Showing posts with label Parliament.Captain amrinder. Show all posts
Showing posts with label Parliament.Captain amrinder. Show all posts

Sunday, April 5, 2015

                                          ਸੰਸਦ ਵਿੱਚੋਂ 
                    ਕੈਪਟਨ ਦੀ ਗ਼ੈਰਹਾਜ਼ਰੀ ਵਿੱਚ ਝੰਡੀ
                                         ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਸਦ ਵਿੱਚੋਂ ਗ਼ੈਰਹਾਜ਼ਰੀ ਵਿੱਚ ਝੰਡੀ ਲੈ ਗਏ ਹਨ, ਜਦੋਂਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਸੈਸ਼ਨ ਛੋਟੇ ਰੱਖਣ ਵਿੱਚ ਮੱਲ ਮਾਰ ਲਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਬਜਟ ਸੈਸ਼ਨ ਵਿੱਚ ਸਿਰਫ਼ ਇੱਕ ਦਿਨ ਹੀ ਪਾਰਲੀਮੈਂਟ ਵਿੱਚ ਮੂੰਹ ਦਿਖਾਇਆ ਹੈ। ਸਰਦ ਰੁੱਤ ਸੈਸ਼ਨ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪੈਰ ਹੀ ਨਹੀਂ ਪਾਇਆ ਸੀ। ਤਾਜ਼ਾ ਬਜ਼ਟ ਸੈਸ਼ਨ 23 ਫਰਵਰੀ ਤੋਂ 20 ਮਾਰਚ ਤੱਕ ਚੱਲਿਆ ਹੈ। ਇਸ ਦੌਰਾਨ ਪਾਰਲੀਮੈਂਟ ਵਿੱਚ 19 ਬੈਠਕਾਂ ਹੋਈਆਂ ਹਨ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਬੈਠਕ ਵਿੱਚ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਏ ਹਨ। ਪਾਰਲੀਮੈਂਟ ਦੇ ਹਾਜ਼ਰੀ ਰਜਿਸਟਰ ਅਨੁਸਾਰ 16ਵੀਂ ਲੋਕ ਸਭਾ ਦੇ ਤਾਜ਼ਾ ਬਜਟ ਸੈਸ਼ਨ ਵਿੱਚ ਗੁਰਦਾਸਪੁਰ ਦੇ ਸੰਸਦ ਮੈਂਬਰ ਵਿਨੋਦ ਖੰਨਾ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਹਾਜ਼ਰੀ ਸੌ ਫ਼ੀਸਦੀ ਰਹੀ ਹੈ। ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰਵਨੀਤ ਸਿੰਘ ਬਿੱਟੂ ਸਿਰਫ਼ ਇੱਕ ਇੱਕ ਦਿਨ ਹੀ ਸੰਸਦ 'ਚੋਂ ਗ਼ੈਰਹਾਜ਼ਰ ਰਹੇ ਹਨ।    
                   ਆਮ ਆਦਮੀ ਪਾਰਟੀ ਦੇ ਮੈਂਬਰਾਂ 'ਚੋਂ ਸਭ ਤੋਂ ਵੱਧ ਹਾਜ਼ਰੀ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਦੀ 17 ਦਿਨ ਦੀ ਰਹੀ ਹੈ, ਜਦੋਂਕਿ ਡਾ. ਧਰਮਵੀਰ ਗਾਂਧੀ ਦੀ 15 ਦਿਨ ਹਾਜ਼ਰੀ ਰਹੀ ਹੈ। ਚੌਧਰੀ ਸੰਤੋਖ ਸਿੰਘ ਅਤੇ ਸ਼ੇਰ ਸਿੰਘ ਘੁਬਾਇਆ ਦੀ ਹਾਜ਼ਰੀ 16-16 ਦਿਨ ਰਹੀ ਹੈ। ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਸਿਰਫ਼ ਇੱਕ ਦਿਨ ਗ਼ੈਰਹਾਜ਼ਰ ਰਹੀ ਹੈ। ਇਵੇਂ ਹੀ ਸੰਸਦ ਮੈਂਬਰ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਦੀ ਹਾਜ਼ਰੀ 13-13 ਦਿਨ ਦੀ ਰਹੀ ਹੈ। ਲੋਕ ਸਭਾ ਵਿੱਚ ਅਮਰਿੰਦਰ ਸਿੰਘ ਅੰਮ੍ਰਿਤਸਰ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। 16ਵੀਂ ਲੋਕ ਸਭਾ ਦੇ ਹੁਣ ਤੱਕ ਚਾਰ ਸੈਸ਼ਨ ਹੋਏ ਹਨ, ਜਿਨ੍ਹਾਂ ਦੀਆਂ ਕੁੱਲ 71 ਬੈਠਕਾਂ ਹੋਈਆਂ ਹਨ। ਇਨ੍ਹਾਂ 'ਚੋਂ ਕੈਪਟਨ ਅਮਰਿੰਦਰ ਸਿੰਘ ਸਿਰਫ਼ 7 ਦਿਨ ਹਾਜ਼ਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਰਦ ਰੁੱਤ ਸਮਾਗਮਾਂ ਵਿੱਚੋਂ ਗ਼ੈਰਹਾਜ਼ਰੀ ਪਿੱਛੇ ਆਪਣੀ ਘਰੇਲੂ ਮਜਬੂਰੀ ਦੱਸੀ ਸੀ। ਹਾਲਾਂਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਇੱਕ ਮਕਬੂਲ ਨੇਤਾ ਹਨ ਤੇ ਬਹੁਗਿਣਤੀ ਪੰਜਾਬ ਦੇ ਵਿਧਾਇਕ ਉਨ੍ਹਾਂ ਦੀ ਪਿੱਠ 'ਤੇ ਖੜ੍ਹੇ ਹਨ ਪਰ ਉਹ ਸੰਸਦ ਦੀ ਤਰ੍ਹਾਂ ਵਿਧਾਨ ਸਭਾ ਤੋਂ ਵੀ ਦੂਰ ਹੀ ਰਹੇ ਹਨ।
                       ਕੈਪਟਨ ਅਮਰਿੰਦਰ ਸਿੰਘ ਸਾਲ 2007-2012 ਦੌਰਾਨ ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ 'ਚੋਂ ਜ਼ਿਆਦਾਤਰ ਗ਼ੈਰਹਾਜ਼ਰ ਰਹੇ ਹਨ। ਵਿਧਾਨ ਸਭਾ ਦੇ ਇਨ੍ਹਾਂ ਪੰਜ ਵਰ੍ਹਿਆਂ ਦੌਰਾਨ 13 ਸੈਸ਼ਨ ਹੋਏ ਤੇ ਕੁੱਲ 88 ਬੈਠਕਾਂ ਹੋਈਆਂ। ਇਨ੍ਹਾਂ ਬੈਠਕਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਸਿਰਫ਼ 13 ਦਿਨ ਹੀ ਹਾਜ਼ਰ ਹੋਏ ਅਤੇ 55 ਦਿਨ ਗ਼ੈਰਹਾਜ਼ਰ ਰਹੇ। ਪੰਜਾਬ ਵਿਧਾਨ ਸਭਾ 'ਚੋਂ 10 ਜੁਲਾਈ 2008 ਨੂੰ ਉਨ੍ਹਾਂ ਦੀ ਮੈਂਬਰਸ਼ਿਪ ਬਰਖ਼ਾਸਤ ਕਰ ਦਿੱਤੀ ਗਈ ਸੀ ਤੇ ਸੁਪਰੀਮ ਕੋਰਟ ਨੇ 26 ਅਪਰੈਲ 2010 ਨੂੰ ਉਨ੍ਹਾਂ ਦੀ ਮੈਂਬਰਸ਼ਿਪ ਮੁੜ ਬਹਾਲ ਕਰ ਦਿੱਤੀ ਸੀ। ਇਸ ਬਰਖ਼ਾਸਤਗੀ ਦੌਰਾਨ ਸੈਸ਼ਨ ਦੀਆਂ 20 ਬੈਠਕਾਂ ਹੋਈਆਂ ਸਨ। ਪੰਜਾਬ ਵਿੱਚ ਤਾਂ ਪਹਿਲਾਂ ਹੀ ਅਸੈਂਬਲੀ ਸੈਸ਼ਨ ਛੋਟੇ ਰਹਿ ਗਏ ਹਨ ਤੇ ਉਪਰੋਂ ਕੱਦਾਵਰ ਨੇਤਾ ਬਹੁਤੀ ਤਰਜੀਹ ਨਹੀਂ ਦੇ ਰਹੇ ਹਨ। ਵੇਰਵਿਆਂ ਅਨੁਸਾਰ ਸਾਲ 1997-2002 ਦੌਰਾਨ ਪੰਜਾਬ ਵਿਧਾਨ ਸਭਾ ਦੇ 13 ਸਮਾਗਮ ਹੋਏ, ਜਿਨ੍ਹਾਂ ਦੌਰਾਨ 95 ਬੈਠਕਾਂ ਹੋਈਆਂ। ਕਾਂਗਰਸੀ ਰਾਜ ਭਾਗ ਦੌਰਾਨ (2002-2007) ਵਿਧਾਨ ਸਭਾ ਦੇ 12 ਸਮਾਗਮ ਹੋਏ, ਜਿਨ੍ਹਾਂ ਦੌਰਾਨ 81 ਬੈਠਕਾਂ ਹੋਈਆਂ।
                     ਇਸੇ ਤਰ੍ਹਾਂ ਸਾਲ 2007-2012 ਦੌਰਾਨ ਵਿਧਾਨ ਸਭਾ ਦੇ 13 ਸਮਾਗਮਾਂ ਦੌਰਾਨ 88 ਬੈਠਕਾਂ ਹੋਈਆਂ। ਕਾਂਗਰਸੀ ਹਕੂਮਤ ਸਮੇਂ ਵਿਧਾਨ ਸਭਾ ਦਾ ਤੀਜਾ ਸਮਾਗਮ ਅਤੇ ਅਕਾਲੀ ਹਕੂਮਤ ਦੌਰਾਨ 12ਵਾਂ ਸਮਾਗਮ ਸਿਰਫ਼ ਇੱਕ ਇੱਕ ਹੀ ਚੱਲਿਆ। ਰੁਝਾਨ ਤੋਂ ਸਪੱਸ਼ਟ ਹੈ ਕਿ ਸਾਲ 1997 ਮਗਰੋਂ ਵਿਧਾਨ ਸਭਾ ਦੀਆਂ ਬੈਠਕਾਂ ਦੀ ਗਿਣਤੀ ਸੌ ਦੇ ਅੰਕੜੇ ਨੂੰ ਛੂਹ ਹੀ ਨਹੀਂ ਸਕੀ। ਜੇ ਪੰਜਾਬ ਵਿਧਾਨ ਸਭਾ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਦਾ ਜੋ ਮੈਂਬਰ ਲਗਾਤਾਰ 60 ਬੈਠਕਾਂ 'ਚੋਂ ਗ਼ੈਰਹਾਜ਼ਰ ਰਹਿੰਦਾ ਹੈ, ਉਸ ਦੀ ਮੈਂਬਰਸ਼ਿਪ ਖਾਰਜ ਹੋ ਸਕਦੀ ਹੈ। ਜੇਕਰ ਇਨ੍ਹਾਂ 60 ਬੈਠਕਾਂ ਦੌਰਾਨ ਕਿਸੇ ਇੱਕ ਦਿਨ ਵੀ ਮੈਂਬਰ ਹਾਜ਼ਰ ਹੋ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਬਣਦੀ ਹੈ ।