Showing posts with label state guest. Show all posts
Showing posts with label state guest. Show all posts

Tuesday, October 4, 2016

                              ਟਹਿਲ ਸੇਵਾ
   ਪਾਕਿਸਤਾਨੀ ਮਹਿੰਗੇ,ਕੇਜਰੀਵਾਲ ਸਸਤਾ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਪਾਕਿਸਤਾਨੀ ਪ੍ਰਾਹੁਣੇ ਕਾਫੀ ਮਹਿੰਗੇ ਪਏ ਹਨ ਜਦੋਂ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਖਾਤਰਦਾਰੀ ਸਸਤੀ ਪਈ ਹੈ। ਪੰਜਾਬ ਸਰਕਾਰ ਨੇ ਪਾਕਿਸਤਾਨੀ ਮਹਿਮਾਨਾਂ ਤੇ ਦਿਲ ਖੋਲ ਕੇ ਖਰਚ ਕੀਤਾ ਹੈ। ਉਂਜ ਪੰਜਾਬ ਸਰਕਾਰ ਨੂੰ ਲੰਘੇ ਨੌ ਸਾਲਾਂ ਵਿਚ ਸਰਕਾਰੀ ਪ੍ਰਾਹੁਣਿਆਂ (ਸਟੇਟ ਗੈਸਟ) ਦਾ ਸੇਵਾ ਪਾਣੀ ਕਰੀਬ 5.40 ਕਰੋੜ ਰੁਪਏ ਵਿਚ ਪਿਆ ਹੈ। ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਸਾਲ 2007-08 ਤੋਂ ਸਾਲ 2016-17 (ਜੂਨ 2016 ਤੱਕ) ਦੌਰਾਨ 857 ਸਟੇਟ ਗੈਸਟ/ਡੈਲੀਗੇਸ਼ਨ ਪੰਜਾਬ ਵਿਚ ਆਏ। ਪ੍ਰਾਹੁਣਚਾਰੀ ਵਿਭਾਗ ਤੋਂ ਪ੍ਰਾਪਤ ਤਾਜ਼ਾ ਆਰ. ਟੀ.ਆਈ ਦੇ ਵੇਰਵਿਆਂ ਅਨੁਸਾਰ ਇਸ ਮਹਿਕਮੇ ਨੂੰ ਪ੍ਰਤੀ ਸਟੇਟ ਗੈਸਟ/ਡੈਲੀਗੇਸ਼ਨ ਦੀ ਖ਼ਾਤਰਦਾਰੀ ਤੇ ਔਸਤਨ 63056 ਰੁਪਏ ਖਰਚ ਕੀਤੇ ਹਨ। ਗਠਜੋੜ ਸਰਕਾਰ ਦੇ ਪਹਿਲੇ ਕਾਰਜਕਾਲ ਦੇ ਪੰਜ ਵਰਿ•ਆਂ ਦੌਰਾਨ 538 ਸਟੇਟ ਗੈਸਟ ਅਤੇ ਦੂਸਰੇ ਕਾਰਜਕਾਲ ਦੌਰਾਨ 319 ਸਟੇਟ ਗੈਸਟ ਪੁੱਜੇ ਜਿਨ•ਾਂ ਵਾਸਤੇ ਸਰਕਾਰੀ ਖ਼ਜ਼ਾਨੇ ਚੋਂ ਰਹਿਣ ਸਹਿਣ, ਟਰਾਂਸਪੋਰਟ,ਖਾਣ ਪਾਣੀ ਤੇ ਤੋਹਫ਼ਿਆਂ ਤੇ ਖਰਚ ਕੀਤਾ ਗਿਆ ਹੈ। ਸਾਲ 2012-13 ਦੌਰਾਨ ਤਾਂ ਪ੍ਰਤੀ ਸਟੇਟ ਗੈਸਟ ਔਸਤਨ 1.23 ਲੱਖ ਰੁਪਏ ਦਾ ਖਰਚਾ ਆਇਆ।
                       ਸਰਕਾਰੀ ਵੇਰਵਿਆਂ ਅਨੁਸਾਰ ਸਾਲ 2014-15 ਦੌਰਾਨ ਅੰਮ੍ਰਿਤਸਰ ਜ਼ਿਲ•ੇ ਦੇ ਪਿੰਡ ਜਾਤੀ ਉਮਰਾ ਵਿਚ ਜਦੋਂ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਆਏ ਸਨ ਤਾਂ ਉਨ•ਾਂ ਦੀ ਆਓ ਭਗਤ ਤੇ 11.41 ਲੱਖ ਰੁਪਏ ਦਾ ਖਰਚਾ ਕੀਤਾ ਗਿਆ। ਇਵੇਂ ਫਰਵਰੀ 2014 ਵਿਚ ਜਦੋਂ ਸਰਕਾਰ ਨੇ ਖੇਤੀ ਨਿਵੇਸ਼ਕ ਸੰਮੇਲਨ ਕੀਤਾ ਸੀ ਤਾਂ  ਉਦੋਂ ਪਾਕਿਸਤਾਨ ਦੇ ਖੇਤੀ ਮੰਤਰੀ ਡਾ.ਇਜਾਜ ਮੋਨੀਰ ਡੈਲੀਗੇਸ਼ਨ ਸਮੇਤ ਪੁੱਜੇ ਸਨ ਜਿਨ•ਾਂ ਦੀ ਪ੍ਰਾਹੁਣਚਾਰੀ ਤੇ ਸਰਕਾਰ ਨੇ 8.71 ਲੱਖ ਰੁਪਏ ਖਰਚ ਕੀਤੇ,ਉਨ•ਾਂ ਨੂੰ ਤਾਜ ਹੋਟਲ ਵਿਚ ਠਹਿਰਾਇਆ ਗਿਆ ਸੀ। ਇਸ ਤੋਂ ਇਲਾਵਾ ਦਸੰਬਰ 2012 ਵਿਚ ਕਰਾਏ ਵਿਸ਼ਵ ਕਬੱਡੀ ਕੱਪ ਵਿਚ ਪੁੱਜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਖ਼ਾਤਰਦਾਰੀ ਵੀ 15 ਲੱਖ ਰੁਪਏ ਵਿਚ ਪਈ ਸੀ। ਪਾਕਿਸਤਾਨੀ ਪੰਜਾਬ ਦੇ ਖੇਤੀ ਮੰਤਰੀ ਡਾ.ਫਾਰੂਖ ਜਾਵੇਦ ਫਰਵਰੀ 2014 ਵਿਚ ਜਦੋਂ ਪੰਜਾਬ ਆਏ ਤਾਂ ਉਨ•ਾਂ ਨੂੰ ਦਿੱਤੇ ਤੋਹਫ਼ਿਆਂ ਤੇ 54,653 ਰੁਪਏ ਖਰਚ ਕੀਤੇ ਗਏ। ਇਸ ਤੋਂ ਬਿਨ•ਾਂ ਸਾਊਥ ਕੈਰੋਲੀਨਾ ਦੀ ਗਵਰਨਰ ਨਿੱਕੀ ਹੇਲੀ ਦੀ ਟਹਿਲ ਸੇਵਾ ਵੀ ਖ਼ਜ਼ਾਨੇ ਨੂੰ 14.03 ਲੱਖ ਵਿਚ ਪਈ ਸੀ। ਅਕਤੂਬਰ 2013 ਵਿਚ ਸ੍ਰੀ ਸ੍ਰੀ ਰਵੀ ਸ਼ੰਕਰ ਦੀ ਖ਼ਾਤਰਦਾਰੀ ਤੇ ਵੀ ਸਰਕਾਰ ਨੇ 1.71 ਲੱਖ ਰੁਪਏ ਖਰਚ ਕੀਤੇ ਸਨ।
                      'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਤਿੰਨ ਦਫ਼ਾ ਸਟੇਟ ਗੈਸਟ ਬਣੇ ਹਨ ਜਿਨ•ਾਂ ਤੇ ਖ਼ਾਤਰਦਾਰੀ ਤੇ ਪੰਜਾਬ ਸਰਕਾਰ ਨੇ 2381 ਰੁਪਏ ਖਰਚੇ ਹਨ। ਫਰਵਰੀ 2016 ਵਿਚ ਕੇਜਰੀਵਾਲ ਨੂੰ ਗੁਲਦਸ਼ਤਾ ਭੇਂਟ ਕਰਨ ਤੇ 1300 ਰੁਪਏ ਖਰਚ ਆਏ ਅਤੇ ਮਾਰਚ 2016 ਵਿਚ ਭੇਟ ਕੀਤੇ ਗੁਲਦਸਤੇ ਤੇ 850 ਰੁਪਏ ਖਰਚ ਆਏ। ਸਰਕਟ ਹਾਊਸ ਅੰਮ੍ਰਿਤਸਰ ਵਿਚ 25 ਫਰਵਰੀ ਤੋਂ 29 ਫਰਵਰੀ 2016 ਤੱਕ ਠਹਿਰ ਦੌਰਾਨ ਖਾਣ ਪੀਣ ਆਦਿ ਤੇ 231 ਰੁਪਏ ਖ਼ਜ਼ਾਨੇ ਚੋਂ ਖਰਚੇ ਗਏ।  ਸਰਕਾਰ ਦੇ ਵਜ਼ੀਰ ਅਤੇ ਹੋਰ ਅਧਿਕਾਰੀ ਜਦੋਂ ਵੀ ਪੰਜਾਬ ਵਿਚ ਆਏ ਤਾਂ ਉਹ ਸਰਕਟ ਹਾਊਸ ਹੀ ਠਹਿਰੇ ਜਦੋਂ ਕਿ ਪੰਜਾਬ ਦੇ ਵਜ਼ੀਰ ਅਤੇ ਉਪ ਮੁੱਖ ਮੰਤਰੀ ਆਮ ਤੌਰ ਤੇ ਪੰਜ ਤਾਰਾ ਹੋਟਲਾਂ ਵਿਚ ਠਹਿਰਨ ਨੂੰ ਤਰਜੀਹ ਦਿੰਦੇ ਹਨ। ਦੂਸਰੀ ਤਰਫ਼ ਭਾਰਤ ਦੇ ਰਾਸ਼ਟਰਪਤੀ ਦੇ ਲੜਕੇ ਅਭੀਜੀਤ ਮੁਖਰਜੀ ਦੀ ਜੁਲਾਈ 2014 ਵਿਚ ਪ੍ਰਾਹੁਣਚਾਰੀ ਤੇ ਸਿਰਫ਼ 1518 ਰੁਪਏ ਖਰਚ ਆਏ ਸਨ। ਪੰਜਾਬ ਸਰਕਾਰ ਨੇ ਚੀਫ਼ ਜਸਟਿਸ ਆਫ਼ ਇੰਡੀਆ ਦੇ ਦਸੰਬਰ 2012 ਵਿਚ ਕੀਤੇ ਅੰਮ੍ਰਿਤਸਰ ਦੌਰੇ ਤੇ 16.25 ਲੱਖ ਰੁਪਏ ਖਰਚੇ ਸਨ ਜਿਨ•ਾਂ ਵਿਚ ਮੁੱਖ ਤੌਰ ਤੇ ਵੱਡਾ ਖਰਚਾ ਤੋਹਫ਼ਿਆਂ ਦੀ ਖਰੀਦ ਤੇ ਕੀਤਾ ਗਿਆ।
                       ਦੂਜੇ ਪਾਸੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਫਰਵਰੀ 2013 ਵਿਚ ਪੰਜਾਬ ਦੌਰੇ ਦੌਰਾਨ ਦਿੱਤੇ ਤੋਹਫ਼ਿਆਂ ਤੇ ਸਿਰਫ਼ 9900 ਰੁਪਏ ਖਰਚ ਕਰਨੇ ਪਏ ਸਨ। ਸਟੇਟ ਮਹਿਮਾਨਾਂ ਵਿਚ ਕਾਫ਼ੀ ਡੈਲੀਗੇਸ਼ਨ ਅਤੇ ਜਸਟਿਸ ਆਦਿ ਵੀ ਸ਼ਾਮਲ ਹਨ। ਨਜ਼ਰ ਮਾਰੀਏ ਤਾਂ ਸਾਲ 2008-09 ਵਿਚ ਸਰਕਾਰ ਨੇ ਪ੍ਰਤੀ ਸਟੇਟ ਗੈਸਟ 1.34 ਲੱਖ ਰੁਪਏ ਖਰਚ ਕੀਤੇ ਹਨ ਅਤੇ ਇਸੇ ਤਰ•ਾਂ ਸਾਲ 2011-12 ਵਿਚ ਸਰਕਾਰ ਨੇ ਪ੍ਰਤੀ ਸਟੇਟ ਗੈਸਟ 2.28 ਲੱਖ ਰੁਪਏ ਖਰਚ ਕੀਤੇ ਹਨ। ਸਰਕਾਰੀ ਤੱਥਾਂ ਤੋਂ ਉਭਰਿਆ ਕਿ ਮਹਿਮਾਨਾਂ ਨੂੰ ਸਰਕਾਰ ਮਹਿੰਗੇ ਤੋਹਫ਼ੇ ਦਿੰਦੀ ਹੈ ਅਤੇ ਪੰਜ ਤਾਰਾ ਹੋਟਲਾਂ ਵਿਚ ਪ੍ਰਾਹੁਣਿਆਂ ਨੂੰ ਠਹਿਰਾਇਆ ਜਾਂਦਾ ਹੈ। ਭਾਵੇਂ ਗਠਜੋੜ ਸਰਕਾਰ ਨੇ ਦੂਸਰੇ ਕਾਰਜਕਾਲ ਦੌਰਾਨ ਖਰਚਾ ਕਰਨ ਵਿਚ ਹੱਥ ਘੁੱਟਿਆ ਹੈ ਪ੍ਰੰਤੂ ਚੋਣਾਂ ਵਾਲੇ ਵਰਿ•ਆਂ ਦੌਰਾਨ ਸਰਕਾਰੀ ਪ੍ਰਾਹੁਣਿਆਂ ਤੇ ਖਰਚਾ ਵਧਿਆ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਖਹਿਰਾ ਦਾ ਪ੍ਰਤੀਕਰਮ ਸੀ ਕਿ ਸਟੇਟ ਗੈਸਟ ਤੇ ਹੋਣ ਵਾਲੇ ਖਰਚੇ ਸਬੰਧੀ ਨਾਰਮਜ ਤੈਅ ਹੋਣੇ ਚਾਹੀਦੇ ਹਨ। ਪੰਜਾਬ ਵਿਚ ਸਥਿਤੀ ਵਿੱਤੀ ਐਮਰਜੈਂਸੀ ਵਰਗੀ ਬਣੀ ਹੈ ਤਾਂ ਠੀਕ ਏਦਾ ਦੇ ਹਾਲਾਤਾਂ ਮੌਕੇ ਸਰਕਾਰੀ ਮਹਿਮਾਨਾਂ ਤੇ ਖ਼ਜ਼ਾਨਾ ਲੁਟਾਉਣਾ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹੈ। ਉਨ•ਾਂ ਆਖਿਆ ਕਿ ਸਟੇਟ ਗੈਸਟ ਸਰਕਾਰੀ ਸਰਕਟ ਹਾਊਸ ਵਿਚ ਠਹਿਰਾਏ ਜਾਣੇ ਚਾਹੀਦੇ ਹਨ।

Monday, February 3, 2014

                                       ਖ਼ਾਤਰਦਾਰੀ
             ਪ੍ਰਾਹੁਣਿਆਂ ਦੀ ਸੇਵਾ ਤੇ 5 ਕਰੋੜ ਖਰਚੇ
                                   ਚਰਨਜੀਤ ਭੁੱਲਰ
ਬਠਿੰਡਾ :  ਅਕਾਲੀ ਭਾਜਪਾ ਸਰਕਾਰ ਨੇ ਛੇ ਵਰਿ•ਆਂ ਵਿਚ ਸਰਕਾਰੀ ਪ੍ਰਾਹੁਣਿਆਂ (ਸਟੇਟ ਗੈਸਟ) ਦੀ ਟਹਿਲ ਸੇਵਾ ਤੇ ਕਰੀਬ 5.31 ਕਰੋੜ ਰੁਪਏ ਖਰਚ ਦਿੱਤੇ ਹਨ। ਪੰਜਾਬ ਸਰਕਾਰ ਨੇ ਮਾਲੀ ਸੰਕਟ ਦੇ ਬਾਵਜੂਦ ਪ੍ਰਤੀ ਸਟੇਟ ਗੈਸਟ ਔਸਤਨ 84,432 ਰੁਪਏ ਦਾ ਖਰਚ ਕੀਤਾ ਹੈ। ਸਾਲ 2011 12 ਵਿਚ ਤਾਂ ਸਰਕਾਰ ਨੇ ਪ੍ਰਤੀ ਸਟੇਟ ਗੈਸਟ 2.28 ਲੱਖ ਰੁਪਏ ਖਰਚ ਕੀਤੇ ਹਨ ਜਦੋਂ ਕਿ ਸਾਲ 2008 09 ਵਿਚ ਸਰਕਾਰ ਨੇ ਪ੍ਰਤੀ ਸਟੇਟ ਗੈਸਟ 1.34 ਲੱਖ ਰੁਪਏ ਖਰਚ ਕੀਤੇ ਹਨ । ਇਹ ਚੋਣਾਂ ਵਾਲੇ ਵਰੇ• ਸਨ। ਇਵੇਂ ਹੀ ਪੰਜਾਬ ਭਵਨ ਚੰਡੀਗੜ• ਵਿਚ ਜੋ ਪੇਇੰਗ ਗੈਸਟ ਠਹਿਰੇ ਗਏ, ਉਨ•ਾਂ ਤੇ ਵੀ ਇਨ•ਾਂ ਵਰਿ•ਆਂ ਵਿਚ 2.74 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪ੍ਰਾਹੁਣਚਾਰੀ ਵਿਭਾਗ ਪੰਜਾਬ ਵਲੋਂ ਆਰ.ਟੀ. ਆਈ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਸਾਲ 2007 08 ਤੋਂ 2012 13 ਤੱਕ ਪੰਜਾਬ ਸਰਕਾਰ ਵਲੋਂ 630 ਸਰਕਾਰੀ ਪ੍ਰਾਹੁਣਿਆ ਦੀ ਖ਼ਾਤਰਦਾਰੀ ਕੀਤੀ ਗਈ ਹੈ ਜਿਨ•ਾਂ ਦੀ ਠਹਿਰ,ਟਰਾਂਸਪੋਰਟ,ਖਾਣ ਪਾਣੀ ਅਤੇ ਤੋਹਫ਼ਿਆਂ ਤੇ ਸਰਕਾਰ ਨੇ 5,31,92,735 ਰੁਪਏ ਖਰਚ ਕੀਤੇ ਹਨ। ਸਾਲ 2007 08 ਵਿਚ ਸਭ ਤੋਂ ਜਿਆਦਾ 180 ਸਟੇਟ ਗੈਸਟਾਂ ਦੀ ਪ੍ਰਾਹੁਣਚਾਰੀ ਕੀਤੀ ਗਈ ਅਤੇ ਇਸ ਤੇ 56.07 ਲੱਖ ਰੁਪਏ ਖਰਚ ਕੀਤੇ ਗਏ। ਸਾਲ 2008 09 ਤੇ 95 ਸਰਕਾਰੀ ਪ੍ਰਾਹੁਣਿਆਂ ਤੇ 1.28 ਕਰੋੜ ਰੁਪਏ ਦਾ ਖਰਚਾ ਕੀਤਾ ਗਿਆ ।
                 ਇਸੇ ਤਰ•ਾਂ ਸਾਲ 2010 11 ਵਿਚ 119 ਸਟੇਟ ਗੈਸਟ ਪੰਜਾਬ ਵਿਚ ਠਹਿਰੇ ਜਿਨ•ਾਂ ਤੇ 45.68 ਲੱਖ ਰੁਪਏ ਦਾ ਖਰਚਾ ਆਇਆ ਜਦੋਂ ਕਿ ਸਾਲ 2011 12 ਵਿਚ 61 ਮਹਿਮਾਨਾਂ ਤੇ 1.39 ਕਰੋੜ ਰੁਪਏ ਦਾ ਖਰਚ ਕੀਤਾ ਗਿਆ। ਸਾਲ 2012 13 ਵਿਚ 92 ਸਟੇਟ ਗੈਸਟਾਂ ਤੇ 99.71 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਹੈ। ਇਨ•ਾਂ ਵਰਿ•ਆਂ ਦੌਰਾਨ ਬਜਟ ਦੀ ਕੋਈ ਕਮੀ ਨਹੀਂ ਰਹੀ ਹੈ। ਸਰਕਾਰ ਨੇ ਖ਼ਾਤਰਦਾਰੀ ਤੋਂ ਜਿਆਦਾ ਹੀ ਬਜਟ ਪ੍ਰਾਹੁਣਚਾਰੀ ਵਿਭਾਗ ਨੂੰ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਭਵਨ ਵਿਚ ਸਾਲ 2007 08 ਤੋਂ 2012 13 ਦੌਰਾਨ 8563 ਪੇਇੰਗ ਗੈਸਟ ਠਹਿਰੇ ਹਨ ਜਿਨ•ਾਂ ਤੇ ਸਰਕਾਰ ਨੇ 2,74,53,850 ਰੁਪਏ ਦਾ ਖਰਚਾ ਆਇਆ ਹੈ। ਸਾਲ 2012 13 ਦੌਰਾਨ 1783 ਪੇਇੰਗ ਗੈਸਟ ਠਹਿਰੇ ਜਿਨ•ਾਂ ਤੇ 50.51 ਲੱਖ ਰੁਪਏ ਖਰਚ ਕੀਤੇ ਗਏ ਅਤੇ ਉਸ ਪਹਿਲਾਂ ਸਾਲ 2011 12 ਦੌਰਾਨ ਵੀ 1783 ਪੇਇੰਗ ਗੈਸਟ ਠਹਿਰੇ ਜਿਨ•ਾਂ ਦੀ ਸੇਵਾ ਤੇ 46.59 ਲੱਖ ਰੁਪਏ ਦਾ ਖਰਚਾ ਆਇਆ।
                    ਦਿਲਚਸਪ ਤੱਥ ਹਨ ਕਿ ਪੰਜਾਬ ਭਵਨ ਵਿਚ ਇਨ•ਾਂ ਵਰਿ•ਆਂ ਦੌਰਾਨ 19.19 ਲੱਖ ਰੁਪਏ ਚਿਕਨ,ਮਟਨ ਅਤੇ ਅੰਡਿਆਂ ਤੇ ਖਰਚ ਕੀਤਾ ਗਿਆ ਹੈ ਜਦੋਂ ਕਿ 12.23 ਲੱਖ ਰੁਪਏ ਇਕੱਲੇ ਪੀਣ ਵਾਲੇ ਪਾਣੀ ਤੇ ਖਰਚ ਹੋਇਆ ਹੈ। ਸਰਕਾਰ ਵਲੋਂ ਮਿਨਰਲ ਪਾਣੀ ਕਿਨਲੇਅ,ਬਿਸਲੇਰੀ ਅਤੇ ਕੈਚ ਕੰਪਨੀ ਤੋਂ ਖਰੀਦ ਕੀਤਾ ਜਾਂਦਾ ਹੈ। ਇਵੇਂ ਹੀ ਮਹਿਮਾਨਾਂ ਨੂੰ 5.60 ਲੱਖ ਰੁਪਏ ਦਾ ਜੂਸ ਅਤੇ 3.53 ਲੱਖ ਰੁਪਏ ਦੇ ਕੋਲਡ ਡਰਿੰਕਸ ਪਿਲਾਏ ਗਏ ਹਨ। ਖਰੀਦ ਕੀਤੇ ਇਸ ਸਮਾਨ ਦੇ ਕਰੀਬ 22 ਕੰਪਨੀਆਂ ਅਤੇ ਦਫ਼ਤਰਾਂ ਦੇ ਬਕਾਏ ਸਰਕਾਰ ਵੱਲ ਖੜ•ੇ ਹਨ ਜਿਨ•ਾਂ ਵਿਚ ਅਤੁਲ ਫਿਸ ਅਤੇ ਚਿਕਨ ਸ਼ਾਪ ਦੇ 29,804 ਰੁਪਏ,ਫਲਾਵਰ ਸ਼ਾਪ ਦੇ 10 ਹਜ਼ਾਰ ਰੁਪਏ, ਡੀ.ਸੀ ਹੁਸ਼ਿਆਰਪੁਰ ਦੇ 5.11 ਲੱਖ,ਪਨਸਪ ਦੇ 3.80 ਲੱਖ ਰੁਪਏ ਦੇ ਬਕਾਏ ਸ਼ਾਮਲ ਹਨ।