Showing posts with label Jarnail. Show all posts
Showing posts with label Jarnail. Show all posts

Sunday, August 26, 2018

                           ਪੁਰਾਣਾ ਪੇਚਾ
  ‘ਸਿਕੰਦਰ’ ਨੂੰ ਹਰਾ ਸਕੇਗਾ ਹੁਣ ‘ਜਰਨੈਲ’ ?
                          ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਪੇਚਾ ਪਾਉਣ ਵਾਲੇ ਅੰਮ੍ਰਿਤਧਾਰੀ ਬਜ਼ੁਰਗ ਜਰਨੈਲ ਸਿੰਘ ਹਮੀਰਗੜ੍ਹ ਦੀ ਟੇਕ ਹੁਣ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ’ਤੇ ਹੈ। ਗੱਠਜੋੜ ਸਰਕਾਰ ਸਮੇਂ ਦਰਜ ਹੋਏ ਪੁਲੀਸ ਕੇਸ ਨੂੰ ਖ਼ਾਰਜ ਕਰਾਉਣ ਲਈ ਉਸ ਨੇ ਗਿੱਲ ਕਮਿਸ਼ਨ ਕੋਲ ਲਿਖਤੀ ਅਪੀਲ ਕੀਤੀ ਹੈ। ਹਲਕਾ ਰਾਮਪੁਰਾ ਦੇ ਪਿੰਡ ਹਮੀਰਗੜ੍ਹ ਦਾ ਜਰਨੈਲ ਸਿੰਘ ਉਦੋਂ ਚਰਚਾ ਵਿਚ ਆਇਆ ਸੀ ਜਦੋਂ ਉਸ ਨੇ 20 ਨਵੰਬਰ 2015 ਨੂੰ ਪਿੰਡ ਹਮੀਰਗੜ੍ਹ ’ਚ ਰੱਖੀ ਸਦਭਾਵਨਾ ਰੈਲੀ ਵਿਚ ਆਏ ਤਤਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਮਲੂਕਾ ਦੇ ਸੁਰੱਖਿਆ ਮੁਲਾਜ਼ਮਾਂ ਨੇ ਪਹਿਲਾਂ ਹੀ ਉਸ ਨੂੰ ਰੋਕ ਦਿੱਤਾ ਸੀ। ਉਦੋਂ ਯੂਥ ਬਰਗੇਡ ਨੇ ਇਸ ਬਜ਼ੁਰਗ ਦੀ ਕੁੱਟਮਾਰ ਕੀਤੀ ਸੀ। ਦੱਸਣਯੋਗ ਹੈ ਕਿ ਥਾਣਾ ਦਿਆਲਪੁਰਾ ਦੀ ਪੁਲੀਸ ਨੇ ਉਦੋਂ ਹੀ ਐਫ.ਆਈ.ਆਰ ਨੰਬਰ 180 ਤਹਿਤ ਜਰਨੈਲ ਸਿੰਘ ਤੇ ਧਾਰਾ 353,186,120 ਬੀ ਲਗਾ ਕੇ ਕੇਸ ਦਰਜ ਕਰ ਦਿੱਤਾ ਸੀ। ਬਜ਼ੁਰਗ ਦੀ ਜ਼ਿਆਦਾ ਕੱੁਟਮਾਰ ਹੋਣ ਕਰਕੇ ਉਸ ਨੂੰ ਫ਼ਰੀਦਕੋਟ ਦੇ ਹਸਪਤਾਲ ਵਿਚ ਦਾਖਲ ਕਰਾਉਣਾ ਪਿਆ ਸੀ ਅਤੇ ਮਗਰੋਂ ਪੁਲੀਸ ਨੇ ਬਜ਼ੁਰਗ ਜਰਨੈਲ ਸਿੰਘ ਨੂੰ 28 ਨਵੰਬਰ ਨੂੰ ਹਸਪਤਾਲ ਚੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ।
                  ਇੱਕ ਦਸੰਬਰ 2015 ਨੂੰ ਇਸ ਬਜ਼ੁਰਗ ਬਠਿੰਡਾ ਜੇਲ੍ਹ ਚੋਂ ਰਿਹਾਅ ਹੋ ਗਿਆ ਸੀ। ਉਸ ਨੇ ਵੀ ਉਦੋਂ ਐਸ.ਐਸ.ਪੀ ਬਠਿੰਡਾ ਨੂੰ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਦਰਖਾਸਤ ਦਿੱਤੀ ਸੀ ਪ੍ਰੰਤੂ ਉਸ ਦੀ ਕੋਈ ਸੁਣਵਾਈ ਨਾ ਹੋਈ। ਤਾਹੀਓ ਉਸ ਨੂੰ ਫੂਲ ਅਦਾਲਤ ਵਿਚ ਇਸਤਗਾਸਾ ਦਾਇਰ ਕਰਨਾ ਪਿਆ। ਸ੍ਰੀ ਗੁਰੂ ਗੰ੍ਰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜਰਨੈਲ ਸਿੰਘ ਹਮੀਰਗੜ੍ਹ ਦੇ ਮਨ ਵਿਚ ਰੋਸ ਸੀ। ਜਰਨੈਲ ਸਿੰਘ ਹਮੀਰਗੜ੍ਹ ਕੋਟਕਪੂਰਾ ਦੇ ਉਸ ਧਰਨੇ ਵਿਚ ਵੀ ਸ਼ਾਮਿਲ ਸੀ ਜਿੱਥੇ ਪੁਲੀਸ ਨੇ ਗੋਲੀ ਚਲਾਈ ਸੀ। ਹੁਣ ਜਰਨੈਲ ਸਿੰਘ ਰੋਜ਼ਾਨਾ ਬਰਗਾੜੀ ਵਿਚ ਚੱਲ ਰਹੇ ਇਨਸਾਫ਼ ਮੋਰਚੇ ਵਿਚ ਸ਼ਾਮਿਲ ਹੋ ਰਿਹਾ ਹੈ। ਉਸ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਵੀ ਆਪਣੇ ਬਿਆਨ ਦਰਜ ਕਰਾਏ ਹਨ। ਜਰਨੈਲ ਸਿੰਘ ਹਮੀਰਗੜ੍ਹ ਦਾ ਕਹਿਣਾ ਸੀ ਕਿ ਉਸ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਕੋਟਕਪੂਰਾ ਧਰਨੇ ਦੀ ਹਕੀਕਤ ਬਿਆਨੀ ਹੈ। ਉਨ੍ਹਾਂ ਦੱਸਿਆ ਕਿ ਦਿਆਲਪੁਰਾ ਪੁਲੀਸ ਵੱਲੋਂ ਦਰਜ ਕੀਤੇ ਝੂਠੇ ਕੇਸ ਨੂੰ ਖ਼ਾਰਜ ਕਰਾਉਣ ਲਈ ਮਹਿਤਾਬ ਸਿੰਘ ਕਮਿਸ਼ਨ ਕੋਲ ਅਕਤੂਬਰ 2017 ਵਿਚ ਦਰਖਾਸਤ ਦਿੱਤੀ ਸੀ ਕਿਉਂਕਿ ਉਦੋਂ ਕੁੱਟਮਾਰ ਵੀ ਉਸ ਦੀ ਹੀ ਹੋਈ ਅਤੇ ਪੁਲੀਸ ਕੇਸ ਵੀ ਉਸ ’ਤੇ ਹੀ ਪੁਲੀਸ ਨੇ ਦਰਜ ਕਰ ਦਿੱਤਾ।
           ਜਰਨੈਲ ਹਮੀਰਗੜ੍ਹ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮਹਿਤਾਬ ਸਿੰਘ ਕਮਿਸ਼ਨ ਤੋਂ ਪੂਰਨ ਇਨਸਾਫ਼ ਮਿਲਣ ਦੀ ਉਮੀਦ ਹੈ ਅਤੇ ਉਹ ਇਨਸਾਫ਼ ਲਈ ਪੂਰੀ ਤਰ੍ਹਾਂ ਲੜਾਈ ਲੜੇਗਾ। ਦੂਸਰੀ ਤਰਫ਼ ਫੂਲ ਅਦਾਲਤ ਵਿਚ ਬਜ਼ੁਰਗ ਜਰਨੈਲ ਸਿੰਘ ਖ਼ਿਲਾਫ਼ ਦਰਜ ਐਫ.ਆਈ.ਆਰ ਦਾ ਕੇਸ ਚੱਲ ਰਿਹਾ ਹੈ। ਇਸ ਕੇਸ ਵਿਚ ਸਾਬਕਾ ਮੰਤਰੀ ਮਲੂਕਾ ਦੇ ਤਤਕਾਲੀ ਪੀਏ ਕੁਲਦੀਪ ਚੰਦ ਨੇ ਫੂਲ ਅਦਾਲਤ ਵਿਚ ਆਪਣੇ ਬਿਆਨ ਕਲਮਬੱਧ ਕਰਾ ਦਿੱਤੇ ਹਨ। ਜਰਨੈਲ ਸਿੰਘ ਦੇ ਐਡਵੋਕੇਟ ਬਿਮਲ ਕੁਮਾਰ ਦਾ ਕਹਿਣਾ ਸੀ ਕਿ ਮੱੁਦਈ ਕੁਲਦੀਪ ਚੰਦ ਦੇ ਬਿਆਨ ਕਲਮਬੱਧ ਹੋ ਗਏ ਹਨ ਅਤੇ ਉਨ੍ਹਾਂ ਦਾ ਕਰਾਸ ਐਗਜਾਈਮਨ ਹੋਣਾ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਿਦੇਸ਼ ਗਏ ਹੋਣ ਕਰਕੇ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ ਅਤੇ ਉਨ੍ਹਾਂ ਦੇ ਲੜਕੇ ਗੁਰਪ੍ਰੀਤ ਮਲੂਕਾ ਨੇ ਫੋਨ ਨਹੀਂ ਚੁੱਕਿਆ।






Tuesday, December 20, 2016

                               'ਆਪ' ਦਾ ਪੈਂਤੜਾ  
          ਹਲਕਾ ਲੰਬੀ ਤੋਂ ਚੋਣ ਲੜੇਗਾ ਜਰਨੈਲ ?
                                 ਚਰਨਜੀਤ ਭੁੱਲਰ
ਬਠਿੰਡਾ  :  ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਹਲਕਾ ਲੰਬੀ ਤੋਂ ਚੋਣ ਲੜਨਗੇ ? ਵਿਧਾਇਕ ਜਰਨੈਲ ਸਿੰਘ ਨੂੰ ਲੰਬੀ ਦੇ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਲੱਗਭਗ ਹੋ ਚੁੱਕਾ ਹੈ। ਸੂਤਰਾਂ ਦੀ ਮੰਨੀਏ ਤਾਂ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ 28 ਦਸੰਬਰ ਜਰਨੈਲ ਸਿੰਘ ਦੇ ਨਾਮ ਦਾ ਐਲਾਨ ਕਰਨਗੇ। ਹਲਕਾ ਲੰਬੀ ਦੇ ਪਿੰਡ ਕੋਲਿਆਂ ਵਾਲੀ ਵਿਚ 'ਆਪ' ਦੀ 28 ਦਸੰਬਰ ਨੂੰ ਰੈਲੀ ਹੋ ਰਹੀ ਹੈ ਜਿਸ ਵਿਚ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੁੱਜ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਵਿਧਾਇਕ ਜਰਨੈਲ ਸਿੰਘ ਵਲੋਂ ਮਾਲਵਾ ਖਿੱਤੇ ਵਿਚ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਸੀ। 'ਆਪ' ਆਗੂ ਜਰਨੈਲ ਸਿੰਘ ਪੱਛਮੀ ਦਿੱਲੀ ਤੋਂ ਵਿਧਾਇਕ ਹਨ ਅਤੇ ਅਪਰੈਲ 2009 ਵਿਚ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਪੀ.ਚਿੰਦਬਮਰ ਤੇ ਜੁੱਤੀ ਸੁੱਟੇ ਜਾਣ ਮਗਰੋਂ ਉਹ ਚਰਚਾ ਵਿਚ ਆਏ ਸਨ। ਜਰਨੈਲ ਸਿੰਘ ਨੇ ਦਿੱਲੀ ਦੰਗਿਆ ਦੇ ਰੋਸ ਵਜੋਂ ਇਹ ਕਦਮ ਚੁੱਕਿਆ ਸੀ।
                     'ਆਪ' ਦੇ ਲੀਡਰਸ਼ਿਪ ਵਲੋਂ ਸਿੱਖ ਚਿਹਰਾ ਲੰਬੀ ਵਿਚ ਉਤਾਰੇ ਜਾਣ ਤੋਂ ਪਿਛਲੇ ਕੁਝ ਦਿਨਾਂ ਤੋਂ ਵਿਚਾਰ ਵਟਾਂਦਰਾ ਹੋ ਰਿਹਾ ਸੀ। ਪਿਛਲੇ ਦਿਨਾਂ ਵਿਚ ਮਜੀਠਾ ਹਲਕੇ ਤੋਂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਵਜੋਂ ਐਲਾਨਣ ਲਈ ਖੁਦ ਅਰਵਿੰਦ ਕੇਜਰੀਵਾਲ ਮਜੀਠਾ ਆਏ ਸਨ। ਸੂਤਰ ਦੱਸਦੇ ਹਨ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਲੰਬੀ ਹਲਕੇ ਤੋਂ ਜਰਨੈਲ ਸਿੰਘ ਨੂੰ ਉਮੀਦਵਾਰ ਐਲਾਨਣ ਦੀ ਸੰਭਾਵਨਾ ਹੈ। ਸੂਤਰ ਆਖਦੇ ਹਨ ਕਿ ਅਗਰ ਲੰਬੀ ਤੋਂ ਜਰਨੈਲ ਸਿੰਘ ਮੈਦਾਨ ਵਿਚ ਉਤਰਦੇ ਹਨ ਤਾਂ ਮੁਕਾਬਲਾ ਕਾਫੀ ਦਿਲਚਸਪ ਬਣ ਜਾਣਾ ਹੈ। ਕਾਂਗਰਸ ਪਾਰਟੀ ਤਰਫੋਂ ਵੀ ਹਾਲੇ ਤੱਕ ਹਲਕਾ ਲੰਬੀ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਕਾਂਗਰਸ ਨੇ ਗੁਰਮੀਤ ਸਿੰਘ ਖੁਡੀਆਂ ਅਤੇ ਰਾਜਾ ਵੜਿੰਗ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਮੂਡ ਬਣਾਇਆ ਹੈ। ਉਂਜ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਇਸ ਹਲਕੇ ਤੋਂ ਉਮੀਦਵਾਰ ਹੋਣਗੇ।
                       'ਆਪ' ਦੇ ਕਨਵੀਨਰ ਗੁਰਪ੍ਰੀਤ ਘੁੱਗੀ ਅਤੇ ਜਰਨੈਲ ਸਿੰਘ ਨੇ ਫੋਨ ਨਹੀਂ ਚੁੱਕਿਆ  ਜਦੋਂ ਕਿ ਇੱਕ ਸੀਨੀਅਰ ਆਗੂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਜਰਨੈਲ ਸਿੰਘ ਦੀ ਲੰਬੀ ਤੋਂ ਉਮੀਦਵਾਰੀ ਦੀ ਪੁਸ਼ਟੀ ਕੀਤੀ। 'ਆਪ' ਵਲੋਂ 28 ਦਸੰਬਰ ਨੂੰ ਪਿੰਡ ਕੋਲਿਆਂ ਵਾਲੀ ਵਿਚ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਦੀ ਤਿਆਰੀ ਮੌਕੇ ਹੀ ਰੱਫੜ ਪੈ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਦਿਆਲ ਸਿੰਘ ਕੋਲਿਆਂ ਵਾਲੀ ਤੇ 'ਆਪ' ਆਗੂਆਂ ਨੇ ਇਲਜ਼ਾਮ ਲਾਏ ਹਨ ਕਿ ਉਸ ਵਲੋਂ ਰੈਲੀ ਵਿਚ ਅੜਿੱਕੇ ਖੜ•ੇ ਕੀਤੇ ਜਾ ਰਹੇ ਹਨ ਅਤੇ 'ਆਪ' ਆਗੂਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕੋਲਿਆਂ ਵਾਲੀ ਇਸ ਗੱਲੋਂ ਇਨਕਾਰ ਕਰਦੇ ਹਨ। ਉਨ•ਾਂ ਦਾ ਕਹਿਣਾ ਹੈ ਕਿ ਉਨ•ਾਂ ਨੇ ਸਿਰਫ ਏਨਾ ਆਖਿਆ ਸੀ ਕਿ ਰੈਲੀ ਸਟੇਡੀਅਮ ਵਿਚ ਕਰਨ ਦੀ ਥਾਂ ਕਿਤੇ ਹੋਰ ਜਗ•ਾ ਕਰ ਲਵੋ ਕਿਉਂਕਿ ਸਟੇਡੀਅਮ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਸੂਤਰ ਦੱਸਦੇ ਹਨ ਕਿ 'ਆਪ' ਵਲੋਂ ਪਿੰਡ ਕੋਲਿਆਂ ਵਾਲੀ ਵਿਚ ਵੱਡਾ ਇਕੱਠ ਕਰਕੇ ਪੂਰੇ ਮਾਲਵੇ ਨੂੰ ਹਲੂਣਾ ਦੇਣ ਦੀ ਰਣਨੀਤੀ ਬਣਾਈ ਹੈ। 

Saturday, November 21, 2015

                                   ਲੋਕ ਕਚਹਿਰੀ
            ਜਰਨੈਲ ਨੇ ਚੁੱਕਿਆ ਸਿਕੰਦਰ ਤੇ ਹੱਥ
                              ਚਰਨਜੀਤ ਭੁੱਲਰ
ਬਠਿੰਡਾ : ਹਲਕਾ ਰਾਮਪੁਰਾ ਫੂਲ ਦੇ ਪਿੰਡ ਹਮੀਰਗੜ ਵਿਚ ਅੱਜ ਇੱਕ ਅੰਮ੍ਰਿਤਧਾਰੀ ਬਜ਼ੁਰਗ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਪੰਚਾਇਤ ਮੰਤਰੀ ਪਤਾ ਲੱਗਦੇ ਹੀ ਮੌਕਾ ਸੰਭਾਲ ਗਏ ਤੇ ਮੌਕੇ ਤੇ ਹਾਜ਼ਰ ਯੂਥ ਬ੍ਰਿਗੇਡ ਨੇ ਬਜ਼ੁਰਗ ਨੂੰ ਕਾਬੂ ਕਰ ਲਿਆ। ਮਗਰੋਂ ਗੁੱਸੇ ਵਿਚ ਯੂਥ ਬ੍ਰਿਗੇਡ ਦੇ ਮੈਂਬਰਾਂ ਨੇ ਬਜ਼ੁਰਗ ਦੀ ਕਾਫੀ ਕੁੱਟਮਾਰ ਕੀਤੀ। ਜ਼ਿਲ•ਾ ਪੁਲੀਸ ਨੇ ਬ੍ਰਿਗੇਡ ਕੋਲੋ ਬਜ਼ੁਰਗ ਨੂੰ ਬਚਾ ਕੇ ਆਪਣੀ ਹਿਰਾਸਤ ਵਿਚ ਲਿਆ। ਹਮੀਰਗੜ ਦੀ ਇਸ ਘਟਨਾ ਤੋਂ ਕਾਫੀ ਚਰਚੇ ਵੀ ਛਿੜ ਗਏ ਹਨ ਪ੍ਰੰਤੂ ਚਸ਼ਮਦੀਦਾਂ ਅਨੁਸਾਰ ਬਜ਼ੁਰਗ ਜਰਨੈਲ ਸਿੰਘ ਉਰਫ ਜੈਲਾ ਪੁੱਤਰ ਗੁਲਜਾਰਾ ਸਿੰਘ ਮੰਤਰੀ ਮਲੂਕਾ ਦੀ ਪੱਗ ਨੂੰ ਹੱਥ ਪਾਉਣ ਵਿਚ ਨਕਾਮ ਰਿਹਾ। ਬ੍ਰਿਗੇਡ ਦੀ ਕੁੱਟ ਕਾਰਨ ਜਰਨੈਲ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਸਿਵਲ ਹਸਪਤਾਲ ਭਗਤਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।  ਡੀ.ਐਸ.ਪੀ ਗੁਰਦਰਸ਼ਨ ਸਿੰਘ ਮੌਕੇ ਤੇ ਮੌਜੂਦ ਸਨ ਜਿਨ•ਾਂ ਨੇ ਬਜ਼ੁਰਗ ਨੂੰ ਛੁਡਵਾ ਕੇ ਆਪਣੀ ਹਿਰਾਸਤ ਵਿਚ ਲੈ ਕੇ ਗੱਡੀ ਵਿਚ ਬਿਠਾ ਲਿਆ।
                 ਇਹ ਘਟਨਾ ਕਰੀਬ ਚਾਰ ਵਜੇ ਵਾਪਰੀ ਜਦੋਂ ਪੰਚਾਇਤ ਮੰਤਰੀ ਪਿੰਡ ਵਿਚ ਰੱਖੇ ਇਕੱਠ ਨੂੰ ਸੰਬੋਧਨ ਕਰਨ ਵਾਸਤੇ ਜਾ ਰਹੇ ਸਨ। ਜਿਉਂ ਹੀ ਪੰਚਾਇਤ ਮੰੰਤਰੀ ਕਾਰ ਚੋਂ ਉਤਰ ਕੇ ਪੰਡਾਲ ਵੱਲ ਵੱਧਣ ਲੱਗੇ ਤਾਂ ਬਜ਼ੁਰਗ ਨੇ ਗੁੱਸੇ ਵਿਚ ਮਲੂਕਾ ਦੀ ਪੱਗ ਵੱਲ ਹੱਥ ਵਧਾਇਆ ਪ੍ਰੰਤੂ ਮੌਕੇ ਤੇ ਯੂਥ ਬ੍ਰਿਗੇਡ ਦੇ ਹਾਜ਼ਰ ਮੈਂਬਰਾਂ ਨੇ ਬਜ਼ੁਰਗ ਨੂੰ ਕਾਬੂ ਕਰ ਲਿਆ ਅਤੇ ਉਸ ਤੇ ਕੁੱਟਮਾਰ ਕਰ ਦਿੱਤੀ। ਹਮੀਰਗੜ ਦੇ ਸਾਬਕਾ ਸਰਪੰਚ ਨਾਇਬ ਸਿੰਘ ਜੋ ਕਿ ਮੌਕੇ ਤੇ ਮੌਜੂਦ ਸੀ, ਦਾ ਕਹਿਣਾ ਸੀ ਕਿ ਜਰਨੈਲ ਸਿੰਘ ਨੇ ਵਜ਼ੀਰ ਦੀ ਪੱਗ ਨੂੰ ਹੱਥ ਪਾਉਣ ਲਈ ਅੱਗੇ ਵਧਿਆ ਸੀ ੍ਰ ਪ੍ਰੰਤੂ ਮੌਕੇ ਤੇ ਹੀ ਪਤਾ ਲੱਗ ਗਿਆ ਅਤੇ ਪੁਲੀਸ ਨੇ ਉਸ ਨੂੰ ਫੜ ਲਿਆ। ਘਟਨਾ ਮਗਰੋਂ ਮਲੂਕਾ ਨੇ ਪਿੰਡ ਹਮੀਰਗੜ ਵਿਚ ਇਕੱਠ ਨੂੰ ਸਦਭਾਵਨਾ ਰੈਲੀ ਦੀ ਤਿਆਰੀ ਸਬੰਧੀ ਸੰਬੋਧਨ ਕੀਤਾ ਅਤੇ ਉਸ ਮਗਰੋਂ ਉਹ ਆਪਣੇ ਪਿੰਡ ਮਲੂਕਾ ਵਿਚ ਰੱਖੇ ਇਕੱਠ ਨੂੰ ਸੰਬੋਧਨ ਕਰਨ ਵਾਸਤੇ ਚਲੇ ਗਏ। ਪਤਾ ਲੱਗਾ ਹੈ ਕਿ ਬਜ਼ੁਰਗ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਮਗਰੋਂ ਵਾਪਰੀਆਂ ਘਟਨਾਵਾਂ ਕਾਰਨ ਰੋਹ ਵਿਚ ਸੀ।
                ਵੇਰਵਿਆਂ ਅਨੁਸਾਰ 60 ਵਰਿ•ਆਂ ਦੇ ਬਜ਼ੁਰਗ ਜਰਨੈਲ ਸਿੰਘ ਦਾ ਇਸ ਵੇਲੇ ਕਾਂਗਰਸ ਪਾਰਟੀ ਨਾਲ ਸਬੰਧ ਹੈ ਅਤੇ ਕਾਫੀ ਅਰਸਾ ਪਹਿਲਾਂ ਉਹ ਅਕਾਲੀ ਦਲ ਅੰਮ੍ਰਿਤਸਰ ਨਾਲ ਵੀ ਜੁੜਿਆ ਰਿਹਾ ਹੈ। ਉਹ ਪਿੰਡ ਦੀ ਗੁਰਦੁਆਰਾ ਕਮੇਟੀ ਦਾ ਮੈਂਬਰ ਵੀ ਹੈ ਅਤੇ ਗੁਰੂ ਘਰ ਵਿਚ ਰੋਜ਼ਾਨਾ ਨਿੱਤਨੇਮ ਵੀ ਕਰਦਾ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਕੋਟਕਪੂਰਾ ਦੇ ਪੰਥਕ ਧਰਨੇ ਵਿਚ ਵੀ ਗਿਆ ਸੀ ਅਤੇ ਮਗਰੋਂ ਸਰਬੱਤ ਖਾਲਸਾ ਵਿਚ ਵੀ ਸਾਮਲ ਹੋਇਆ ਸੀ। ਬਜ਼ੁਰਗ ਕਾਫੀ ਸਮੇਂ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ ਦਾ ਹਮਾਇਤੀ ਹੈ। ਜਾਣਕਾਰੀ ਅਨੁਸਾਰ ਘਟਨਾ ਮਗਰੋਂ ਜਰਨੈਲ ਸਿੰਘ ਦਾ ਪਰਿਵਾਰ ਰੂਪੋਸ਼ ਹੋ ਗਿਆ ਹੈ। ਉਸ ਦੇ ਦੋ ਲੜਕੇ ਸੁਖਮੰਦਰ ਸਿੰਘ ਤੇ ਗੁਰਚੇਤਨ ਸਿੰਘ ਤੋਂ ਇਲਾਵਾ ਜਰਨੈਲ ਸਿੰਘ ਦੀ ਪਤਨੀ ਮਨਜੀਤ ਕੌਰ ਪੁਲੀਸ ਦੇ ਡਰੋਂ ਘਰੋਂ ਚਲੇ ਗਏ ਹਨ। ਸੂਤਰਾਂ ਅਨੁਸਾਰ ਇਸ ਬਜ਼ੁਰਗ ਨੇ ਬੀਤੇ ਕੱਲ ਵਜ਼ੀਰ ਮਲੂਕਾ ਦੇ ਪਿੰਡ ਆਉਣ ਦੀ ਗੁਰੂ ਘਰ ਚੋਂ ਮੁਨਿਆਦੀ ਵੀ ਕੀਤੀ ਸੀ। ਦੱਸਣਯੋਗ ਹੈ ਕਿ ਹਮੀਰਗੜ• ਵਿਚ ਮਈ ਦਿਹਾੜੇ ਤੇ ਵੀ ਪੁਲੀਸ ਨੇ ਲਾਠੀਚਾਰਜ ਕਰਕੇ ਦਰਜਨਾਂ ਮਜ਼ਦੂਰਾਂ ਨੂੰ ਜ਼ਖਮੀ ਕਰ ਦਿੱਤਾ ਸੀ।
                     ਐਸ.ਐਸ.ਪੀ ਬਠਿੰਡਾ ਸ੍ਰੀ ਸਵਪਨ ਸ਼ਰਮਾ ਦਾ ਕਹਿਣਾ ਸੀ ਕਿ ਜਰਨੈਲ ਸਿੰਘ ਨਾਮ ਦੇ ਵਿਅਕਤੀ ਨੇ ਵਜ਼ੀਰ ਮਲੂਕਾ ਨੂੰ ਇਕੱਠ ਵਿਚ ਪਿਛੋਂ ਧੱਕਾ ਮਾਰਿਆ ਜਿਸ ਕਰਕੇ ਉਹ ਉਖੜ ਗਏ ਸਨ ਪ੍ਰੰਤੂ ਪੱਗ ਵਾਲੀ ਕੋਈ ਗੱਲ ਨਹੀਂ ਹੋਈ ਹੈ। ਉਨ•ਾਂ ਆਖਿਆ ਕਿ ਪੁਲੀਸ ਹਮਲਾ ਕਰਨ ਵਾਲੇ ਵਿਅਕਤੀ ਤੇ ਕੁੱਟਮਾਰ ਦਾ ਕੇਸ ਦਰਜ ਕਰ ਰਹੀ ਹੈ।
                                    ਜਰਨੈਲ ਮਾਨਸਿਕ ਤੌਰ ਤੇ ਠੀਕ ਨਹੀਂ : ਮਲੂਕਾ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮੀਰਗੜ ਵਿਚ ਇੱਕ ਕਾਂਗਰਸੀ ਵਿਅਕਤੀ ਨੇ ਉਨ•ਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਉਸ ਦੇ ਅੱਗੇ ਵੱਧਣ ਤੋਂ ਪਹਿਲਾਂ ਹੀ ਸੁਰੱਖਿਆ ਗਾਰਦਾਂ ਨੇ ਉਸ ਨੂੰ ਫੜ ਲਿਆ ਸੀ। ਉਨ•ਾਂ ਆਖਿਆ ਕਿ ਪਤਾ ਲੱਗਾ ਹੈ ਕਿ ਇਹ ਵਿਅਕਤੀ ਮਾਨਸਿਕ ਤੌਰ ਵੀ ਠੀਕ ਨਹੀਂ ਹੈ। ਉਨ•ਾਂ ਆਖਿਆ ਕਿ ਮੌਕੇ ਤੇ ਹੀ ਉਸ ਵਿਅਕਤੀ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਸੀ। ਉਨ•ਾਂ ਆਖਿਆ ਕਿ ਵਿਰੋਧੀ ਲੋਕਾਂ ਵਲੋਂ ਫੈਲਾਈਆਂ ਅਫਵਾਹਾਂ ਵਿਚ ਕੋਈ ਸਚਾਈ ਨਹੀਂ ਹੈ।