Showing posts with label Tirth Yatra.Varansi. Show all posts
Showing posts with label Tirth Yatra.Varansi. Show all posts

Tuesday, April 5, 2016

                              ਖ਼ਜ਼ਾਨਾ ਸਰਕਾਰੀ
    ਹੁਣ ਸਕੂਲੀ ਬੱਚਿਆਂ ਨੂੰ ਤੀਰਥ ਯਾਤਰਾ !
                                ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਹੁਣ ਸਕੂਲੀ ਬੱਚਿਆਂ ਨੂੰ ਵਾਰਾਨਸੀ ਦੀ ਤੀਰਥ ਯਾਤਰਾ ਕਰਾ ਰਹੀ ਹੈ ਜਦੋਂ ਕਿ ਸਕੂਲੀ ਬੱਚਿਆਂ ਲਈ ਵੱਖਰੀ ਵਿਗਿਆਨ ਯਾਤਰਾ ਵੀ ਚੱਲ ਰਹੀ ਹੈ। ਕਰੀਬ ਸਵਾ ਸੌ ਸਕੂਲੀ ਬੱਚੇ ਬਠਿੰਡਾ ਦੇ ਰੇਲਵੇ ਸਟੇਸ਼ਨ ਤੋਂ ਵਾਰਾਨਸੀ ਲਈ ਰਵਾਨਾ ਹੋਣਗੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। ਬਠਿੰਡਾ ਸ਼ਹਿਰ ਚੋਂ 1003 ਯਾਤਰੀ ਭਲਕੇ ਵਾਰਾਨਸੀ ਲਈ ਰਵਾਨਾ ਹੋਣੇ ਹਨ। ਇਨ•ਾਂ ਇੱਕ ਹਜ਼ਾਰ ਯਾਤਰੀਆਂ ਚੋਂ 60 ਸਾਲ ਤੋਂ ਉਪਰ ਦੀ ਉਮਰ ਦੇ ਸਿਰਫ ਇੱਕ ਸੌ ਯਾਤਰੀ ਹਨ ਜਦੋਂ ਕਿ 566 ਯਾਤਰੀਆਂ ਦੀ ਉਮਰ 40 ਸਾਲ ਤੱਕ ਦੀ ਹੈ। ਅੱਠ ਸਾਲ ਤੋਂ 20 ਸਾਲ ਤੱਕ ਦੀ ਉਮਰ ਕਰੀਬ 196 ਯਾਤਰੀ ਵਾਰਾਨਸੀ ਜਾ ਰਹੇ ਹਨ ਜਿਨ•ਾਂ ਚੋਂ ਬਹੁਗਿਣਤੀ ਬੱਚਿਆਂ ਦੀ ਹੈ। ਟਰੇਨ ਦੇ ਢਾਈ ਸੌ ਯਾਤਰੀਆਂ ਦੀ ਉਮਰ 8 ਸਾਲ ਤੋਂ 30 ਸਾਲ ਤੱਕ ਦੀ ਹੈ। ਦੇਸ਼ ਦੇ ਚਾਰ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਵੀ ਤੀਰਥ ਯਾਤਰਾ ਕਰਾ ਰਹੀਆਂ ਹਨ ਪ੍ਰੰਤੂ ਉਨ•ਾਂ ਸੂਬਿਆਂ ਵਿਚ ਸਰਕਾਰੀ ਤੀਰਥ ਯਾਤਰਾ ਸਿਰਫ਼ ਉਨ•ਾਂ ਲੋਕਾਂ ਨੂੰ ਕਰਾਈ ਜਾ ਰਹੀ ਹੈ ਜਿਨ•ਾਂ ਦੀ ਉਮਰ 60 ਸਾਲ ਜਾਂ ਇਸ ਤੋਂ ਉਪਰ ਹੈ। ਇਸ ਸ਼ਰਤ ਲਾਜ਼ਮੀ ਕਰਾਰ ਦਿੱਤੀ ਗਈ ਹੈ।
                     ਪੰਜਾਬ ਸਰਕਾਰ ਤਰਫ਼ੋਂ ਅਜਿਹੀ ਕੋਈ ਸ਼ਰਤ ਨਹੀਂ ਲਗਾਈ ਗਈ ਹੈ ਜਿਸ ਕਰਕੇ ਭਲਕੇ ਵਾਰਾਨਸ਼ੀ ਦੀ ਯਾਤਰਾ ਕਰਨ ਵਾਲਿਆਂ ਵਿਚ 60 ਸਾਲ ਤੋਂ ਉਪਰ ਦੀ ਉਮਰ ਦੇ ਸਿਰਫ਼ 100 ਯਾਤਰੀ ਹੀ ਹਨ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਹਿਲੀ ਤਿਮਾਹੀ ਵਿਚ ਵਾਰਾਨਸੀ ਦੀ ਯਾਤਰਾ ਤੇ 5.56 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪੰਜਾਬ ਸਰਕਾਰ ਤਰਫ਼ੋਂ ਵਾਰਾਨਸੀ ਯਾਤਰਾ ਲਈ ਪ੍ਰਤੀ ਯਾਤਰਾ 9610 ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਹਿਸਾਬ ਨਾਲ ਬਜ਼ੁਰਗਾਂ ਤੇ ਸਿਰਫ਼ 9.61 ਲੱਖ ਰੁਪਏ ਹੀ ਖਰਚ ਹੋਣਗੇ ਜਦੋਂ ਕਿ ਬਾਕੀ ਸਾਰਾ ਖਰਚਾ ਬੱਚਿਆਂ ਅਤੇ ਨੌਜਵਾਨਾਂ ਤੇ ਜਿਆਦਾ ਹੋਵੇਗਾ। ਭਲਕੇ ਵਾਰਾਨਸੀ ਯਾਤਰਾ ਲਈ 1003 ਯਾਤਰੀਆਂ ਚੋਂ 522 ਔਰਤਾਂ ਅਤੇ 481 ਪੁਰਸ਼ ਯਾਤਰੀ ਹਨ। ਅੱਠ ਅੱਠ ਵਰਿ•ਆਂ ਦੇ ਚਾਰ ਬੱਚੇ ਵੀ ਯਾਤਰਾ ਵਿਚ ਜਾ ਰਹੇ ਹਨ ਅਤੇ ਨੌ ਵਰਿ•ਆਂ ਦਾ ਬੱਚਾ ਵੀ ਯਾਤਰਾ ਵਿਚ ਸ਼ਾਮਲ ਹੈ। ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਕਰਮ ਚੰਦ 77 ਵਰਿ•ਆਂ ਦਾ ਹੈ। ਵਾਰਾਨਸੀ ਯਾਤਰਾ ਲਈ ਵੱਡੀ ਗਿਣਤੀ ਬਠਿੰਡਾ ਸ਼ਹਿਰ ਦੇ ਲਾਈਨੋਪਾਰ ਇਲਾਕੇ ਦੇ ਲੋਕਾਂ ਦੀ ਹੈ।
                        ਲਾਈਨਪਾਰ ਏਰੀਏ ਦੇ ਇਕੱਲੇ ਸੰਜੇ ਨਗਰ ਦੇ 141 ਯਾਤਰੀ ਹਨ ਜਦੋਂ ਕਿ ਪ੍ਰਤਾਪ ਨਗਰ ਦੇ 117 ਅਤੇ ਪਰਸ ਰਾਮ ਨਗਰ ਦੇ 77 ਯਾਤਰੀ ਹਨ। ਇਸੇ ਤਰ•ਾਂ ਆਵਾ ਬਸਤੀ ਦੇ 75 ਅਤੇ ਨਰੂਆਣਾ ਰੋਡ ਦੇ 90 ਯਾਤਰੀ ਹਨ। ਡਿਪਟੀ ਕਮਿਸ਼ਨਰ ਡਾ.ਬਸੰਤ ਗਰਗ ਨੇ ਅਤੇ ਹੋਰਨਾਂ ਅਫਸਰਾਂ ਨੇ ਅੱਜ ਯਾਤਰੀ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਅਤੇ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਸਰਕਾਰੀ ਪੱਖ ਜਾਣਨ ਲਈ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਫੋਨ ਕੀਤਾ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ।