Showing posts with label wife. Show all posts
Showing posts with label wife. Show all posts

Monday, September 25, 2017

                       ਨਰਿੰਦਰ ਮੋਦੀ 
       ਪਤਨੀ ਦੇ ਚਿੱਟੇ ਧਨ ਤੋਂ ਅਣਜਾਣ
                       ਚਰਨਜੀਤ ਭੁੱਲਰ
ਬਠਿੰਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਪਤਨੀ ਦੇ 'ਚਿੱਟੇ ਧੰਨ' ਦਾ ਵੀ ਕੋਈ ਇਲਮ ਨਹੀਂ ਹੈ ਜਦੋਂ ਕਿ ਉਹ ਦੇਸ਼ ਦੇ 'ਕਾਲੇ ਧੰਨ' ਤੋਂ ਜਾਣੂ ਹੋਣ ਦੀ ਗੱਲ ਆਖਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਇੱਕ ਹਫਤਾ ਪਹਿਲਾਂ ਸਾਲ 2016-17 ਦੀ ਸੰਪਤੀ ਦੀ ਰਿਟਰਨ ਪ੍ਰਧਾਨ ਮੰੰਤਰੀ ਦਫ਼ਤਰ ਕੋਲ ਜਮ•ਾ ਕਰਾਈ ਹੈ, ਉਸ ਅਨੁਸਾਰ ਪ੍ਰਧਾਨ ਮੰਤਰੀ ਨੂੰ ਆਪਣੀ ਪਤਨੀ ਜਸ਼ੋਦਾਬੇਨ ਦੀ ਸੰਪਤੀ ਦਾ ਕੋਈ ਥਹੁ ਪਤਾ ਨਹੀਂ ਹੈ। ਹਾਲਾਂਕਿ ਵਜ਼ੀਰਾਂ ਨੇ ਆਪਣੀ ਪਤਨੀ ਦੀ ਸੰਪਤੀ ਦੇ ਵੇਰਵਿਆਂ ਬਾਰੇ ਏਦਾ ਦਾ ਕੋਈ ਪ੍ਰਗਟਾਵਾ ਨਹੀਂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਪਣੀ ਪਤਨੀ ਦੀ ਸੰਪਤੀ ਬਾਰੇ ਆਖਿਆ ਹੈ ਕਿ 'ਪਤਾ ਨਹੀਂ'।
    ਪ੍ਰਧਾਨ ਮੰਤਰੀ ਦਫ਼ਤਰ ਦੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਪਤੀ ਵਿਚ ਲੰਘੇ ਤਿੰਨ ਵਰਿ•ਆਂ ਵਿਚ 74.01 ਲੱਖ ਰੁਪਏ ਦਾ ਵਾਧਾ ਹੋਇਆ ਹੈ ਜਦੋਂ ਕਿ ਉਨ•ਾਂ ਦੀ ਅਚੱਲ ਸੰਪਤੀ ਦੀ ਬਾਜ਼ਾਰੂ ਕੀਮਤ ਸਿਰਫ਼ ਇੱਕ ਕਰੋੜ ਦੇ ਅਟਕੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਇਸ ਵੇਲੇ ਦੋ ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਹਨ ਜਿਨ•ਾਂ ਵਿਚ ਇੱਕ ਕਰੋੜ ਦੀ ਉਨ•ਾਂ ਦੀ ਅਚੱਲ ਸੰਪਤੀ ਹੈ।
                       ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਪਹਿਲਾਂ ਸਾਲ 2013-14 ਵਿਚ ਉਨ•ਾਂ ਦੀ ਕੁੱਲ ਸੰਪਤੀ 1.26 ਕਰੋੜ ਰੁਪਏ ਸੀ ਜੋ ਕਿ ਹੁਣ ਵਧ ਕੇ 2,00,13,403 ਹੋ ਗਈ ਹੈ। ਹੁਣ ਉਨ•ਾਂ ਕੋਲ 1.49 ਲੱਖ ਰੁਪਏ ਦੀ ਨਗਦ ਰਾਸ਼ੀ ਵੀ ਹੈ। ਪ੍ਰਧਾਨ ਮੰਤਰੀ ਬਣਨ ਮਗਰੋਂ ਪਹਿਲੇ ਮਾਲੀ ਵਰੇ• ਵਿਚ ਉਨ•ਾਂ ਦੀ ਆਮਦਨ ਵਿਚ 15.02 ਲੱਖ ਦਾ ਵਾਧਾ ਹੋਇਆ ਜਦੋਂ ਕਿ ਦੂਸਰੇ ਵਰੇ• 32.22 ਲੱਖ ਰੁਪਏ ਦਾ ਵਾਧਾ ਹੋਇਆ ਹੈ। ਤੀਸਰੇ ਵਰੇ• ਉਨ•ਾਂ ਦੀ ਆਮਦਨ 26.76 ਲੱਖ ਰੁਪਏ ਵਧੀ ਹੈ। ਨਜ਼ਰ ਮਾਰੀਏ ਤਾਂ ਪਿਛਲੇ ਮਾਲੀ ਵਰੇ• ਦੌਰਾਨ ਉਨ•ਾਂ ਦੀ ਆਮਦਨ 1.73 ਕਰੋੜ ਰੁਪਏ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਗਾਂਧੀਨਗਰ (ਗੁਜਰਾਤ) ਵਿਚ ਇੱਕ ਪਲਾਟ ਹੈ । ਚਾਰ ਵਰਿ•ਆਂ ਤੋਂ ਇਸ ਪਲਾਟ ਦੀ ਕੀਮਤ ਕਰੀਬ ਇੱਕ ਕਰੋੜ ਰੁਪਏ ਹੀ ਹੈ। ਪ੍ਰਧਾਨ ਮੰਤਰੀ ਕੋਲ ਸੋਨੇ ਦੀਆਂ ਚਾਰ ਮੁੰਦਰੀਆਂ ਹਨ ਜਿਨ•ਾਂ ਦੀ ਕੀਮਤ 1.28 ਲੱਖ ਰੁਪਏ ਹੈ।
                     ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਨਾ ਤਾਂ ਕੋਈ ਵਾਹਨ ਹੈ ਅਤੇ ਨਾ ਹੀ ਉਨ•ਾਂ ਨੇ ਕਦੇ ਕਰਜ਼ ਲਿਆ ਹੈ ਅਤੇ ਨਾ ਹੀ ਕਰਜ਼ ਦਿੱਤਾ ਹੈ। ਸੰਪਤੀ ਰਿਟਰਨ ਵਿਚ ਇੱਕੋ ਮਦ ਹੈਰਾਨ ਕਰਦੀ ਹੈ ਕਿ ਉਨ•ਾਂ ਨੂੰ ਆਪਣੀ ਪਤਨੀ ਦੇ ਸੰਪਤੀ ਵਾਰੇ ਕੁਝ ਵੀ ਪਤਾ ਨਹੀਂ ਹੈ ਜਦੋਂ ਕਿ ਉਹ ਦੇਸ਼ ਦੀ ਰਗ ਰਗ ਤੋਂ ਜਾਣੂ ਹੋਣ ਦਾ ਦਾਅਵਾ ਕਰਦੇ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦੀ ਸਾਲ 1968 ਵਿਚ ਜਸ਼ੋਦਾਬੇਨ ਨਾਲ ਸ਼ਾਦੀ ਹੋਈ ਸੀ ਅਤੇ ਉਸ ਨੇ ਇੱਕ ਸਕੂਲ ਅਧਿਆਪਕਾ ਵਜੋਂ ਵੀ ਕੰਮ ਕੀਤਾ ਹੈ। ਹੁਣ ਉਹ ਗੁਜਰਾਤ ਹੀ ਰਹਿ ਰਹੀ ਹੈ। ਉਸ ਨੇ ਖੁਦ ਵੀ ਕਦੇ ਆਪਣੀ ਸੰਪਤੀ ਵਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। 

Wednesday, May 17, 2017

                                  ਪਝੱਤਰੀ ਬਾਬਾ
                 ਪਤਨੀ ਖਾਤਰ ਬਣਿਆ ਵਕੀਲ
                                  ਚਰਨਜੀਤ ਭੁੱਲਰ
ਬਠਿੰਡਾ : ਜ਼ਿੰਦਗੀ ਦੇ ਆਖਰੀ ਪੜਾਅ 'ਤੇ ਪੁੱਜੇ 75 ਵਰਿ•ਆਂ ਦੇ ਬਜ਼ੁਰਗ ਨੂੰ ਅੱਜ ਐਲ.ਐਲ.ਬੀ ਦੀ ਡਿਗਰੀ ਮਿਲ ਗਈ ਹੈ। ਆਪਣੀ ਪਤਨੀ ਨੂੰ ਇਨਸਾਫ ਦਿਵਾਉਣ ਲਈ ਇਸ ਬਜ਼ੁਰਗ ਨੇ ਐਲ.ਐਲ.ਬੀ 'ਚ ਦਾਖਲਾ ਲਿਆ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਰੈਗੂਲਰ ਵਕਾਲਤ ਦੀ ਡਿਗਰੀ ਹਾਸਲ ਕੀਤੀ ਹੈ। ਇਸ ਉਮਰ 'ਚ ਐਲ.ਐਲ.ਬੀ ਦੀ ਡਿਗਰੀ ਕਰਨ ਵਾਲਾ ਇਹ ਨਿਵੇਕਲਾ ਤੇ ਇਕਲੌਤਾ ਕੇਸ ਜਾਪਦਾ ਹੈ। ਡਾ. ਕਰਮ ਚੰਦ ਗਰਗ ਨੇ ਹੁਣ ਪ੍ਰਣ ਕੀਤਾ ਹੈ ਕਿ ਉਹ ਮਰਤੇ ਦਮ ਤੱਕ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰੇਗਾ। ਬਠਿੰਡਾ ਦੀ ਗਰੀਨ ਐਵਨਿਊ ਕਲੋਨੀ ਦਾ ਵਸਨੀਕ ਡਾ. ਕਰਮ ਚੰਦ ਗਰਗ ਬਠਿੰਡਾ ਕਾਲਜ ਆਫ਼ ਲਾਅ ਦਾ ਸਭ ਤੋਂ ਬਜ਼ੁਰਗ ਵਿਦਿਆਰਥੀ ਸੀ ਜਦੋਂ ਕਿ ਉਸ ਦੇ ਅਧਿਆਪਕਾਂ ਦੀ ਉਮਰ 35 ਤੋਂ 40 ਸਾਲ ਦੇ ਦਰਮਿਆਨ ਸੀ। ਇਸ ਬਜ਼ੁਰਗ ਨੇ 58 ਫੀਸਦੀ ਨੰਬਰਾਂ ਨਾਲ ਵਕਾਲਤ ਦੀ ਪੜ•ਾਈ ਪਾਸ ਕਰ ਲਈ ਹੈ। ਵੇਰਵਿਆਂ ਅਨੁਸਾਰ ਡਾ.ਕਰਮ ਚੰਦ ਗਰਗ 31 ਮਾਰਚ 2001 ਨੂੰ ਜ਼ਿਲ•ਾ ਫੈਮਿਲੀ ਪਲੈਨਿੰਗ ਅਫਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੀ ਅਤੇ ਉਸ ਤੋਂ ਉਸ ਨੇ ਭਗਤਾ, ਮਮਦੋਟ ਅਤੇ ਬਾਜਾਖਾਨਾ ਵਿਖੇ ਬਤੌਰ ਐਸ.ਐਮ.ਓ ਨੌਕਰੀ ਕੀਤੀ ਹੈ।
                       ਉਨ•ਾਂ ਦੀ ਪਤਨੀ ਡਾ. ਰਾਜੇਸ਼ ਰਾਣੀ ਗੁਪਤਾ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਈ ਹੈ। ਉਸ ਮਗਰੋਂ ਰਾਜੇਸ਼ ਰਾਣੀ ਗੁਪਤਾ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਵਿਚ ਸਕਿਨ ਵਿਭਾਗ ਦੀ ਮੁੱਖੀ ਵੀ ਰਹੀ। ਡਾ.ਕਰਮ ਚੰਦ ਗਰਗ ਦੱਸਦਾ ਹੈ ਕਿ ਜਦੋਂ ਯੂਨੀਵਰਸਿਟੀ ਨੇ ਬਿਨ•ਾਂ ਕੋਈ ਨੋਟਿਸ ਦਿੱਤੇ ਅਤੇ ਸੀਨੀਅਰਤਾ ਨੂੰ ਨਜ਼ਰਅੰਦਾਜ਼ ਕਰਕੇ ਮਈ 2013 ਵਿਚ ਉਸ ਦੀ ਪਤਨੀ ਨੂੰ ਰਲੀਵ ਕਰ ਦਿੱਤਾ ਤਾਂ ਉਸ ਨੇ ਉਸੇ ਦਿਨ ਐਲ.ਐਲ.ਬੀ ਕਰਨ ਦਾ ਫੈਸਲਾ ਕਰ ਲਿਆ ਸੀ। ਬਜ਼ੁਰਗ ਗਰਗ ਨੇ ਜੁਲਾਈ 2013 ਵਿਚ ਬਠਿੰਡਾ ਕਾਲਜ ਆਫ਼ ਲਾਅ ਵਿਚ ਦਾਖਲਾ ਲੈ ਲਿਆ ਸੀ। ਬਜ਼ੁਰਗ ਦੱਸਦਾ ਹੈ ਕਿ ਉਸ ਨੇ ਖੁਦ ਹੀ ਆਪਣੀ ਪਤਨੀ ਦਾ ਕੇਸ ਹਾਈਕੋਰਟ ਵਿਚ ਲੜਿਆ। ਹੁਣ ਉਸ ਦੀ ਡਿਗਰੀ ਮੁਕੰਮਲ ਹੋਈ ਹੈ ਪ੍ਰੰਤੂ ਉਧਰ ਉਨ•ਾਂ ਦਾ ਕੇਸ ਵੀ ਹਾਈਕੋਰਟ ਚੋਂ ਖਤਮ ਹੋ ਗਿਆ ਹੈ। ਉਸ ਨੂੰ ਮੈਡੀਕਲ ਅਤੇ ਕਾਨੂੰਨ ਵਿਚ ਸ਼ੁਰੂ ਤੋਂ ਹੀ ਰੁਚੀ ਰਹੀ ਹੈ ਅਤੇ ਦੋਹਾਂ ਖੇਤਰਾਂ ਦਾ ਕਾਫ਼ੀ ਸਾਹਿਤ ਵੀ ਪੜਿ•ਆ ਹੈ। ਜਦੋਂ ਪਤਨੀ ਨਾਲ ਧੱਕਾ ਹੋਇਆ ਤਾਂ ਉਦੋਂ ਐਲ.ਐਲ.ਬੀ ਕਰਨ ਦਾ ਫੈਸਲਾ ਕਰ ਲਿਆ। ਪੜਾਈ ਦੌਰਾਨ ਉਸ ਨੇ ਦਿਨ ਰਾਤ ਮਿਹਨਤ ਕੀਤੀ।
                      ਉਨ•ਾਂ ਦੱਸਿਆ ਕਿ ਬਹੁਤੇ ਲੋਕ ਨਿਆਂ ਮਹਿੰਗਾ ਹੋਣ ਕਰਕੇ ਬੇਵੱਸ ਹੋ ਜਾਂਦੇ ਹਨ, ਜਿਨ•ਾਂ ਦੀ ਹੁਣ ਉਸ ਨੇ ਬਾਂਹ ਫੜਨ ਦਾ ਫੈਸਲਾ ਕੀਤਾ ਹੈ। ਜਦੋਂ ਇਹ ਪੁੱਛਿਆ ਕਿ 'ਰਾਮ ਰਾਮ' ਜਪਣ ਦੀ ਉਮਰੇ ਪੜ•ਨ ਦੇ ਮੁੜ ਚੱਕਰ 'ਚ ਕਿਉਂ ਪੈ ਗਏ ਤਾਂ ਉਨ•ਾਂ ਆਖਿਆ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਬਚਪਨ ਤੋਂ ਅਖੀਰ ਤੱਕ ਮਨੁੱਖ ਸਿੱਖਣ ਦੀ ਪ੍ਰਕਿਰਿਆ ਵਿਚ ਹੀ ਰਹਿੰਦਾ ਹੈ। ਬਠਿੰਡਾ ਕਾਲਜ ਆਫ਼ ਲਾਅ ਬਠਿੰਡਾ ਦੇ 34 ਵਰਿ•ਆਂ ਦੇ ਪ੍ਰੋ.ਜਸਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਡਾ.ਕਰਮ ਚੰਦ ਉਨ•ਾਂ ਦੇ ਕਾਲਜ ਦੇ ਸਭ ਤੋਂ ਵੱਡੀ ਉਮਰ ਦੇ ਵਿਦਿਆਰਥੀ ਰਹੇ ਜਿਨ•ਾਂ ਨੇ ਰੈਗੂਲਰ ਕਲਾਸਾਂ ਅਟੈਂਡ ਕੀਤੀਆਂ ਹਨ ਅਤੇ ਉਨ•ਾਂ ਦੇ ਤਜਰਬੇ ਬਾਕੀ ਵਿਦਿਆਰਥੀਆਂ ਨੂੰ ਵੀ ਸਹਾਈ ਹੋਏ ਹਨ। ਉਨ•ਾਂ ਦੱਸਿਆ ਕਿ ਉਨ•ਾਂ ਦੀ ਨਜ਼ਰ ਵਿਚ ਪਹਿਲੀ ਦਫਾ ਏਨੀ ਉਮਰ ਵਾਲਾ ਵਿਦਿਆਰਥੀ ਆਇਆ ਹੈ। 

Saturday, June 18, 2011

                  ਖਰਚਾ ਝੱਲੋ ਜਾਂ ਜੇਲ੍ਹ ਚੱਲੋ
                                 ਚਰਨਜੀਤ ਭੁੱਲਰ
ਬਠਿੰਡਾ : ਜੇਲ੍ਹਾਂ ਵਿੱਚ ਏਦਾਂ ਦੇ ਦਰਜਨਾਂ ਪਤੀ ਬੈਠੇ ਹਨ, ਜਿਨ੍ਹਾਂ ਕੋਲੋਂ ਪਤਨੀ ਦਾ ਖਰਚਾ ਨਹੀਂ ਚੁੱਕਿਆ ਗਿਆ। ਪਤਨੀ ਦੇ ਖਰਚੇ ਨੇ ਇਨ੍ਹਾਂ ਪਤੀਆਂ ਨੂੰ ਜੇਲ੍ਹ ਦਿਖਾ ਦਿੱਤੀ ਹੈ। ਖਾਲੀ ਜੇਬ੍ਹ ਨੇ ਉਨ੍ਹਾਂ ਨੂੰ 'ਮਹਿਜ਼ ਕੈਦੀ' ਬਣਾ ਦਿੱਤਾ ਹੈ। ਜੇਲ੍ਹਾਂ ਦੇ ਬੋਰਡਾਂ 'ਤੇ ਇਨ੍ਹਾਂ ਪਤੀਆਂ ਦੀ ਗਿਣਤੀ 'ਮਹਿਜ਼ ਕੈਦੀ' ਵਜੋਂ ਹੋ ਰਹੀ ਹੈ। ਬਠਿੰਡਾ ਜੇਲ੍ਹ ਵਿੱਚ ਇਸ ਤਰ੍ਹਾਂ ਦੇ ਚਾਰ ਪਤੀ ਬੈਠੇ ਹਨ, ਜਿਨ੍ਹਾਂ ਕੋਲ ਪਤਨੀ ਨੂੰ ਦੇਣ ਜੋਗਾ ਖਰਚਾ ਨਹੀਂ ਹੈ। ਇਨ੍ਹਾਂ ਪਤੀਆਂ ਦਾ ਉਦੋਂ ਛੁਟਕਾਰਾ ਹੁੰਦਾ ਹੈ, ਜਦੋਂ ਉਹ ਆਪਣੀ ਪਤਨੀ ਨੂੰ ਖਰਚਾ ਦੇ ਦਿੰਦੇ ਹਨ। ਅਸਲ ਵਿੱਚ ਜਿਸ ਪਤੀ ਪਤਨੀ ਦਾ ਝਗੜਾ ਹੋ ਜਾਂਦਾ ਹੈ, ਉਸ ਵਿੱਚੋਂ ਬਹੁਤੇ ਕੇਸਾਂ ਵਿੱਚ ਪਤਨੀ ਵੱਲੋਂ ਅਦਾਲਤ ਵਿੱਚ ਖਰਚੇ ਦਾ ਕੇਸ ਪਾ ਦਿੱਤਾ ਜਾਂਦਾ ਹੈ। ਪਤਨੀ ਵੱਲੋਂ ਅਦਾਲਤ ਨੂੰ ਇਹੋ ਅਪੀਲ ਕੀਤੀ ਜਾਂਦੀ ਹੈ ਕਿ ਉਸ ਕੋਲ ਗੁਜ਼ਾਰੇ ਦਾ ਕੋਈ ਸਾਧਨ ਨਹੀਂ ਹੈ, ਜਿਸ ਕਰਕੇ ਉਸ ਦੇ ਪਤੀ ਤੋਂ ਖਰਚਾ ਦਿਵਾਇਆ ਜਾਵੇ। ਅਦਾਲਤ ਵੱਲੋਂ ਖਰਚਾ ਮੁਕੱਰਰ ਕਰ ਦਿੱਤਾ ਜਾਂਦਾ ਹੈ।
          ਜਿਨ੍ਹਾਂ ਪਤੀਆਂ ਵੱਲੋਂ ਖਰਚਾ ਨਹੀਂ ਦਿੱਤਾ ਜਾਂਦਾ, ਉਨ੍ਹਾਂ ਨੂੰ ਅਦਾਲਤ ਜੇਲ੍ਹ ਭੇਜ ਦਿੰਦੀ ਹੈ। ਬਠਿੰਡਾ ਜੇਲ੍ਹ ਵਿੱਚ ਬਠਿੰਡਾ ਅਤੇ ਸਿਰਸਾ ਦੇ ਦੋ ਵਿਅਕਤੀ ਹਨ, ਜੋ ਆਪਣੀ ਪਤਨੀ ਨੂੰ ਖਰਚਾ ਨਹੀਂ ਦੇ ਸਕੇ। ਇਸ ਤਰ੍ਹਾਂ ਪਿੰਡ ਲਹਿਰਾ ਖਾਨਾ ਦੇ ਦੋ ਵਿਅਕਤੀ ਹਨ, ਜਿਨ੍ਹਾਂ ਵੱਲੋਂ ਪਤਨੀ ਨੂੰ ਖਰਚਾ ਨਹੀਂ ਦਿੱਤਾ ਗਿਆ। ਪਿੰਡ ਲਹਿਰਾ ਖਾਨਾ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਚੇਅਰਮੈਨ ਹਰਗੋਬਿੰਦ ਸਿੰਘ ਦਾ ਕਹਿਣਾ ਸੀ ਕਿ ਪਿੰਡ ਦੇ ਚਮਕੌਰ ਸਿੰਘ ਦਾ ਆਪਣੀ ਪਤਨੀ ਨਾਲ ਝਗੜਾ ਚੱਲਦਾ ਸੀ ਅਤੇ ਇਸ ਦੌਰਾਨ ਉਸ ਦਾ ਅਦਾਲਤ ਵੱਲੋਂ ਖਰਚਾ ਬੱਝ ਗਿਆ। ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਕੋਲ ਖ਼ੁਦ ਕੋਈ ਸਾਧਨ ਨਹੀਂ ਹੈ, ਜਿਸ ਕਰਕੇ ਉਹ ਜੇਲ੍ਹ ਚਲਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਪਿੰਡ ਦਾ ਬਲਵਿੰਦਰ ਸਿੰਘ ਵੀ ਜੇਲ੍ਹ ਚਲਾ ਗਿਆ ਹੈ, ਜਿਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਸੂਤਰ ਦੱਸਦੇ ਹਨ ਕਿ ਜੋ ਬਠਿੰਡਾ ਦਾ 'ਮਹਿਜ਼ ਕੈਦੀ' ਹੈ, ਉਸ ਕੋਲ ਵੀ ਆਪਣੀ ਪਤਨੀ ਨੂੰ ਦੇਣ ਜੋਗੇ ਪੈਸੇ ਨਹੀਂ ਹਨ। ਬਠਿੰਡਾ ਜੇਲ੍ਹ ਦੇ ਸੁਪਰਡੈਂਟ ਪ੍ਰੇਮ ਕੁਮਾਰ ਗਰਗ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਕੈਦੀਆਂ ਨੂੰ 'ਮਹਿਜ਼ ਕੈਦੀ' ਆਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਅਜਿਹੇ ਕੈਦੀਆਂ ਤੋਂ ਕੋਈ ਕੰਮ ਨਹੀਂ ਲਿਆ ਜਾਂਦਾ। ਉਨ੍ਹਾਂ ਦੱਸਿਆ ਕਿ ਜਿੰਨਾ ਸਮਾਂ ਇਨ੍ਹਾਂ ਵੱਲੋਂ ਖਰਚਾ ਨਹੀਂ ਤਾਰਿਆ ਜਾਂਦਾ, ਉਨਾ ਸਮਾਂ ਇਹ ਅੰਦਰ ਹੀ ਰਹਿੰਦੇ ਹਨ।
           ਲੋਕ ਮੋਰਚਾ ਪੰਜਾਬ ਦੇ ਆਗੂ ਅਤੇ ਐਡਵੋਕੇਟ ਐਨ.ਕੇ.ਜੀਤ ਦਾ ਕਹਿਣਾ ਸੀ ਕਿ ਸੀ.ਆਰ.ਪੀ.ਸੀ ਦੀ ਧਾਰਾ 125 ਤਹਿਤ ਮੀਆਂ ਬੀਵੀ ਦੇ ਝਗੜੇ ਦੇ ਸਬੰਧ ਵਿੱਚ ਖਰਚਾ ਦਿਵਾਇਆ ਜਾਂਦਾ ਹੈ। ਅਦਾਲਤ ਵੱਲੋਂ ਪਤਨੀ ਦਾ ਖਰਚਾ ਬੰਨ੍ਹ ਦਿੱਤਾ ਜਾਂਦਾ ਹੈ, ਜੋ ਪਤੀ ਨੇ ਤਾਰਨਾ ਹੁੰਦਾ ਹੈ। ਜਦੋਂ ਪਤੀ ਖਰਚਾ ਦੇਣ ਵਿੱਚ ਨਾਕਾਮ ਰਹਿੰਦਾ ਹੈ ਤਾਂ ਅਦਾਲਤ ਵੱਲੋਂ ਸ਼ਰਤਾਂ ਸਹਿਤ ਵਰੰਟ ਜਾਰੀ ਕਰ ਦਿੱਤੇ ਜਾਂਦੇ ਹਨ, ਜਿਸ ਤਹਿਤ ਪਤੀ ਨੂੰ ਇਕ ਮਹੀਨੇ ਲਈ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਜੇ ਪਤੀ ਫਿਰ ਵੀ ਖਰਚਾ ਨਹੀਂ ਦਿੰਦਾ ਤਾਂ ਉਸ ਨੂੰ ਇਕ ਹੋਰ ਮਹੀਨਾ ਜੇਲ੍ਹ ਵਿੱਚ ਰਹਿਣਾ ਪੈਂਦਾ ਹੈ। ਇਸ ਤਰ੍ਹਾਂ ਇਹ ਕੈਦ ਵਧਦੀ ਰਹਿੰਦੀ ਹੈ। ਸੂਤਰ ਦੱਸਦੇ ਹਨ ਕਿ ਹਰ ਜੇਲ੍ਹ ਵਿੱਚ ਅਜਿਹੇ ਕੈਦੀਆਂ ਦੀ ਗਿਣਤੀ ਅੱਧੀ ਦਰਜਨ ਦੇ ਆਸਪਾਸ ਰਹਿੰਦੀ ਹੀ ਹੈ। ਜਿਨ੍ਹਾਂ ਪਤੀਆਂ ਵੱਲੋਂ ਖਰਚਾ ਤਾਰ ਦਿੱਤਾ ਜਾਂਦਾ ਹੈ, ਉਹ ਜੇਲ੍ਹ ਵਿੱਚੋਂ ਉਦੋਂ ਹੀ ਬਾਹਰ ਆ ਜਾਂਦੇ ਹਨ। ਜੇ ਪਤੀ ਮੁਲਾਜ਼ਮ ਹੈ ਤਾਂ ਕਈ ਦਫਾ ਅਦਾਲਤ ਉਸ ਮੁਲਾਜ਼ਮ ਪਤੀ ਦੀ ਤਨਖਾਹ ਵੀ ਜ਼ਬਤ ਕਰ ਦਿੰਦੀ ਹੈ ਪਰ ਜਿਨ੍ਹਾਂ ਕੋਲ ਕੁੱਝ ਵੀ ਨਹੀਂ ਹੁੰਦਾ, ਉਨ੍ਹਾਂ ਨੂੰ ਲੰਮਾ ਸਮਾਂ ਜੇਲ੍ਹ ਵਿੱਚ ਹੀ ਗੁਜਾਰਨਾ ਪੈਂਦਾ ਹੈ।