ਵਿਚਲੀ ਗੱਲ
ਕੋਠੇ ਚੜ੍ਹ ਕੇ ਵੇਖਿਓ,ਅਸੀਂ ਖੜ੍ਹਾਂਗੇ ਕੰਧ ਬਣ ਕੇੇ..!
ਚਰਨਜੀਤ ਭੁੱਲਰ
ਬਠਿੰਡਾ : ਮਿੱਤਰੋਂ ! ਅਸੀਂ ਲੜਾਂਗੇ, ਮੌਰਾਂ ’ਤੇ ਚੜ੍ਹਕੇ, ਅਸੀਂ ਖੜ੍ਹਾਂਗੇ, ਕੰਧ ਬੰਨ੍ਹ ਕੇ, ਅਸੀਂ ਖੁਭਾਂਗੇ, ਖੰਜਰ ਬਣ ਕੇ। ਨਾ ਲਿਫਣਾ ਹੈ ਤੇ ਨਾ ਝਿੱਪਣਾ। ਬੱਸ ਥੋੜਾ ਸਮਾਂ ਤਾਂ ਦੇ ਦਿਓ, ਮੰਜੇ ਚੋਂ ਉੱਠ ਖੜ੍ਹਾ ਹੋਵਾ। ਬਿਮਾਰੀ ਨੇ ਲੱਕ ਨਹੀਂ, ਰੀੜ੍ਹ ਦੀ ਹੱਡੀ ਤੋੜੀ, ਉਪਰੋਂ ਬਾਪ ਦਾ ਵਿਗੋਚਾ। ਮੰਗਤ ਤਾਂ ਨਿੱਤ ਹੀ ਜੰਗ ਲੜਦੈ। ਪੱਕਾ ਚਿਸ਼ਤੀ ਸਰਹੱਦ ਨਾਲ ਖਹਿੰਦਾ ਪਿੰਡ ਹੈ। ਭੈਣ ਦਾ ਵਿਆਹ ਰੱਖਿਆ। ਉਪਰੋਂ ਹੁਕਮ ਆਏ, ਖਾਲੀ ਕਰੋ ਪਿੰਡ। ਢਾਈ ਵਰੇ੍ਹ ਪਹਿਲਾਂ ਦੀ ਗੱਲ ਹੈ। ਜਦੋਂ ਸਰਜੀਕਲ ਹਮਲਾ ਹੋਇਆ। ਪਿਓ ਗੁਰਦੇਵ ਸਿਓ, ਪੁੱਤ ਮੰਗਤ ਦਾ ਮੰਜਾ ਫਾਜ਼ਿਲਕਾ ਕੈਂਪ ’ਚ ਚੁੱਕ ਲਿਆਇਆ। ਫਿਰ ਬਾਪ ਦੇ ਅੱਥਰੂ ਧੀ ਦੇ ਮਹਿੰਦੀ ਵਾਲੇ ਹੱਥਾਂ ’ਤੇ ਡਿੱਗੇ। ਬਾਪ ਦੀ ਅਰਥੀ ਕੈਂਪ ਚੋਂ ਉੱਠੀ। ਪਿੰਡ ਖਾਲੀ ਸੀ, ਸਿਵਾ ਬਲ ਰਿਹਾ ਸੀ। ਗੁਰਦੇਵ ਦਾ ਘਰ ਸਦਾ ਲਈ ਖਾਲੀ ਹੋ ਗਿਆ। ਤਿੰਨੋਂ ਧੀਆਂ ਦੇ ਵਿਆਹ ਪਿੰਡ ਨੇ ਕੀਤੇ। ਪੁੱਤ ਦੀ ਬਿਮਾਰੀ ’ਚ ਸਭ ਕੁਝ ਵਿੱਕ ਗਿਆ। ਢਾਈ ਏਕੜ ਜ਼ਮੀਨ ਬਚੀ ਹੈ, ਉਸ ਤੋਂ ਵੱਡਾ ਕਰਜ਼ਾ। ਮਾਂ ਪੁੱਤ ਪਿੰਡੋਂ ਚਲੇ ਗਏ ਨੇ। ਸਿਆਸੀ ਸੁੱਥਰੇ ਥੋੜਾ ਰੁੱਝੇ ਹੋਏ ਹਨ, ਚੋਣਾਂ ਦਾ ਕੀ ਪਤੈ। ਕਦੋਂ ਬਿਗਲ ਵੱਜ ਜਾਵੇ। ਮਾਂ ਪੁੱਤ ਵੋਟ ਵੀ ਪਾਉਣਗੇ ’ਤੇ ਲੜਨਗੇ ਵੀ। ਬੱਸ ਬਿਮਾਰੀ ਤੋਂ ਵਿਹਲੇ ਹੋ ਜਾਣ। ਬਰਨਾਲੇ ਦੇ ਪਿੰਡ ਬੀਹਲਾ ਦੇ ਬਜ਼ੁਰਗ ਜਸਪਾਲ ਸਿੰਘ ਦਾ ਵੀ ਖੂਨ ਖੌਲਿਆ। ਆਖਰੀ ਸਾਹ ਤੱਕ ਲੜਨਾ ਚਾਹੁੰਦਾ। ਦੁੱਖਾਂ ਦਾ ਏਰੀਆ ਕਮਾਂਡਰ ਜੋ ਹੋਇਆ। ਪਤਨੀ ਦਾ ਕੈਂਸਰ ,ਉਪਰੋਂ ਦੋ ਧੀਆਂ ਦੇ ਵਿਆਹ। ਪੂਰੀ ਪੈਲੀ ਵਿਕ ਗਈ, ਧੀਆਂ ਤਾਂ ਬੂਹੇ ਤੋਂ ਉਠਾ ਦਿੱਤੀਆਂ ,ਪਤਨੀ ਬਚਾ ਨਹੀਂ ਸਕਿਆ।
ਪਤਨੀ ਦੀ ਸੱਧਰ ਲਈ ਨਵੀਂ ਰਸੋੋਈ ਬਣਾਈ ਪਰ ਮਾਲਕਣ ਤੁਰ ਗਈ। ਇਕਲੌਤਾ ਪੁੱਤ ਦਿਹਾੜੀ ਕਰਨ ਲੱਗਾ। ਮੁੰਡੇ ਨੇ ਪੁਰਾਣਾ ਟਰੈਕਟਰ ਨਹੀਂ ਵੇਚਣ ਦਿੱਤਾ, ਅਖੇ ਦਾਦੇ ਦੀ ਨਿਸ਼ਾਨੀ ਹੈ। ਪੁੱਤ ਸਾਊਦੀ ਅਰਬ ਭੇਜਿਆ। ਖੁਸ਼ੀਆਂ ਪਰਤਣ ਤੋਂ ਪਹਿਲਾਂ ਪੁੱਤ ਦਾ ਵਿਦੇਸ਼ੋਂ ਤਾਬੂਤ ਆ ਗਿਆ। ਪਿਛੇ ਬਚੀ ਹੈ, ’71 ਦੀ ਜੰਗ ਵੇਲੇ ਦੇ ਬਣਾਏ ਦੋ ਕਮਰੇ, ਇੱਕ ਰਸੋਈ, ਪੁਰਾਣਾ ਟਰੈਕਟਰ ਜਾਂ ਫਿਰ ਮੜ੍ਹੀਆਂ ਵਰਗੀ ਚੁੱਪ। ਖੇਤੀ ਦੇ ਮੋਰਚੇ ’ਤੇ ਬਥੇਰਾ ਲੜਿਆ। ਹੁਣ ਕਿਉਂ ਨਹੀਂ ਲੜੇਗਾ। ਬੱਸ ਥੋੜਾ ਸਮਾਂ ਦਿਓ, ਭਿੜੇਗਾ ਵੀ ਜਿਥੇ ਕਹੋਗੇ, ਈਵੀਐਮ ਦਾ ਬਟਨ ਦੀ ਦੱਬੂ, ਥੋੜਾ ਆਪਣੇ ਨਾਲ ਲੜਨ ਤੋਂ ਵਿਹਲਾ ਹੋ ਲਵੇ। ‘ਮੌਤ ਨਾਲ ਕੌਣ ਮੱਥਾ ਲਾਵੇ’ ਖ਼ੂਨਣ ਖੁਰਦ (ਮੁਕਤਸਰ) ਦਾ ਗੁਲਜ਼ਾਰ ਸਿੰਘ ਆਖਦੈ, ‘ਤੁਸੀਂ ਪਾਸੇ ਹੋ ਜਾਓ, ਮੈਂ ਟੱਕਰਾਂਗਾ’। ਦੁੱਖਾਂ ਦੇ ਸਤਲੁਜ ਨੇ 80 ਵਰ੍ਹਿਆਂ ਦੇ ਇਸ ਮਜ਼ਦੂਰ ਨੂੰ ਪੱਤਣੋਂ ਉਖਾੜ ਦਿੱਤਾ। ਫਿਰ ਵੀ ਆਖਦੈ.. ਲੜਾਂਗਾ। ਇਸ ਬਾਬੇ ਦਾ ਰਾਹੂ ਕੇਤੂ ਕੀ ਵਿਗਾੜ ਦੇਣਗੇ।ਨੇਤਾ ਆਖਦੇ ਨੇ, ਭੁੱਲ ਜਾਓ ਤੇ ਮਿੱਟੀ ਪਾਓ, ਵੱਡੇ ਜਿਗਰੇ ਵਾਲੇ ਹੋ। ਸੱਚੀਓ ਦਲਿਤ ਬਾਬੇ ਦਾ ਜਿਗਰਾ ਵੱਡੈ। ਪਹਿਲਾਂ ਨੂੰਹ ਖੁਦਕੁਸ਼ੀ ਕਰ ਗਈ ਤੇ ਪਿਛੋਂ ਪੁੱਤ। ਪਤਨੀ ਵੀ ਸਾਥ ਛੱਡ ਗਈ। ਨੌ ਸਾਲ ਦੀ ਪੋਤੀ ਤੇ ਪੰਜ ਸਾਲ ਦਾ ਪੋਤਾ, ਇਸ ਉਮਰੇ ਇਨ੍ਹਾਂ ਨੂੰ ਪਾਲਣ ਲਈ ਹੀ ਤਾਂ ਬਾਬਾ ਦਿਹਾੜੀ ਕਰਦੈ। ‘ਹਿੰਦ’ ਦੀ ਲਾਜ ਲਈ ਬਾਬਾ ਲੜਨਾ ਚਾਹੁੰਦੈ, ਬੱਸ ਥੋੜਾ ਸਮਾਂ ਮੰਗਦੈ। ਆਖਦੈ, ਕੁਝ ਪਹਿਰ ਦਿਓ, ਜਰੂਰ ਲੜਾਂਗਾ, ਪਹਿਲਾਂ ਪੋਤੇ ਪੋਤੀ ਦੀ ਫੀਸ ਦਾ ਫਿਕਰ ਮੁਕਾ ਲਵਾਂ। ਆਹ ਜੋ ਪੰਜਾਬ ਦੀਆਂ ਸੜਕਾਂ ’ਤੇ ਕੂਕਦੇ ਨੇ, ਲੜਨਾ ਉਹ ਵੀ ਚਾਹੁੰਦੇ ਨੇ।
ਬੀੜ ਭੋਲੂਵਾਲਾ (ਫਰੀਦਕੋਟ) ਦਾ ਜਗਦੀਸ਼ ਬਾਰਡਰ ’ਤੇ ਲੜਨਾ ਚਾਹੁੰਦਾ ਸੀ। ਕਿਸੇ ਫੌਜੀ ਭਰਤੀ ਵਿਚ ਗੱਲ ਨਾ ਬਣੀ। ਮਾਪੇ ਚਲ ਵਸੇ। ਇਹ ਜਵਾਨ ਹੁਣ ਬਿਨਾਂ ਵਰਦੀ ਤੋਂ ਲੜ ਰਿਹੈ। ਪਹਿਲਾ ਦਿਹਾੜੀ ਕੀਤੀ। ਫਿਰ ਟੈੱਟ ਪਾਸ ਕੀਤਾ। 12 ਵਰ੍ਹਿਆਂ ਤੋਂ ਪੰਜ ਹਜ਼ਾਰ ਵਾਲੀ ਨੌਕਰੀ ਕਰਦੈ। ਕਿਸਮਤ ਰੂੜੀ ਤੋਂ ਵੀ ਭੈੜੀ ਨਿਕਲੀ। ਦੇਸ਼ ਭਗਤੀ ਫਿਰ ਨਹੀਂ ਮਰੀ। ਥੋੜਾ ਠਹਿਰਨਾ, ਟੈਂਕੀ ’ਤੇ ਚੜ੍ਹ ਕੇ ਨਾਅਰੇ ਮਾਰ ਲਵੇ। ਜਦੋਂ ਸਰਕਾਰੀ ਊਠ ਦਾ ਬੁੱਲ੍ਹ ਡਿੱਗਿਆ ਤਾਂ ਫਿਰ ਜਰੂਰ ਲੜੇਗਾ। ਹਾਲੇ ਢਿੱਡ ਲਈ ਲੜ ਲਵੇ। ਵੈਸੇ ਤਾਂ ਪੂਰਾ ਪੰਜਾਬ ਹੀ ਅੱਠੋ ਅੱਠ ਮਾਰ ਰਿਹੈ। ਚਿੰਤਾ ਹੈ ਕਿ ਅਬਦਾਲੀ ਤੋਂ ਨਾ ਹਾਰਨ ਵਾਲੇ ਅਡਾਨੀ ਤੋਂ ਕਿਉਂ ਹਾਰ ਰਹੇ ਨੇ। ਪੰਜ ਹਵਾਈ ਅੱਡੇ ਹੁਣੇ ਮੁੱਠੀ ਵਿਚ ਕੀਤੇ ਨੇ। ਓ ਭਾਈ, ਥੋਡਾ ਢਿੱਡ ਕਿਓ ਦੁਖਦਾ, ਤੁਸੀਂ ‘ਜੈ ਹਿੰਦ’ ਦੇ ਨਾਅਰੇ ਲਾਓ। ਪਟਿਆਲੇ ਮਮਟੀ ਤੋਂ ਡਿੱਗੀ ਕਰਮਜੀਤ ਨੂੰ ਹਾਲੇ ਮੁਆਫ ਕਰਨਾ। ਜਦੋਂ ਗੋਡਿਆਂ ਤੋਂ ਨੌ ਬਰ ਨੌ ਹੋ ਗਈ ਤਾਂ ਜਰੂਰ ਖੜ੍ਹੀ ਹੋ ਕੇ ਆਖੇਗੀ ‘ਭਾਰਤ ਜ਼ਿੰਦਾਬਾਦ’। ਦਿੱਲੀ ਵਾਲੇ ਆਖਦੇ ਨੇ, ‘ਹੁਣ ਮਛਕਾਂ ਦਾ ਭਾਅ ਨਾ ਪੁੱਛੋ’। ਬੱਸ ਜ਼ੋਰ ਦੀ ਬੋਲੋ ‘ਜੈ ਹਿੰਦ ਜੈ ਹਿੰਦ।’ ਕੱਲ ਦੇ ਨਿਆਣੇ ਕਦੇ ਸੜਕਾਂ ਜਾਮ ਕਰਦੇ ਨੇ ਤੇ ਕਦੇ ਪੁੱਲ। ਇੱਕ ਤਾਂ ਉੱਚੀ ਬਹੁਤ ਬੋਲਦੇ ਨੇ, ਅਖੇ ‘ਘਰ ਘਰ ਰੁਜ਼ਗਾਰ’ ਨੀ ਦਿੱਖਦਾ, ਦੋ ਕਰੋੜ ਨੌਕਰੀਆਂ ਕਿੱਥੇ ਨੇ। ਕੌਣ ਸਮਝਾਏ ਇਨ੍ਹਾਂ ਨੂੰ ਕਿ ‘ਮੋਦੀ ਹੈ ਤਾਂ ਮੁਮਕਿਨ ਹੈ’। ਯਕੀਨ ਨਹੀਂ ਤਾਂ ਕੋਈ ਚੈਨਲ ਚਲਾ ਕੇ ਦੇਖ ਲਓ। ਪੀ.ਐਚ.ਡੀ ਧੀਆਂ ਪੁੱਛਦੀਆਂ ਨੇ, ਸ਼ਹੀਦ ਹੋਏ ਅਰਮਾਨਾਂ ਦਾ ਕੀ ਕਰੀਏ।
ਦੁਆਬੇ ਵਾਲੇ ਕੀ ਜਾਣਨ, ਕਪਾਹੀ ਦੇ ਫੁੱਲ ਕਿੰਨੇ ਮਹਿੰਗੇ ਪਏ ਨੇ। ਨਰਮਾ ਪੱਟੀ ਤਾਂ ਵਰ੍ਹਿਆਂ ਤੋਂ ਠੰਡੀ ਜੰਗ ਲੜ ਰਹੀ ਹੈ। ਹਰ ਘਰ ਚਿੱਟੀਆਂ ਚੁੰਨੀਆਂ ਨੇ। ਪੈਲੀ ਤੋਂ ਸਾਹ ਮਿਲਦੈ, ਕੈਂਸਰ ਨੱਪ ਲੈਂਦਾ। ਇਨ੍ਹਾਂ ਘਰਾਂ ’ਤੇ ਦੁੱਖਾਂ ਦੇ ਬੰਬ ਹੀ ਡਿੱਗੇ ਨੇ। ਧੰਨ ਨੇ, ਜਿਹੜੇ ਖਾਰੇ ਪਾਣੀ ਪੀ ਕੇ ਵੀ ਭਾਣੇ ਮੰਨਦੇ ਨੇ। ਪਾਸ਼ ਦੀ ਕਵਿਤਾ ‘ ਏਥੇ ਹਰ ਥਾਂ ਇੱਕ ਬਾਡਰ ਹੈ, ਜਿਥੇ ਸਾਡੇ ਹੱਕ ਖਤਮ ਹੁੰਦੇ ਹਨ, ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ’, ਦੇਸ਼ ਦਾ ਸੱਚ ਹੈ। ਅੱਗੇ ਚੋਣਾਂ ਹਨ, ਟਿਕਟਾਂ ਵੇਲੇ ਸ਼ਹਾਦਤਾਂ ਵਾਲੇ ਚੇਤੇ ਰਹਿਣਗੇ? ਲੋਕ ਸਭਾ ’ਚ 35 ਤਰ੍ਹਾਂ ਦੇ ਕਿੱਤਿਆਂ ਵਾਲੇ ਐਮ.ਪੀ ਹਨ, ਸਾਬਕਾ ਫੌਜੀਆਂ ਵਾਲਾ ਕਾਲਮ ਗਾਇਬ ਹੈ।ਮੁਲਕ ਦਾ ਢਿੱਡ ਭਰਨਾ ਹੋਵੇ, ਸਰਹੱਦਾਂ ’ਤੇ ਲੜਨਾ ਹੋਵੇ, ਅੱਗੇ ਪੰਜਾਬੀ ਨੇ। ਫੌਜ ’ਚ ਤਿੰਨ ਵਰ੍ਹਿਆਂ ਦੌਰਾਨ 15,180 ਪੰਜਾਬੀ ਭਰਤੀ ਹੋਏ। ਪੰਜ ਵਰ੍ਹਿਆਂ ਵਿਚ 52 ਪੰਜਾਬੀ ਜਵਾਨ ਦਹਿਸ਼ਤੀ ਹਮਲਿਆਂ ਵਿਚ ਸ਼ਹੀਦ ਹੋਏ ਹਨ। ਕੋਈ ਸਿਰ ਅਜਿਹਾ ਨਹੀਂ, ਜੋ ਪੁਲਵਾਮਾ ਦੇ ਸ਼ਹੀਦਾਂ ਲਈ ਨਾ ਝੁਕਿਆ ਹੋਵੇ। ਧੰਨ ਉਹ ਮਾਂਵਾਂ, ਜਿਨ੍ਹਾਂ ਸੁਪਨੇ ਤਾਂ ਸਿਰੋਂ ਪਾਣੀ ਵਾਰਨ ਦੇ ਲਏ, ਪੁੱਤਾਂ ਨੂੰ ਹੀ ਦੇਸ਼ ਤੋਂ ਵਾਰ ਦਿੱਤਾ। ਸਲਾਮ ਉਸ ਚੂੜੇ ਵਾਲੀ ਨੂੰ, ਜਿਸ ਦੇ ਹਿੱਸੇ ਜਵਾਨ ਪਤੀ ਦੀ ਪਹਿਲੀ ਛੁੱਟੀ ਵੀ ਨਹੀਂ ਆਈ। ਪਿਆਰੇ ਅਭਿਨੰਦਨ, ਵਿਹਲ ਮਿਲੀ ਤਾਂ ਤੋਪਾਤੋੜ ਐਂਕਰਾਂ ਤੋਂ ਵੀ ‘ਮਿਰਚਾਂ’ ਵਾਰੀ। ਆਖੀ, ਜੋ ਨਿੱਤ ਦੀ ਜੰਗ ਲੜਦੇ ਨੇ, ਵਿੰਗ ਕਮਾਂਡਰਾਂ ਤੋਂ ਘੱਟ ਨਹੀਂ।