤੀ ਦੀ 20 ਵਾਰ ਪਰਕਰਮਾ ਕਰ ਸਕਦੇ ਸਨ ਅਤੇ ਚੰਦ ਮਾਮਾ ਜੀ ਨੂੰ ਵੀ ਘੱਟੋ-ਘੱਟ ਇਕ ਵਾਰ ਮਿਲ ਕੇ ਆ ਸਕਦੇ ਸਨ! ਇਸ ਸਾਲ ਜਥੇਦਾਰ ਜੀ ਦਾ ਰੋਜ਼ ਦਾ ਸਫ਼ਰ 2,170 ਕਿਲੋਮੀਟਰ ਬਣਦਾ ਹੈ। ਜੇ ਉਹਨਾਂ ਦੀ ਕਾਰ ਉੱਕਾ ਰੁਕੀ ਹੀ ਨਾ ਹੋਵੇ ਤਾਂ ਉਹ ਵਾਹੋਦਾਹ 60 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਹਰ ਰੋਜ਼ 36 ਘੰਟੇ ਚੱਲੀ ਹੋਵੇਗੀ! ਇਥੇ ਆ ਕੇ ਮੇਰੇ ਵਰਗਾ ਅਧਾਰਮਿਕ ਬੰਦਾ ਬੌਂਦਲ ਜਾਂਦਾ ਹੈ ਅਤੇ ਉਹਨੂੰ ਕਈ ਸਵਾਲਾਂ ਦਾ ਕੋਈ ਜਵਾਬ ਨਹੀਂ  ਸੁਝਦਾ।
 ਪਹਿਲਾ ਸਵਾਲ ਤਾਂ ਇਹ ਕਿ ਜ਼ਿਲਾ ਬਠਿੰਡਾ ਵਾਲੇ ਮੇਰੇ ਪਿੰਡ ਪਿੱਥੋ ਅਤੇ ਨਿਵਾਸ ਵਾਲੇ ਮੇਰੇ ਸ਼ਹਿਰ ਦਿੱਲੀ ਵਿਚ ਤਾਂ ਦਿਨ-ਰਾਤ ਘਟਦੇ-ਵਧਦੇ ਰਹਿਣ ਦੇ ਬਾਵਜੂਦ ਸਦਾ ਚੌਵੀ ਘੰਟਿਆਂ ਦੇ ਹੀ ਰਹਿੰਦੇ ਹਨ। ਮੈਂ ਵੱਖ ਵੱਖ ਪਿੰਡਾਂ, ਸ਼ਹਿਰਾਂ, ਸੂਬਿਆਂ ਵਿਚ ਵਸਦੇ ਅਨੇਕ ਦੋਸਤਾਂ-ਮਿੱਤਰਾਂ ਤੋਂ, ਇਥੋਂ ਤੱਕ ਕਿ ਅਮਰੀਕਾ, ਰੂਸ, ਇੰਗਲੈਂਡ, ਵਗੈਰਾ ਤੋਂ ਵੀ ਫੋ ਕਰ ਕੇ ਪਤਾ ਕੀਤਾ ਹੈ, ਦਿਨ-ਰਾਤ ਹਰ ਥਾਂ ਚੌਵੀ ਘੰਟੇ ਦੇ ਹੀ ਰਹਿੰਦੇ ਹਨ। ਮੈਂ ਸਕੂਲ ਤੋਂ ਅੱਗੇ ਕਾਲਜ ਵਿਚ ਵੀ ਗਣਿਤ ਪੜਿ•ਆ ਹੈ ਪਰ ਸਾਡਾ ਹਰ ਅਧਿਆਪਕ ਤੇ ਪਰੋਫੈ ਸਾਨੂੰ 24 ਬਰਾਬਰ ਹੈ 24 ਹੀ ਪੜ•ਾਉਂਦਾ ਰਿਹਾ। ਇਹ 24 ਘੰਟੇ ਦਾ ਦਿਨ-ਰਾਤ ਜਥੇਦਾਰ ਮੱਕੜ ਨੇ ਧਰਮ ਦੀ ਸ਼ਕਤੀ ਨਾਲ ਡੇਢਾ ਵੱਡਾ, ਭਾਵ 36 ਘੰਟੇ ਦਾ ਬਣਾ ਕੇ ਨਵਾਂ ਗਣਿਤ-ਵਿਗਿਆਨ ਸਿਰਜ ਦਿੱਤਾ ਹੈ। ਜੇ ਉਹ ਯਤਨ ਕਰਨ, ਇਸ ਕਾਢ ਸਦਕਾ ਨੋਬਲ ਇਨਾਮ ਜਿੱਤ ਸਕਦੇ ਹਨ ਅਤੇ ਪਹਿਲੇ ਸਿੱਖ ਨੋਬਲ ਇਨਾਮ ਜੇਤੂ ਬਣ ਸਕਦੇ ਹਨ!
      ਦੂਜੀ ਗੱਲ, ਜੇ ਜਥੇਦਾਰ ਜੀ ਪੰਜ ਸਾਲਾਂ ਤੋਂ ਬਿਲਕੁਲ ਹੀ ਰੁਕੇ ਬਿਨਾਂ ਕਾਰ-ਸਵਾਰ ਘੁੰਮਦੇ ਰਹੇ ਹਨ, ਇਹ ਤਾਂ ਮੰਨ ਲੈਂਦੇ ਹਾਂ ਕਿ ਪੰਥ ਦੀ ਸੇਵਾ ਨੂੰ ਸਮਰਪਿਤ ਹੋ ਕੇ ਉਹਨਾਂ ਨੇ ਘਰ-ਪਰਿਵਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਹੋਵੇਗਾ ਪਰ ਇਉਂ ਤਾਂ ਉਹ ਏਨੇਂ ਸਾਲਾਂ ਤੋਂ ਇਕ ਸਕਿੰਟ ਲਈ ਵੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨਹੀਂ ਗਏ ਅਤੇ ਨਾ ਹੀ ਹੋਰ ਕਿਸੇ ਇਕੱਤਰਤਾ, ਬੈਠਕ ਜਾਂ ਕਾਨਫ਼ਰੰਸ ਵਿਚ ਸ਼ਾਮਲ ਹੋਏ ਹਨ। ਫੇਰ ਉਹਨਾਂ ਦੇ ਪ੍ਰਧਾਨ ਵਾਲੇ ਫ਼ਰਜ਼ ਕਿਵੇਂ ਨਿਭਦੇ ਰਹੇ? ਅਖ਼ਬਾਰਾਂ ਵਿਚ ਅਨੇਕ ਥਾਂਵਾਂ ਉੱਤੇ ਉਹਨਾਂ ਦੇ ਵਿਚਰਨ ਤੇ ਠਹਿਰਨ ਦੀਆਂ ਖ਼ਬਰਾਂ ਆਮ ਹੀ ਛਪਦੀਆਂ ਰਹਿੰਦੀਆਂ ਹਨ। ਤਾਂ ਕੀ ਮੱਕੜ ਜੀ ਦੋ ਹਨ? ਕੀ ਉਹ ਆਪ ਤਾਂ ਕਾਰ-ਸਵਾਰ ਰਹਿੰਦੇ ਹਨ ਅਤੇ ਆਪਣੀ ਧਾਰਮਿਕ ਸ਼ਕਤੀ ਨਾਲ ਆਪਣਾ ਇਕ ਹੋਰ ਰੂਪ ਘੜ ਕੇ ਪ੍ਰਧਾਨਗੀ ਦੇ ਕਾਰਜ ਨਿਭਾਉਣ ਲਈ ਛੱਡ ਜਾਂਦੇ ਹਨ?
      ਹੋਰ ਗੱਲਾਂ ਤਾਂ ਛੱਡੋ, ਸੈਟੇਲਾਈਟਾਂ ਵਿਚ ਧਰਤੀ ਦੁਆਲੇ ਘੁੰਮਦੇ ਰਹੇ ਰੂਸੀਆਂ ਤੇ ਅਮਰੀਕੀਆਂ ਵਾਂਗ ਜਥੇਦਾਰ ਜੀ ਏਨੇਂ ਸਾਲਾਂ ਤੋਂ, ਰੁਕੇ ਬਿਨਾਂ, ਕਾਰ ਵਿਚ ਹੀ ਕਿਉਂ ਘੁੰਮ ਰਹੇ ਹਨ? ਆਖ਼ਰ ਕਾਰ-ਯਾਤਰਾ ਨੂੰ ਕਿਤੇ ਤਾਂ ਖ਼ਤਮ ਹੋਣਾ ਚਾਹੀਦਾ ਹੈ? ਉਹ ਕਿਸ ਮੰਤਵ ਲਈ ਕਿਥੇ ਜਾਣ ਵਾਸਤੇ ਪੰਜ ਸਾਲਾਂ ਤੋਂ ਕਾਰ-ਸਵਾਰ ਭੱਜੇ ਫਿਰਦੇ ਹਨ? ਅਜਿਹੇ ਲਗਾਤਾਰ ਸਫ਼ਰ ਵਿਚ ਜਥੇਦਾਰ ਜੀ ਨੂੰ ਬਦਲ ਬਦਲ ਕੇ ਸਟੇਅਰਿੰਗ ਸੰਭਾਲਣ ਵਾਲੇ ਕਿੰਨੇ ਡਰਾਈਵਰ ਨਾਲ ਰੱਖਣ ਦੀ ਲੋੜ ਪੈਂਦੀ ਹੋਵੇਗੀ? ਮੈਂ ਇਕ ਅਕਾਲੀ ਮਿੱਤਰ ਨੂੰ ਪੁੱਛਿਆ ਤਾਂ ਉਹ ਤਿਉੜੀ ਪਾ ਕੇ ਬੋਲਿਆ, ਜ਼ਰੂਰੀ ਹੈ, ਜਥੇਦਾਰ ਜੀ ਆਪ ਹੀ ਹੋਣ, ਉਹਨਾਂ ਦੀ ਕਾਰ ਕੋਈ ਹੋਰ ਵੀ ਤਾਂ ਲਿਜਾ ਸਕਦਾ ਹੈ? ਮੈਂ ਹੱਥ ਬੰਨ• ਕੇ ਬੇਨਤੀ ਕੀਤੀ, ਭਾਈ ਸਾਹਿਬ, ਦਿਨ ਤਾਂ ਫੇਰ ਵੀ ਛੱਤੀ ਘੰਟੇ ਦਾ ਹੀ ਰਿਹਾ? ਉਹ ਕਚੀਚੀ ਵੱਟ ਕੇ ਪਰ•ੇ ਨੂੰ ਤੁਰਦਾ ਬੋਲਿਆ, ਤੁਸੀਂ  ਨਾਸਤਿਕ ਕੌਮਨਿਸਟ ਧਰਮ ਦੀ ਸ਼ਕਤੀ ਨੂੰ ਨਹੀਂ ਸਮਝ ਸਕਦੇ! ਮੱਕੜ ਜੀ ਨੇ ਆਪ ਵੀ ਇਸ ਸੰਬੰਧ ਵਿਚ ਕਾਂਗਰਸੀਆਂ ਨੂੰ ਗਾਲ਼ਾਂ ਦੇ ਕੇ ਕਿਹਾ ਹੈ ਕਿ ਇਕ ਨਹੀਂ, ਉਹਨਾਂ ਦੀਆਂ ਤਿੰਨ ਕਾਰਾਂ ਚਲਦੀਆ ਰਹੀਆਂ ਹਨ। ਇਸ ਹਿਸਾਬ ਇਕ ਕਾਰ ਛੱਤੀ ਘੰਟੇ ਰੋਜ਼ ਚੱਲਣ ਦੀ ਥਾਂ ਤਿੰਨ ਕਾਰਾਂ ਬਾਰਾਂ-ਬਾਰਾਂ ਘੰਟੇ ਰੋਜ਼ ਚਲਦੀਆਂ ਰਹੀਆਂ। ਮਤਲਬ ਇਹ ਕਿ ਜਥੇਦਾਰ ਜੀ ਦੀਆਂ ਤਿੰਨ ਕਾਰਾਂ ਏਨੇਂ ਚਿਰ ਤੋਂ ਰਾਤ ਨੂੰ ਸੌਣ ਦਾ ਸਮਾਂ ਛੱਡ ਕੇ ਬਾਰਾਂ ਘੰਟੇ ਰੋਜ਼ ਹਫ਼ਦੀਆਂ-ਹੌਂਕਦੀਆਂ ਤਾਬੜਤੋੜ ਭੱਜੀਆਂ ਫਿਰ ਰਹੀਆਂ ਹਨ! ਜੇ ਇਹਨਾਂ ਕਾਰਾਂ ਵਿਚ ਪਟਰੌਲ ਦੀ ਥਾਂ ਡੀਜ਼ਲ ਪੈਂਦਾ ਹੋਇਆ,ਘੰਟੇ ਹੋਰ ਵੀ ਵਧ ਜਾਣਗੇ ਤੇ ਹਿਸਾਬ ਹੋਰ ਵੀ ਵਿਗੜ ਜਾਵੇਗਾ! ਹਾਂ, ਜਥੇਦਾਰ ਜੀ ਦੀ ਇਕ ਗੱਲੋਂ ਜ਼ਰੂਰ ਪ੍ਰਸੰਸਾ ਕਰਨੀ ਪਵੇਗੀ ਤੇ ਉਹਨਾਂ ਨੂੰ ਧੰਨਵਾਦ ਵੀ ਦੇਣਾ ਪਵੇਗਾ ਕਿ ਏਨੇਂ ਸਾਲਾਂ ਤੋਂ ਸਾਹੋਸਾਹ ਭੱਜੀਆਂ ਫਿਰਦੀਆਂ ਉਹਨਾਂ ਦੀਆਂ ਕਾਰਾਂ ਨੇ ਇਕ ਵੀ ਐਕਸੀਡੈਂਟ ਨਹੀਂ ਕੀਤਾ। ਧਰਮ ਵਿਚ ਠੀਕ ਹੀ ਬੜੀ ਸ਼ਕਤੀ ਹੈ!
      ਪੰਜਾਬ ਵਿਚ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਸੀ, ਸਾਡੀ ਨਾਭਾ ਰਿਆਸਤ ਵਿਚ ਰਾਜਾ ਹੀਰਾ ਸਿੰਘ ਦਾ ਜਸ ਸੀ। ਨਾਭਾ ਰਿਆਸਤ ਦੇ ਕਿਸੇ ਬਜ਼ੁਰਗ ਤੋਂ ਪੁੱਛ ਲਵੋ, ਉਹ ਹੀਰਾ ਸਿੰਘ ਦਾ ਗੁਣਗਾਣ ਸ਼ੁਰੂ ਕਰ ਦੇਵੇਗਾ। ਰਾਜਾ  ਹਰ ਰੋਜ਼  ‘ਸੰਗਤ ਦਰਸ਼ਨ’ ਵੀ ਦਿੰਦਾ ਸੀ। ਲੋਕ ਫ਼ਰਿਆਦਾਂ ਤਾਂ ਕਰਦੇ ਹੀ, ਇਨਾਮ ਦੀ ਝਾਕ ਵਿਚ ਆਪਣੇ ਆਪਣੇ ਗੁਣ ਜਾਂ ਹੁਨਰ ਦਾ ਵਿਖਾਲਾ ਵੀ ਪਾਉਂਦੇ। ‘ਮਹਾਨ ਕੋਸ਼’ ਦੇ ਰਚੈਤਾ ਭਾਈ ਕਾਨ• ਸਿੰਘ ਦੇ ਪਿਤਾ, ਮੇਰੇ ਪਿੰਡ ਪਿੱਥੋ ਦੇ ਵਸਨੀਕ ਭਾਈ ਨਰਾਇਣ ਸਿੰਘ ਨੇ ਇਕ ਅਜਿਹੇ ਸੰਗਤ ਦਰਸ਼ਨ ਵਿਚ ਹੀ ਹੀਰਾ ਸਿੰਘ ਨੂੰ ਕਿਹਾ ਸੀ ਕਿ ਉਹ ਚੌਂਕੜਾ ਮਾਰ ਕੇ ਬੈਠਦਿਆਂ ਇਕੱਲਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰੇਗਾ। ਮਗਰੋਂ ਜਦੋਂ ਉਹਨੇ ਆਪਣਾ ਦਾਅਵਾ ਹੈਰਾਨ ਹੋਏ ਰਾਜੇ ਅੱਗੇ ਪੂਰਾ ਕਰ ਕੇ ਦਿਖਾਇਆ ਤਾਂ ਹੀਰਾ ਸਿੰਘ ਨੇ ਉਹਨੂੰ ਮਹਿਲ ਵਿਚਲੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਥਾਪ ਦਿੱਤਾ। ਇਕ ਵਿਦਵਾਨ ਵਜੋਂ ਭਾਈ ਕਾਨ• ਸਿੰਘ ਦਾ ਵਿਕਾਸ ਇਸੇ ਮਾਹੌਲ ਦੀ ਦੇਣ ਸੀ। ਖ਼ੈਰ, ਜਿਹੜੀ ਗੱਲ ਮੈਂ ਕਰਨ ਲੱਗਿਆ ਸੀ, ਉਹ ਇਹ ਕਿ ਚੋਟੀਆਂ ਪਿੰਡ ਦਾ ਕੋਈ ਬੰਦਾ ਕਿਸੇ ਕੰਮ ਲਈ ਸੰਗਤ ਦਰਸ਼ਨ ਵਿਚ ਹਾਜ਼ਰ ਹੋਇਆ ਤਾਂ ਹੀਰਾ ਸਿੰਘ ਬੋਲਿਆ, ਬਈ ਤੇਰੀ ਗੱਲ ਤਾਂ ਫੇਰ ਸੁਣਾਂਗੇ, ਤੂੰ ਗੁਰਮੁਖਾਂ ਵਾਲੀ ਦਸਤਾਰ ਕਮਾਲ ਦੀ ਸਜਾਈ ਹੋਈ ਹੈ! ਤੇ ਉਹਨੇ ਵਜ਼ੀਰ ਨੂੰ ਹੁਕਮ ਦਿੱਤਾ, ਇਹਨੂੰ ਪੱਚੀ ਰੁਪਏ ਇਨਾਮ ਦੇ ਦਿਉ। ਉਹ ਆਦਮੀ ਹੱਥ ਬੰਨ• ਕੇ ਬੋਲਿਆ, ਮਹਾਰਾਜ, ਅਜੇ ਤਾਂ ਇਹ ਸਫ਼ਰ ਕਰਕੇ ਕੱਲ• ਦੀ ਬੰਨ•ੀ ਹੋਈ ਹੈ, ਜੇ ਅੱਜ ਬੰਨ•ਦਾ, ਹੋਰ ਵੀ ਸੋਹਣੀ ਹੁੰਦੀ। ਹੀਰਾ ਸਿੰਘ ਦੇ ਤੌਰ ਇਕਦਮ ਬਦਲ ਗਏ, ''ਗੁਰੂ ਦੇ ਸਿੱਖ ਲਈ ਤਾਂ ਰੋਜ਼ ਦਸਤਾਰ ਨੂੰ ਟੋਪੀ ਵਾਂਗ ਨਹੀਂ, ਇਕ ਇਕ ਪੇਚ ਕਰ ਕੇ ਉਤਾਰਨਾ, ਇਸ਼ਨਾਨ ਕਰਨਾ ਤੇ ਫੇਰ ਦਸਤਾਰ ਸਜਾਉਣਾ ਜ਼ਰੂਰੀ ਹੈ। ਇਹਦਾ ਮਤਲਬ, ਤੂੰ ਅੱਜ ਅਜਿਹਾ ਕੁਛ ਵੀ ਨਹੀਂ ਕੀਤਾ?.....ਵਜ਼ੀਰ ਸਾਹਿਬ, ਇਹਤੋਂ ਪੰਜਾਹ ਰੁਪਏ ਜੁਰਮਾਨਾ ਵਸੂਲ ਕਰ ਕੇ ਖ਼ਜ਼ਾਨੇ ਵਿਚ ਜਮਾਂ• ਕਰਵਾ ਦਿਉ! ਜੇ ਜਥੇਦਾਰ ਮੱਕੜ ਏਨੇਂ ਸਾਲਾਂ ਤੋਂ ਉੱਕਾ ਹੀ ਰੁਕੇ ਬਿਨਾਂ ਬੱਸ ਘੁੰਮਦੇ ਹੀ ਘੁੰਮਦੇ ਰਹਿੰਦੇ ਹਨ, ਉਹ ਨ•ਾਉਣ-ਧੋਣ ਦੀ ਸਿੱਖੀ ਮਰਯਾਦਾ ਕਦੋਂ ਤੇ ਕਿਵੇਂ ਪੂਰੀ ਕਰਦੇ ਹੋਣਗੇ?
      ਦੋਸਤਾਂ ਵਿਚ ਬੈਠਿਆਂ ਮੱਕੜ ਜੀ ਦਾ ਹਿਸਾਬ-ਕਿਤਾਬ ਮੇਲਣ ਦੇ ਯਤਨ ਹੋ ਰਹੇ ਸਨ ਤਾਂ ਇਕ ਘੋਰ ਨਾਸਤਿਕ ਸੱਜਨ ਬੋਲਿਆ, ਇਕ ਕਥਾ ਸੁਣੋ। ਸਾਡੇ ਪਿੰਡ ਦੂਰੋਂ-ਨੇੜਿਉਂ ਮੇਰਾ ਇਕ ਤਾਇਆ ਹੁੰਦਾ ਸੀ। ਚੌਵੀ ਘੰਟੇ ਬੰਦਗੀ ਵੱਲ ਧਿਆਨ। ਨਾ ਕਾਹੂੰ ਨਾਲ ਦੋਸਤੀ, ਨਾ ਕਾਹੂੰ ਨਾਲ ਵੈਰ। ਚਾਹ-ਪਾਣੀ ਲਈ ਉਹਨੇ ਬੱਕਰੀ ਰੱਖੀ ਹੋਈ ਸੀ। ਦੋ ਵੇਲੇ ਉਹ ਵੱਟਾਂ-ਡੌਲਾਂ ਉੱਤੇ ਘੁਮਾ ਕੇ ਬੱਕਰੀ ਨੂੰ ਘਾਹ ਚਾਰਦਾ। ਬੱਕਰੀ ਦਾ ਪੇਟ ਕਿੰਨਾ ਹੀ ਚਿਰ ਲਾ ਕੇ ਭਰਦਾ। ਇਕ ਦਿਨ ਤਾਏ ਦੀ ਲਿਵ ਰੱਬ ਨਾਲ ਲੱਗ ਗਈ ਤੇ ਬੱਕਰੀ ਤਾਏ ਨੂੰ ਬੇਧਿਆਨਾ ਦੇਖ ਕੇ ਕਿਸੇ ਦੀ ਹਰੀ-ਕਚੂਰ ਕਣਕ ਵਿਚ ਵੜ ਗਈ। ਪੰਜ-ਸੱਤ ਮਿੰਟਾਂ ਵਿਚ ਰੱਜ ਕੇ ਉਹਨੇ ਮਿਆਂ ਬੋਲਦਿਆਂ ਤਾਏ ਨੂੰ ਕਿਹਾ, ਮੈਂ ਤਾਂ ਰੱਜ ਗਈ, ਚਲੋ ਘਰ ਚੱਲੀਏ! ਤਾਏ ਨੂੰ ਵੀ ਚਾਨਣ ਹੋ ਗਿਆ ਕਿ ਵੱਟਾਂ-ਡੌਲਾਂ ਉੱਤੇ ਗੇੜੇ ਕੱਢਣ ਦਾ ਕੀ ਫ਼ਾਇਦਾ? ਅਗਲੇ ਦਿਨ ਉਹਨੇ ਬੱਕਰੀ ਸਿੱਧੀ ਕਣਕ ਵਿਚ ਜਾ ਛੱਡੀ ਤੇ ਪੰਜ-ਦਸ ਮਿੰਟਾਂ ਵਿਚ ਕੰਮ ਮੁਕਾ ਕੇ ਘਰ ਆ ਗਿਆ। ਰੋਜ਼ ਮੁੱਛੀ ਜਾਂਦੀ ਕਣਕ ਦਾ ਭੇਤ ਜਾਨਣ ਲਈ ਖੇਤ ਵਾਲਾ ਕਿਸਾਨ ਕਣਕ ਵਿਚ ਲੁਕ ਕੇ ਬੈਠ ਗਿਆ। ਜਿਉਂ ਹੀ ਤਾਏ ਨੇ ਬੱਕਰੀ ਕਣਕ ਵਿਚ ਵਾੜੀ, ਉਹ ਖੜ•ਾ ਹੋ ਕੇ ਬੋਲਿਆ, ਵਾਹ ਬਈ ਵਾਹ, ਬਿਗਾਨੀਆਂ ਫਸਲਾਂ ਵਿਚ ਬੱਕਰੀ ਚਾਰਦਾ ਐਂ, ਅਸ਼ਕੇ ਤੇਰੀ ਬੰਦਗੀ ਦੇ! ਤਾਇਆ ਇਕ ਮਿੰਟ ਤਾਂ ਘਬਰਾਇਆ ਪਰ ਸੰਭਲ ਕੇ ਬੋਲਿਆ, ਉਇ ਭਾਈ, ਬੱਕਰੀ ਨੇ ਤਾਂ ਹਰਾ ਹੀ ਚਰਨਾ ਹੋਇਆ, ਇਹ ਬੰਦਗੀ ਤਾਂ ਚਰਨੋਂ ਰਹੀ!
      ਕਥਾ ਸੁਣਾ ਕੇ ਉਹ ਭੇਤਭਰੀਆਂ ਨਜ਼ਰਾਂ ਨਾਲ ਝਾਕਣ ਲੱਗਿਆ। ਮੈਂ ਹੈਰਾਨ ਕਿ ਕਿਥੇ ਮੱਕੜ ਜੀ ਦੀ ਕਾਰ ਤੇ ਕਿਥੇ ਤਾਏ ਦੀ ਬੱਕਰੀ! ਆਖ਼ਰ ਮੈਂ ਪੁੱਛ ਹੀ ਲਿਆ, ਇਹ ਜਥੇਦਾਰ ਜੀ ਦੀ ਕਾਰ ਵਿਚ ਬੱਕਰੀ ਕਿਥੋਂ ਆ ਵੜੀ? ਉਹ ਸੱਜਨ ਮਹਿਫ਼ਲ ਵਿਚੋਂ ਉਠਦਿਆਂ ਤਿਉੜੀ ਪਾ ਕੇ ਬੋਲਿਆ, ਵੱਡਾ ਲੇਖਕ ਬਣਿਆ ਫਿਰਦਾ ਐਂ, ਸਿੱਧੀ-ਸਾਦੀ ਪੰਜਾਬੀ ਵਿਚ ਸੁਣਾਈ ਗੱਲ ਸਮਝ ਨਹੀਂ ਆਈ? ਉਹਦੇ ਮਿਹਣੇ ਦੇ ਬਾਵਜੂਦ ਜਥੇਦਾਰ ਦੀ ਕਾਰ ਨਾਲ ਤਾਏ ਦੀ ਬੱਕਰੀ ਦੀ ਸਾਕ-ਸਕੀਰੀ ਤਾਂ ਮੇਰੀ ਸਮਝ ਵਿਚ ਨਾ ਆਈ ਪਰ ਅੱਧੀ ਸਦੀ ਪਹਿਲਾਂ ਦੇ ਆਪਣੇ ਪਿੰਡ ਦੇ ਲੋਕ ਜ਼ਰੂਰ ਚੇਤੇ ਆ ਗਏ!
      ਬਿਜਲੀ ਅਜੇ ਆਈ ਨਹੀਂ ਸੀ। ਕੱਚੇ ਘਰ ਉਦੋਂ ਅਜੇ ਖਿੜਕੀਆਂ, ਰੌਸ਼ਨਦਾਨਾਂ ਤੋਂ ਵਿਰਵੇ, ਬੰਦ ਜਿਹੇ ਹੁੰਦੇ ਸਨ। ਗਰਮੀਆਂ ਦੀਆਂ ਦੁਪਹਿਰਾਂ ਨੂੰ ਵਿਹਲੇ ਲੋਕ ਪਿੱਪਲਾਂ-ਬੋਹੜਾਂ ਦੀ ਛਾਂਵੇਂ ਜਾ ਬੈਠਦੇ। ਕਈ ਲੋਕ ਗੁਰਦੁਆਰਾ ਸਾਹਿਬ ਦੀ ਖੂਹੀ ਕੋਲ ਪਿੱਪਲ ਦੀ ਛਾਂਵੇਂ ਡੇਰਾ ਲਾ ਲੈਂਦੇ ਅਤੇ ਪੁਰਾਣੇ ਸਤਿਜੁਗੀ ਭਲੇ ਵੇਲਿਆਂ ਦੀਆਂ, ਹੁਣ ਆ ਗਏ ਕਲਜੁਗੀ ਮਾੜੇ ਸਮੇਂ ਦੀਆਂ, ਬੰਦੇ ਦੇ ਆਦਿ-ਅੰਤ ਦੀਆਂ, ਸੱਚੀ ਦਰਗਾਹ ਵਿਚ ਦੇਣੇ ਪੈਣੇ ਲੇਖੇ ਦੀਆਂ, ਸੱਚਿਆਂ ਨੂੰ ਚਰਨਾਂ ਵਿਚ ਨਿਵਾਸ ਮਿਲਣ ਦੀਆਂ ਤੇ ਝੁਠਿਆਂ ਨੂੰ ਅੱਗ ਵਿਚ ਭੁੰਨੇ ਜਾਣ ਤੇ ਤੇਲ ਵਿਚ ਤਲੇ ਜਾਣ ਦੀਆਂ ਦਾਰਸ਼ਨਿਕ ਗੱਲਾਂ ਕਰਦੇ। ਜਦੋਂ ਸੂਰਜ ਸਿਖਰ ਤੋਂ ਪੱਛਮ ਵੱਲ ਤਿਲ•ਕਦਾ, ਭਾਈ ਜੀ ਗੁਰਦੇਵ ਸਿੰਘ ਆਖਦਾ, ਭਾਈ ਸਿੰਘੋ, ਚਾਹਟਾ ਤਿਆਰ ਕਰਨ ਲੱਗੇ ਆਂ, ਜਿਹੜੇ ਜਿਹੜੇ ਸਿੰਘ ਨੇ ਛਕਣਾ ਹੋਵੇ.....
      ਮੇਰੇ ਪਿੰਡ ਦੇ ਸਿੱਧੇ-ਸਾਦੇ, ਅਣਪੜ•, ਗੰਵਾਰ, ਬਾਣੀ ਪੜ•ਨ-ਸਮਝਣ ਤੋਂ ਅਸਮਰੱਥ ਪਰ ਸੱਚੇ-ਸੁੱਚੇ, ਕੱਚੇ ਦੁੱਧ ਵਰਗੇ ਪਵਿੱਤਰ ਲੋਕ ਆਪਣੇ ਆਪਣੇ ਹੇਠਾਂ ਵਿਛਾਏ ਹੋਏ ਪਰਨੇ ਝਾੜ ਕੇ ਮੋਢਿਆਂ ਉੱਤੇ ਰਖਦੇ ਅਤੇ ਤੁਰਨ ਲੱਗੇ ਆਖਦੇ, ''ਭਾਈ ਜੀ, ਤੁਸੀਂ ਛਕੋ ਆਨੰਦ ਨਾਲ, ਅਸੀਂ ਤਾਂ ਘਰ ਜਾ ਕੇ ਪੀਵਾਂਗੇ। ਗੁਰਦੁਆਰੇ ਦਾ ਖਾ-ਪੀ ਕੇ ਅਗਲੀ ਦਰਗਾਹ ਅੱਗ ਵਿਚ ਕਿਉਂ ਭੁੱਜੀਏ ਤੇ ਉਬਲਦੇ ਤੇਲ ਵਿਚ ਕਿਉਂ ਸੜੀਏ?”  ਅੱਜ ਮੈਂ ਸੋਚਦਾ ਹਾਂ, ਉਹ ਭੋਲੇ-ਭਾਲੇ ਲੋਕ ਆਪਣੇ ਸਮੇਂ ਨੂੰ ‘ਕਲਜੁਗੀ ਮਾੜਾ ਸਮਾਂ’ ਕਿਉਂ ਆਖਦੇ ਸਨ? ਉਹ  ਤਾਂ ਸਤਿਜੁਗੀ ਸਮਾਂ ਸੀ ਜਿਸ ਵਿਚ ਲੋਕ ਗੁਰਦੁਆਰੇ ਵਰਗੀਆਂ ਸਾਂਝੀਆਂ ਥਾਂਵਾਂ ਨੂੰ ਦਿੰਦੇ ਹੀ ਦਿੰਦੇ ਸਨ ਤੇ ਉਥੋਂ ਚਾਹ-ਪਾਣੀ ਵੀ ਨਹੀਂ ਸਨ ਛਕਦੇ। ਕਲਜੁਗੀ ਮਾੜਾ ਸਮਾਂ ਤਾਂ ਹੁਣ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕਾਰ ਗੁਰਦੁਆਰਿਆਂ ਦੀ ਮਾਇਆ ਨਾਲ ਕਿੰਨੇ ਸਾਲਾਂ ਤੋਂ ਲਗਾਤਾਰ ਦਿਨ-ਰਾਤ ਦੇ ਚੌਵੀ ਘੰਟਿਆਂ ਵਿਚੋਂ ਛੱਤੀ ਘੰਟੇ ਬਿਨਾਂ-ਰੁਕਿਆਂ ਘੁੰਮ ਰਹੀ ਹੈ!                                                 (011-65736868)