Showing posts with label VIP Visit. Show all posts
Showing posts with label VIP Visit. Show all posts

Wednesday, July 2, 2014

                                        ਉੱਡਣ ਖਟੋਲੇ ਤੇ
               ਹਰ ਪੰਜਵੇਂ ਦਿਨ ਪਿੰਡ ਬਾਦਲ ਦਾ ਗੇੜਾ
                                       ਚਰਨਜੀਤ ਭੁੱਲਰ
ਬਠਿੰਡਾ : ਬਾਦਲ ਪਰਿਵਾਰ ਵੱਲੋਂ ਸਰਕਾਰੀ ਹੈਲੀਕਾਪਟਰ 'ਤੇ ਔਸਤਨ ਹਰ ਪੰਜਵੇਂ ਦਿਨ ਪਿੰਡ ਬਾਦਲ ਦਾ ਗੇੜਾ ਲਾਇਆ ਜਾਂਦਾ ਹੈ। ਲੰਘੇ ਦੋ ਵਰ੍ਹਿਆਂ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ 154 ਦਿਨ ਪਿੰਡ ਬਾਦਲ ਆਉਣ ਲਈ ਸਰਕਾਰੀ ਹੈਲੀਕਾਪਟਰ ਵਰਤਿਆ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਅਖਿਲੇਸ਼ ਯਾਦਵ ਨੇ ਸਰਕਾਰੀ ਹੈਲੀਕਾਪਟਰ 'ਤੇ ਆਪਣੇ ਜੱਦੀ ਪਿੰਡ ਸੈਫਈ ਦੇ ਇੱਕ ਸਾਲ ਵਿੱਚ 45 ਗੇੜੇ ਲਾਏ ਸਨ। ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਜਨਵਰੀ 2012 ਤੋਂ 31 ਦਸੰਬਰ 2013 ਤੱਕ ਪਿੰਡ ਕਾਲਝਰਾਨੀ ਵਿੱਚ 154 ਦੌਰੇ ਕੀਤੇ ਹਨ। ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦੇ ਹੈਲੀਕਾਪਟਰ ਲਈ ਪਿੰਡ ਕਾਲਝਰਾਨੀ ਦੀ ਸਰਕਾਰੀ ਦਾਣਾ ਮੰਡੀ ਵਿੱਚ ਹੈਲੀਪੈਡ ਬਣਾਇਆ ਹੋਇਆ ਹੈ। ਬਾਦਲ ਪਰਿਵਾਰ ਵੱਲੋਂ ਜਦੋਂ ਵੀ ਪਿੰਡ ਬਾਦਲ ਆਉਂਦਾ ਹੈ ਤਾਂ ਉਨ੍ਹਾਂ ਦਾ ਹੈਲੀਕਾਪਟਰ ਪਿੰਡ ਕਾਲਝਰਾਨੀ ਵਿੱਚ ਉੱਤਰਦਾ ਹੈ। ਇੱਥੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸੜਕ ਰਸਤੇ ਪਿੰਡ ਬਾਦਲ ਲਈ ਜਾਂਦੇ ਹਨ। ਜ਼ਿਲ੍ਹਾ ਪੁਲੀਸ ਵੱਲੋਂ ਪਿੰਡ ਕਾਲਝਰਾਨੀ ਦੇ ਹੈਲੀਪੈਡ 'ਤੇ ਪੱਕੀ ਗਾਰਦ ਲਗਾਈ ਹੋਈ ਹੈ ਅਤੇ ਬਕਾਇਦਾ ਦੋ ਕਮਰੇ ਵੀ ਦਿੱਤੇ ਹੋਏ ਹਨ। ਮੰਡੀ ਬੋਰਡ ਪੰਜਾਬ ਵੱਲੋਂ ਹੈਲੀਪੈਡ ਦਾ ਬਿਜਲੀ ਬਿੱਲ ਭਰਿਆ ਜਾਂਦਾ ਹੈ।
                     ਸਰਕਾਰੀ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪੰਜਾਬ ਦੋ ਵਰ੍ਹਿਆਂ ਦੌਰਾਨ 82 ਦਫ਼ਾ ਪਿੰਡ ਕਾਲਝਰਾਨੀ ਵਿੱਚ ਪੁੱਜੇ ਹਨ ਜਿਸ ਦਾ ਮਤਲਬ ਹੈ ਕਿ ਮੁੱਖ ਮੰਤਰੀ ਨੇ ਔਸਤਨ ਹਰ ਨੌਵੇਂ ਦਿਨ ਪਿੰਡ ਬਾਦਲ ਦਾ ਗੇੜਾ ਮਾਰਿਆ ਹੈ। ਉਪ ਮੁੱਖ ਮੰਤਰੀ ਨੇ 73 ਦੌਰੇ ਪਿੰਡ ਕਾਲਝਰਾਨੀ ਦੇ ਕੀਤੇ ਹਨ ਜਿਸ ਤੋਂ ਭਾਵ ਹੈ ਕਿ ਉਪ ਮੁੱਖ ਮੰਤਰੀ ਨੇ ਔਸਤਨ ਹਰ ਦਸਵੇਂ ਦਿਨ ਪਿੰਡ ਬਾਦਲ ਦਾ ਚੱਕਰ ਕੱਟਿਆ ਹੈ।  ਮੁੱਖ ਮੰਤਰੀ ਸਾਲ 2012 ਵਿੱਚ 29 ਦਿਨ ਅਤੇ ਸਾਲ 2013 ਵਿੱਚ 53 ਦਿਨ ਪਿੰਡ ਕਾਲਝਰਾਨੀ ਵਿੱਚ ਪੁੱਜੇ ਹਨ। ਉਪ ਮੁੱਖ ਮੰਤਰੀ ਪੰਜਾਬ ਸਾਲ 2012 ਵਿੱਚ 32 ਦਿਨ ਅਤੇ ਸਾਲ 2013 ਵਿੱਚ 40 ਦਿਨ ਪਿੰਡ ਕਾਲਝਰਾਨੀ ਵਿਚ ਹੈਲੀਕਾਪਟਰ ਰਾਹੀਂ ਪੁੱਜੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਇਸ ਵੇਲੇ ਕਾਫ਼ੀ ਮਾਲੀ ਤੰਗੀ ਵਿੱਚ ਹੈ ਅਤੇ ਸਰਕਾਰੀ ਹੈਲੀਕਾਪਟਰ ਦਾ ਖਰਚਾ ਵੀ ਦਿਨੋਂ-ਦਿਨ ਵਧ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੂਜੀ ਦਫ਼ਾ ਹਕੂਮਤ ਸੰਭਾਲਣ ਮਗਰੋਂ ਮਾਰਚ 2012 ਵਿੱਚ ਹੈਲੀਕਾਪਟਰ ਦੀ ਵਰਤੋਂ ਪਿੰਡ ਬਾਦਲ ਆਉਣ ਲਈ ਸ਼ੁਰੂ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਸਾਲ 2012 ਦੇ ਅਪਰੈਲ ਤੇ ਨਵੰਬਰ ਵਿੱਚ ਛੇ ਛੇ ਗੇੜੇ ਹੈਲੀਕਾਪਟਰ ਤੇ ਪਿੰਡ ਬਾਦਲ ਦੇ ਲਾਏ ਹਨ। ਅਗਸਤ 2013 ਵਿੱਚ ਤਾਂ ਮੁੱਖ ਮੰਤਰੀ ਨੇ ਹੈਲੀਕਾਪਟਰ 'ਤੇ 11 ਗੇੜੇ ਪਿੰਡ ਬਾਦਲ ਦੇ ਲਾਏ ਹਨ। ਉਨ੍ਹਾਂ ਦਾ ਹੈਲੀਕਾਪਟਰ ਹਮੇਸ਼ਾ ਪਿੰਡ ਕਾਲਝਰਾਨੀ ਦੇ ਹੈਲੀਪੈਡ 'ਤੇ ਉੱਤਰਿਆ ਹੈ।
                    ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਤੰਬਰ 2012 ਤੇ ਜਨਵਰੀ 2013 ਵਿੱਚ ਸੱਤ ਸੱਤ ਗੇੜੇ ਹੈਲੀਕਾਪਟਰ 'ਤੇ ਪਿੰਡ ਬਾਦਲ ਦੇ ਲਾਏ ਹਨ। ਜਦੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਠਿੰਡਾ ਜ਼ਿਲ੍ਹੇ ਦੇ ਦੌਰੇ 'ਤੇ ਆਉਂਦੇ ਹਨ ਤਾਂ ਉਨ੍ਹਾਂ ਦਾ ਹੈਲੀਕਾਪਟਰ ਬਠਿੰਡਾ ਦੀ ਥਰਮਲ ਕਲੋਨੀ ਵਿੱਚ ਉੱਤਰਦਾ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਦੋ ਵਰ੍ਹਿਆਂ ਵਿੱਚ ਬਠਿੰਡਾ ਜ਼ਿਲ੍ਹੇ ਦੇ 301 ਦੌਰੇ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਵੱਲੋਂ ਔਸਤਨ ਹਰ ਤੀਜੇ ਦਿਨ ਬਠਿੰਡਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਬਠਿੰਡਾ ਜ਼ਿਲ੍ਹੇ ਦੇ ਸਾਲ 2012 ਵਿੱਚ 78 ਅਤੇ ਸਾਲ 2013 ਵਿੱਚ 86 ਦੌਰੇ ਕੀਤੇ ਹਨ। ਮੁੱਖ ਮੰਤਰੀ ਨੇ ਔਸਤਨ ਹਰ ਪੰਜਵੇਂ ਦਿਨ ਬਠਿੰਡਾ ਜ਼ਿਲ੍ਹੇ ਦਾ ਦੌਰਾ ਕੀਤਾ ਹੈ ਜਦੋਂਕਿ ਉਪ ਮੁੱਖ ਮੰਤਰੀ ਨੇ ਦੋ ਵਰ੍ਹਿਆਂ ਵਿੱਚ 137 ਦੌਰੇ ਬਠਿੰਡਾ ਜ਼ਿਲ੍ਹੇ ਦੇ ਕੀਤੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦੌਰਿਆਂ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਬਠਿੰਡਾ ਜ਼ਿਲ੍ਹੇ ਦੇ ਦੋ ਵਰ੍ਹਿਆਂ ਦੌਰਾਨ 81 ਦੌਰੇ ਕੀਤੇ ਹਨ।