Showing posts with label kotshamir. Show all posts
Showing posts with label kotshamir. Show all posts

Saturday, February 4, 2017

                               ਅਕਾਲੀ ਪਰੇਮ
               ਡੇਰਾ ਪਰੇਮੀ ਦੀ ਸ਼ਰਾਬ ਫੜੀ
                              ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ (ਦਿਹਾਤੀ) ਹਲਕੇ ਦੇ ਪਿੰਡ ਕੋਟਸ਼ਮੀਰ ਵਿਚ ਅੱਜ ਡੇਰਾ ਸਿਰਸਾ ਦੇ ਪ੍ਰੇਮੀ ਗੁਰਤੇਜ ਸਿੰਘ ਦੀ ਕਰੀਬ ਢਾਈ ਸੌ ਬੋਤਲਾਂ ਸ਼ਰਾਬ ਫੜੀ ਗਈ ਹੈ ਜੋ ਵੋਟਰਾਂ ਨੂੰ ਵੰਡਣ ਵਾਸਤੇ ਲਿਜਾਈ ਜਾ ਰਹੀ ਸੀ। ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਅੱਜ ਸ਼ੱਕ ਪੈਣ ਮਗਰੋਂ ਤੁੰਗਵਾਲੀ ਰੋਡ 'ਤੇ ਡੇਰਾ ਪ੍ਰੇਮੀ ਦਾ ਟਰੈਕਟਰ ਟਰਾਲੀ ਘੇਰ ਲਿਆ ਜਿਸ ਦੀ ਤਲਾਸ਼ੀ ਲੈਣ 'ਤੇ ਉਸ ਚੋਂ ਕਰੀਬ 15 ਡੱਬੇ ਸ਼ਰਾਬ ਦੇ ਮਿਲੇ। ਡੇਰਾ ਪ੍ਰੇਮੀ ਦਾ ਸੀਰੀ ਟਰੈਕਟਰ ਚਲਾ ਰਿਹਾ ਸੀ ਜੋ ਮੌਕੇ ਤੇ ਹੀ ਫਰਾਰ ਹੋ ਗਿਆ। 'ਆਪ' ਵਲੰਟੀਅਰਾਂ ਨੇ ਪੁਲੀਸ ਨੂੰ ਫੋਨ ਖੜ•ਕਾ ਦਿੱਤਾ ਅਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਸ਼ਰਾਬ ਕਬਜ਼ੇ ਵਿਚ ਲੈ ਲਈ। ਜਦੋਂ ਟਰੈਕਟਰ ਟਰਾਲੀ ਨੂੰ ਘੇਰਿਆ ਗਿਆ ਤਾਂ ਡੇਰਾ ਪੈਰੋਕਾਰ ਨੇ ਘਰ ਵਿਚ ਰੱਖੀ ਸ਼ਰਾਬ ਆਪਣੇ ਕਣਕ ਦੇ ਖੇਤਾਂ ਵਿਚ ਸੁੱਟ ਦਿੱਤੀ।  ਪੁਲੀਸ ਦੇ ਪੁੱਜਣ ਮਗਰੋਂ 'ਆਪ' ਦੇ ਵਲੰਟੀਅਰਾਂ ਨੇ ਕਣਕ ਦੇ ਖੇਤਾਂ ਦੀ ਤਲਾਸ਼ੀ ਲਈ ਤਾਂ ਖੇਤਾਂ ਵਿਚ ਸੁੱਟੇ ਡੱਬੇ ਇੱਕ ਥਾਂ ਇਕੱਠੇ ਕਰ ਲਏ। ਅੱਜ ਇਸ ਮੌਕੇ 'ਆਪ' ਵਲੰਟੀਅਰਾਂ ਨੇ ਉਦੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਦੋਂ ਪੁਲੀਸ ਨੇ ਗੁਰਤੇਜ ਸਿੰਘ ਦੀ ਰਿਹਾਇਸ਼ ਦੀ ਤਲਾਸ਼ੀ ਲੈਣ ਤੋਂ ਪਾਸਾ ਵੱਟਣਾ ਚਾਹਿਆ।
                       ਚੋਣ ਕਮਿਸ਼ਨ ਦੀ ਟੀਮ ਵੀ ਮੌਕੇ ਤੇ ਪੁੱਜ ਗਈ ਅਤੇ ਪੂਰੀ ਤਲਾਸ਼ੀ ਮੁਹਿੰਮ ਦੀ ਵੀਡੀਓਗਰਾਫੀ ਕੀਤੀ ਗਈ। 'ਆਪ' ਦੀ ਪਿੰਡ ਇਕਾਈ ਦੇ ਪ੍ਰਧਾਨ ਮਲਕੀਤ ਸਿੰਘ, ਬੂਥ ਇੰਚਾਰਜ ਰਣਜੀਤ ਸਿੰਘ,ਸੁਖਰਾਜ ਸਿੰਘ ਅਤੇ ਮੱਖਣ ਸਿੰਘ ਨੇ ਦੱਸਿਆ ਕਿ ਟਰਾਲੀ ਵਿਚ ਡੱਬੇ ਰੱਖ ਕੇ ਉਪਰ ਛਟੀਆ ਵਗੈਰਾ ਸੁੱਟੀਆਂ ਹੋਈਆਂ ਸਨ ਅਤੇ ਇਹ ਸ਼ਰਾਬ ਪਿੰਡ ਵਿਚ ਵੰਡੀ ਜਾਣੀ ਸੀ। ਵਲੰਟੀਅਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਰਾਬ ਨੂੰ ਡੇਰਾ ਪ੍ਰੇਮੀ ਦੇ ਘਰ ਭੰਡਾਰ ਕੀਤਾ ਗਿਆ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ। ਡੀ.ਐਸ.ਪੀ (ਦਿਹਾਤੀ) ਕੁਲਦੀਪ ਸਿੰਘ ਨੇ ਦੱਸਿਆ ਕਿ ਥਾਣਾ ਕੋਟਫੱਤਾ ਵਿਚ ਕੋਟਸ਼ਮੀਰ ਦੇ ਗੁਰਤੇਜ ਸਿੰਘ ਖਿਲਾਫ ਆਬਕਾਰੀ ਐਕਟ ਤਹਿਤ ਦੋ ਪੁਲੀਸ ਕੇਸ ਦਰਜ ਕੀਤੇ ਗਏ ਹਨ। ਗੁਰਤੇਜ ਸਿੰਘ ਦਾ ਸੀਰੀ ਫਰਾਰ ਹੋ ਗਿਆ ਹੈ ਅਤੇ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਉਨ•ਾਂ ਦੱਸਿਆ ਕਿ 158 ਬੋਤਲਾਂ ਟਰਾਲੀ ਚੋਂ ਮਿਲੀਆਂ ਹਨ ਜਦੋਂ ਕਿ 82 ਬੋਤਲਾਂ ਗੁਰਤੇਜ ਸਿੰਘ ਦੇ ਖੇਤਾਂ ਚੋਂ ਮਿਲੀਆਂ ਹਨ।
                      ਅੱਜ ਡੇਰਾ ਪ੍ਰੇਮੀ ਤੋਂ ਸ਼ਰਾਬ ਮਿਲਣ ਦੇ ਕਾਫੀ ਚਰਚੇ ਛਿੜ ਗਏ ਹਨ।  ਦੂਸਰੀ ਤਰਫ ਡੇਰਾ ਪ੍ਰੇਮੀ ਗੁਰਤੇਜ ਸਿੰਘ ਦਾ ਕਹਿਣਾ ਸੀ ਕਿ ਉਸ ਦੀ ਲੜਕੀ ਦਾ ਹਾਲ ਹੀ ਵਿਚ ਵਿਆਹ ਹੋਇਆ ਹੈ ਅਤੇ ਇਸ ਸਮਾਗਮ ਵਾਸਤੇ ਸ਼ਰਾਬ ਲਿਆਂਦੀ ਗਈ ਸੀ ਜਿਸ ਨੂੰ ਅੱਜ ਟਰਾਲੀ ਵਿਚ ਰੱਖ ਕੇ ਵਾਪਸ ਕਰਨ ਜਾ ਰਹੇ ਹਨ। ਚੋਣਾਂ ਨਾਲ ਇਸ ਦਾ ਕੋਈ ਸਬੰਧ ਨਹੀਂ ਸੀ। ਖੇਤਾਂ ਵਿਚ ਕਿਸੇ ਨੇ ਸ਼ਰਾਬ ਸੁੱਟ ਦਿੱਤੀ ਹੋਵੇਗੀ। ਡੇਰਾ ਪ੍ਰੇਮੀ ਹੋਣ ਕਰਕੇ ਸ਼ਰਾਬ ਦੀ ਵਰਤੋਂ ਦੇ ਸੁਆਲ ਦੇ ਜੁਆਬ ਵਿਚ ਉਨ•ਾਂ ਆਖਿਆ ਕਿ ਦੁਨੀਆਦਾਰੀ ਵਿਚ ਮਜ਼ਬੂਰੀ ਵਿਚ ਕਈ ਦਫਾ ਕਰਨਾ ਪੈਂਦਾ ਹੈ।