Showing posts with label dyalpura bhaika. Show all posts
Showing posts with label dyalpura bhaika. Show all posts

Saturday, April 13, 2013



                                       ਰੁਲ ਗਈ ਜ਼ਿੰਦਗੀ
                    ....ਹੁਣ ਕਿਸ ਦਰ ਤੇ ਜਾਈਏ !
                                        ਚਰਨਜੀਤ ਭੁੱਲਰ
ਬਠਿੰਡਾ : ਇਸ ਤਰ੍ਹਾਂ ਆਸ ਦੀ ਆਖਰੀ ਤੰਦ ਹੀ ਟੁੱਟ ਜਾਵੇਗੀ, ਇਸ ਪਿੰਡ ਦੀ ਜੂਹ ਨੇ ਵੀ ਕਦੇ ਕਿਆਸ ਨਹੀਂ ਕੀਤਾ ਸੀ। ਪਿੰਡ ਦਿਆਲਪੁਰਾ ਭਾਈਕਾ ਦੇ ਉਸ ਘਰ (ਦਵਿੰਦਰਪਾਲ ਸਿੰਘ ਭੁੱਲਰ ਦੇ ਘਰ) ਨਾਲ ਹੁਣ ਕੀ ਬੀਤੇਗੀ ਜਿਸ ਨੂੰ ਵਰ੍ਹਿਆਂ ਤੋਂ ਤਾਲਾ ਲੱਗਾ ਹੋਇਆ ਹੈ। ਵਰ੍ਹਿਆਂ ਤੋਂ ਉਦਾਸੀ ਵਿੱਚ ਘਿਰੇ ਇਸ ਘਰ ਦੀ ਆਸ ਦੀ ਆਖਰੀ ਤੰਦ ਵੀ ਹੁਣ ਟੁੱਟ ਗਈ ਹੈ। ਸੁਪਰੀਮ ਕੋਰਟ ਦੇ ਫੈਸਲੇ ਨੇ ਇਸ ਘਰ ਦੀ ਹੋਣੀ ਵੀ ਤੈਅ ਕਰ ਦਿੱਤੀ ਹੈ। ਦਵਿੰਦਰਪਾਲ ਸਿੰਘ ਭੁੱਲਰ ਦੇ ਇਸ ਘਰ ਨੂੰ ਸੁਪਰੀਮ ਕੋਰਟ ਤੋਂ ਹੀ ਇੱਕੋ ਇੱਕ ਆਸ ਬਚੀ ਸੀ। ਜਦੋਂ ਅੱਜ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਾਂ ਇਸ ਪਿੰਡ ਦੀ ਧੜਕਣ ਹੀ ਰੁੱਕ ਗਈ। ਅੱਜ ਦਾ ਦਿਨ ਇਸ ਪਿੰਡ ਲਈ ਅਹਿਮ ਸੀ। ਲੋਕ ਸਵੇਰ ਤੋਂ ਹੀ ਟੀ.ਵੀ. ਨਾਲ ਜੁੜੇ ਹੋਏ ਸਨ। ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਤਾਂ ਦੁੱਖ ਵਿੱਚ ਪਿੰਡ ਦੇ ਲੋਕਾਂ ਨੇ ਕੰਮ ਧੰਦੇ ਹੀ ਛੱਡ ਦਿੱਤੇ। ਸੁਪਰੀਮ ਕੋਰਟ ਨੇ ਇਸ ਪਿੰਡ ਦੇ ਵਸਨੀਕ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖ ਦਿੱਤੀ ਹੈ।
               ਪਿੰਡ ਦਿਆਲਪੁਰਾ ਵਿੱਚ ਅੱਜ ਸਵੇਰ ਸਮੇਂ ਦਵਿੰਦਰਪਾਲ ਸਿੰਘ ਭੁੱਲਰ ਦੀ ਭੂਆ ਜੰਗੀਰ ਕੌਰ ਨੇ ਆਪਣੇ ਪਰਿਵਾਰ ਸਮੇਤ ਪਿੰਡ ਦੇ ਗੁਰੂ ਘਰਾਂ ਵਿੱਚ ਅਰਦਾਸ ਕੀਤੀ ਕਿ ਦਿੱਲੀ ਤੋਂ ਸੁੱਖ ਦਾ ਸੁਨੇਹਾ ਆਵੇ। ਉਸ ਨੇ ਤਾਂ ਸੁੱਖਣਾ ਵੀ ਸੁੱਖੀ ਕਿ ਹਵਾ ਦਾ ਠੰਢਾ ਬੁੱਲਾ ਆਇਆ ਤਾਂ ਅਗਲੇ ਵਰ੍ਹੇ ਆਖੰਡ ਪਾਠ ਵੀ ਕਰਾਏਗੀ। ਜਦੋਂ ਟੀ.ਵੀ. 'ਤੇ ਖ਼ਬਰ ਆਈ ਤਾਂ ਉਸ ਨੂੰ ਹੌਲ ਪੈ ਗਿਆ। ਜਦੋਂ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਆਖਿਆ ਹੁਣ ਕੁਝ ਪੱਲੇ ਨਹੀਂ ਰਿਹਾ, ਬੱਸ ਘਰ ਉਜੜ ਗਿਆ। ਉਸ ਨੇ ਆਖਿਆ ਕਿ ਇਹ ਆਸ ਨਹੀਂ ਸੀ ਕਿ ਸੁਪਰੀਮ ਕੋਰਟ 'ਚੋਂ ਇਹ ਫੈਸਲਾ ਆ ਜਾਵੇਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਵਿੰਦਰਪਾਲ ਭੁੱਲਰ ਦੇ ਛੋਟੇ ਭਰਾ ਤੇਜਿੰਦਰਪਾਲ ਸਿੰਘ ਨੇ ਰਾਤ ਅਮਰੀਕਾ 'ਚੋਂ ਪਿੰਡ ਦਿਆਲਪੁਰਾ ਵਿੱਚ ਫੋਨ ਕੀਤਾ ਸੀ ਤੇ ਉਮੀਦ ਪ੍ਰਗਟਾਈ ਸੀ ਕਿ ਅੱਜ ਦਾ ਦਿਨ ਚੰਗਾ ਸੁਨੇਹਾ ਲੈ ਕੇ ਆਵੇਗਾ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਤੇਜਿੰਦਰਪਾਲ ਸਿੰਘ ਆਪਣੇ ਪਿੰਡ ਆ ਕੇ ਗਿਆ ਸੀ ਤੇ ਦਵਿੰਦਰਪਾਲ ਭੁੱਲਰ ਦੀ ਮਾਂ ਉਪਕਾਰ ਕੌਰ ਵੀ ਕੁਝ ਸਮਾਂ ਪਹਿਲਾਂ ਹੀ ਮੁੜ ਅਮਰੀਕਾ ਗਈ ਹੈ।
              ਭੁੱਲਰ ਦੀ ਭਤੀਜੀ ਸਤਵੀਰ ਕੌਰ ਦਾ ਕਹਿਣਾ ਸੀ ਕਿ ਇਸ ਫੈਸਲੇ ਨੇ ਤਾਂ ਦੁੱਖਾਂ ਦਾ ਪਹਾੜ ਹੀ ਸੁੱਟ ਦਿੱਤਾ ਹੈ। ਉਸ ਨੇ ਕਿਹਾ ਕਿ ਪਰਿਵਾਰ ਤਾਂ ਪਹਿਲਾਂ ਹੀ 20 ਵਰ੍ਹਿਆਂ ਤੋਂ ਦੁੱਖਾਂ ਦੀ ਚੱਕੀ ਵਿੱਚ ਪਿਸ ਰਿਹਾ ਹੈ। ਉੱਪਰੋਂ ਹੁਣ ਆਖਰੀ ਉਮੀਦ ਟੁੱਟਣ ਕਰਕੇ ਕੋਈ ਦਰ ਨਹੀਂ ਬਚਿਆ। ਅੱਜ ਦੇਵਿੰਦਰਪਾਲ ਸਿੰਘ ਦੇ ਘਰ ਕੋਲ ਰਹਿੰਦੇ ਚਾਚੇ- ਤਾਇਆਂ ਦੇ ਘਰ ਪਿੰਡ ਦੇ ਲੋਕ ਪੁੱਜਣੇ ਸ਼ੁਰੂ ਹੋ ਗਏ ਤਾਂ ਜੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਸਕੇ। ਪਿੰਡ ਦੀਆਂ ਸੱਥਾਂ ਵੀ ਅੱਜ ਚੁੱਪ ਹੋ ਗਈਆਂ ਅਤੇ ਘਰ ਘਰ 'ਚੋਂ ਇੱਕੋ ਆਵਾਜ਼ ਸੁਣ ਰਹੀ ਸੀ ਕਿ ਹੁਣ ਕਿਸ ਦਰ 'ਤੇ ਜਾਈਏ। ਦਵਿੰਦਰਪਾਲ ਸਿੰਘ ਭੁੱਲਰ ਦੇ ਘਰ ਦਾ ਗੁਆਂਢੀ ਸੁਬੇਗ ਸਿੰਘ ਆਖਦਾ ਹੈ ਕਿ ਦਵਿੰਦਰਪਾਲ ਤਾਂ ਵਰ੍ਹਿਆਂ ਤੋਂ ਜੇਲ੍ਹ ਵਿੱਚ ਪਲ ਪਲ ਮਰ ਰਿਹਾ ਹੈ, ਹੋਰ ਕਸਰ ਕੋਈ ਬਾਕੀ ਰਹਿੰਦੀ ਸੀ। ਉਸ ਨੇ ਆਖਿਆ ਕਿ ਉਨ੍ਹਾਂ ਨੂੰ ਤਾਂ ਗੁਆਂਢ ਵਿੱਚ ਹੁਣ ਖੁਸ਼ੀਆਂ ਦਾ ਵਾਸਾ ਹੋਣ ਦੀ ਕੋਈ ਉਮੀਦ ਨਹੀਂ ਬਚੀ ਹੈ। ਦੱਸਣਯੋਗ ਹੈ ਕਿ ਦਵਿੰਦਰਪਾਲ ਭੁੱਲਰ ਕੋਲ ਕਰੀਬ 15 ਏਕੜ ਜ਼ਮੀਨ ਹੈ ਜੋ ਕਿ ਠੇਕੇ 'ਤੇ ਦਿੱਤੀ ਜਾਂਦੀ ਹੈ। ਦਵਿੰਦਰਪਾਲ ਸਿੰਘ ਭੁੱਲਰ ਦੇ ਪਿਓ ਬਲਵੰਤ ਸਿੰਘ ਪੱਟੀ ਨੇ ਕਰੀਬ 43 ਸਾਲ ਪਹਿਲਾਂ ਇਸ ਪਿੰਡ ਵਿੱਚ ਮਕਾਨ ਬਣਾਇਆ ਸੀ।
            ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਾਲੇ ਦਿਨਾਂ ਵਿੱਚ ਉਹ ਵੀ ਮਾਰਿਆ ਗਿਆ ਸੀ ਤੇ ਉਸ ਦਾ ਇੱਕ ਰਿਸ਼ਤੇਦਾਰ ਵੀ ਮਾਰਿਆ ਗਿਆ ਸੀ। ਦਵਿੰਦਰਪਾਲ ਸਿੰਘ ਭੁੱਲਰ ਨੂੰ ਕਦੋਂ ਦਰਗਾਹੋਂ ਸੱਦਾ ਆ ਜਾਵੇ, ਹੁਣ ਇਹ ਵੀ ਕੋਈ ਪਤਾ ਨਹੀਂ। ਸਰਕਾਰੀ ਰਾਹ ਪੱਧਰੇ ਹੋ ਗਏ ਹਨ। ਇਸ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਦਵਿੰਦਰਪਾਲ ਸਿੰਘ ਭੁੱਲਰ ਤਾਂ ਸਿੱਖ ਹੋਣ ਦੀ ਸਜ਼ਾ ਭੁਗਤ ਰਿਹਾ ਹੈ। ਉਸ ਦਾ ਕਹਿਣਾ ਸੀ ਕਿ ਪੂਰਾ ਪਿੰਡ ਇੱਕੋ ਸੁੱਖ ਸੁੱਖ ਰਿਹਾ ਸੀ ਕਿ ਪਿੰਡ ਦੀ ਏਹ ਜ਼ਿੰਦਗੀ ਬਚ ਜਾਵੇ। ਉਸ ਦਾ ਕਹਿਣਾ ਸੀ ਕਿ ਅਦਾਲਤਾਂ ਦੀ ਆਪਣੀ ਮਜਬੂਰੀ ਹੋ ਸਕਦੀ ਹੈ ਪ੍ਰੰਤੂ ਕੇਂਦਰ ਸਰਕਾਰ ਦੀ ਵੀ ਇਸ ਵਿੱਚ ਅਹਿਮ ਭੂਮਿਕਾ ਹੈ। ਉਨ•ਾਂ ਆਖਿਆ ਕਿ ਕੇਂਦਰ ਨੂੰ ਪੰਜਾਬ ਦੇ ਸੁਖਾਵੇਂ ਹਾਲਾਤ ਚੰਗੇ ਨਹੀਂ ਲੱਗਦੇ ਹਨ। ਉਨ•ਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਫਾਂਸੀ ਦੀ ਸਜ਼ਾ ਮੁਆਫ਼ੀ ਲਈ ਰਾਸ਼ਟਰਪਤੀ ਨੂੰ ਮਤੇ ਭੇਜੇ ਸਨ।