Showing posts with label Saboo village. Show all posts
Showing posts with label Saboo village. Show all posts

Tuesday, July 1, 2014

                                ਤਰਾਸ਼ਦੀ ਦੇ ਜ਼ਖਮ
                 ਨਹੀਂਓ ਲੱਭਣੇ ਲਾਲ ਗੁਆਚੇ.....                                              ਚਰਨਜੀਤ ਭੁੱਲਰ
ਲੇਹ  : ਲਦਾਖ ਦੇ ਪਿੰਡ ਸਾਬੂ ਵਿਚ ਹੁਣ ਜ਼ਿੰਦਗੀ ਧੜਕਦੀ ਨਹੀਂ ਹੈ। ਦਰਦਾਂ ਦੀ ਟੀਸ ਅਤੇ ਗੁਆਚੇ ਲਾਲਾਂ ਦੀ ਉਡੀਕ ਵੀ ਹਾਲੇ ਮੁੱਕੀ ਨਹੀਂ। ਸਰਕਾਰੀ ਮਦਦ ਨੇ ਇੱਕ ਨਵਾਂ ਸਾਬੂ ਖੜ•ਾ ਕਰ ਦਿੱਤਾ ਹੈ। ਪੁਰਾਣੇ ਸਾਬੂ ਵਿਚ ਸੁਪਨੇ ਤਾਂ ਰੁੜ• ਗਏ ਪ੍ਰੰਤੂ ਹੰਝੂ ਤੇ ਗਮ ਬੱਦਲਾਂ ਦੇ ਪਾਣੀ ਵਿਚ ਵਲੀਨ ਨਹੀਂ ਹੋ ਸਕੇ ਹਨ। ਨਵੇਂ ਉਸਰੇ ਸਾਬੂ ਵਿਚ ਸਭ ਕੁਝ ਨਵਾਂ ਹੈ ਪੰ੍ਰਤੂ ਤਰਾਸਦੀ ਦੀ ਯਾਦ ਪੁਰਾਣੀ ਹੈ। 6 ਅਗਸਤ 2010 ਦੀ ਰਾਤ ਇਸ ਪਿੰਡ ਦੇ ਲੋਕਾਂ ਨੂੰ ਭੁਲਾਇਆ ਨਹੀਂ ਭੁਲਦੀ। ਜਦੋਂ ਬੱਦਲ ਫਟਿਆ ਸੀ ਤਾਂ ਇਹ ਪੂਰੇ ਦਾ ਪੂਰਾ ਪਿੰਡ ਰੁੜ• ਗਿਆ ਸੀ। ਹੁਣ ਸਰਕਾਰ ਵਲੋਂ ਨਵੇਂ ਸਿਰਿਓਂ ਇਹ ਪਿੰਡ ਨਵੀਂ ਜਗ•ਾ ਵਸਾਇਆ ਗਿਆ ਹੈ।ਤਤਕਾਲੀ ਰਾਸ਼ਟਰਪਤੀ ਡਾ.ਏ.ਪੀ.ਜੇ ਅਬਦੁਲ ਕਲਾਮ ਨੇ ਜਦੋਂ ਸਾਲ 2003 ਵਿਚ ਲੇਹ ਦੀ ਬੁੱਕਲ ਵਿਚ ਵਸੇ ਇਸ ਪਿੰਡ ਸਾਬੂ ਦਾ ਦੌਰਾ ਕੀਤਾ ਸੀ ਤਾਂ ਇਸ ਦੌਰੇ ਮਗਰੋਂ ਸਰਕਾਰ ਨੇ ਇਸ ਪਿੰਡ ਨੂੰ ਮਾਡਲ ਪਿੰਡ ਵਜੋਂ ਅਡਾਪਟ ਕਰ ਲਿਆ ਸੀ। ਹਰ ਸੁਵਿਧਾ ਇਸ ਪਿੰਡ ਨੂੰ ਦਿੱਤੀ ਗਈ। ਅਗਸਤ 2010 ਵਿਚ ਬੱਦਲ ਫੱਟ ਗਿਆ ਤਾਂ ਪੂਰਾ ਪਿੰਡ ਤੀਲਾ ਤੀਲਾ ਹੋ ਗਿਆ। ਕਰੀਬ ਡੇਢ ਦਰਜਨ ਪਿੰਡ ਦੇ ਲੋਕ ਹਾਲੇ ਵੀ ਲਾਪਤਾ ਹੈ ਅਤੇ ਦਰਜਨਾਂ ਮੌਤ ਦੇ ਮੂੰਹ ਜਾ ਪਏ ਸਨ। ਸਭ ਘਰ ਮਲੀਆਮੇਟ ਹੋ ਗਏ ਸਨ। ਤਰਾਸਦੀ ਦੇ ਚਾਰ ਵਰਿ•ਆਂ ਮਗਰੋਂ ਵੀ ਪਿੰਡ ਸਾਬੂ ਦੇ ਪਰਿਵਾਰਾਂ ਨੂੰ ਆਪਣਿਆਂ ਨੂੰ ਉਡੀਕ ਬਣੀ ਹੋਈ ਹੈ। ਦਰਦਾਂ ਦੀ ਯਾਦ ਅੱਜ ਵੀ ਮਨਾਂ ਤੇ ਤਰੋਤਾਜ਼ਾ ਹੈ।
                     ਕੇਂਦਰ ਸਰਕਾਰ ਨੇ ਹੁਣ ਨਵੀਂ ਜਗ•ਾਂ ਤੇ ਪਿੰਡ ਸਾਬੂ ਦੇ ਪੀੜਤ ਲੋਕਾਂ ਨੂੰ ਹੱਟਨੁਮਾ 158 ਘਰ ਬਣਾ ਕੇ ਦਿੱਤੇ ਗਏ ਹਨ। ਕੁਝ ਕੱਚੇ ਘਰ ਬਣਾਏ ਗਏ ਹਨ। ਪਿੰਡ ਸਾਬੂ ਨਵੀਂ ਜਗ•ਾ ਵਸ ਗਿਆ ਹੈ। ਰੁੜ ਗਏ ਸਾਬੂ ਵਿਚ ਜਦੋਂ ਵੀ ਲੋਕ ਖੁਦਾਈ ਕਰਦੇ ਸਨ ਤਾਂ ਖੁਦਾਈ ਮੌਕੇ ਨਵੇਂ ਪਿੰਜਰ ਲੱਭ ਪੈਂਦੇ ਸਨ। ਹੁਣ ਸਰਕਾਰ ਨੇ ਖੁਦਾਈ ਤੇ ਹੀ ਰੋਕ ਲਗਾ ਦਿੱਤੀ ਹੈ। ਇਸ ਪਿੰਡ ਦੇ ਅੱਧੀ ਦਰਜਨ ਬੱਚੇ ਹਾਲੇ ਵੀ ਲਾਪਤਾ ਹਨ। ਪਿੰਡ ਦੀ ਬਜ਼ੁਰਗ ਔਰਤ ਤਾਸ਼ੀ ਡੋਲਮਾ ਦੱਸਦੀ ਹੈ ਕਿ ਜਦੋਂ ਬੱਦਲ ਫਟਿਆ ਤਾਂ ਪਾਣੀ ਪੱਥਰ ਦੀ ਤਰ•ਾਂ ਡਿੱਗਿਆ। ਸਭ ਕੁਝ ਗੁਆ ਬੈਠੀ ਇਹ ਔਰਤ ਆਖਦੀ ਹੈ ਕਿ ਹੁਣ ਤਾਂ ਸੁਪਨੇ ਵਿਚ ਵੀ ਡਰ ਲੱਗਦਾ ਹੈ। 15 ਵਰਿ•ਆਂ ਦੀ ਡੋਲਕਰ ਆਪਣੀ ਭੈਣ ਨਾਲ ਆਰਮੀ ਸਕੂਲ ਵਿਚ ਪੜ• ਰਹੀ ਹੈ। ਇਨ•ਾਂ ਦੋਹਾਂ ਭੈਣਾਂ ਨੂੰ ਚਾਰ ਵਰਿ•ਆਂ ਮਗਰੋਂ ਵੀ ਆਪਣੀ ਚਾਰ ਵਰਿ•ਆਂ ਦੀ ਭੈਣ ਦਾ ਇੰਤਜ਼ਾਰ ਹੈ ਜਿਸ ਦੀ ਤਰਾਸਦੀ ਮੌਕੇ ਕਿਧਰੋਂ ਮ੍ਰਿਤਕ ਦੇਹ ਵੀ ਨਹੀਂ ਮਿਲੀ ਸੀ। ਮਾਂ,ਬਾਪ ਤੇ ਛੋਟੀ ਭੈਣ ਪਾਣੀ ਵਿਚ ਰੁੜ• ਗਈ।  ਜਦੋਂ ਪਿੰਡ ਸਾਬੂ ਵਿਚ ਉਨ•ਾਂ ਦਾ ਕੋਈ ਨਹੀਂ ਬਚਿਆ ਤਾਂ ਆਰਮੀ ਨੇ ਉਨ•ਾਂ ਬੱਚਿਆਂ ਨੂੰ ਸਕੂਲ ਪੜ•ਨ ਪਾ ਦਿੱਤਾ ਹੈ। ਇਨ•ਾਂ ਭੈਣਾਂ ਦਾ ਤਾਂ ਪਿੰਡ ਸਾਬੂ ਚੋਂ ਸੀਰ ਹੀ ਮੁੱਕ ਗਿਆ ਹੈ। ਪਿੰਡ ਸਾਬੂ ਦੀ ਹੀ ਮਾਂ ਸਕਰਮਾ ਹੁਣ ਵੀ ਪੁਰਾਣੇ ਸਾਬੂ ਚੋਂ ਆਪਣੇ ਚਾਰ ਵਰਿ•ਆਂ ਦੇ ਲਾਲ ਨੂੰ ਤਲਾਸ਼ ਰਹੀ ਹੈ। ਉਹ ਆਖਦੀ ਹੈ ਕਿ ਅੱਖੀਂ ਦੇਖਣ ਮਗਰੋਂ ਵੀ ਯਕੀਨ ਨਹੀਂ ਬੱਝ ਰਿਹਾ। ਇਵੇਂ ਹੀ ਸਾਬੂ ਦਾ ਸੀਰਿੰਗ ਦੁਰਜੇ ਇਸ ਤਰਾਸਦੀ ਵਿਚ ਆਪਣੀ ਪਤਨੀ ਅਤੇ 14 ਵਰਿ•ਆਂ ਦੀ ਲੜਕੀ ਨੂੰ ਗੁਆ ਚੁੱਕਾ ਹੈ। ਉਹ ਦੱਸਦਾ ਹੈ ਕਿ ਉਸ ਦੀ ਬੱਚੀ ਅਤੇ ਪਤਨੀ ਦੀ ਤਾਂ ਮ੍ਰਿਤਕ ਦੇਹ ਵੀ ਨਹੀਂ ਮਿਲੀ ਹੈ। ਸਰਕਾਰ ਨੇ ਸਭ ਕੁਝ ਦੇ ਦਿੱਤਾ ਹੈ ਪ੍ਰੰਤੂ ਉਹ ਰਿਸ਼ਤਿਆਂ ਦੀ ਟੁੱਟੀ ਡੋਰ ਕੌਣ ਜੋੜੇਗਾ।
                 75 ਵਰਿ•ਆਂ ਦੀ ਤਾਸ਼ੀ ਨੌਰਜੋਮ ਨਾਲ ਜਦੋਂ ਗੱਲ ਕੀਤੀ ਤਾਂ ਉਸ ਦੀਆਂ ਅੱਖਾਂ ਨਮ ਹੋ ਗਈਆਂ। ਉਹ ਆਖਦੀ ਹੈ ਕਿ ਜਦੋਂ ਵੀ ਹੁਣ ਮੌਸਮ ਖਰਾਬ ਹੁੰਦਾ ਹੈ ਤਾਂ ਪੁਰਾਣੇ ਦਿਨ ਚੇਤੇ ਆਉਣ ਲੱਗੇ ਪੈਂਦੇ ਹਨ। ਉਸ ਦਾ ਪਤੀ ਇਸ ਤਰਾਸਦੀ ਦੀ ਭੇਂਟ ਚੜ ਗਿਆ ਹੈ। ਏਦਾ ਦੀ ਕਹਾਣੀ ਹਰ ਪਰਿਵਾਰ ਦੀ ਹੈ। ਕੋਲ ਇੰਡੀਆ ਵਲੋਂ ਇਨ•ਾਂ ਪੀੜਤ ਲੋਕਾਂ ਨੂੰ ਹੱਟਨੁਮਾ ਘਰ ਬਣਾ ਕੇ ਦਿੱਤੇ ਹਨ। ਸਰਕਾਰੀ ਨਗਦ ਮਦਦ ਤੋਂ ਬਿਨ•ਾਂ ਰੁਜ਼ਗਾਰ ਦੇ ਨਵੇਂ ਵਸੀਲੇ ਵੀ ਪੈਦਾ ਕੀਤੇ ਹਨ। ਕਦੇ ਲਦਾਖ ਦਾ ਮਾਡਲ ਬਣਿਆ ਪਿੰਡ ਹੁਣ ਤਰਾਸਦੀ ਦਾ ਮਾਡਲ ਬਣ ਗਿਆ ਹੈ। ਇਸ ਪਿੰਡ ਦੇ ਕਰੀਬ 200 ਘਰ ਸਨ ਅਤੇ ਇਹ ਪਿੰਡ ਸਾਬੂ ਨਦੀ ਦੇ ਕਿਨਾਰੇ ਵਸਿਆ ਹੋਇਆ ਸੀ।  ਸਰਕਾਰ ਵਲੋਂ ਪਿੰਡ ਦੀਆਂ ਪੀੜਤ ਔਰਤਾਂ ਦੇ ਤਿੰਨ ਗਰੁੱਪ ਬਣਾ ਕੇ ਰੁਜ਼ਗਾਰ ਦਿੱਤਾ ਗਿਆ ਹੈ। ਕਰੀਬ 30 ਔਰਤਾਂ ਇਨ•ਾਂ ਗਰੁੱਪਾਂ ਵਿਚ ਕੰਮ ਕਰਦੀਆਂ ਹਨ ਜੋ ਘਰਾਂ ਵਿਚ ਬੈਠ ਕੇ ਕੱਚੇ ਮਾਲ ਤੋ ਉਨ ਦਾ ਸਮਾਨ ਤਿਆਰ ਕਰਦੀਆਂ ਹਨ। ਬਜ਼ੁਰਗ ਔਰਤ ਥਵਾਂਗ ਨੇ ਦੱਸਿਆ ਕਿ ਉਹ ਪ੍ਰਤੀ ਮਹੀਨਾ 2000 ਰੁਪਏ ਕਮਾ ਲੈਂਦੀਆਂ ਹਨ ਅਤੇ ਘਰਾਂ ਵਿਚ ਬੈਠ ਕੇ ਹੀ ਕੰਮ ਕਰਦੀਆਂ ਹਨ। ਜਦੋਂ ਪੰਜਾਬੀ ਟ੍ਰਿਬਿਊਨ ਦੇ ਇਸ ਪੱਤਰਕਾਰ ਨੇ ਪਿੰਡ ਸਾਬੂ ਦਾ ਦੌਰਾ ਕੀਤਾ ਤਾਂ ਇਹ ਔਰਤਾਂ ਸਰਕਾਰ ਵਲੋਂ ਬਣਾਏ ਨਵੇਂ ਘਰਾਂ ਵਿਚ ਬੈਠ ਕੇ ਕੰਮ ਵਿਚ ਜੁੱਟੀਆਂ ਹੋਈਆਂ ਸਨ। ਸਭ ਕੁਝ ਨਵਾਂ ਉੱਸਰ ਗਿਆ ਹੈ ਪ੍ਰੰਤੂ ਇਸ ਪਿੰਡ ਦੇ ਲੋਕਾਂ ਦੇ ਦਿਲ ਦਿਮਾਗ ਚੋਂ ਤਰਾਸਦੀ ਦੇ ਦਰਦ ਸਰਕਾਰ ਮੁਕਾ ਨਹੀਂ ਸਕੀ ਹੈ।