Showing posts with label Gurbachan singh. Show all posts
Showing posts with label Gurbachan singh. Show all posts

Saturday, October 13, 2018

                             ਪੰਥਕ ਦਬਾਓ
     ਹੁਣ ਜਥੇਦਾਰ ਦੀ ਹੋਈ ਸਿਹਤ ‘ਖਰਾਬ’
                             ਚਰਨਜੀਤ ਭੁੱਲਰ
ਬਠਿੰਡਾ : ਸ੍ਰੀ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦੀਵਾਲੀ ਤੋਂ ਪਹਿਲਾਂ ਬਦਲਿਆ ਜਾਣਾ ਤੈਅ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੰਦਰੋਂ ਅੰਦਰੀਂ ਨਵੇਂ ਜਥੇਦਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੱਧਰ ਗਿਆਨੀ ਗੁਰਬਚਨ ਸਿੰਘ ਨੇ ਵੀ ਅਹੁਦਾ ਛੱਡਣ ਦੀ ਤਿਆਰੀ ਵਿੱਢ ਦਿੱਤੀ ਹੈ ਅਤੇ ਅੰਦਰਖਾਤੇ ਮੌਜੂਦਾ ਜਥੇਦਾਰ ਨੇ ਅਹੁਦਾ ਛੱਡਣ ਦੀ ਪੇਸ਼ਕਸ਼ ਵੀ ਲੀਡਰਸ਼ਿਪ ਕੋਲ ਕਰ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਰੋਸੇਮੰਦ ਜਥੇਦਾਰ ਲੱਭਣ ਵਿਚ ਕੱੁਝ ਮੁਸ਼ਕਲਾਂ ਆ ਰਹੀਆਂ ਹਨ। ਸੀਨੀਅਰ ਅਕਾਲੀ ਲੀਡਰਸ਼ਿਪ ਵੱਲੋਂ ਕਈ ਨਾਮ ਜਥੇਦਾਰ ਦੇ ਅਹੁਦੇ ਲਈ ਸੁਝਾਓ ਵੀ ਗਏ ਹਨ ਪ੍ਰੰਤੂ ਹਾਲੇ ਬਾਦਲ ਪਰਿਵਾਰ ਨੂੰ ਕੋਈ ਢੁਕਵਾਂ ਨਾਮ ਫਿੱਟ ਨਹੀਂ ਬੈਠ ਰਿਹਾ ਹੈ।  ਭਾਵੇਂ ਸ਼੍ਰੋਮਣੀ ਕਮੇਟੀ ਤਰਫ਼ੋਂ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਜਾਣੀ ਹੈ ਪ੍ਰੰਤੂ ਬਾਦਲ ਪਰਿਵਾਰ ਨਵੇਂ ਜਥੇਦਾਰ ਦੀ ਤਲਾਸ਼ ਵਿਚ ਜੁਟਿਆ ਹੋਇਆ ਹੈ। ਸੂਤਰਾਂ ਅਨੁਸਾਰ ਕਈ ਗਰਮ ਸੁਰ ਵਾਲੇ ਨਾਮ ਵੀ ਸਾਹਮਣੇ ਆਏ ਸਨ ਪ੍ਰੰਤੂ ਉਨ੍ਹਾਂ ਤੋਂ ਬਾਦਲ ਪਰਿਵਾਰ ਤ੍ਰਭਕਦਾ ਹੈ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਦੇ ਮੁੱਦੇ ’ਤੇ ਲੱਗੀ ਸਿਆਸੀ ਸੱਟ ਮਗਰੋਂ ਬਾਦਲ ਪਰਿਵਾਰ ਹੁਣ ਅਜਿਹੀ ਸ਼ਖ਼ਸੀਅਤ ਦੀ ਤਲਾਸ਼ ਵਿਚ ਹੈ ਜਿਸ ਨਾਲ ਪੁਰਾਣੇ ਦਾਗ਼ ਵੀ ਧੋਤੇ ਜਾ ਸਕਣ।
                    ਏਦਾਂ ਦੇ ਸ਼ਖ਼ਸੀਅਤ ’ਤੇ ਵੀ ਨਜ਼ਰ ਮਾਰੀ ਜਾ ਰਹੇ ਹਨ ਜੋ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵਿਚ ਵੀ ਪ੍ਰਵਾਨਿਤ ਹੋਵੇ। ਅਹਿਮ ਸੂਤਰ ਦੱਸਦੇ ਹਨ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਨੂੰ ਤਲਾਸ਼ ਵਿਚ ਕਾਮਯਾਬੀ ਮਿਲੀ ਤਾਂ ਐਤਕੀਂ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਮ ਸੰਦੇਸ਼ ਨਵਾਂ ਜਥੇਦਾਰ ਦੇਵੇਗਾ। ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਤਬਦੀਲ ਕੀਤੇ ਜਾਣ ਦੀ ਮੰਗ ਉਠਾਈ ਸੀ। ਉਸ ਮਗਰੋਂ ਦਲ ’ਤੇ ਅੰਦਰੋਂ  ਅੰਦਰੀਂ ਦਬਾਓ ਵਧਣਾ ਸ਼ੁਰੂ ਹੋਇਆ। ਸ਼੍ਰੋਮਣੀ ਅਕਾਲੀ ਦਲ ਹੁਣ ਸਿੱਖਾਂ ਵਿਚ ਫ਼ੈਸਲੇ ਵਿਆਪਕ ਰੋਸ ਨੂੰ ਠੰਡਾ ਕਰਨਾ ਚਾਹੁੰਦਾ ਹੈ। ਬਰਗਾੜੀ ਵਿਚ 7 ਅਕਤੂਬਰ ਨੂੰ ਸਿੱਖ ਭਾਈਚਾਰੇ ਦੇ ਵੱਡੇ ਇਕੱਠ ਨੇ ਅਕਾਲੀ ਦਲ ਨੂੰ ਧੁੜਕੂ ਲਾ ਰੱਖਿਆ ਹੈ ਜਿਸ ਮਗਰੋਂ ਬਾਦਲ ਪਰਿਵਾਰ ਜਥੇਦਾਰ ਨੂੰ ਬਦਲਣ ਲਈ ਕਾਹਲਾ ਪਿਆ ਹੈ। ਸ਼੍ਰੋਮਣੀ ਕਮੇਟੀ ਨੇ  ਅਗਸਤ 2008 ਨੂੰ ਗਿਆਨੀ ਗੁਰਬਚਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ। ਉਸ ਤੋਂ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗੰ੍ਰਥੀ ਸਨ। ਕਰੀਬ ਦਸ ਵਰ੍ਹਿਆਂ ਤੋਂ ਗਿਆਨੀ ਗੁਰਬਚਨ ਸਿੰਘ ਇਸ ਅਹੁਦੇ ’ਤੇ ਹਨ। ਅੰਦਰੋਂ ਅੰਦਰੀਂ ਹੁਣ ਗਿਆਨੀ ਗੁਰਚਰਨ ਸਿੰਘ ਵੀ ਅਹੁਦੇ ਤੋਂ ਫ਼ਾਰਗ ਹੋਣਾ ਚਾਹੁੰਦੇ ਹਨ।
                    ਸੋਸ਼ਲ ਮੀਡੀਏ ਤੇ ਉਨ੍ਹਾਂ ਖ਼ਿਲਾਫ਼ ਚੱਲੇ ਪ੍ਰਚਾਰ ਨੇ ਵੱਡੀ ਸੱਟ ਮਾਰੀ ਹੈ। ਜਨਤਿਕ ਮੌਜੂਦਗੀ ਵੀ ਮੌਜੂਦਾ ਜਥੇਦਾਰ ਦੀ ਕਾਫ਼ੀ ਘੱਟ ਗਈ ਹੈ। ਸੂਤਰ ਦੱਸਦੇ ਹਨ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਜਾਪਦਾ ਸੀ ਕਿ ਮੌਜੂਦਾ ਜਥੇਦਾਰ ਅਹੁਦਾ ਛੱਡਣ ਤੋਂ ਨਾਂਹ ਕਰਨਗੇ। ਉਨ੍ਹਾਂ ਨੂੰ ਜਬਰੀ ਉਤਾਰਿਆ ਤਾਂ ਉਹ ਕਈ ਰਾਜ ਵੀ ਬੇਪਰਦ ਕਰ ਸਕਦੇ ਹਨ ਪ੍ਰੰਤੂ ਇਸ ਗੱਲੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਕਾਲੀ ਲੀਡਰਸ਼ਿਪ ਨੂੰ ਰਾਹਤ ਪਹੁੰਚਾਈ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਸਭ ਤੋਂ ਵੱਧ ਉਦੋਂ ਵਿਵਾਦਾਂ ਵਿਚ ਆਏ ਜਦੋਂ ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇ ਦਿੱਤੀ। ਉਸ ਵਰੇ੍ਹ ਤਾਂ ਉਨ੍ਹਾਂ ਨੂੰ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਮ ਸੰਦੇਸ਼ ਵੀ ਬੰਦ ਕਮਰੇ ਚੋਂ ਦੇਣਾ ਪਿਆ ਸੀ। ਮੌਜੂਦਾ ਜਥੇਦਾਰ ’ਤੇ ਸਭ ਤੋਂ ਵੱਧ ਇਲਜ਼ਾਮ ਇਹੋ ਹਨ ਕਿ ਉਨ੍ਹਾਂ ਨੇ ਸਿਆਸੀ ਦਬਾਓ ਹੇਠ ਕੰਮ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦਾ ਵੀ ਕੋਈ ਖ਼ਿਆਲ ਨਹੀਂ ਕੀਤਾ। ਜਥੇਦਾਰ ਨੇ ਹੀ ਤਾਂ ਸਿੱਖ ਪਰੰਪਰਾ ਤੇ ਮਰਯਾਦਾ ਦੀ ਪਹਿਰੇਦਾਰੀ ਕਰਨੀ ਹੁੰਦੀ ਹੈ। ਸੂਤਰ ਦੱਸਦੇ ਹਨ ਕਿ ਜਿਉਂ ਹੀ ਨਵੇਂ ਜਥੇਦਾਰ ਮਿਲ ਗਿਆ ਤਾਂ ਉਦੋਂ ਹੀ ਗਿਆਨੀ ਗੁਰਬਚਨ ਸਿੰਘ ਅਸਤੀਫ਼ਾ ਦੇਣਗੇ ਅਤੇ ਸ਼੍ਰੋਮਣੀ ਕਮੇਟੀ ਐਮਰਜੈਂਸੀ ਮੀਟਿੰਗ ਸੱਦ ਕੇ ਅਸਤੀਫ਼ਾ ਪ੍ਰਵਾਨ ਕਰਕੇ ਨਵਾਂ ਜਥੇਦਾਰ ਨਿਯੁਕਤ ਕਰ ਦੇਵੇਗੀ।
                   ਹੁਣ ਜਥੇਦਾਰੀ ਛੱਡਣਾ ਚਾਹੁੰਦਾ ਹਾਂ : ਗਿਆਨੀ ਗੁਰਬਚਨ ਸਿੰਘ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਹੁਣ ਠੀਕ ਨਹੀਂ ਰਹਿੰਦੀ ਹੈ ਜਿਸ ਕਰਕੇ ਉਹ ਖ਼ੁਦ ਹੀ ਜਥੇਦਾਰੀ ਦੀ ਸੇਵਾ ਤੋਂ ਮੁਕਤ ਹੋਣਾ ਚਾਹੁੰਦੇ ਹਨ। ਉਨ੍ਹਾਂ ਨੇ ਕੱੁਝ ਸਿੱਖ ਆਗੂਆਂ ਨੂੰ ਆਪਣੇ ਸਿਹਤ ਤੋਂ ਜਾਣੂ ਕਰਾ ਦਿੱਤਾ ਹੈ ਪ੍ਰੰਤੂ ਇਸ ਬਾਰੇ ਅਕਾਲੀ ਲੀਡਰਸ਼ਿਪ ਨਾਲ ਕੋਈ ਗੱਲ ਨਹੀਂ ਹੋਈ ਹੈ। ਉਨ੍ਹਾਂ ਆਖਿਆ ਕਿ ਹੋ ਸਕਦਾ ਹੈ ਕਿ ਕਿਸੇ ਨੇ ਲੀਡਰਸ਼ਿਪ ਤੱਕ ਗੱਲ ਪੁੱਜਦੀ ਕਰ ਦਿੱਤੀ ਹੋਵੇ। ਉਹ ਸਿਰਫ਼ ਸਿਹਤ ਇਜਾਜ਼ਤ ਨਾ ਦੇਣ ਕਰਕੇ ਅਹੁਦਾ ਛੱਡਣਾ ਚਾਹੁੰਦੇ ਹਨ , ਨਾ ਕਿ ਕਿਸੇ ਹੋਰ ਕਾਰਨ ਕਰਕੇ।
                          ਗੱਲ ਸਾਹਮਣੇ ਆਈ ਤਾਂ ਵਿਚਾਰ ਕਰਾਂਗੇ : ਲੌਂਗੋਵਾਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਸੀ ਕਿ ਏਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਅਗਰ ਜਥੇਦਾਰ ਇਸ ਤਰ੍ਹਾਂ ਦੀ ਕੋਈ ਗੱਲ ਰੱਖਣਗੇ ਤਾਂ ਉਸ ਮਗਰੋਂ ਵਿਚਾਰ ਕੀਤੀ ਜਾਵੇਗੀ। ਫ਼ਿਲਹਾਲ ਉਨ੍ਹਾਂ ਦੀ ਜਾਣਕਾਰੀ ਵਿਚ ਇਹ ਮਾਮਲਾ ਨਹੀਂ ਹੈ। ਦੱਸਣਯੋਗ ਹੈ ਕਿ ਲੌਂਗੋਵਾਲ ਬੀਤੇ ਕੱਲ੍ਹ ਹੀ ਜਥੇਦਾਰ ਨੂੰ ਨਾ ਤਬਦੀਲ ਕੀਤੇ ਜਾਣ ਬਾਰੇ ਵੀ ਆਖ ਚੁੱਕੇ ਹਨ।