Showing posts with label Power. Show all posts
Showing posts with label Power. Show all posts

Sunday, September 22, 2024

                                                          ਪਾਵਰਫੁੱਲ
                      ‘ਸਿੱਧੀ ਕੁੰਡੀ’ ਦੀ ਖੁੱਲ੍ਹ, ਖ਼ਜ਼ਾਨੇ ਦੀ ਬੱਤੀ ਗੁੱਲ !
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦੀ ‘ਆਪ’ ਸਰਕਾਰ ਦੀ ‘ਜ਼ੀਰੋ ਬਿੱਲਾਂ’ ਦੀ ਸਹੂਲਤ ਵੀ ‘ਸਿੱਧੀ ਕੁੰਡੀ’ ਵਾਲੇ ਰਾਹ ਨਹੀਂ ਰੋਕ ਸਕੀ ਹੈ। ਤੱਥ ਗਵਾਹ ਹਨ, ਜਦੋਂ ਚੋਣਾਂ ਵਾਲਾ ਵਰ੍ਹਾ ਹੁੰਦਾ ਹੈ, ਉਦੋਂ ਪਾਵਰਕੌਮ ਦੇ ਬਿਜਲੀ ਚੋਰਾਂ ਦੇ ਘਰਾਂ ’ਤੇ ਛਾਪੇ ਪੈਣੋਂ ਹਟ ਜਾਂਦੇ ਹਨ। ਸਾਲ 2014-15 ਤੋਂ ਸਾਲ 2023-24 ਦੇ ਦਸ ਵਰ੍ਹਿਆਂ ਦੌਰਾਨ ਪਾਵਰਕੌਮ ਨੇ ਸੂਬੇ ਵਿਚ 14.64 ਲੱਖ ਘਰਾਂ ਤੇ ਅਦਾਰਿਆਂ ’ਚ ਬਿਜਲੀ ਚੋਰੀ ਫੜੀ, ਜਿਨ੍ਹਾਂ ਇਸ ਸਮੇਂ ਦੌਰਾਨ 2246.58 ਕਰੋੜ ਰੁਪਏ ਦੀ ਬਿਜਲੀ ਚੋਰੀ ਕੀਤੀ। ਇਨ੍ਹਾਂ ਵਰ੍ਹਿਆਂ ’ਚੋਂ ਸਿਰਫ਼ 2014-15 ਦਾ ਇੱਕੋ ਸਾਲ ਸੀ, ਜਦੋਂ ਸਭ ਤੋਂ ਵੱਧ 328.90 ਕਰੋੜ ਦੀ ਬਿਜਲੀ ਚੋਰੀ ਫੜੀ ਗਈ ਸੀ। ਲੰਘੇ ਵਿੱਤੀ ਵਰ੍ਹੇ ’ਚ 1.09 ਲੱਖ ਬਿਜਲੀ ਚੋਰ ਫੜੇ ਗਏ, ਜਿਨ੍ਹਾਂ 284.62 ਕਰੋੜ ਦੀ ਬਿਜਲੀ ਚੋਰੀ ਕੀਤੀ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2016-17 ’ਚ ਬਿਜਲੀ ਚੋਰੀ ਦੇ 1.25 ਲੱਖ ਕੇਸ ਫੜੇ ਗਏ, ਜਦੋਂ ਚੋਣਾਂ ਖ਼ਤਮ ਹੋਈਆਂ ਤਾਂ ਅਗਲੇ ਵਰ੍ਹੇ ਇਨ੍ਹਾਂ ਕੇਸਾਂ ਦਾ ਅੰਕੜਾ ਵਧ ਕੇ 1.90 ਲੱਖ ਹੋ ਗਿਆ।

       ਇਸੇ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2018-19 ਵਿਚ ਬਿਜਲੀ ਚੋਰੀ ਦੇ 1.41 ਲੱਖ ਕੇਸ ਫੜੇ ਗਏ ਅਤੇ ਅਗਲੇ ਸਾਲ ਹੀ ਇਹ ਕੇਸ ਵਧ ਕੇ 1.48 ਲੱਖ ਹੋ ਗਏ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇ ਸਾਲ 2021-22 ’ਚ ਬਿਜਲੀ ਚੋਰੀ ਦੇ 1.25 ਲੱਖ ਕੇਸ ਫੜੇ ਗਏ ਸਨ। ਜਿਵੇਂ ਹੀ ਚੋਣਾਂ ਖ਼ਤਮ ਹੋਈਆਂ ਤਾਂ ਅਗਲੇ ਸਾਲ ਇਹ ਅੰਕੜਾ ਵਧ ਕੇ 1.36 ਲੱਖ ਹੋ ਗਿਆ। ‘ਆਪ’ ਸਰਕਾਰ ਨੇ 12 ਮਈ, 2022 ਨੂੰ ‘ਕੁੰਡੀ ਹਟਾਓ ਮੁਹਿੰਮ’ ਸ਼ੁਰੂ ਕੀਤੀ ਸੀ, ਜਿੰਨੀ ਤੇਜ਼ੀ ਨਾਲ ਇਹ ਮੁਹਿੰਮ ਸ਼ੁਰੂ ਹੋਈ, ਓਨੀ ਰਫ਼ਤਾਰ ਨਾਲ ਹੀ ਬੰਦ ਹੋ ਗਈ ਸੀ। ਪਾਵਰਕੌਮ ਨੇ ਇਸ ਮੁਹਿੰਮ ਤਹਿਤ ਤਿੰਨ ਦਰਜਨ ਪੁਲੀਸ ਥਾਣੇ ‘ਸਿੱਧੀ ਕੁੰਡੀ’ ’ਤੇ ਚੱਲਦੇ ਫੜ ਲਏ ਸਨ ਅਤੇ ਕਈ ਧਾਰਮਿਕ ਡੇਰੇ ਵੀ ਕੁੰਡੀ ’ਤੇ ਚੱਲ ਰਹੇ ਸਨ। ਹੁਣ ਅਗਸਤ ਤੋਂ ਫਿਰ ਸਰਕਾਰ ਹਰਕਤ ਵਿਚ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਆਖ ਰਹੇ ਹਨ ਕਿ ਬਿਜਲੀ ਚੋਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। 

         ਹੁਣ ਜਦੋਂ ਪੰਚਾਇਤ ਚੋਣਾਂ ਦਾ ਐਲਾਨ ਹੋ ਗਿਆ ਹੈ ਤਾਂ ਪਾਵਰਕੌਮ ਨੂੰ ਇਨ੍ਹਾਂ ਦਿਨਾਂ ਵਿਚ ਸਿਆਸਤਦਾਨਾਂ ਅੱਗੇ ਮੁੜ ਹਥਿਆਰ ਸੁੱਟਣੇ ਪੈ ਸਕਦੇ ਹਨ। ਪਾਵਰਕੌਮ ਦੀ ਸਾਲ 2023-24 ਦੀ ਰਿਪੋਰਟ ਹੈ ਕਿ ਸੂਬੇ ਵਿਚ ਸਾਲਾਨਾ 2600 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹਲਕੇ ’ਚ ਪੈਂਦੀ ਪੱਟੀ ਡਵੀਜ਼ਨ ਪੰਜਾਬ ਭਰ ’ਚੋਂ ਸਿਖ਼ਰ ’ਤੇ ਹੈ ਜਿੱਥੇ ਸਾਲਾਨਾ 144 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਪੱਟੀ, ਜ਼ੀਰਾ, ਭਿੱਖੀਵਿੰਡ ਅਤੇ ਅੰਮ੍ਰਿਤਸਰ ਪੱਛਮੀ ਡਵੀਜ਼ਨ ਵਿਚ ਸਾਲਾਨਾ 520 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ। ਬਿਜਲੀ ਮਹਿਕਮੇ ਦੇ ਸੀਨੀਅਰ ਅਧਿਕਾਰੀ ਮੁਤਾਬਕ ਸਿਆਸਤਦਾਨਾਂ ਦੀ ਹੱਲਾਸ਼ੇਰੀ ਅਤੇ ਮਹਿਕਮੇ ਦੇ ਅਫ਼ਸਰਾਂ/ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਕਰਕੇ ਬਿਜਲੀ ਚੋਰੀ ਲਗਾਤਾਰ ਵਧ ਰਹੀ ਹੈ।

                                       ਸਰਕਾਰ ਲਿਆਓ, ਸਿੱਧੀ ਕੁੰਡੀ ਲਾਓ…

ਪੰਜਾਬ ’ਚ ਚੋਣਾਂ ਮੌਕੇ ਸਿਆਸੀ ਸਟੇਜਾਂ ਤੋਂ ਕਈ ਆਗੂ ਜਨਤਕ ਤੌਰ ’ਤੇ ਐਲਾਨ ਕਰਦੇ ਰਹੇ ਹਨ ਕਿ ਉਨ੍ਹਾਂ ਦੀ ‘ਸਰਕਾਰ ਬਣਾਓ, ਸਿੱਧੀ ਕੁੰਡੀ ਦਾ ਲਾਭ ਉਠਾਓ।’ ਜੈਕਾਰਿਆਂ ਦੀ ਗੂੰਜ ’ਚ ਆਗੂ ਇਹ ਵੀ ਮਾਣ ਨਾਲ ਸਟੇਜਾਂ ਤੋਂ ਆਖਦੇ ਰਹੇ ਹਨ ਕਿ ‘ਆਪਣੀ ਸਰਕਾਰ ਵੇਲੇ ਥੋਡੀ ਕੁੰਡੀ ਨੂੰ ਕਿਸੇ ਦੀ ਹੱਥ ਲਾਉਣ ਦੀ ਹਿੰਮਤ ਨਹੀਂ ਪਈ ਸੀ।’

Monday, August 21, 2023

                                                      ਬਿੱਲ ਜ਼ੀਰੋ, ਚੋਰ ਹੀਰੋ 
                                ਸਰਕਾਰੀ ਖ਼ਜ਼ਾਨੇ ਨੂੰ ਪਈ ‘ਕੁੰਡੀ’..! 
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਬਿਜਲੀ ਚੋਰਾਂ ਨੂੰ ਕੋਈ ਖ਼ੌਫ਼ ਨਹੀਂ ਰਿਹਾ ਹੈ। ਜ਼ੀਰੋ ਬਿੱਲਾਂ ਦੇ ਬਾਵਜੂਦ ਬਿਜਲੀ ਦੀ ਚੋਰੀ ਰੁਕੀ ਨਹੀਂ ਹੈ। ਸੂਬੇ ਵਿਚ ਸੱਤਾ ਤਬਦੀਲੀ ਤਾਂ ਹੋਈ ਹੈ ਪ੍ਰੰਤੂ ਬਿਜਲੀ ਚੋਰੀ ਕਰਨ ਵਾਲਿਆਂ ਦੇ ਸੁਭਾਅ ਨਹੀਂ ਬਦਲੇ ਹਨ। ਪੰਜਾਬ ਵਿਚ ਬਿਜਲੀ ਚੋਰੀ ਪਹਿਲਾਂ ਦੇ ਮੁਕਾਬਲੇ ਹੁਣ ਵਧ ਗਈ ਹੈ। ਪਾਵਰਕੌਮ ਦੇ ਮਾਹਿਰਾਂ ਅਨੁਸਾਰ ਸੂਬੇ ਵਿਚ ਬਿਜਲੀ ਚੋਰੀ ਹੁਣ ਸਲਾਨਾ 1500 ਕਰੋੜ ਨੂੰ ਛੂਹ ਗਈ ਹੈ ਜੋ ਕਿ ਛੇ ਵਰ੍ਹੇ ਪਹਿਲਾਂ 1200 ਕਰੋੜ ਸਲਾਨਾ ਦੇ ਕਰੀਬ ਸੀ। ਪਾਵਰਕੌਮ ਵਪਾਰਿਕ ਘਾਟਿਆਂ ਦੇ ਲਿਹਾਜ਼ ਨਾਲ ਬਿਜਲੀ ਚੋਰੀ ਦਾ ਅੰਦਾਜ਼ਾ ਲਗਾਉਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 12 ਮਈ 2022 ਨੂੰ ‘ਕੁੰਡੀ ਹਟਾਓ ਮੁਹਿੰਮ’ ਦੀ ਸ਼ੁਰੂਆਤ ਕੀਤੀ ਸੀ ਅਤੇ ਬਿਜਲੀ ਚੋਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ। ਜਦੋਂ ਪਾਵਰਕੌਮ ਨੇ ਮੁਢਲੇ ਪੜਾਅ ’ਤੇ ਸ਼ਨਾਖ਼ਤ ਕੀਤੀ ਤਾਂ ਕਰੀਬ ਤਿੰਨ ਦਰਜਨ ਪੁਲੀਸ ਥਾਣਿਆਂ ਵਿਚ ਕੁੰਡੀ ਫੜੀ ਗਈ। ਥੋੜ੍ਹੇ ਸਮੇਂ ਮਗਰੋਂ ਹੀ ਇਹ ਮੁਹਿੰਮ ਮੱਠੀ ਪੈ ਗਈ ਸੀ। ਸਰਹੱਦੀ ਜ਼ਿਲ੍ਹਿਆਂ ਵਿਚ ਬਿਜਲੀ ਚੋਰੀ ਹਾਲੇ ਜਾਰੀ ਹੈ। ਪੰਜ ਵਰ੍ਹੇ ਪਹਿਲਾਂ (2018-19) ਦੇ ਮੁਕਾਬਲੇ ਹੁਣ ਦੇ ਵਪਾਰਿਕ ਘਾਟੇ (2022-23) ਦੇਖੀਏ ਤਾਂ ਉਸ ਤੋਂ ਬਿਜਲੀ ਚੋਰੀ ’ਚ ਵਾਧੇ ਦੀ ਪੁਸ਼ਟੀ ਹੁੰਦੀ ਹੈ। 

          ਪੰਜ ਵਰ੍ਹੇ ਪਹਿਲਾਂ ਭਿੱਖੀਵਿੰਡ ਸਰਕਲ ਵਿਚ ਬਿਜਲੀ ਚੋਰੀ 72.76 ਫ਼ੀਸਦੀ ਸੀ ਜੋ ਕਿ ਹੁਣ ਵੱਧ ਕੇ 73.16 ਫ਼ੀਸਦੀ ਹੋ ਗਏ ਹਨ। ਪੱਟੀ ਹਲਕੇ ਵਿਚ ਪੰਜ ਸਾਲ ਪਹਿਲਾਂ ਜੋ 63.63 ਫ਼ੀਸਦੀ ਵਪਾਰਿਕ ਘਾਟੇ ਸਨ, ਉਹ ਵਧ ਕੇ 63.90 ਫ਼ੀਸਦੀ ਹੋ ਗਏ ਹਨ। ਅੰਮ੍ਰਿਤਸਰ ਪੱਛਮੀ ਵਿਚ ਪੰਜ ਸਾਲ ਪਹਿਲਾਂ 50.63 ਫ਼ੀਸਦੀ ਘਾਟੇ ਸਨ, ਜੋ ਹੁਣ ਤੱਕ ਵਧ ਕੇ 57.93 ਫ਼ੀਸਦੀ ਹੋ ਗਏ ਹਨ। ਜ਼ੀਰਾ ਹਲਕੇ ਵਿਚ 47.68 ਫ਼ੀਸਦੀ ਤੋਂ ਵੰਡ ਘਾਟੇ ਵਧ ਕੇ 54.84 ਫ਼ੀਸਦੀ ਹੋ ਗਏ ਹਨ। ਬਾਦਲ ਡਵੀਜ਼ਨ ਵਿਚ ਵੰਡ ਘਾਟੇ ਜੋ ਪੰਜ ਸਾਲ ਪਹਿਲਾਂ 27.61 ਫ਼ੀਸਦੀ ਸਨ, ਉਹ ਹੁਣ 36.09 ਫ਼ੀਸਦੀ ਹੋ ਗਏ ਹਨ। ਗਿੱਦੜਬਾਹਾ ਡਵੀਜ਼ਨ ਵਿਚ ਹੁਣ ਬਿਜਲੀ ਘਾਟੇ 30.83 ਫ਼ੀਸਦੀ ਹੈ ਜੋ ਪੰਜ ਸਾਲ ਪਹਿਲਾਂ 21.59 ਫ਼ੀਸਦੀ ਸਨ। ਇਹੋ ਹਾਲ ਬਾਕੀ ਦਰਜਨਾਂ ਹਲਕਿਆਂ ਦਾ ਹੈ।ਪਾਵਰਕੌਮ ਨੇ ਲੰਘੇ ਕੱਲ੍ਹ ਤਰਨਤਾਰਨ ਦੇ ਪਿੰਡ ਨਾਰਲੀ ਦੇ ਇੱਕ ਖਪਤਕਾਰ ਨੂੰ ਫੜਿਆ ਹੈ ਜੋ 11ਕੇਵੀ ਫੀਡਰ ਦੀਆਂ ਸਪਲਾਈ ਲਾਈਨਾਂ ਤੋਂ ਕੁੰਡੀ ਕੁਨੈਕਸ਼ਨ ਪਾ ਕੇ ਤਿੰਨ ਮੋਟਰ ਨਜਾਇਜ਼ ਚਲਾ ਰਿਹਾ ਸੀ। ਚੇਤੰਨ ਲੋਕਾਂ ’ਚ ਚਰਚਾ ਹੈ ਕਿ ਪੰਜਾਬ ਸਰਕਾਰ ਬਿਜਲੀ ਮਾਫ਼ੀਏ ਨੂੰ ਨੱਥ ਨਹੀਂ ਪਾ ਸਕੀ ਹੈ। ਪਾਵਰਕੌਮ ਦੇ ਅਧਿਕਾਰੀ ਆਖਦੇ ਹਨ ਕਿ ਸਥਾਨਿਕ ਸਿਆਸਤਦਾਨਾਂ ਤੋਂ ਇਲਾਵਾ ਕੁਝ ਕਿਸਾਨ ਆਗੂ ਬਿਜਲੀ ਚੋਰਾਂ ਖ਼ਿਲਾਫ਼ ਮੁਹਿੰਮ ਵਿਚ ਅੜਿੱਕਾ ਬਣਦੇ ਹਨ। 

          ਪਾਵਰਕੌਮ ਦੀ ਵਿੱਤੀ ਸਥਿਤੀ ਬਹੁਤੀ ਚੰਗੀ ਨਹੀਂ ਹੈ ਅਤੇ ਇਸ ਵੇਲੇ ਪਾਵਰਕੌਮ 17,500 ਕਰੋੜ ਰੁਪਏ ਦੇ ਕਰਜ਼ੇ ਹੇਠ ਹੈ। ਪੰਜਾਬ ਸਰਕਾਰ ਵੱਲੋਂ ਸਬਸਿਡੀ ਦੀ ਰਾਸ਼ੀ ਸਮੇਂ ਸਿਰ ਦਿੱਤੇ ਜਾਣ ਕਰਕੇ ਪਾਵਰਕੌਮ ਨੂੰ ਕੁਝ ਸੁੱਖ ਦਾ ਸਾਹ ਜ਼ਰੂਰ ਆਇਆ ਹੈ ਪ੍ਰੰਤੂ ਸਰਕਾਰੀ ਵਿਭਾਗਾਂ ਵੱਲ ਬਿੱਲਾਂ ਦੀ ਰਾਸ਼ੀ ਵਧ ਕੇ 3000 ਕਰੋੜ ਰੁਪਏ ਹੋ ਗਈ ਹੈ ਜੋ ਕਿ ਪਹਿਲਾਂ 2600 ਕਰੋੜ ਰੁਪਏ ਸੀ। ਸਰਕਾਰ ਨੇ ਇਹ ਰਾਸ਼ੀ ਕਲੀਅਰ ਕਰਨ ਦਾ ਭਰੋਸਾ ਤਾਂ ਦਿੱਤਾ ਪ੍ਰੰਤੂ ਪੈਸਾ ਹਾਲੇ ਤੱਕ ਦਿੱਤਾ ਨਹੀਂ  ਹੈ। ਪਾਵਰਕੌਮ ਨੇ ਕੁਝ ਕਦਮ ਉਠਾ ਕੇ ਵਿੱਤੀ ਪੁਜ਼ੀਸ਼ਨ ਸੁਧਾਰੀ ਵੀ ਹੈ । ਜਿਵੇਂ ਦੂਸਰੇ ਸੂਬਿਆਂ ਨਾਲ ਪਾਵਰ ਬੈਂਕਿੰਗ ਵਿਚ 50 ਫ਼ੀਸਦੀ ਵਾਧੇ ਨੇ ਬਿਜਲੀ ਦੀ ਕੀਮਤ ਘਟਾਈ ਹੈ। ਪਹਿਲੀ ਜੂਨ ਤੋਂ ਟੈਰਿਫ਼ ਵਿਚ ਵਾਧੇ ਨਾਲ ਢਾਰਸ ਮਿਲੀ ਹੈ। ਪਛਵਾੜਾ ਕੋਲਾ ਖਾਣ ਨਾਲ ਕੋਲਾ ਸਸਤਾ ਪੈਣ ਲੱਗਾ ਹੈ ਅਤੇ ਵਿਦੇਸ਼ੀ ਕੋਲੇ ਤੋਂ ਖਹਿੜਾ ਛੁੱਟਿਆ ਹੈ। ਸਬਸਿਡੀ ਦੀ ਰਾਸ਼ੀ ਸਮੇਂ ਸਿਰ ਪਾਵਰਕੌਮ ਨੂੰ ਮਿਲਣ ਲੱਗੀ ਹੈ। 

                                  ਜ਼ੀਰੋ ਬਿੱਲ ਵੀ ਘਾਟੇ ਰੋਕ ਨਹੀਂ ਸਕੇ

ਜ਼ੀਰੋ ਬਿੱਲਾਂ ਮਗਰੋਂ ਪਾਵਰਕੌਮ ਨੂੰ ਆਸ ਸੀ ਕਿ ਬਿਜਲੀ ਚੋਰੀ ਵਿਚ ਕਟੌਤੀ ਹੋ ਜਾਵੇਗੀ ਪ੍ਰੰਤੂ ਵਪਾਰਿਕ ਘਾਟੇ ਘਟੇ ਨਹੀਂ ਹਨ। ਸੂਤਰ ਆਖਦੇ ਹਨ ਕਿ ਬਿਜਲੀ ਚੋਰੀ ਨਾਲ ਸਬਸਿਡੀ ਦਾ ਬੋਝ ਸਰਕਾਰ ’ਤੇ ਵਧ ਰਿਹਾ ਹੈ ਪ੍ਰੰਤੂ ‘ਆਪ’ ਦੇ ਕੁਝ ਵਿਧਾਇਕ ਅਤੇ ਵਜ਼ੀਰ ਵੀ ਬਿਜਲੀ ਚੋਰਾਂ ਖ਼ਿਲਾਫ਼ ਕਦਮ ਚੁੱਕੇ ਜਾਣ ’ਤੇ ਅੜਿੱਕਾ ਬਣ ਜਾਂਦੇ ਹਨ। ਪਾਵਰਕੌਮ ਇਸ ਕਰਕੇ ਬੇਵੱਸ ਵੀ ਹੈ ਅਤੇ ਪੁਲੀਸ ਅਧਿਕਾਰੀ ਵੀ ਮੁਹਿੰਮ ਵਿਚ ਸਹਿਯੋਗ ਨਹੀਂ ਕਰ ਰਹੇ ਹਨ।  

               ਲੀਡਰਾਂ ਨੇ ਲਾਇਆ ਚਾਟ ’ਤੇ

ਸਿਆਸਤਦਾਨਾਂ ਨੇ ਪੰਜਾਬ ਵਿਚ ਲੋਕਾਂ ਨੂੰ ਬਿਜਲੀ ਚੋਰੀ ਦੀ ਚਾਟ ’ਤੇ ਲਾ ਦਿੱਤਾ ਹੈ। ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਅਕਾਲੀ ਲੀਡਰਾਂ ਸਟੇਜਾਂ ਤੋਂ ਅਕਸਰ ਐਲਾਨ ਕਰਦੇ ਸਨ ਕਿ ‘ਕਿਵੇਂ ਮਰਜ਼ੀ ਸਿੱਧੀਆਂ ਕੁੰਡੀਆਂ ਲਾਇਓ, ਕੋਈ ਨਹੀਂ ਫੜੇਗਾ’ । ਕਾਂਗਰਸ ਸਰਕਾਰ ਦੀ ਇਸੇ ਕਦਮਾਂ ’ਤੇ ਚੱਲਦੀ ਰਹੀ ਕਿ ਜੇ ਬਿਜਲੀ ਚੋਰੀ ਰੋਕੀ ਤਾਂ ਉਨ੍ਹਾਂ ਦੀਆਂ ਵੋਟਾਂ ਟੁੱਟ ਜਾਣਗੀਆਂ। ਮਾਝੇ ਦੇ ਕਾਂਗਰਸੀ ਨੇਤਾ ਅਕਸਰ ਪਾਵਰਕੌਮ ਦੇ ਅਧਿਕਾਰੀਆਂ ਨੂੰ ਦਬਕੇ ਮਾਰਦੇ ਰਹਿੰਦੇ ਸਨ। ‘ਆਪ’ ਦੇ ਕਈ ਵਿਧਾਇਕ ਤੇ ਵਜ਼ੀਰ ਵੀ ਪੁਰਾਣਿਆਂ ਦੇ ਪਦ ਚਿੰਨ੍ਹਾਂ ’ਤੇ ਚੱਲਣ ਲੱਗੇ ਹਨ। 


Friday, May 13, 2022

                                                        ਪਾਵਰਕੌਮ ਨੂੰ ਪਾਵਰ
                                   ਮੁੱਖ ਮੰਤਰੀ ਵੱਲੋਂ ਹੁਣ ‘ਕੁੰਡੀ ਹਟਾਓ’ ਮੁਹਿੰਮ 
                                                           ਚਰਨਜੀਤ ਭੁੱਲਰ     

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਬਿਜਲੀ ਖੇਤਰ ਵਿੱਚ ਸੁਧਾਰਾਂ ਲਈ ਅੱਜ ‘ਕੁੰਡੀ ਹਟਾਓ’ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ| ਪੰਜਾਬ ਵਿੱਚ ਹਰ ਵਰ੍ਹੇ ਔਸਤ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ| ਮੁੱਖ ਮੰਤਰੀ ਭਗਵੰਤ ਮਾਨ ਨੇ ਪਾਵਰਕੌਮ ਨੂੰ ਬਿਜਲੀ ਚੋਰੀ ਰੋਕਣ ਲਈ ਫ਼ੌਰੀ ’ਤੇ ਸਖ਼ਤ ਕਦਮ ਉਠਾਉਣ ਦੀ ਹਦਾਇਤ ਕੀਤੀ ਹੈ| ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਜਲੀ ਚੋਰੀ ਰੋਕਣ ਲਈ ਵੀ ਮੁਹਿੰਮ ਵਿੱਢ ਦਿੱਤੀ ਹੈ ਦੱਸਣਯੋਗ ਹੈ ਕਿ ਪਾਵਰਕੌਮ ਨੇ ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਵਿੱਚ ਇੱਕ ਡੇਰੇ ’ਚ ਚੱਲ ਰਹੀ ਸਿੱਧੀ ਕੁੰਡੀ ਫੜੀ ਹੈ ਜਿੱਥੇ ਪ੍ਰਾਈਵੇਟ ਟਰਾਂਸਫਾਰਮਰ ਰੱਖ ਕੇ ਸਿੱਧੀ ਵੱਡੀ ਲਾਈਨ ਤੋਂ ਕੁੰਡੀ ਪਾਈ ਹੋਈ ਸੀ| ਇਸ ਡੇਰੇ ਵਿੱਚ 17 ਏ.ਸੀ., ਸੱਤ ਗੀਜ਼ਰ, ਚਾਰ ਮੋਟਰਾਂ, 196 ਬੱਲਬ ਅਤੇ 67 ਪੱਖੇ ਫੜੇ ਗਏ ਹਨ| 

            ਪਾਵਰਕੌਮ ਨੇ ਇਸ ਡੇਰੇ ਨੂੰ ਅੱਜ 26 ਲੱਖ ਰੁਪਏ ਦਾ ਨੋਟਿਸ ਭੇਜ ਦਿੱਤਾ ਹੈ| ਇਸ ਚੋਰੀ ਨੇ ਸਰਕਾਰ ਨੂੰ ਹਲੂਣਾ ਦਿੱਤਾ ਹੈ| ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨਾਲ ਮੀਟਿੰਗ ਕੀਤੀ ਹੈ ਜਿਸ ਵਿੱਚ ਬਿਜਲੀ ਚੋਰੀ ਦਾ ਮੁੱਦਾ ਛਾਇਆ ਰਿਹਾ|ਸੂਤਰਾਂ ਅਨੁਸਾਰ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਪੁਲੀਸ ਥਾਣਿਆਂ ’ਚ ਬਿਜਲੀ ਦੀ ਸਿੱਧੀ ਕੁੰਢੀ ਚੱਲਣ ਦਾ ਮਾਮਲਾ ਵੀ ਉੱਠਿਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਕਾਫ਼ੀ ਖ਼ਫ਼ਾ ਹੋਏ ਅਤੇ ਉਨ੍ਹਾਂ ਐੱਸਐੱਸਪੀਜ਼ ਨੂੰ ਹਦਾਇਤਾਂ ਕੀਤੀਆਂ ਕਿ ਸਾਰੇ ਪੁਲੀਸ ਥਾਣਿਆਂ ਵਿੱਚ ਤੁਰੰਤ ਬਿਜਲੀ ਦੇ ਮੀਟਰ ਲਗਾਏ ਜਾਣ ਅਤੇ ਪੁਲੀਸ ਲੋਕਾਂ ਲਈ ਪਹਿਲਾਂ ਖ਼ੁਦ ਉਦਹਾਰਨ ਬਣੇ| ਮੀਟਿੰਗ ਵਿੱਚ ਮੁੱਦਾ ਉੱਠਿਆ ਕਿ ਖੇਤਾਂ ਵਿੱਚ ਲੱਗੇ ਟਰਾਂਸਫ਼ਾਰਮਰਾਂ ’ਚੋਂ ਤੇਲ ਚੋਰੀ ਹੋ ਰਿਹਾ ਹੈ ਜਿਸ ਨੂੰ ਰੋਕਣ ਲਈ ਪੁਲੀਸ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ|

          ਪਤਾ ਲੱਗਾ ਹੈ ਕਿ ਮਗਰੋਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਬਿਜਲੀ ਚੋਰੀ ਰੋਕਣ ਲਈ ਪਾਵਰਕੌਮ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ| ਲੰਘੇ ਦੋ ਦਿਨਾਂ ਦੌਰਾਨ ਪਾਵਰਕੌਮ ਨੇ ਪਟਿਆਲਾ ਅਤੇ ਲੁਧਿਆਣਾ ਵਿੱਚ ਪੁਲੀਸ ਦੇ ਤਿੰਨ ਥਾਣੇਦਾਰ ਵੀ ਬਿਜਲੀ ਚੋਰੀ ਕਰਦੇ ਫੜੇ ਹਨ| ਪਾਵਰਕੌਮ ਨੇ ਹੁਣ ਬਿਜਲੀ ਚੋਰੀ ਰੋਕਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ| ਬਿਜਲੀ ਚੋਰੀ ਦੀ ਸੂਚਨਾ ਦੇਣ ਲਈ ਪਾਵਰਕੌਮ ਨੇ ਕੰਟਰੋਲ ਰੂਮ ਦਾ ਵਟਸਐਪ ਨੰਬਰ 9646175770 ਜਾਰੀ ਕੀਤਾ ਹੈ ਅਤੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖਣ ਦੀ ਗੱਲ ਵੀ ਆਖੀ ਹੈ|ਐਤਕੀਂ ਪੰਜਾਬ ਵਿੱਚ ਬਿਜਲੀ ਸੰਕਟ ਡੂੰਘਾ ਹੋਣ ਲੱਗਾ ਹੈ ਅਤੇ ਲੰਘੇ ਦਿਨ ਬਿਜਲੀ ਦੀ ਮੰਗ ਵਿੱਚ 54 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ| ਮੁੱਖ ਮੰਤਰੀ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਪਾਵਰਕੌਮ ਆਉਂਦੇ ਦਿਨਾਂ ਵਿੱਚ ਬਿਜਲੀ ਚੋਰੀ ਰੋਕਣ ਲਈ ਉਪਰਾਲੇ ਕਰੇਗੀ|

          ਪਿਛਲੇ ਦਿਨਾਂ ਵਿੱਚ ਪਾਵਰਕੌਮ ਨੇ ਪੰਜ ਲੱਖ ਤੋਂ ਜ਼ਿਆਦਾ ਰਾਸ਼ੀ ਦੇ ਡਿਫਾਲਟਰਾਂ ਦੇ ਕੁਨੈਕਸ਼ਨ ਕੱਟਣੇ ਵੀ ਸ਼ੁਰੂ ਕੀਤੇ ਸਨ| ਪੰਜਾਬ ਵਿੱਚ ਇਸ ਵੇਲੇ ਭਿੱਖੀਵਿੰਡ ਡਿਵੀਜ਼ਨ ਵਿੱਚ ਸਭ ਤੋਂ ਜ਼ਿਆਦਾ ਬਿਜਲੀ ਚੋਰੀ ਹੋ ਰਹੀ ਹੈ ਅਤੇ ਦੂਜਾ ਨੰਬਰ ਪੱਟੀ ਡਿਵੀਜ਼ਨ ਦਾ ਆਉਂਦਾ ਹੈ|ਜਿਨ੍ਹਾਂ ਡਿਵੀਜ਼ਨਾਂ ਵਿੱਚ ਸਭ ਤੋਂ ਵੱਧ ਬਿਜਲੀ ਚੋਰੀ ਹੁੰਦੀ ਹੈ, ਉਨ੍ਹਾਂ ਵਿੱਚ ਜ਼ੀਰਾ, ਪੱਛਮੀ ਅੰਮ੍ਰਿਤਸਰ, ਅਜਨਾਲਾ, ਪਾਤੜਾਂ, ਲਹਿਰਾਗਾਗਾ, ਬਾਘਾਪੁਰਾਣਾ, ਭਗਤਾ ਭਾਈ, ਜਲਾਲਾਬਾਦ, ਮਲੋਟ, ਬਾਦਲ, ਸਿਟੀ ਬਰਨਾਲਾ, ਦਿਹਾਤੀ ਫ਼ਿਰੋਜ਼ਪੁਰ, ਸੁਨਾਮ ਅਤੇ ਪੂਰਬੀ ਪਟਿਆਲਾ ਆਦਿ ਸ਼ਾਮਲ ਹਨ|

                                  ‘ਆਪ’ ਵਿਧਾਇਕ ਨੇ ਮੁਹਿੰਮ ਦੀ ਫ਼ੂਕ ਕੱਢੀ..

ਉੱਧਰ, ਇੱਕ ‘ਆਪ’ ਵਿਧਾਇਕ ਨੇ ਉਪ ਮੰਡਲ ਬਰਗਾੜੀ ਦੇ ਜੇ.ਈ. ਕੁਲਬੀਰ ਸਿੰਘ ਦੀ ਪਠਾਨਕੋਟ ਦੀ ਬਦਲੀ ਕਰਵਾ ਕੇ ਪਾਵਰਕੌਮ ਦੀ ਡਿਫਾਲਟਰਾਂ ਖ਼ਿਲਾਫ਼ ਚਲਾਈ ਮੁਹਿੰਮ ਦੀ ਫ਼ੂਕ ਕੱਢ ਕੇ ਰੱਖ ਦਿੱਤੀ ਹੈ। ਕੁਲਬੀਰ ਸਿੰਘ ਦਾ ਏਨਾ ਕੁ ਕਸੂਰ ਹੈ ਕਿ ਉਸ ਨੇ ਡਿਫਾਲਟਰ ਖ਼ਪਤਕਾਰ ਦਾ ਲਿਖਤੀ ਹੁਕਮ ਮਿਲਣ ਮਗਰੋਂ ਕੁਨੈਕਸ਼ਨ ਕੱਟ ਦਿੱਤਾ ਅਤੇ ‘ਆਪ’ ਵਿਧਾਇਕ ਦੇ ਹੁਕਮਾਂ ’ਤੇ ਕੁਨੈਕਸ਼ਨ ਮੁੜ ਜੋੜਨ ਤੋਂ ਇਨਕਾਰ ਕਰ ਦਿੱਤਾ। ਦੂਸਰੇ ਦਿਨ ਹੀ ਜੇ.ਈ. ਕੁਲਬੀਰ ਸਿੰਘ ਨੂੰ ਬਰਗਾੜੀ ਤੋਂ 260 ਕਿਲੋਮੀਟਰ ਦੂਰ ਪਠਾਨਕੋਟ ਬਦਲ ਦਿੱਤਾ ਗਿਆ। ਹੁਣ ਇਸ ਮਾਮਲੇ ’ਤੇ ਮੁਲਾਜ਼ਮਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ| ਚਰਚੇ ਹਨ ਕਿ ‘ਆਪ’ ਵਿਧਾਇਕ ਨੇ ਸਰਕਾਰ ਦੀ ਭੱਲ ’ਤੇ ਵੀ ਸੱਟ ਮਾਰ ਦਿੱਤੀ ਹੈ।