Tuesday, October 4, 2011

           ਛੋਟੀਆਂ ਖਬਰਾਂ ਵੱਡੇ ਅਰਥ
                          ਚਰਨਜੀਤ ਭੁੱਲਰ
ਬਠਿੰਡਾ : ਕੋਈ ਖ਼ਬਰ ਛੋਟੀ ਨਹੀਂ ਹੁੰਦੀ ਹੈ। ਛੋਟੀ ਖ਼ਬਰ ਵੀ ਵੱਡੇ ਅਰਥ ਛੱਡਦੀ ਹੈ। ਬਹੁਤੇ ਖ਼ਬਰਾਂ 'ਤੇ ਤੈਰਵੀਂ ਨਜ਼ਰ ਮਾਰਦੇ ਹਨ। ਉਹ ਕਈ ਖ਼ਬਰਾਂ ਤੋਂ ਖੁੰਝ ਵੀ ਜਾਂਦੇ ਹਨ। ਛੋਟੀ ਜੇਹੀ ਖ਼ਬਰ ਵੀ ਹਿਲਾ ਕੇ ਰੱਖ ਦਿੰਦੀ ਹੈ। ਛੋਟਾ ਬੱਚਾ ਵੀ ਅਚਾਨਕ ਏਦਾ ਦੀ ਗੱਲ ਕਰ ਦਿੰਦਾ ਹੈ ਜੋ ਵੱਡਿਆਂ ਦੀ ਸਮਝੋ ਬਾਹਰ ਹੋ ਜਾਂਦੀ ਹੈ। ਵੱਡੀ ਖ਼ਬਰ ਦੀ ਤਾਂ ਗੱਲ ਹੀ ਹੋਰ ਹੁੰਦੀ ਹੈ। ਜੋ ਬੇਖ਼ਬਰ ਰਹਿੰਦੇ ਹਨ, ਉਨ੍ਹਾਂ ਨੂੰ ਝੰਜੋੜਨ ਲਈ ਨਿੱਕੀ ਖ਼ਬਰ ਹੀ ਕਾਫੀ ਹੁੰਦੀ ਹੈ। ਤਾਕਤ ਚ ਜੋ ਵੱਡੇ ਹੁੰਦੇ ਹਨ,ਉਨ੍ਹਾਂ ਨੂੰ ਤਾਂ ਵੱਡੀ ਖ਼ਬਰ ਵੀ ਛੋਟੀ ਲੱਗਦੀ ਹੈ। ਜੋ ਛੋਟੇ ਹੁੰਦੇ ਹਨ,ਉਨ੍ਹਾਂ ਦੀ ਜ਼ਿੰਦਗੀ ਤਾਂ ਹਰ ਸਤਰ ਨਾਲ ਜੁੜੀ ਹੁੰਦੀ ਹੈ। ਏਦਾ ਦੀ ਨਿੱਕੀ ਖ਼ਬਰ ਦੇਖਦੇ ਹਾਂ। ਪੰਜ ਸੱਤ ਲਾਈਨਾਂ ਦੀ ਖ਼ਬਰ ਇਉਂ ਛਪੀ ਹੋਈ ਸੀ। ਭਦੌੜ ਨੇੜੇ ਇੱਕ ਪਿੰਡ 'ਚ ਮੰਗਤਾ ਘਰੋਂ ਘਰੀਂ ਜਾ ਕੇ ਆਟਾ ਮੰਗਦਾ ਰਿਹਾ। ਸ਼ਾਮ ਹੋਣ ਤੱਕ ਉਸ ਦੀ ਪੋਟਲੀ 'ਚ 10 ਕਿਲੋਂ ਆਟਾ ਇਕੱਠਾ ਹੋ ਗਿਆ। ਛੋਟੇ ਜੇਹਾ ਬੱਚਾ ਉਸ ਦਾ ਰਾਹ ਦਸੇਰਾ ਸੀ।  ਜਿਉਂ ਹੀ ਪਿੰਡ ਦੀ ਜੂਹ ਚੋਂ ਬਾਹਰ ਹੋਇਆ। ਪਿਛਿਓਂ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਆਏ। ਉਨ੍ਹਾਂ ਮੰਗਤੇ ਦੀ ਪੋਟਲੀ ਖੋਹੀ ਤੇ ਅੋਂਹ ਗਏ। ਬੱਚਾ ਰੋਂਦਾ ਰਿਹਾ ਤੇ ਬਜ਼ੁਰਗ ਕੁਰਲਾਉਂਦਾ ਰਿਹਾ। ਨਿੱਕੀ ਜੇਹੀ ਖ਼ਬਰ ਪਿਛੇ ਸੱਚਮੁੱਚ ਵੱਡਾ ਮਸਲਾ ਖੜ੍ਹਾ ਹੈ। ਪੰਜਾਬ ਦੇ ਬੁਰੇ ਦਿਨਾਂ ਦਾ ਇਹ ਸਿਰਾ ਹੈ। ਭੁੱਖਿਆਂ ਨੂੰ ਰਜਾਉਣ ਵਾਲਾ ਇਹ ਸੂਬਾ ਕਿਥੋਂ ਦੀ ਲੰਘ ਰਿਹਾ ਹੈ। ਨੌਜਵਾਨਾਂ ਦੇ ਹੱਥ ਮੰਗਤੇ ਦੀ ਪੋਟਲੀ ਤੱਕ ਪੁੱਜ ਗਏ ਹਨ। ਜਿਨ੍ਹਾਂ ਵੱਡਿਆਂ ਨੂੰ ਹਰ ਮਸਲਾ ਛੋਟਾ ਲੱਗਦਾ ਹੈ,ਉਹ ਜਰੂਰ ਸੋਚਣ। ਪੰਜਾਬ 'ਚ ਹੁਣ ਮੰਗਤਾ ਵੀ ਸੁਰੱਖਿਅਤ ਨਹੀਂ,ਇੱਕ ਵਾਰੀ ਉਹ ਸਿਰ 'ਤੇ ਜ਼ਰੂਰ ਬੋਝ ਪਾਉਣ। ਵੱਡੇ ਸਮਝਦੇ ਹਨ ਕਿ ਸਿਰ ਤਾਂ ਪੈਸਿਆਂ ਨੂੰ ਜ਼ਰਬਾਂ ਦੇਣ ਲਈ ਹੁੰਦੇ ਹਨ। ਗੱਲ ਇਥੇ ਹੀ ਮੁੱਕਦੀ ਹੁੰਦੀ ਤਾਂ ਸਿਰਾਂ ਦੇ ਮੁੱਲ ਨਹੀਂ ਪੈਣੇ ਸਨ। ਕਿਸੇ ਨੇ ਬੰਦ ਬੰਦ ਨਹੀਂ ਕਟਾਉਣੇ ਸਨ। ਆਹ ਦਿਨ ਵੇਖਣ ਲਈ ਚਰਖੜੀਆਂ 'ਤੇ ਨਹੀਂ ਚੜ੍ਹੇ ਸਨ।
        ਚੰਡੀਗੜ੍ਹ ਤੋਂ ਇੱਕ ਖ਼ਬਰ ਪਿਛਲੇ ਦਿਨੀਂ ਛਪੀ ਕਿ ਇੱਕ ਮਹਿਲਾ ਦੀ ਚੇਨੀ ਝਪਟ ਕੇ ਭੱਜਣ ਲੱਗੇ ਨੌਜਵਾਨ ਫੜੇ ਗਏ। ਜਦੋਂ ਪੁਲੀਸ ਨੇ ਤਹਿਕੀਕਾਤ ਕੀਤੀ ਤਾਂ ਉਨ੍ਹਾਂ ਚੋਂ ਇੱਕ ਮੁੰਡਾ ਗਜ਼ਟਿਡ ਅਧਿਕਾਰੀ ਦਾ ਸੀ। ਉਸ ਦੇ ਘਰ ਹਰ ਐਸੋ ਇਸ਼ਰਤ ਦੀ ਵਸਤ ਮੌਜੂਦ ਹੈ। ਕੋਈ ਤੰਗੀ ਤੁਰਸ਼ੀ ਨਹੀਂ ਸੀ। ਏਦਾ ਦੇ ਹਜ਼ਾਰਾਂ ਮਸਲੇ ਦੇਖਣ ਨੂੰ ਮਿਲਦੇ ਹਨ। ਪੁਲੀਸ ਅਫਸਰਾਂ ਦੇ ਮੁੰਡਿਆਂ ਦੇ ਨਾਮ ਅਕਸਰ ਕਿਸੇ ਨਾ ਕਿਸੇ ਘਟਨਾ 'ਚ ਸੁਣੇ ਜਾਂਦੇ ਹਨ। ਏਦਾ ਹੀ ਇੱਕ ਪੀ.ਐਚ.ਡੀ ਮਹਿਲਾ ਰਾਜਧਾਨੀ 'ਚ ਠੱਗੀ ਦੇ ਮਾਮਲੇ 'ਚ ਫੜੀ ਗਈ ਹੈ। ਇਹ ਲੈਕਚਰਾਰ ਮਹਿਲਾ ਕਾਲਜ 'ਚ ਤਾਂ ਦਿਨ ਵੇਲੇ ਨਵੀਂ ਪੌਦ ਨੂੰ ਨੈਤਿਕਤਾ ਦਾ ਪਾਠ ਪੜਾਉਂਦੀ ਸੀ। ਰਾਤ ਨੂੰ ਖੁਦ ਨਵੀਂ ਠੱਗੀ ਦੀ ਵਿਉਂਤ ਬਣਾਉਂਦੀ ਸੀ। ਏਦਾ ਦਾ ਮਾਹੌਲ ਕੋਈ ਰਾਤੋਂ ਰਾਤ ਨਹੀਂ ਬਣਿਆ ਹੈ। ਅੱਗੇ ਮਹਿਮਾ ਸਰਜਾ ਤੋਂ ਛਪੀ ਹੋਈ ਇੱਕ ਖ਼ਬਰ ਵੱਲ ਧਿਆਨ ਮਾਰਦੇ ਹਾਂ। ਖ਼ਬਰ ਦੀ ਜਗ੍ਹਾ ਛੋਟੀ ਸੀ। ਮਾਅਨੇ ਵੱਡੇ ਸਨ। ਨਿੱਕੀ ਜੇਹੀ ਖ਼ਬਰ ਧਿਆਨ ਵੱਡਾ ਮੰਗਦੀ ਸੀ। ਖ਼ਬਰ ਅਨੁਸਾਰ ਇੱਕ ਪਿੰਡ 'ਚ ਸਿਆਸੀ ਧਿਰਾਂ ਨੇ ਸ਼ਮਸ਼ਾਨ ਘਾਟ ਵੀ ਵੱਖੋ ਵੱਖਰੇ ਬਣਾ ਲਏ ਹਨ। ਅਕਾਲੀਆਂ ਦਾ ਸ਼ਮਸ਼ਾਨਘਾਟ ਵੱਖਰਾ। ਕਾਂਗਰਸੀਆਂ ਦਾ ਵੱਖਰਾ। ਬਾਕੀ ਖ਼ਬਰਾਂ ਵਾਂਗ ਇਹ ਖ਼ਬਰ ਵੀ ਇੱਕ ਦਿਨ ਜ਼ਿੰਦਗੀ ਭੋਗ ਕੇ ਤੁਰ ਗਈ। ਖ਼ਬਰ ਦੇ ਅਰਥ ਇਹੋ ਹਨ ਕਿ ਹੁਣ ਜਦੋਂ ਇਸ ਪਿੰਡ 'ਚ ਕੋਈ ਵੀ ਮਰੇਗਾ। ਪਹਿਲਾਂ ਉਸ ਦੀ ਪਾਰਟੀ ਦੇਖੀ ਜਾਏਗੀ। ਦੁਨੀਆਂ ਛੱਡ ਕੇ ਜਾਣ ਵਾਲੇ ਬੱਚੇ ਦਾ ਵੀ ਪਿਛੋਕੜ ਵੇਖਿਆ ਜਾਏਗਾ। ਵੇਖਣਾ ਬਣਦਾ ਹੈ ਕਿ ਪਿੰਡਾਂ 'ਚ ਹੁਣ ਗੱਲ ਜਾਤਾਂ ਤੇ ਅਧਾਰਿਤ ਸ਼ਮਸ਼ਾਨਘਾਟਾਂ 'ਤੇ ਵੀ ਰੁਕੀ ਨਹੀਂ ਹੈ। ਸਿਆਸਤ ਸ਼ਮਸ਼ਾਨਘਾਟਾਂ ਤੱਕ ਚਲੀ ਗਈ ਹੈ। ਫਿਕਰ ਤਾਂ ਇਹੋ ਵੱਡਾ ਸੀ ਕਿ ਪਿੰਡਾਂ 'ਚ ਜ਼ਿਮੀਂਦਾਰਾਂ ਅਤੇ ਦਲਿਤ ਭਾਈਚਾਰੇ ਦੇ ਵੱਖੋ ਵੱਖਰੇ ਸ਼ਮਸ਼ਾਨਘਾਟ ਹਨ। ਕਈ ਪਿੰਡਾਂ 'ਚ ਵੱਡੇ ਸਰਦਾਰਾਂ ਦੇ ਸ਼ਮਸ਼ਾਨਘਾਟ ਵੀ ਵੱਖਰੇ ਹਨ। ਹੋਰ ਕਿਥੇ ਕਿਥੇ ਸਿਆਸਤ ਆਪਣਾ ਠੱਪਾ ਲਾਏਗੀ। ਜਿਨ੍ਹਾਂ ਸਮਾਂ ਲੋਕ ਆਪਣੇ ਠੱਪੇ ਦੇ ਮੂੰਹ ਇਨ੍ਹਾਂ ਵੱਲ ਨਹੀਂ ਕਰਦੇ,ਉਨ੍ਹਾਂ ਸਮਾਂ ਇਸ ਦਾ ਠੱਪਾ ਏਦਾ ਹੀ ਚੱਲੇਗਾ। ਬਰਨਾਲਾ ਜਿਲ੍ਹੇ ਚੋਂ ਖ਼ਬਰ ਛਪੀ ਹੋਈ ਸੀ ਕਿ ਇੱਕ ਪਿੰਡ 'ਚ ਪ੍ਰਾਇਮਰੀ ਸਕੂਲ ਸ਼ਮਸ਼ਾਨਘਾਟ 'ਚ ਲੱਗਦਾ ਹੈ। ਜਦੋਂ ਕੋਈ ਮੁਰਦਾ ਫੂਕਣ ਵਾਸਤੇ ਆਉਂਦਾ ਹੈ ਤਾਂ ਕਲਾਸ ਦੂਸਰੇ ਸੈੱਡ ਹੇਠ ਲੱਗਦੀ ਹੈ। ਜਦੋਂ ਫੁੱਲ ਚੁਗੇ ਜਾਂਦੇ ਹਨ ਤਾਂ ਮੁੜ ਕਲਾਸ ਪੁਰਾਣੇ ਸੈਡ 'ਚ ਆਣ ਲੱਗਦੀ ਹੈ। 64 ਵਰ੍ਹਿਆਂ ਮਗਰੋਂ ਵੀ ਕਲਾਸਾਂ ਸਮਸ਼ਾਨਘਾਟਾਂ 'ਚ ਲੱਗਣੀਆਂ ਹਨ ਤਾਂ ਫਿਟ ਲਾਅਹਣ ਹੈ। ਵੋਟਾਂ ਪਾਉਣ ਵਾਲਿਆਂ ਦਾ ਧਿਆਨ ਇਹ ਖ਼ਬਰ ਜਿਆਦਾ ਮੰਗਦੀ ਹੈ। ਖ਼ਬਰ ਆਖਦੀ ਹੈ ਕਿ ਜੇਹੋ ਜੇਹੇ ਚੁਣੋਗੇ,ਉਹੋ ਜੇਹਾ ਵੱਢੋਗੇ। ਖ਼ਬਰ ਨਿੱਕੀ ਜੇਹੀ ਛਪੀ ਸੀ, ਧਿਆਨ ਵੱਡਾ ਮੰਗਦੀ ਹੈ,ਕੋਈ ਅਣਜਾਣ ਨਹੀਂ ਹੈ।
         ਸ਼੍ਰੋਮਣੀ ਕਮੇਟੀ ਵੋਟਾਂ ਤੋਂ ਦੂਸਰੇ ਦਿਨ ਇੱਕ ਅੰਗਰੇਜ਼ੀ ਅਖ਼ਬਾਰ 'ਚ ਖ਼ਬਰ ਛਪੀ ਕਿ ਹੇਅਰ ਡਰੈਸਰਾਂ ਦੇ ਪੂਰਾ ਦਿਨ ਭੀੜ ਰਹੀ। ਲੀਡਰ ਵੀ ਦਾੜ੍ਹੀ ਕਟਾਉਂਦੇ ਰਹੇ। ਮੋਹਰੀ ਵਰਕਰ ਵੀ ਹੇਅਰ ਡਰੈਸਰਾਂ ਦੇ ਕਤਾਰਾਂ'ਚ ਖੜ੍ਹੇ ਰਹੇ। ਮਤਲਬ ਖ਼ਬਰ ਦਾ ਸਾਫ ਹੈ ਕਿ ਵੋਟਾਂ ਖਾਤਰ ਸਭ ਸਿੰਘ ਸਜੇ ਹੋਏ ਸਨ। ਕੋਈ ਬਾਹਰੋ ਆ ਕੇ ਪੀਹੜੀ ਹੇਠ ਸੋਟਾ ਨਹੀਂ ਫੇਰੂ। ਆਪ ਨੂੰ ਹੀ ਸੋਟਾ ਚੁੱਕਣਾ ਪਊ। ਧਾਰਮਿਕ ਚੋਣਾਂ 'ਚ ਜੋ ਹਾਕਮ ਧਿਰ ਨੇ ਸੋਟੇ ਚੁੱਕੇ ਸਨ, ਉਹੀ ਸੋਟੇ ਕਿਤੇ ਪੀਹੜੀ ਹੇਠ ਫੇਰੇ ਹੁੰਦੇ ਤਾਂ ਹੇਅਰ ਡਰੈਸਰਾਂ ਦੇ ਲਾਈਨਾਂ ਨਹੀਂ ਲੱਗਣੀਆਂ ਸਨ। ਸ਼੍ਰੋਮਣੀ ਕਮੇਟੀ ਚੋਣਾਂ ਦੇ ਦਿਨਾਂ 'ਚ ਸਭ ਅਕਾਲੀ ਲੀਡਰਾਂ ਨੇ ਦਾੜ੍ਹੀਆਂ ਖੋਲ੍ਹੀਆਂ ਹੋਈਆਂ ਸਨ। ਕਾਹਦੇ ਲਈ,ਸਭ ਜਾਣਦੇ ਹਨ। ਗੱਲ ਇੱਥੋਂ ਤੱਕ ਹੀ ਸਿਮਟ ਗਈ ਹੈ। ਹੁਣੇ ਜੇਹੇ ਹੀ ਟਰਾਂਟੋ ਤੋਂ ਖ਼ਬਰ ਛਪੀ ਹੈ ਕਿ ਇੱਕ ਬਜ਼ੁਰਗ ਟਰਾਂਟੋ 'ਚ ਦੇਸੀ ਸ਼ਰਾਬ ਕੱਢਦਾ ਪੁਲੀਸ ਨੇ ਕਾਬੂ ਕੀਤਾ ਹੈ। ਜੋ ਕਸਰ ਇੱਥੇ ਰਹਿ ਰਹੀ ਹੈ,ਬਾਹਰ ਜਾ ਕੇ ਉਹ ਵੀ ਕੱਢੀ ਜਾ ਰਹੇ ਹਨ। ਇਨਸਾਨਾਂ ਨੂੰ ਇਹੋ ਜੇਹੀਆਂ ਖ਼ਬਰਾਂ ਪ੍ਰੇਸ਼ਾਨ ਕਰਦੀਆਂ ਹਨ। ਨੇਤਾ ਲੋਕਾਂ ਲਈ ਇਨ੍ਹਾਂ ਦੇ ਕੋਈ ਮਾਅਨੇ ਨਹੀਂ। ਇਨ੍ਹਾਂ ਦੇ ਚੇਤੇ ਕਮਜ਼ੋਰ ਹਨ। ਕੇਵਲ ਉਹੋ ਹੀ ਯਾਦ ਰਹਿੰਦੀ ਹੈ ਜੋ ਖ਼ਬਰ ਸਿੱਧੀ ਵੋਟ ਨਾਲ ਜੁੜੀ ਹੁੰਦੀ ਹੈ।
          ਕਈ ਦਿਲਚਸਪ ਖ਼ਬਰਾਂ ਵੀ ਹੁੰਦੀਆਂ ਹਨ। ਮਿਸਾਲ ਦੇ ਤੌਰ 'ਤੇ ਕੇਰਲਾ ਦੇ ਇੱਕ ਸਰਕਾਰੀ ਸਕੂਲ ਦਾ ਪਿੰ੍ਰਸੀਪਲ ਇੱਕ ਦਿਨ ਦੀ ਛੁੱਟੀ 'ਤੇ ਚਲਾ ਗਿਆ। ਮਗਰੋਂ ਉਹ ਪਿੰ੍ਰਸੀਪਲ ਦਾ ਚਾਰਜ ਸਕੂਲ ਦੇ ਸੇਵਾਦਾਰ ਨੂੰ ਦੇ ਗਿਆ। ਕਾਰਨ ਇਹ ਸੀ ਕਿ ਪਿੰ੍ਰਸੀਪਲ ਦੀ ਸਕੂਲ ਦੇ ਕਿਸੇ ਵੀ ਸਟਾਫ ਮੈਂਬਰ ਨਾਲ ਬਣਦੀ ਨਹੀਂ ਸੀ। ਇਕੱਲਾ ਸੇਵਾਦਾਰ ਉਸ ਦਾ ਹਮਾਇਤੀ ਸੀ। ਸੇਵਾਦਾਰ ਨੇ ਏਨੀ ਵਫ਼ਾਦਾਰੀ ਨਿਭਾਈ ਕਿ ਪਿੰ੍ਰਸੀਪਲ ਦੀ ਕੁਰਸੀ 'ਤੇ ਬੈਠ ਕੇ ਉਸ ਨੇ ਕੁਝ ਅਧਿਆਪਕਾਂ ਦੀ ਝਾੜ ਝੰਬ ਤੱਕ ਕਰ ਦਿੱਤੀ। ਹਰ ਨਿੱਕੀ ਖ਼ਬਰ ਮਾੜੀ ਵੀ ਨਹੀਂ ਹੁੰਦੀ। ਚੰਗੀ ਹੋਵੇ ਤੇ ਚਾਹੇ ਮਾੜੀ, ਧਿਆਨ ਇੱਕੋ ਜਿਨ੍ਹਾਂ ਖਿੱਚਦੀ ਹੈ। ਝੰਜੋੜਦੀ ਵੀ ਇੱਕੋ ਜਿਨ੍ਹਾਂ ਹੈ। ਉਤਰ ਪ੍ਰਦੇਸ਼ ਚੋਂ ਛਪੀ ਇੱਕ ਹੈਡ ਲਾਈਨ ਵੀ ਜ਼ਿਕਰਯੋਗ ਹੈ। ਦੋ ਵਰ੍ਹੇ ਪਹਿਲਾਂ ਇੱਕ ਰਿਕਸ਼ਾ ਚਾਲਕ ਨੂੰ ਬੈਗ ਲੱਭਾ। ਬੈਗ 'ਚ ਸੋਨੇ ਦੇ ਗਹਿਣੇ ਸਨ। ਰਿਕਸ਼ਾ ਚਾਲਕ ਨੇ ਘਰ ਲਿਆ ਕੇ ਬੈਗ ਘਰ 'ਚ ਟੋਆ ਪੁੱਟ ਕੇ ਦੱਬ ਦਿੱਤਾ। ਦੋ ਸਾਲ ਸੋਚਦਾ ਰਿਹਾ। ਗਹਿਣੇ ਵਰਤਾ ਜਾਂ ਨਾ। ਪਿਛਲੇ ਦਿਨੀਂ ਉਸ ਨੇ ਟੋਏ 'ਚ ਦੱਬਿਆ ਬੈਗ ਕੱਢਿਆ। ਸਿੱਧਾ ਥਾਣੇ ਪੁੱਜ ਗਿਆ। ਪੂਰੀ ਵਾਰਤਾ ਸੁਣਾਉਣ ਮਗਰੋਂ ਕਹਿਣ ਲੱਗਾ ਕਿ ਇਸ ਨੂੰ ਸਰਕਾਰੀ ਖ਼ਜ਼ਾਨੇ 'ਚ ਜਮ੍ਹਾ ਕਰ ਲਓ। ਜਦੋਂ ਥਾਣੇ ਵਾਲਿਆਂ ਪੁੱਛਿਆ ਕਿ ਦੋ ਸਾਲ ਪਿਛੋਂ ਕਿਵੇਂ ਚੇਤਾ ਆ ਗਿਆ। ਉਸ ਦਾ ਜੁਆਬ ਸੀ ਕਿ ਪਿਛਲੇ ਦਿਨੀਂ ਅੰਨੇ ਹਜ਼ਾਰੇ ਦੇ ਇਕੱਠ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਨਾਹਰੇ ਮਾਰਨ ਵਾਲਿਆਂ 'ਚ ਉਹ ਵੀ ਸ਼ਾਮਲ ਸੀ। ਜਦੋਂ ਉਹ ਨਾਹਰੇ ਮਾਰਦਾ ਸੀ ਤਾਂ ਘਰੇ ਦੱਬਿਆ ਇਹੋ ਬੈਗ ਉਸ ਦੇ ਅੰਦਰ ਹੁੱਜਾਂ ਮਾਰਦਾ ਸੀ। ਉਸ ਨੇ ਆਖਿਆ,ਥਾਣੇਦਾਰ ਸਾਹਿਬ,ਮੈਥੋਂ ਜ਼ਮੀਰ ਦੇ ਲਫੇੜੇ ਝੱਲੇ ਨਹੀਂ ਗਏ। ਸਾਂਭੋ ਆਪਣੀ ਅਮਾਨਤ। ਹਾਲਾਂ ਕਿ ਉਸ ਗਰੀਬ ਰਿਕਸ਼ਾ ਚਾਲਕ ਦਾ ਪਰਿਵਾਰ ਇੱਕੋ ਇੱਕ ਰਿਕਸ਼ੇ 'ਤੇ ਹੀ ਪਲਦਾ ਹੈ। ਅਫਸੋਸ ਇਹੋ ਹੈ ਕਿ ਸਵਿਸ ਬੈਂਕਾਂ 'ਚ ਪਈ ਮਾਇਆ ਨੇ ਕਦੇ  ਉਨ੍ਹਾਂ ਦੀ ਜ਼ਮੀਰ ਨੂੰ ਧੱਕੇ ਨਹੀਂ ਮਾਰੇ ਜੋ ਮੁਲਕ ਚਲਾਉਂਦੇ ਹਨ। ਰਿਕਸ਼ਾ ਚਲਾਉਣ ਵਾਲੇ ਤੋਂ ਹੀ ਇਹ ਮੁਲਕ ਚਲਾਉਣ ਵਾਲੇ ਸੇਧ ਲੈ ਲੈਣ।
          ਇੱਕ ਖ਼ਬਰ ਗੁਜਰਾਤ ਤੋਂ ਹੈ। ਹੀਰਿਆਂ ਦਾ ਵਪਾਰੀ ਜਦੋਂ ਆਪਣਾ ਬੈਗ ਆਟੋ ਰਿਕਸ਼ਾ 'ਚ ਰੱਖ ਕੇ ਬੈਠਣ ਲੱਗਾ ਤਾਂ ਆਟੋ ਰਿਕਸ਼ਾ ਵਾਲੇ ਨੇ ਆਟੋ ਤੋਰ ਲਿਆ। ਇਹ ਸਮਝ ਕੇ ਕਿ ਸਵਾਰੀ ਪਿਛੇ ਬੈਠ ਗਈ ਹੈ। ਇੱਧਰ ਵਪਾਰੀ ਆਪਣਾ ਬੈਗ ਚਲੇ ਜਾਣ 'ਤੇ ਸਿੱਧਾ ਥਾਣੇ ਪੁੱਜ ਗਿਆ ਤਾਂ ਜੋ ਆਟੋ ਰਿਕਸ਼ਾ ਵਾਲੇ ਖ਼ਿਲਾਫ਼ ਕੇਸ ਦਰਜ ਕਰਾਇਆ ਜਾ ਸਕੇ। ਉਧਰ ਜਦੋਂ ਆਟੋ ਰਿਕਸ਼ਾ ਵਾਲੇ ਨੂੰ ਪਤਾ ਲੱਗਾ ਕਿ ਪਿਛੇ ਸਵਾਰੀ ਨਹੀਂ, ਇਕੱਲਾ ਬੈਗ ਪਿਆ ਤਾਂ ਉਸ ਨੇ ਬੈਗ ਖੋਲ੍ਹ ਲਿਆ। ਬੈਗ 'ਚ ਹੀਰੇ ਸਨ। ਉਹ ਸਿੱਧਾ ਰੇਲਵੇ ਸਟੇਸ਼ਨ ਗਿਆ। ਉਥੇ ਬੈਗ ਦੀ ਮੁਨਿਆਦੀ ਕਰਾ ਦਿੱਤੀ। ਜਦੋਂ ਬੈਗ ਦਾ ਮਾਲਕ ਨਾ ਆਇਆ ਤਾਂ ਉਹ ਸਿੱਧਾ ਥਾਣੇ ਗਿਆ। ਮੁਨਸ਼ੀ ਨੂੰ ਜਦੋਂ ਸਾਰੀ ਗੱਲ ਦੱਸੀ ਤਾਂ ਉਸ ਨੇ ਆਖਿਆ ਕਿ ਬੈਗ ਦਾ ਮਾਲਕ ਅੰਦਰ ਥਾਣੇਦਾਰ ਕੋਲ ਬੈਠਾ ਹੈ। ਆਟੋ ਵਾਲੇ ਖ਼ਿਲਾਫ਼ ਕੇਸ ਦਰਜ ਕਰਾਉਣ ਆਏ ਵਪਾਰੀ ਨੇ ਬੈਗ ਚੈਕ ਕੀਤਾ। ਹੀਰੇ ਸਹੀ ਸਲਾਮਤ ਸਨ। ਉਸ ਨੇ ਜਦੋਂ ਆਟੋ ਵਾਲੇ ਨੂੰ ਇਨਾਮ ਦੇਣ ਲਈ ਸਿਰ ਉਤਾਂਹ ਚੁੱਕਿਆ ਤਾਂ ਆਟੋ ਰਿਕਸ਼ਾ ਵਾਲਾ ਜਾ ਚੁੱਕਾ ਸੀ। ਇੰਝ ਲੱਗਦਾ ਹੈ ਕਿ ਇਮਾਨ ਤਾਂ ਹੁਣ ਇਕੱਲੇ ਕਿਰਤੀਆਂ 'ਚ ਹੀ ਬਚਿਆ ਹੈ। ਦੋ ਨੰਬਰ ਦੀ ਮਾਇਆ ਨੇ ਬਾਕੀ ਸਭ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਜੋ ਬੇਖ਼ਬਰ ਰਹਿੰਦੇ ਹਨ,ਉਹ ਵੀ ਇਨ੍ਹਾਂ ਖ਼ਬਰਾਂ ਦੇ ਪਾਤਰਾਂ ਦੀ ਹਕੀਕਤ 'ਤੇ ਝਾਤੀ ਮਾਰਨਗੇ। ਨਹੀਂ ਫਿਰ ਉਹ ਦਿਨ ਵੀ ਚੜ੍ਹੇਗਾ ਜਦੋਂ ਬੇਖ਼ਬਰਾ ਨੂੰ ਇਹੋ ਕਿਰਤੀ ਖ਼ਬਰ ਬਣਾ ਦੇਣਗੇ। ਤਿਹਾੜ ਜੇਲ੍ਹ ਵਾਲਿਆਂ ਦੀ ਖ਼ਬਰ ਵੀ ਫਿਰ ਵੱਡੀ ਬਣਦੀ ਹੈ, ਛੋਟੀ ਨਹੀਂ।
           

No comments:

Post a Comment