Showing posts with label Election fund. Show all posts
Showing posts with label Election fund. Show all posts

Tuesday, May 23, 2017

                                          ਫੰਡਾਂ ਦੀ ਜੰਗ
       'ਜਰਨੈਲ' ਅਤੇ 'ਜਨਰਲ' ਜਿੱਤੇ !
                                         ਚਰਨਜੀਤ ਭੁੱਲਰ
ਬਠਿੰਡਾ  : ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵਿਚ  ਫੰਡਾਂ ਦਾ ਸਭ ਤੋਂ ਵੱਡਾ ਗੱਫਾ ਹਲਕਾ ਲੰਬੀ ਦੇ 'ਜਰਨੈਲ' ਨੂੰ ਦਿੱਤਾ ਜਦੋਂ ਕਿ ਭਗਵੰਤ ਮਾਨ ਨੂੰ ਚੋਣ ਫੰਡ ਦੇਣ ਤੋਂ ਹੱਥ ਘੁੱਟਿਆ। ਦੂਸਰੀ ਤਰਫ਼ ਸ਼੍ਰੋਮਣੀ ਅਕਾਲੀ ਦਲ ਨੇ ਐਤਕੀਂ ਪੰਜਾਬ ਚੋਣਾਂ ਵਿਚ ਸਿਰਫ਼ ਪਟਿਆਲਾ (ਸ਼ਹਿਰੀ) ਤੋਂ ਪਾਰਟੀ ਉਮੀਦਵਾਰ ਜਨਰਲ ਜੇ.ਜੇ.ਸਿੰਘ ਨੂੰ ਹੀ 20 ਲੱਖ ਰੁਪਏ ਦੇ ਚੋਣ ਫੰਡ ਦਿੱਤੇ ਹਨ ਜਦੋਂ ਕਿ ਹੋਰ ਕਿਸੇ ਉਮੀਦਵਾਰ ਨੂੰ ਚੋਣ ਫੰਡ ਨਹੀਂ ਦਿੱਤਾ। ਆਲ ਇੰਡੀਆ ਤ੍ਰਿਣਾਮੂਲ ਕਾਂਗਰਸ ਨੇ ਪੰਜਾਬ ਚੋਣਾਂ ਵਿਚ ਕੁੱਦੇ ਆਪਣੇ 20 ਉਮੀਦਵਾਰਾਂ ਨੂੰ ਕੋਈ ਚੋਣ ਫੰਡ ਨਹੀਂ ਦਿੱਤਾ ਜਦੋਂ ਕਿ ਸੀ.ਪੀ.ਆਈ (ਐਮ) ਨੇ ਆਪਣੇ 10 ਉਮੀਦਵਾਰਾਂ ਨੂੰ 20.91 ਲੱਖ ਰੁਪਏ ਦੇ ਚੋਣ ਫੰਡ ਜਾਰੀ ਕੀਤੇ ਸਨ। ਇਵੇਂ ਹੀ 'ਆਪ' ਨੇ ਚੋਣ ਮੈਦਾਨ 'ਚ ਕੁੱਦੇ 45 ਉਮੀਦਵਾਰਾਂ ਨੂੰ ਤਾਂ ਪਾਰਟੀ ਤਰਫ਼ੋਂ ਕੋਈ ਫੰਡ ਭੇਜਣ ਤੋਂ ਪਾਸਾ ਹੀ ਵੱਟਿਆ। ਚੋਣ ਕਮਿਸ਼ਨ ਭਾਰਤ ਸਰਕਾਰ ਕੋਲ ਸਿਆਸੀ ਦਲਾਂ ਵਲੋਂ ਜੋ ਪਾਰਟੀ ਉਮੀਦਵਾਰਾਂ ਨੂੰ ਦਿੱਤੇ ਚੋਣ ਫੰਡਾਂ ਦੇ ਵੇਰਵੇ ਭੇਜੇ ਗਏ ਹਨ, ਉਨ•ਾਂ ਅਨੁਸਾਰ ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵਿਚ ਖੜ•ੇ 67 ਪਾਰਟੀ ਉਮੀਦਵਾਰਾਂ ਨੂੰ ਕੁੱਲ 3.59 ਕਰੋੜ ਰੁਪਏ ਦੇ ਫੰਡ ਦਿੱਤੇ ਜਦੋਂ ਕਿ 45 ਉਮੀਦਵਾਰਾਂ ਨੂੰ 'ਆਪ' ਨੇ ਕੋਈ ਫੰਡ ਜਾਰੀ ਰਹੀ ਨਹੀਂ ਕੀਤਾ।
                         ਭਾਵੇਂ ਹਲਕਾ ਲੰਬੀ ਤੋਂ 'ਆਪ' ਉਮੀਦਵਾਰ ਜਰਨੈਲ ਸਿੰਘ ਚੋਣ ਹਾਰ ਗਏ ਹਨ ਪ੍ਰੰਤੂ 'ਆਪ' ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਖਾਤਰ ਜਰਨੈਲ ਸਿੰਘ ਨੂੰ ਫੰਡਾਂ ਦਾ ਸਭ ਤੋਂ ਗੱਫਾ 37.57 ਲੱਖ ਰੁਪਏ ਦਿੱਤੇ ਸਨ ਜੋ ਚਾਰ ਕਿਸ਼ਤਾਂ ਵਿਚ ਜਾਰੀ ਕੀਤੇ। ਜਲਾਲਾਬਾਦ ਤੋਂ ਚੋਣ ਲੜਨ ਵਾਲੇ 'ਆਪ' ਦੇ ਉਮੀਦਵਾਰ ਭਗਵੰਤ ਮਾਨ ਨੂੰ ਹਾਈਕਮਾਨ ਨੇ 14.22 ਲੱਖ ਰੁਪਏ ਹੀ ਦਿੱਤੇ ਜਦੋਂ ਕਿ ਮਜੀਠਾ ਹਲਕੇ ਤੋਂ 'ਆਪ' ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਹਾਈਕਮਾਨ ਨੇ 17.80 ਲੱਖ ਰੁਪਏ ਦਿੱਤੇ ਸਨ। ਇਹ ਤਿੰਨੋਂ ਉਮੀਦਵਾਰ ਚੋਣ ਹਾਰ ਗਏ। ਹਾਲਾਂਕਿ ਪੰਜਾਬ ਚੋਂ 'ਆਪ' ਨੂੰ ਸਭ ਤੋਂ ਵੱਧ ਚੋਣ ਫੰਡ ਇਕੱਠਾ ਹੋਣ ਦੇ ਚਰਚੇ ਰਹੇ ਹਨ। ਵਿਦੇਸ਼ਾਂ ਚੋਂ ਉਮੀਦਵਾਰਾਂ ਨੂੰ ਫੰਡਾਂ ਦਾ ਵੱਡਾ ਹਿੱਸਾ ਆਇਆ ਹੈ। ਹਲਕਾ ਤਲਵੰਡੀ ਸਾਬੋ ਤੋਂ 'ਆਪ' ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਨੂੰ ਹਾਈਕਮਾਨ ਨੇ 10.60 ਰੁਪਏ ਦੇ ਫੰਡ ਦਿੱਤੇ ਸਨ ਜਦੋਂ ਕਿ ਰਾਖਵੇਂ ਹਲਕੇ ਬਠਿੰਡਾ (ਦਿਹਾਤੀ) ਤੋਂ 'ਆਪ' ਉਮੀਦਵਾਰ ਰੁਪਿੰਦਰ ਕੌਰ ਰੂਬੀ ਨੂੰ 6.90 ਲੱਖ ਰੁਪਏ ਹੀ ਚੋਣ ਫੰਡ ਵਜੋਂ ਭੇਜੇ ਸਨ। ਦਾਖਾ ਤੋਂ ਚੋਣ ਲੜਨ ਵਾਲੇ ਉਮੀਦਵਾਰ ਐਚ.ਐਚ.ਫੂਲਕਾ ਨੇ ਚੋਣ ਫੰਡ ਵਜੋਂ ਪੰਜ ਲੱਖ ਰੁਪਏ ਪ੍ਰਾਪਤ ਹੋਏ।
                             ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਚੋਣ ਲੜਨ ਵਾਲੇ 'ਆਪ' ਉਮੀਦਵਾਰ ਡਾ.ਬਲਵੀਰ ਸਿੰਘ ਨੂੰ ਸਿਰਫ਼ 1.60 ਲੱਖ ਰੁਪਏ ਹੀ ਪਾਰਟੀ ਨੇ ਚੋਣ ਫੰਡ ਵਜੋਂ ਭੇਜੇ ਸਨ। 'ਆਪ' ਤਰਫ਼ੋਂ ਰਾਖਵੇਂ ਹਲਕੇ ਵਾਲੇ ਉਮੀਦਵਾਰਾਂ ਨੂੰ ਚੋਣ ਫੰਡ ਦੇਣ ਵਿਚ ਥੋੜਾ ਵਿਤਕਰਾ ਕੀਤਾ ਹੈ। ਰਾਖਵਾਂ ਹਲਕਾ ਜੈਤੋਂ ਤੋਂ 'ਆਪ' ਉਮੀਦਵਾਰ ਮਾਸਟਰ ਬਲਦੇਵ ਸਿੰਘ ਨੂੰ ਪਾਰਟੀ ਨੇ ਸਿਰਫ਼ 4.44 ਲੱਖ ਰੁਪਏ ਦਾ ਫੰਡ ਹੀ ਦਿੱਤਾ ਜਦੋਂ ਮਲੋਟ ਤੋਂ ਉਮੀਦਵਾਰ ਬਲਦੇਵ ਸਿੰਘ ਨੂੰ 8 ਲੱਖ ਰੁਪਏ ਦੇ ਫੰਡ ਭੇਜੇ ਸਨ। ਰਾਖਵੇਂ ਹਲਕਾ ਬੁਢਲਾਡਾ ਤੋਂ ਪਾਰਟੀ ਦੇ ਉਮੀਦਵਾਰ ਬੁੱਧ ਰਾਮ ਨੂੰ 4.50 ਲੱਖ ਰੁਪਏ ਦੇ ਫੰਡ ਦਿੱਤੇ ਸਨ। 'ਆਪ' ਨੇ ਸਭ ਤੋਂ ਘੱਟ ਚੋਣ ਫੰਡ ਹਲਕਾ ਮੋਗਾ ਤੋਂ 33,500 ਰੁਪਏ ਹੀ ਦਿੱਤੇ ਹਨ ਜਦੋਂ ਕਿ ਸਰਦੂਲਗੜ ਹਲਕੇ ਦੇ ਉਮੀਦਵਾਰ ਨੂੰ 55 ਹਜ਼ਾਰ ਦੇ ਫੰਡ ਭੇਜੇ ਗਏ। ਹਲਕਾ ਜੀਰਾ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ ਪਾਰਟੀ ਨੇ ਸਿਰਫ਼ 60 ਹਜ਼ਾਰ ਰੁਪਏ ਹੀ ਭੇਜੇ।
                                          ਫੰਡਾਂ 'ਚ ਕੋਈ ਵਿਤਕਰਾ ਨਹੀਂ : ਸੰਧਵਾਂ
'ਆਪ' ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਕਹਿਣਾ ਸੀ ਕਿ ਪਾਰਟੀ ਤਰਫ਼ੋਂ ਮਾਲੀ ਪਹੁੰਚ ਰੱਖਣ ਵਾਲੇ ਉਮੀਦਵਾਰਾਂ ਨੂੰ ਚੋਣ ਫੰਡ ਦੇਣ ਦੀ ਥਾਂ ਕਮਜ਼ੋਰ ਉਮੀਦਵਾਰਾਂ ਨੂੰ ਫੰਡ ਦੇਣ ਵਿਚ ਤਰਜੀਹ ਦਿੱਤੀ ਗਈ ਹੈ। ਉਨ•ਾਂ ਆਖਿਆ ਕਿ ਹਰ ਹਲਕੇ ਦਾ ਚੋਣ ਮਾਹੌਲ ਅਤੇ ਉਮੀਦਵਾਰਾਂ ਦਾ ਮੁਕਾਬਲਾ ਵੇਖ ਕੇ ਚੋਣ ਫੰਡ ਜਾਰੀ ਹੋਏ ਹਨ ਅਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਇਆ ਹੈ।

Thursday, November 20, 2014

                                         ਵਾਹ ਸਰਕਾਰੇ
                       ਕੇਂਦਰੀ ਚੋਣ ਫੰਡ ਵੀ ਛੱਕਿਆ
                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਲਈ ਆਏ ਕੇਂਦਰੀ ਫੰਡ 'ਚੋਂ ਅੱਠ ਕਰੋੜ ਰੁਪਏ ਹੋਰ ਕੰਮਾਂ 'ਤੇ ਵਰਤ ਲਏ ਹਨ। ਇਸ ਤੋਂ ਇਲਾਵਾ ਸਰਕਾਰ ਨੇ ਪੰਜ ਕਰੋੜ ਰੁਪਏ ਦੇ ਹੋਰ ਫੰਡ ਵੀ ਚੋਣ ਦਫ਼ਤਰਾਂ ਨੂੰ ਜਾਰੀ ਨਹੀਂ ਕੀਤੇ। ਨਤੀਜੇ ਵਜੋਂ ਸੈਂਕੜੇ ਫਰਮਾਂ ਦੇ ਕਰੋੜਾਂ ਰੁਪਏ ਦੇ ਬਿੱਲ ਖ਼ਜ਼ਾਨਾ ਦਫ਼ਤਰਾਂ ਵਿੱਚ ਫਸ ਗਏ ਹਨ। ਵਿੱਤ ਵਿਭਾਗ ਵੱਲੋਂ ਫੰਡ ਜਾਰੀ ਨਾ ਕੀਤੇ ਜਾਣ ਕਾਰਨ ਜ਼ਿਲ੍ਹਾ ਚੋਣ ਦਫ਼ਤਰਾਂ ਦਾ ਪੈਸਾ ਸਾਢੇ ਪੰਜ ਮਹੀਨੇ ਤੋਂ ਅੜਿਆ ਹੋਇਆ ਹੈ। ਪੰਜਾਬ ਸਰਕਾਰ ਨੇ ਦੂਜੇ ਸੂਬਿਆਂ ਵਿੱਚੋਂ ਕਿਰਾਏ 'ਤੇ ਲਿਆਂਦੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦਾ ਕਿਰਾਇਆ ਵੀ ਅਜੇ ਨਹੀਂ ਤਾਰਿਆ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਲੋਕ ਸਭਾ ਚੋਣਾਂ ਵੇਲੇ ਸਾਰੇ ਫੰਡ ਸਮੇਂ ਸਿਰ ਭੇਜ ਦਿੱਤੇ ਸਨ। ਮੁੱਖ ਚੋਣ ਅਫ਼ਸਰ ਨੇ ਹਰ ਜ਼ਿਲ੍ਹੇ ਨੂੰ ਬਣਦੇ ਫੰਡ ਅਲਾਟ ਕਰ ਦਿੱਤੇ ਸਨ। ਜ਼ਿਲ੍ਹਾ ਚੋਣ ਦਫ਼ਤਰਾਂ ਵੱਲੋਂ ਖ਼ਜ਼ਾਨਾ ਦਫ਼ਤਰਾਂ ਵਿੱਚ ਬਿੱਲ ਜਮ੍ਹਾਂ ਕਰਾ ਦਿੱਤੇ ਗਏ ਪਰ ਖ਼ਜ਼ਾਨਾ ਦਫ਼ਤਰਾਂ ਵੱਲੋਂ ਅਜੇ ਤੱਕ ਇਹ ਰਾਸ਼ੀ ਜਾਰੀ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਇਹ ਪੈਸਾ ਹੋਰ ਕੰਮਾਂ ਲਈ ਵਰਤ ਲਿਆ ਹੈ। ਪੰਜਾਬ ਵਿੱਚ ਸਭ ਤੋਂ ਜ਼ਿਆਦਾ 90 ਲੱਖ ਰੁਪਏ ਜ਼ਿਲ੍ਹਾ ਲੁਧਿਆਣਾ ਅਤੇ 80 ਲੱਖ ਰੁਪਏ ਜ਼ਿਲ੍ਹਾ ਬਠਿੰਡਾ ਦੇ ਫਸੇ ਪਏ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਦੇ 52 ਲੱਖ ਰੁਪਏ, ਜਲੰਧਰ ਦੇ 48 ਲੱਖ ਰੁਪਏ, ਮੋਗਾ ਦੇ 30 ਲੱਖ ਰੁਪਏ, ਸੰਗਰੂਰ ਦੇ 13 ਲੱਖ ਰੁਪਏ ਤੇ ਪਠਾਨਕੋਟ ਦੇ 13 ਲੱਖ ਰੁਪਏ ਦੇ ਬਿੱਲ ਖ਼ਜ਼ਾਨਾ ਦਫ਼ਤਰਾਂ ਵਿੱਚੋਂ ਕਲੀਅਰ ਨਹੀਂ ਹੋ ਰਹੇ।
                    ਸੂਬੇ ਦੇ ਮੁੱਖ ਚੋਣ ਦਫ਼ਤਰ ਦੇ ਕਰੀਬ 6 ਕਰੋੜ ਰੁਪਏ ਦੇ ਬਿੱਲ ਵੀ ਫਸੇ ਹੋਏ ਹਨ। ਮੁੱਖ ਦਫ਼ਤਰ ਵੱਲੋਂ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ 'ਚੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਕਿਰਾਏ 'ਤੇ ਲਿਆਂਦੀਆਂ ਗਈਆਂ ਸਨ, ਜਿਨ੍ਹਾਂ ਦਾ ਕਿਰਾਇਆ ਅਜੇ ਤੱਕ ਨਹੀਂ ਤਾਰਿਆ ਗਿਆ। ਬੈਲਟ ਪੇਪਰਾਂ ਦੀ ਛਪਾਈ ਦੇ ਬਿੱਲ ਵੀ ਖ਼ਜ਼ਾਨਾ ਦਫ਼ਤਰਾਂ ਵਿੱਚ ਅੜੇ ਹੋਏ ਹਨ। ਹਰ ਜ਼ਿਲ੍ਹੇ ਦੇ ਵੱਡੇ ਬਿੱਲਾਂ ਜਿਵੇਂ ਬੱਸਾਂ-ਕਾਰਾਂ, ਵੀਡੀਓਗਰਾਫੀ, ਟੈਂਟ ਤੇ ਤੇਲ ਦੇ ਬਿੱਲਾਂ ਦੀ ਅਦਾਇਗੀ ਅਜੇ ਤੱਕ ਨਹੀਂ ਹੋਈ ਹੈ। ਬਠਿੰਡਾ ਜ਼ਿਲ੍ਹੇ ਦੇ ਟੈਂਟ ਅਤੇ ਵੀਡੀਓਗਰਾਫੀ ਦੇ ਬਿੱਲਾਂ ਦੀ ਕਰੀਬ 40.86 ਲੱਖ ਦੀ ਰਾਸ਼ੀ ਦੀ ਅਦਾਇਗੀ ਨਹੀਂ ਹੋ ਸਕੀ ਹੈ।ਜਾਣਕਾਰੀ ਅਨੁਸਾਰ ਬੱਸਾਂ ਅਤੇ ਟੈਕਸੀਆਂ ਦੇ ਕਰੀਬ 10.36 ਲੱਖ ਦੇ ਬਿੱਲ ਬਕਾਇਆ ਪਏ ਹਨ, ਜਦੋਂਕਿ ਤੇਲ ਦੇ 5.76 ਲੱਖ ਦੇ ਬਿੱਲ ਬਕਾਇਆ ਖੜ੍ਹੇ ਹਨ। ਮਿੰਨੀ ਬੱਸ ਅਪਰੇਟਰ ਯੂਨੀਅਨ ਬਠਿੰਡਾ ਦੇ ਪ੍ਰਧਾਨ ਬਲਤੇਜ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੋਣ ਪ੍ਰਸ਼ਾਸਨ ਨੂੰ ਪੋਲਿੰਗ ਪਾਰਟੀਆਂ ਅਤੇ ਸੁਰੱਖਿਆ ਦਸਤਿਆਂ ਲਈ ਮਿੰਨੀ ਬੱਸਾਂ ਦਿੱਤੀਆਂ ਸਨ, ਜਿਨ੍ਹਾਂ ਦਾ ਕਰੀਬ ਪੰਜ ਲੱਖ ਰੁਪਏ ਦਾ ਕਿਰਾਇਆ ਅਜੇ ਤੱਕ ਨਹੀਂ ਤਾਰਿਆ ਗਿਆ ਹੈ। ਉਹ ਦਫ਼ਤਰਾਂ ਦੇ ਚੱਕਰ ਕੱਟ-ਕੱਟ ਕੇ ਥੱਕ ਗਏ ਹਨ ਤੇ ਅਫ਼ਸਰ ਬਜਟ ਨਾ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੰਦੇ ਹਨ। ਇੱਥੋਂ ਦੇ ਗੁਰੂ ਨਾਨਕ ਟੈਂਟ ਹਾਊਸ ਅਤੇ ਗੋਇਲ ਟੈਂਟ ਹਾਊਸ ਤੋਂ ਬਿਨਾਂ ਤਲਵੰਡੀ ਸਾਬੋ ਅਤੇ ਮੌੜ ਮੰਡੀ ਦੇ ਟੈਂਟ ਹਾਊਸ ਦੇ ਬਕਾਏ ਵੀ ਖੜ੍ਹੇ ਹਨ।
                      ਵਧੀਕ ਮੁੱਖ ਚੋਣ ਅਫ਼ਸਰ ਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੰਜ ਕਰੋੜ ਰੁਪਏ ਦੇ ਬਿੱਲਾਂ ਦੀ ਅਦਾਇਗੀ ਵਿੱਤ ਵਿਭਾਗ ਨੇ ਅਜੇ ਤੱਕ ਨਹੀਂ ਕੀਤੀ ਪਰ ਕੇਂਦਰ ਸਰਕਾਰ ਵੱਲੋਂ ਇਹ ਰਾਸ਼ੀ ਆ ਚੁੱਕੀ ਹੈ। ਉਹ ਵਿੱਤ ਵਿਭਾਗ ਨਾਲ ਕਈ ਵਾਰ ਰਾਬਤਾ ਕਾਇਮ ਕਰ ਚੁੱਕੇ ਹਨ ਪਰ ਵਿਭਾਗ ਵੱਲੋਂ ਫੰਡ ਛੇਤੀ ਜਾਰੀ ਕਰਨ ਦਾ ਲਾਰਾ ਲਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਤਿੰਨ ਕਰੋੜ ਰੁਪਏ ਦੇ ਫੰਡ ਕੇਂਦਰ ਸਰਕਾਰ ਤੋਂ ਹੋਰ ਵੀ ਮੰਗ ਰਹੇ ਹਨ। ਇਸ ਸਬੰਧੀ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਵਿੱਤ ਵਿਭਾਗ ਦੇ ਸਕੱਤਰ (ਖ਼ਰਚ) ਜਸਪਾਲ ਸਿੰਘ ਨਾਲ ਫੋਨ 'ਤੇ ਸੰਪਰਕ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਹੁੰਗਾਰਾ ਹੀ ਨਹੀਂ ਭਰਿਆ।

Monday, January 2, 2012

                                       ਕੰਪਨੀਆਂ ਨੇ
         ਅਕਾਲੀਆਂ ਦੇ ਖ਼ਜ਼ਾਨੇ 'ਭਰਪੂਰ' ਕੀਤੇ
                                  ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਨੂੰ ਪ੍ਰਾਈਵੇਟ ਕੰਪਨੀਆਂ ਨੇ ਭਰਪੂਰ ਕੀਤਾ ਹੈ। ਚੋਣਾਂ ਵਾਲੇ ਵਰ੍ਹੇ 'ਚ ਪ੍ਰਾਈਵੇਟ ਕੰਪਨੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿਲ ਖੋਲ੍ਹ ਕੇ ਚੰਦਾ ਦਿੱਤਾ ਗਿਆ। ਲੰਘੇ ਤਿੰਨ ਵਰ੍ਹਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਕੰਪਨੀਆਂ ਅਤੇ ਵੱਖ-ਵੱਖ ਨੇਤਾਵਾਂ ਤੋਂ 7.83 ਕਰੋੜ ਰੁਪਏ ਦਾ ਦਾਨ ਪ੍ਰਾਪਤ ਹੋਇਆ ਹੈ। ਪਾਰਟੀ ਵੱਲੋਂ ਚੋਣ ਕਮਿਸ਼ਨ ਕੋਲ ਤਿੰਨ ਵਰ੍ਹਿਆਂ ਦੀ ਜਿਹੜੀ ਰਿਟਰਨ ਜਮ੍ਹਾਂ ਕਰਾਈ ਗਈ ਹੈ, ਉਸ ਅਨੁਸਾਰ ਲੋਕ ਸਭਾ ਚੋਣਾਂ (2009) ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਕੰਪਨੀਆਂ ਅਤੇ ਹੋਰਨਾਂ ਲੋਕਾਂ ਨੇ 5.90 ਕਰੋੜ ਰੁਪਏ ਦਾ ਚੰਦਾ ਦਿੱਤਾ ਜਿਸ 'ਚੋਂ 1.35 ਕਰੋੜ ਰੁਪਏ ਦਾ ਚੰਦਾ ਚੈੱਕਾਂ ਅਤੇ ਡਰਾਫਟ ਰਾਹੀਂ ਦਿੱਤਾ ਗਿਆ। ਕਾਂਗਰਸ ਅਤੇ ਭਾਜਪਾ ਨੂੰ ਵੀ ਚੋਣਾਂ ਲਈ ਕੰਪਨੀਆਂ ਤੋਂ ਖੁੱਲ੍ਹੇ ਗੱਫੇ ਮਿਲੇ। ਕੌਮੀ ਪੱਧਰ ਦੀਆਂ ਇਨ੍ਹਾਂ ਪਾਰਟੀਆਂ ਨੂੰ ਸਟੇਟ ਪੱਧਰ 'ਤੇ ਪ੍ਰਾਪਤ ਹੋਣ ਵਾਲੇ ਚੰਦੇ ਅਤੇ ਖਰਚ ਦਾ ਵੱਖੋ-ਵੱਖਰਾ ਵੇਰਵਾ ਨਹੀਂ ਮਿਲ ਸਕਿਆ ਹੈ। ਬਹੁਜਨ ਸਮਾਜ ਪਾਰਟੀ ਅਤੇ ਕਮਿਊਨਿਸਟ ਪਾਰਟੀਆਂ ਨੂੰ ਚੰਦਾ ਦੇਣ ਵਾਲਿਆਂ ਦੀ ਗਿਣਤੀ ਘੱਟ ਹੈ। ਉਂਜ ਚੋਣਾਂ ਵਾਲੇ ਵਰ੍ਹੇ ਵਿੱਚ ਹੀ ਚੰਦਾ ਦੇਣ ਵਾਲਿਆਂ ਦੀ ਗਿਣਤੀ ਵੱਧਦੀ ਰਹੀ ਹੈ।
            ਸ਼੍ਰੋਮਣੀ ਅਕਾਲੀ ਦਲ ਵੱਲੋਂ ਪੇਸ਼ ਕੀਤੀ ਰਿਟਰਨ ਅਨੁਸਾਰ ਪਾਰਟੀ ਨੂੰ ਮਾਲੀ ਸਾਲ 2008-09 ਦੌਰਾਨ 68,43,475 ਰੁਪਏ ਦਾ ਚੰਦਾ ਪ੍ਰਾਪਤ ਹੋਇਆ ਹੈ। ਇੰਜ ਹੀ ਤੋਤਾ ਸਿੰਘ ਦੇ ਲੜਕੇ ਬਲਜਿੰਦਰ ਸਿੰਘ ਨੇ ਦੋ ਚੈੱਕਾਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮਾਲੀ ਵਰ੍ਹੇ 'ਚ 95,475 ਰੁਪਏ ਦਾ ਚੰਦਾ ਦਿੱਤਾ। ਯੂਥ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ 15 ਲੱਖ ਦਾ ਪਾਰਟੀ ਫੰਡ ਦਿੱਤਾ। ਮਾਲੀ ਸਾਲ 2009-10 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 7.14 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਹੈ। ਇਸ ਮਾਲੀ ਸਾਲ ਦੌਰਾਨ ਹੀ ਲੋਕ ਸਭਾ ਚੋਣਾਂ ਸਨ। ਅੰਬੂਜਾ ਸੀਮਿੰਟ ਲਿਮਟਿਡ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਚੈੱਕ (ਨੰਬਰ 602290) ਤਹਿਤ 75 ਲੱਖ ਰੁਪਏ ਦਾ ਚੰਦਾ ਦਿੱਤਾ ਗਿਆ। ਪੁੰਜ ਐਲ. ਲਿਮਟਿਡ ਵੱਲੋਂ 20 ਲੱਖ ਰੁਪਏ ਦਾ ਚੰਦਾ ਅਕਾਲੀ ਦਲ ਨੂੰ ਦਿੱਤਾ ਗਿਆ। ਲੁਧਿਆਣਾ ਦੀ ਏਵਨ ਸਾਈਕਲ ਲਿਮਟਿਡ ਵੱਲੋਂ ਢਾਈ ਲੱਖ ਰੁਪਏ ਦਾ ਚੰਦਾ ਦਿੱਤਾ ਗਿਆ। ਇੰਡੀਆ ਵਿਜ਼ਨ ਲਿਮਟਿਡ ਵੱਲੋਂ 2.33 ਲੱਖ ਰੁਪਏ ਦਿੱਤੇ ਗਏ। ਲੋਕ ਸਭਾ ਚੋਣਾਂ 2009 ਦੀ ਜੋ ਵੱਖਰੀ ਰਿਟਰਨ ਭਰੀ ਗਈ ਹੈ, ਉਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ 2 ਮਾਰਚ 2009 ਤੋਂ 16 ਮਈ 2009 ਤੱਕ 5.90 ਕਰੋੜ ਰੁਪਏ ਦਾ ਚੰਦਾ ਵੱਖਰਾ ਮਿਲਿਆ। ਇਸ 'ਚੋਂ 4.54 ਕਰੋੜ ਰੁਪਏ ਦੀ ਤਾਂ ਨਗਦ ਰਾਸ਼ੀ ਦਿੱਤੀ ਗਈ।
           ਚੋਣ ਕਮਿਸ਼ਨ ਨੂੰ ਸਿਆਸੀ ਧਿਰਾਂ ਵੱਲੋਂ ਕੇਵਲ ਉਨ੍ਹਾਂ ਪਾਰਟੀਆਂ/ ਸੰਸਥਾਵਾਂ/ਵਿਅਕਤੀਆਂ ਦੇ ਪਤੇ ਟਿਕਾਣੇ ਦੱਸਣੇ ਪੈਂਦੇ ਹਨ ਜਿਨ੍ਹਾਂ ਵੱਲੋਂ 20 ਹਜ਼ਾਰ ਰੁਪਏ ਤੋਂ ਉਪਰ ਦੀ ਰਾਸ਼ੀ ਚੰਦੇ ਵਜੋਂ ਦਿੱਤੀ ਜਾਂਦੀ ਹੈ। ਜ਼ਿਲ੍ਹਾ ਅਕਾਲੀ ਜਥਾ ਮੁਕਤਸਰ ਵੱਲੋਂ ਪਾਰਟੀ ਫੰਡ ਇਕ ਲੱਖ ਰੁਪਏ ਦਿੱਤੇ ਗਏ। ਸਾਲ 2010-11 ਦੀ ਰਿਟਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਿਲੇ ਚੰਦੇ ਦੀ ਰਾਸ਼ੀ ਨਿਲ ਦਿਖਾਈ ਹੈ। ਹੁਣ ਚੋਣ ਅਮਲ ਸ਼ੁਰੂ ਹੈ ਜਿਸ ਕਰਕੇ ਕੰਪਨੀਆਂ ਨੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੂੰ ਚੰਦਾ ਦੇਣਾ ਸ਼ੁਰੂ ਕਰ ਦਿੱਤਾ ਹੈ।  ਸਿਆਸੀ ਧਿਰਾਂ ਵੱਲੋਂ ਵੱਡੀ ਕੰਪਨੀਆਂ ਕੋਲ ਚੰਦੇ ਲਈ ਖੁਦ ਵੀ ਪਹੁੰਚ ਕੀਤੀ ਜਾਂਦੀ ਹੈ। ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਜ਼ ਤਾਂ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੰਦਾ ਦਿੰਦੀ ਹੈ। ਇਹ ਅਦਾਇਗੀ ਚੈੱਕ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
                                        ਅਕਾਲੀ ਦਲ ਨੇ ਚੋਣਾਂ 'ਤੇ 9.25 ਕਰੋੜ ਖਰਚੇ
ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ (2009) 'ਤੇ 9.25 ਕਰੋੜ ਰੁਪਏ ਦਾ ਖਰਚ ਦਿਖਾਇਆ ਹੈ। ਉਂਜ ਤਾਂ ਹਰ ਚੋਣ ਇਸ ਤੋਂ ਕਈ ਗੁਣਾਂ ਮਹਿੰਗੀ ਹੁੰਦੀ ਹੈ, ਪ੍ਰੰਤੂ ਅਕਾਲੀ ਦਲ ਨੇ ਰਿਟਰਨ ਵਿੱਚ ਜੋ ਵੇਰਵੇ ਦਿੱਤੇ ਹਨ, ਉਨ੍ਹਾਂ ਅਨੁਸਾਰ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ 'ਤੇ 7.24 ਕਰੋੜ ਰੁਪਏ ਖਰਚ ਕੀਤੇ ਸਨ, 29.88 ਲੱਖ ਰੁਪਏ ਤਾਂ ਸਿਰਫ ਸਰਵੇ ਕਰਾਉਣ 'ਤੇ ਹੀ ਖਰਚੇ ਸਨ। ਪ੍ਰਚਾਰ ਦੇ ਖਰਚ 'ਚੋਂ 5.25 ਕਰੋੜ ਰੁਪਏ ਤਾਂ ਇਸ਼ਤਿਹਾਰਬਾਜ਼ੀ 'ਤੇ ਹੀ ਖਰਚੇ ਗਏ ਸਨ।