Showing posts with label Meritorious school. students. Show all posts
Showing posts with label Meritorious school. students. Show all posts

Saturday, May 21, 2016

                                 ਮੈਰੀਟੋਰੀਅਸ ਸਕੂਲ
                    ਅੱਠ ਸੌ ਪਾੜਿਆਂ ਨੇ ਵੱਟੀ ਸ਼ੂਟ
                                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਕਰੀਬ ਅੱਠ ਸੌ ਹੋਣਹਾਰ ਬੱਚਿਆਂ ਨੇ ਮੈਰੀਟੋਰੀਅਸ ਸਕੂਲਾਂ ਨੂੰ ਛੱਡ ਦਿੱਤਾ ਹੈ ਜਿਸ ਤੋਂ ਸਰਕਾਰ ਫਿਕਰਮੰਦ ਹੋ ਗਈ ਹੈ। ਹਾਲਾਂਕਿ ਪੰਜਾਬ ਸਰਕਾਰ ਦਾ ਇਹ ਪੇਂਡੂ ਹੋਣਹਾਰ ਬੱਚਿਆਂ ਲਈ ਅੱਵਲ ਦਰਜੇ ਦਾ ਪ੍ਰੋਜੈਕਟ ਹੈ। ਦੋ ਵਰਿ•ਆਂ ਵਿਚ ਹੀ ਮੈਰੀਟੋਰੀਅਸ ਸਕੂਲਾਂ ਨੂੰ ਅਲਵਿਦਾ ਕਹਿਣ ਵਾਲੇ ਇਨ•ਾਂ ਬੱਚਿਆਂ ਦੀ ਪ੍ਰਬੰਧਕਾਂ ਨੇ ਕੌਸਲਿੰਗ ਵੀ ਕੀਤੀ ਪ੍ਰੰਤੂ ਉਹ ਇਨ•ਾਂ ਵਿਦਿਆਰਥੀਆਂ ਨੂੰ ਮੋੜਾ ਨਾ ਪਾ ਸਕੇ। ਬਹੁਤੇ ਪੇਂਡੂ ਬੱਚੇ ਇਨ•ਾਂ ਸਕੂਲਾਂ ਵਿਚ ਰਚ ਮਿਚ ਨਹੀਂ ਸਕੇ ਅਤੇ ਘਰ ਦੀ ਯਾਦ ਉਨ•ਾਂ ਦੇ ਰਾਹ ਵਿਚ ਰੋੜਾ ਬਣ ਗਈ। ਮੁੱਖ ਮੰਤਰੀ ਪੰਜਾਬ ਨੇ ਇਸ ਰੁਝਾਨ ਦਾ ਸਖ਼ਤ ਨੋਟਿਸ ਲਿਆ ਅਤੇ ਕੁਝ ਸਮਾਂ ਪਹਿਲਾਂ ਰਿਪੋਰਟ ਵੀ ਮੰਗੀ ਸੀ। ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਪੇਂਡੂ ਸਕੂਲਾਂ ਵਿਚ ਪੜ•ਨ ਵਾਲੇ ਦਸਵੀਂ ਕਲਾਸ ਚੋਂ 80 ਫੀਸਦੀ ਤੋਂ ਜਿਆਦਾ ਨੰਬਰ ਲੈਣ ਵਾਲੇ ਬੱਚਿਆਂ ਨੂੰ ਅਗਲੀ ਵਿੱਦਿਆ ਮੁਫ਼ਤ ਦੇਣ ਲਈ ਪੰਜਾਬ ਵਿਚ ਛੇ ਮੈਰੀਟੋਰੀਅਸ ਸਕੂਲ ਖੋਲ•ੇ ਗਏ ਹਨ ਜਿਨ•ਾਂ ਤੇ ਸਰਕਾਰ ਨੇ 176.44 ਕਰੋੜ ਖਰਚ ਕੀਤੇ ਹਨ। ਆਦਰਸ਼ ਸਕੂਲ ਤਲਵਾੜਾ ਨੂੰ ਵੀ ਹੁਣ ਮੈਰੀਟੋਰੀਅਸ ਸਕੂਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਤਿੰਨ ਹੋਰ ਨਵੇਂ ਸਕੂਲ ਘਾਬਦਾਂ (ਸੰਗਰੂਰ),ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਅਤੇ ਗੁਰਦਾਸਪੁਰ ਵਿਚ ਬਣਨੇ ਹਨ। ਮੌਜੂਦਾ ਸੱਤ ਮੈਰੀਟੋਰੀਅਸ ਸਕੂਲਾਂ ਵਿਚ ਇਸ ਵੇਲੇ 4909 ਵਿਦਿਆਰਥੀ ਪੜ• ਰਹੇ ਹਨ। ਇਨ•ਾਂ ਸਕੂਲਾਂ ਨੂੰ ਚਲਾਉਣ ਲਈ ਸੁਸਾਇਟੀ ਫਾਰ ਪ੍ਰੋਮੋਸ਼ਨ ਆਫ਼ ਕੁਆਲਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ਼ ਪੰਜਾਬ ਦਾ ਗਠਨ 13 ਦਸੰਬਰ 2013 ਵਿਚ ਕੀਤਾ ਗਿਆ।
                   ਇਹ ਰਿਹਾਇਸ਼ੀ ਸਕੂਲ ਹਨ ਜਿਥੇ ਵਿਦਿਆਰਥੀਆਂ ਨੂੰ ਮੁਫ਼ਤ ਰਿਹਾਇਸ਼,ਖਾਣਾ,ਵਰਦੀ,ਕਿਤਾਬਾਂ ਦੀ ਸਹੂਲਤ ਦਿੱਤੀ ਗਈ ਹੈ। ਬਠਿੰਡਾ ਦੇ ਮੈਰੀਟੋਰੀਅਸ ਸਕੂਲ ਨੂੰ 3 ਅਗਸਤ 2014 ਤੋਂ ਹੁਣ ਤੱਕ 168 ਵਿਦਿਆਰਥੀ ਅਲਵਿਦਾ ਆਖ ਚੁੱਕੇ ਹਨ ਜੋ ਕਿ ਇੱਕ ਵੱਡਾ ਅੰਕੜਾ ਹੈ। ਮੁੱਖ ਮੰਤਰੀ ਪੰਜਾਬ ਨੇ ਜਦੋਂ ਇਸ ਸਕੂਲ ਦਾ ਦੌਰਾ ਕੀਤਾ ਸੀ ਤਾਂ ਉਨ•ਾਂ ਨੇ ਇਸ ਦਾ ਸਖ਼ਤ ਨੋਟਿਸ ਲਿਆ। ਉਨ•ਾਂ ਪੇਸ਼ਕਸ਼ ਕੀਤੀ ਸੀ ਕਿ ਸਕੂਲ ਛੱਡਣ ਵਾਲੇ ਬੱਚਿਆਂ ਨੂੰ ਵਾਪਸ ਲਿਆਓ, ਹੋਰ ਖਰਚੇ ਵੀ ਸਰਕਾਰ ਦੇਵੇਗੀ। ਐਤਕੀਂ ਇਸ ਸਕੂਲ ਦੇ ਅੱਠ ਬੱਚੇ ਮੈਰਿਟ ਸੂਚੀ ਵਿਚ ਵੀ ਆਏ ਹਨ। ਪ੍ਰਬੰਧਕਾਂ ਲਈ ਇਹ ਪ੍ਰੇਸ਼ਾਨੀ ਹੈ ਕਿ ਸਭ ਕੁਝ ਦੇ ਬਾਵਜੂਦ ਬੱਚੇ ਸਕੂਲ ਕਿਉਂ ਛੱਡ ਰਹੇ ਹਨ।ਜ਼ਿਲ•ਾ ਸਿੱਖਿਆ ਅਫਸਰ (ਸੈਕੰਡਰੀ) ਅਮਰਜੀਤ ਕੌਰ ਕੋਟਫੱਤਾ ਦਾ ਪ੍ਰਤੀਕਰਮ ਸੀ ਕਿ ਇਨ•ਾਂ ਸਕੂਲਾਂ ਵਿਚ ਹਰ ਸੁਵਿਧਾ ਮੌਜੂਦ ਹੈ ਪ੍ਰੰਤੂ ਬਹੁਤੇ ਬੱਚੇ ਰਿਹਾਇਸ਼ੀ ਸਕੂਲਾਂ ਦੇ ਮਾਹੌਲ ਵਿਚ ਅਡਜਸਟ ਨਹੀਂ ਹੋ ਰਹੇ ਹਨ ਅਤੇ ਅੰਗਰੇਜ਼ੀ ਮੀਡੀਅਮ ਹੋਣ ਕਰਕੇ ਵੀ ਕਈ ਬੱਚਿਆਂ ਨੂੰ ਮੁਸ਼ਕਲ ਆਈ ਹੈ। ਉਨ•ਾਂ ਦੱਸਿਆ ਕਿ ਏਦਾ ਦੇ ਕੇਸ ਵੀ ਸਾਹਮਣੇ ਆਏ ਹਨ ਕਿ ਮਾਪਿਆਂ ਦੀ ਨਿਰਭਰਤਾ ਬੱਚਿਆਂ ਤੇ ਹੈ। ਬੱਚੇ ਮਾਪਿਆਂ ਨਾਲ ਕੰਮ ਵਿਚ ਹੱਥ ਵਟਾਉਂਦੇ ਹਨ। ਉਨ•ਾਂ ਦੱਸਿਆ ਕਿ ਇਨ•ਾਂ ਬੱਚਿਆਂ ਦੀ ਕੌਂਸਲਿੰਗ ਵੀ ਕਰਾਈ ਸੀ। ਵੇਰਵਿਆਂ ਅਨੁਸਾਰ ਮੋਹਾਲੀ ਦੇ ਮੈਰੀਟੋਰੀਅਸ ਸਕੂਲ ਨੂੰ ਦੋ ਵਰਿ•ਆਂ ਵਿਚ 141 ਬੱਚਿਆਂ ਨੇ ਅਲਵਿਦਾ ਆਖ ਦਿੱਤਾ ਹੈ।
                 ਮੋਹਾਲੀ ਦੇ ਇਸ ਸਕੂਲ ਨੂੰ ਸਭ ਤੋਂ ਵੱਧ ਨਾਨ ਮੈਡੀਕਲ ਦੇ 78 ਬੱਚਿਆਂ ਨੇ ਛੱਡਿਆ ਹੈ। ਪਹਿਲੇ ਬੈਚ ਵਿਚ 324 ਬੱਚੇ ਸਨ ਜਦੋਂ ਕਿ ਦੂਸਰੇ ਬੈਚ ਵਿਚ 461 ਵਿਦਿਆਰਥੀ ਸਨ। ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਨੂੰ ਹੁਣ ਤੱਕ 123 ਬੱਚੇ ਛੱਡ ਚੁੱਕੇ ਹਨ। ਸਾਲ 2014-15 ਵਿਚ 36, ਸਾਲ 2015-16 ਵਿਚ 76 ਅਤੇ ਚਾਲੂ ਮਾਲੀ ਵਰੇ• ਦੌਰਾਨ ਇੱਕ ਬੱਚਾ ਸਕੂਲ ਛੱਡ ਚੁੱਕਾ ਹੈ। ਮੈਰੀਟੋਰੀਅਸ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਆਰ. ਐਸ. ਖੱਤਰੀ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਰਿਹਾਇਸ਼ੀ ਸਕੂਲ ਵਿਚ ਅਡਜਸਟਮੈਂਟ ਦੀ ਸਮੱਸਿਆ ਹੈ ਅਤੇ ਦੂਸਰਾ ਘਰਾਂ ਤੋਂ ਦੂਰ ਨਾ ਰਹਿਣ ਸਕਣ ਕਰਕੇ ਇਹ ਬੱਚੇ ਸਕੂਲ ਛੱਡ ਰਹੇ ਹਨ। ਸੂਚਨਾ ਅਨੁਸਾਰ ਮੈਰੀਟੋਰੀਅਸ ਸਕੂਲ ਲੁਧਿਆਣਾ ਨੂੰ ਹੁਣ ਤੱਕ 147 ਵਿਦਿਆਰਥੀ ਛੱਡ ਚੁੱਕੇ ਹਨ। ਇਨ•ਾਂ ਸਕੂਲਾਂ ਦੇ ਹੋਣਹਾਰ ਬੱਚਿਆਂ ਨੂੰ ਵਾਧੂ ਕਲਾਸਾਂ ਲਗਾ ਕੇ ਕੋਚਿੰਗ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਵੀ ਕੋਚਿੰਗ ਦਿੱਤੀ ਜਾਂਦੀ ਹੈ। ਇਸ ਸਕੂਲ ਦੇ ਪਿੰ੍ਰਸੀਪਲ ਕਰਨਲ ਅਮਰਜੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਘਰਾਂ ਦੀ ਖਿੱਚ ਕਰਕੇ ਬਹੁਤੇ ਵਿਦਿਆਰਥੀ ਸਕੂਲ ਵਿਚ ਅਡਜਸਟ ਨਹੀਂ ਹੋ ਸਕੇ ਹਨ। ਉਨ•ਾਂ ਦੱਸਿਆ ਕਿ ਜਦੋਂ ਕੋਈ ਵਿਦਿਆਰਥੀ ਸਕੂਲ ਛੱਡਣ ਦੀ ਗੱਲ ਕਰਦਾ ਹੈ ਤਾਂ ਉਹ ਬਕਾਇਦਾ ਉਸ ਬੱਚੇ ਦੀ ਕੌਸਲਿੰਗ ਕਰਦੇ ਹਨ। ਉਨ•ਾਂ ਦੱਸਿਆ ਕਿ ਪੂਰਾ ਵਿਦਿਅਕ ਤੇ ਸੁਖਾਵਾਂ ਮਾਹੌਲ ਹੋਣ ਦੇ ਬਾਵਜੂਦ ਪੇਂਡੂ ਬੱਚੇ ਦਿਲ ਨਹੀਂ ਲਾ ਸਕੇ ਹਨ। ਦੱਸਣਯੋਗ ਹੈ ਕਿ ਐਤਕੀਂ ਬਾਰ•ਵੀਂ ਦੀ ਪ੍ਰੀਖਿਆ ਵਿਚ ਮੈਰੀਟੋਰੀਅਸ ਸਕੂਲਾਂ ਦੇ 23 ਬੱਚੇ ਮੈਰਿਟ ਸੂਚੀ ਵਿਚ ਆਏ ਹਨ।
                                    ਪ੍ਰੋਜੈਕਟ ਡਾਇਰੈਕਟਰ ਦੀ ਸੂਚਨਾ ਦੇਣ ਤੋਂ ਇਨਕਾਰ
ਮੈਰੀਟੋਰੀਅਸ ਸਕੂਲਾਂ ਦੇ ਪ੍ਰੋਜੈਕਟ ਡਾਇਰੈਕਟਰ ਦੀ ਆਰ.ਟੀ. ਆਈ ਵਿਚ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪ੍ਰੋਜੈਕਟ ਡਾਇਰੈਕਟਰ ਦੀ ਤਨਖਾਹ,ਭੱÎਤਿਆਂ,ਸਹੂਲਤਾਂ,ਦੇਸ਼ ਵਿਦੇਸ਼ ਦੇ ਦੌਰਿਆਂ ਦੀ ਸੂਚਨਾ ਇਹ ਤਰਕ ਦੇ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਹ ਸੂਚਨਾ ਤੀਸਰੀ ਧਿਰ ਨਾਲ ਸਬੰਧਿਤ ਹੈ।