Showing posts with label badal village. Show all posts
Showing posts with label badal village. Show all posts

Thursday, April 27, 2023

                                                       ਚਲਾ ਗਿਆ ਗਰਾਈਂ
                                           ਪਿੰਡ ਬਾਦਲ ਅੱਜ ਉਦਾਸ ਹੈ...!
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਪਿੰਡ ਬਾਦਲ ਨੇ ਬਹੁਤ ਧੁੱਪਾਂ ਅਤੇ ਛਾਵਾਂ ਦੇਖੀਆਂ ਹਨ। ਹਕੂਮਤ ਦੇ ਚੜ੍ਹਦੇ ਸੂਰਜ ਵੀ ਦੇਖੇ ਹਨ ਅਤੇ ਢਲਦੇ ਪਰਛਾਵੇਂ ਵੀ ਇਸ ਪਿੰਡ ਦਾ ਨਸੀਬ ਬਣੇ ਹਨ। ਅੱਜ ਪਿੰਡ ਬਾਦਲ ਸੁੰਨਾ-ਸੁੰਨਾ ਜਾਪਿਆ। ਨਮ ਅੱਖਾਂ ਸਨ, ਉਦਾਸ ਚਿਹਰੇ ਵੀ ਸਨ, ਪਿੰਡ ਦੇ ਲੋਕ ਇੰਜ ਭਮੱਤਰੇ ਫਿਰ ਰਹੇ ਸਨ ਜਿਵੇਂ ਕੁਝ ਗੁਆਚ ਗਿਆ ਹੋਵੇ। ਆਖ਼ਰ ਇਸ ਪਿੰਡ ਨੂੰ ਹੁਣ ਉਦਰੇਵਾਂ ਝੱਲਣਾ ਪਵੇਗਾ ਕਿਉਂਕਿ ਪਿੰਡ ਬਾਦਲ ਦਾ ਪ੍ਰਕਾਸ਼ ਸਦਾ ਲਈ ਹਨੇਰੇ ’ਚ ਗੁਆਚ ਗਿਆ ਹੈ। ਬਾਦਲ ਖ਼ਾਨ ਨੇ ਜੰਗਲ ਦੇਸ਼ ਦਾ ਇਹ ਪਿੰਡ ਬੰਨ੍ਹਿਆ ਸੀ। ਉਦੋਂ ਚਹੁੰ ਪਾਸੇ ਟਿੱਬੇ ਹੀ ਟਿੱਬੇ ਸਨ। ਪਿੰਡ ਬਾਦਲ-ਖਿਓਵਾਲੀ ਸੜਕ ਕਿਸੇ ਵੇਲੇ ਕੱਚਾ ਰਾਹ ਸੀ। ਉਨ੍ਹਾਂ ਵੇਲਿਆਂ ਵਿੱਚ ਕੱਚੇ ਰਾਹ ’ਤੇ ਦਾਸ ਤੇ ਪਾਸ਼ ਇੱਕੋ ਊਠ ’ਤੇ ਜਾਂਦੇ ਰਹੇ ਹਨ। ਜਦੋਂ ਕੈਰੋਂ ਵਜ਼ਾਰਤ ਬਣੀ, ਸਭ ਤੋਂ ਪਹਿਲਾਂ ਇਹੋ ਸੜਕ ਬਣੀ। ਜਾਣਕਾਰੀ ਮੁਤਾਬਕ ਸਾਲ 1900 ਦੇ ਆਸ-ਪਾਸ ਪ੍ਰਕਾਸ਼ ਸਿੰਘ ਬਾਦਲ ਦੇ ਦਾਦੇ ਰਣਜੀਤ ਸਿੰਘ ਅਤੇ ਉਸ ਦੇ ਭਰਾ ਜਗਜੀਤ ਸਿੰਘ ਨੇ ਪਿੰਡ ਬਾਦਲ ’ਚ ਦੋ ਹਵੇਲੀਆਂ ਪਾਈਆਂ ਸਨ। ਮਗਰੋਂ ਦਾਸ ਤੇ ਪਾਸ਼ ਜਿਸ ਘਰ ’ਚ ਇਕੱਠੇ ਰਹੇ, ਉਸ ਨੂੰ ‘ਬਰਕਤਾਂ ਵਾਲਾ ਘਰ’ ਵੀ ਕਿਹਾ ਜਾਂਦਾ ਰਿਹਾ ਹੈ। 

         ਜਦੋਂ ਬਾਦਲ ਖ਼ਾਨ ਨੇ ਇਸ ਪਿੰਡ ਦੀ ਮੋਹੜੀ ਗੱਡੀ, ਉਦੋਂ ਪਿੰਡ ਬਾਦਲ ਤਕਲੀਫ਼ਾਂ ਵੰਡਦਾ ਸੀ। ਮਿਹਨਤ ਤੇ ਕਿਰਤ ਦਾ ਹੋਕਾ ਦਿੰਦਾ ਸੀ। ਪਿੰਡ ਬਾਦਲ ਅਖੀਰਲੇ ਸਮੇਂ ਤੱਕ ਆਪਣੇ ਗਰਾਈਂ ਪ੍ਰਕਾਸ਼ ਸਿੰਘ ਬਾਦਲ ’ਤੇ ਰੱਬ ਜਿੱਡਾ ਮਾਣ ਕਰਦਾ ਰਿਹਾ ਹੈ। ਪੰਜਾਬ ਨੂੰ ਪੰਜ ਦਫ਼ਾ ਮੁੱਖ ਮੰਤਰੀ ਦੇਣ ਵਾਲਾ ਪਿੰਡ ਬਾਦਲ ਹੁਣ ਸਦਾ ਲਈ ਰਾਹ ਤੱਕੇਗਾ। 20 ਵਰ੍ਹਿਆਂ ਦੀ ਉਮਰ ’ਚ ਪ੍ਰਕਾਸ਼ ਸਿੰਘ ਬਾਦਲ ਨੂੰ ਪਿੰਡ ਨੇ ਸਰਪੰਚ ਬਣਾ ਦਿੱਤਾ। ਸਰਪੰਚੀ ਦੇ ਦਸ ਵਰ੍ਹਿਆਂ ਮਗਰੋਂ ਵਿਧਾਇਕ ਦੇ ਪਿੰਡ ਦਾ ਮਾਣ ਝੋਲੀ ਪਿਆ। ਫਿਰ ਚੱਲ ਸੋ ਚੱਲ। ਦਾਸ ਤੇ ਪਾਸ਼ ਦੀ ਮੁਹੱਬਤ ਪਿੰਡ ਨੇ ਨੇੜਿਓਂ ਤੱਕੀ। ਦੋਵਾਂ ਭਰਾਵਾਂ ਨੂੰ ਲੋਕ ਰਾਮ ਲਛਮਣ ਦੀ ਜੋੜੀ ਆਖਦੇ ਸਨ, ਜਿਨ੍ਹਾਂ ਨੇ ਮੋਹ ਦੀ ਲੱਜ ਨੂੰ ਆਂਚ ਨਹੀਂ ਆਉਣ ਦਿੱਤੀ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਜਦੋਂ ਪ੍ਰਕਾਸ਼ ਬਾਦਲ ਦਾ ਵਿਆਹ ਹੋਇਆ ਸੀ ਤਾਂ ਉਦੋਂ ਪਿੰਡ ਦੇ ਹਰ ਘਰ ਵਿੱਚ ਖੰਡ ਦਾ ਪ੍ਰਸ਼ਾਦ ਵੰਡਿਆ ਗਿਆ ਸੀ। ਪਿੰਡ ਨੇ ਹਕੂਮਤਾਂ ਦੀ ਚੌਧਰ ਵੀ ਮਾਣੀ ਹੈ ਅਤੇ ਵੱਡੇ ਬਾਦਲ ਦੀ ਸਹਿਜਤਾ ਤੇ ਅਪਣੱਤ ਨੂੰ ਵੀ ਮਾਣਿਆ ਹੈ। ਜਦੋਂ ਦਾਸ ਤੇ ਪਾਸ਼ ਦੀ ਜੋੜੀ ’ਚ ਫਿੱਕ ਪਿਆ ਤਾਂ ਪਿੰਡ ਤੋਂ ਝੱਲਿਆ ਨਾ ਗਿਆ। ਭਰਾ ਦਾਸ ਦੇ ਬਿਮਾਰ ਹੋਣ ਦਾ ਪਤਾ ਲੱਗਦਾ, ਪਾਸ਼ ਬਿਨਾਂ ਦੇਰੀ ਜਾਂਦੇ।

         ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਨੂੰ ਹੁਣ ਜਦੋਂ ਦੇਖਿਆ ਤਾਂ ਪਿੰਡ ਦੀ ਜੂਹ, ਗਲੀ ਮਹੱਲੇ ਤੇ ਸੱਥਾਂ ਵਿੱਚ ਹਰ ਅੱਖ ਰੋਈ ਹੈ। ਕਿੰਨੀਆਂ ਭੀੜਾਂ ਵੀ ਪਿੰਡ ਬਾਦਲ ਨੇ ਝੱਲੀਆਂ ਹਨ। ਵਿਜੀਲੈਂਸ ਦੇ ਦਬਕੇ ਵੀ ਪਿੰਡ ਨੇ ਸੁਣੇ ਨੇ ਅਤੇ ਵੱਡੇ ਬਾਦਲ ਦੀ ਜ਼ਿੰਦਗੀ ਦੇ ਆਖ਼ਰੀ ਪਹਿਰ ਹੋਈ ਹਾਰ ਵੀ ਦੇਖਣੀ ਪਈ ਹੈ। ਕੋਈ ਸਮਾਂ ਸੀ ਜਦੋਂ ਰਾਹ ਪਿੰਡ ਬਾਦਲ ਨੂੰ ਜਾਂਦਾ ਹੁੰਦਾ ਸੀ। ਚੰਡੀਗੜ੍ਹ ਤੋਂ ਅਫ਼ਸਰਾਂ ਦੀ ਦੌੜ ਪਿੰਡ ਬਾਦਲ ਜਾ ਕੇ ਖ਼ਤਮ ਹੁੰਦੀ ਸੀ। ਛੋਟੇ ਵੱਡੇ ਨੇਤਾ ਲਈ ਪਿੰਡ ਬਾਦਲ ਕਦੇ ਦੂਰ ਨਹੀਂ ਰਿਹਾ। ਜਦੋਂ ਵੱਡੇ ਬਾਦਲ ਮੁੱਖ ਮੰਤਰੀ ਦੀ ਕੁਰਸੀ ’ਤੇ ਹੁੰਦੇ ਸਨ ਤਾਂ ਉਦੋਂ ਵੀ ਉਹ ਹਰ ਹਫ਼ਤੇ ਪਿੰਡ ਦਾ ਗੇੜਾ ਮਾਰਦੇ ਸਨ। ਹਕੂਮਤਾਂ ਸਮੇਂ ਪਿੰਡ ਬਾਦਲ ਦਿਨ ਰਾਤ ਜਾਗਦਾ ਰਿਹਾ ਹੈ। ਅਕਾਲੀ ਰਾਜ ਭਾਗ ਸਮੇਂ ਪਿੰਡ ਬਾਦਲ ਦਾ ਹਰ ਬੰਦਾ ਵੀਆਈਪੀ ਚਿਹਰਾ ਹੁੰਦਾ ਸੀ।

                                     ਕਮਜ਼ੋਰ ਲੋਕ ਬਦਲਾ ਲੈਂਦੇ ਹਨ..

ਸੁਖਬੀਰ ਬਾਦਲ ਦੇ ਜਮਾਤੀ ਰਹੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕੱਈ ਦੱਸਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਦੇ ਨਿਚੋੜ ਕੱਢੇ ਹੋਏ ਸਨ। ਨਕੱਈ ਦੱਸਦੇ ਹਨ ਕਿ ਨੇੜਲਿਆਂ ਕੋਲ ਹਮੇਸ਼ਾ ਵੱਡੇ ਬਾਦਲ ਇਹੋ ਆਖਦੇ ਸਨ ਕਿ ‘ਕਮਜ਼ੋਰ ਲੋਕ ਬਦਲਾ ਲੈਂਦੇ ਹਨ, ਤਕੜੇ ਲੋਕ ਮੁਆਫ਼ ਕਰ ਦਿੰਦੇ ਹਨ ਅਤੇ ਬੁੱਧੀਮਾਨ ਲੋਕ ਨਜ਼ਰਅੰਦਾਜ਼ ਕਰਦੇ ਹਨ।’ ਨਕੱਈ ਦਾ ਕਹਿਣਾ ਸੀ ਕਿ ਵੱਡੇ ਬਾਦਲ ਕੋਲ ਸੁਣਨ ਦਾ ਵੱਡਾ ਮਾਦਾ ਸੀ। 

Friday, November 3, 2017

                                                         ਬਾਦਲ 'ਚ ਕਿਸਾਨ
                                 ਸ਼ਮਸ਼ਾਨਘਾਟ 'ਚ ਰਾਤਾਂ ਕੱਟਣ ਲਈ ਮਜਬੂਰ
                                                          ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਦੇ ਕਿਸਾਨਾਂ ਨੂੰ ਐਤਕੀਂ ਸ਼ਮਸ਼ਾਨਘਾਟ 'ਚ ਝੋਨਾ ਸੁੱਟਣਾ ਪਿਆ ਹੈ। ਮਜਬੂਰੀ 'ਚ ਕਿਸਾਨਾਂ ਨੂੰ ਸ਼ਮਸ਼ਾਨਘਾਟ ਵਿਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਹਕੂਮਤ ਬਦਲਣ ਮਗਰੋਂ ਐਤਕੀਂ ਪਿੰਡ ਬਾਦਲ ਦੇ ਖਰੀਦ ਕੇਂਦਰ ਦੇ ਰੰਗ ਵੀ ਬਦਲੇ ਹੋਏ ਹਨ। ਖਰੀਦ ਕੇਂਦਰ ਨੱਕੋਂ ਨੱਕ ਝੋਨੇ ਦੀ ਫਸਲ ਨਾਲ ਭਰਿਆ ਹੋਇਆ ਹੈ। ਹਾਲਾਂਕਿ ਪਿੰਡ ਬਾਦਲ ਦੇ ਵੱਡੇ ਘਰਾਂ ਵਲੋਂ ਆਪੋ ਆਪਣੇ ਖੇਤਾਂ ਜਾਂ ਘਰਾਂ ਵਿਚ ਝੋਨਾ ਢੇਰੀ ਕੀਤਾ ਜਾਂਦਾ ਹੈ। ਖਰੀਦ ਏਜੰਸੀਆਂ ਵਲੋਂ ਇਨ੍ਹਾਂ ਵੱਡੇ ਘਰਾਂ ਦੇ ਖੇਤਾਂ ਚੋਂ ਹੀ ਜੀਰੀ ਖਰੀਦ ਕੀਤੀ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਐਤਕੀਂ ਬਾਦਲ ਪਰਿਵਾਰ ਨੇ ਪਿੰਡ ਦੇ ਖਰੀਦ ਕੇਂਦਰ ਵਿਚ ਝੋਨਾ ਸੁੱਟਿਆ ਸੀ। ਪਿੰਡ ਬਾਦਲ ਦੇ ਖਰੀਦ ਕੇਂਦਰ ਦੇ ਨਾਲ ਸ਼ਮਸ਼ਾਨਘਾਟ ਪੈਂਦਾ ਹੈ। ਤਿੰਨ ਦਿਨ ਪਹਿਲਾਂ ਇਹ ਹਾਲ ਸੀ ਕਿ ਖਰੀਦ ਕੇਂਦਰ ਦੀ ਮੁੱਖ ਸੜਕ ਹੀ ਬੰਦ ਹੋ ਗਈ ਸੀ। ਸੜਕਾਂ ਦੇ ਕਿਨਾਰਿਆਂ 'ਤੇ ਝੋਨਾ ਕਿਸਾਨਾਂ ਨੂੰ ਸੁੱਟਣਾ ਪਿਆ। ਖਰੀਦ ਕੇਂਦਰ ਕਾਫ਼ੀ ਛੋਟਾ ਹੈ ਅਤੇ ਕਈ ਲਾਗਲੇ ਪਿੰਡਾਂ ਦੀ ਫਸਲ ਵੀ ਪਿੰਡ ਬਾਦਲ ਦੇ ਹੀ ਖਰੀਦ ਕੇਂਦਰ ਵਿਚ ਆਉਂਦੀ ਹੈ। ਕਰੀਬ ਚਾਰ ਪੰਜ ਕਿਸਾਨਾਂ ਨੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਫਸਲ ਸੁੱਟੀ ਹੋਈ ਹੈ ਅਤੇ ਉਨ੍ਹਾਂ ਵਲੋਂ ਝੋਨਾ ਸੁਕਾਇਆ ਜਾ ਰਿਹਾ ਹੈ।
                   ਕਿਸਾਨਾਂ ਨੇ ਦੱਸਿਆ ਕਿ ਖਰੀਦ ਏਜੰਸੀ ਵਲੋਂ ਸ਼ਮਸ਼ਾਨਘਾਟ ਦੇ ਅੰਦਰ ਹੀ ਫਸਲ ਦੀ ਬੋਲੀ ਲਗਾ ਦਿੱਤੀ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬੈਠੇ ਹਨ ਅਤੇ ਸ਼ਮਸ਼ਾਨਘਾਟ ਵਿਚ ਹੀ ਰਾਤਾਂ ਕੱਟ ਰਹੇ ਹਨ। ਭਾਰਤੀ ਖੁਰਾਕ ਨਿਗਮ ਅਤੇ ਪਨਸਪ ਤਰਫੋਂ ਪਿੰਡ ਬਾਦਲ ਦੇ ਖਰੀਦ ਕੇਂਦਰ ਚੋਂ ਫਸਲ ਖਰੀਦ ਕੀਤੀ ਜਾ ਰਹੀ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਗਠਜੋੜ ਸਰਕਾਰ ਸਮੇਂ ਕਦੇ ਬਹੁਤੀ ਦਿੱਕਤ ਨਹੀਂ ਬਣੀ ਸੀ ਅਤੇ ਐਤਕੀਂ ਲਿਫਟਿੰਗ ਦੀ ਥੋੜੀ ਦਿੱਕਤ ਦੱਸ ਰਹੇ ਹਨ। ਮਾਰਕੀਟ ਕਮੇਟੀ ਮਲੋਟ ਦੇ ਰਿਕਾਰਡ ਅਨੁਸਾਰ ਪਿੰਡ ਬਾਦਲ ਦੇ ਖਰੀਦ ਕੇਂਦਰ ਵਿਚ ਇਸ ਵੇਲੇ 17 ਹਜ਼ਾਰ ਬੋਰੀ ਫਸਲ ਪਈ ਹੈ ਜਦੋਂ ਕਿ ਮੰਡੀ ਵਿਚ 30 ਹਜ਼ਾਰ ਦੇ ਕਰੀਬ ਬੋਰੀ ਝੋਨਾ ਪਿਆ ਹੈ। ਕਿਧਰੇ ਵੀ ਮੰਡੀ ਵਿਚ ਕੋਈ ਖਾਲੀ ਨਹੀਂ ਹੈ। ਇਸ ਖਰੀਦ ਕੇਂਦਰ ਚੋਂ ਹੁਣ ਤੱਕ 8525 ਮੀਟਰਿਕ ਟਨ ਫਸਲ ਦੀ ਖਰੀਦ ਹੋ ਚੁੱਕੀ ਹੈ। ਪਿਛਲੇ ਸੀਜ਼ਨ ਵਿਚ ਇਸ ਮੰਡੀ ਵਿਚ 3.10 ਲੱਖ ਬੋਰੀ ਫਸਲ ਆਈ ਸੀ ਜੋ ਕਿ ਐਤਕੀਂ 3.50 ਲੱਖ ਨੂੰ ਪਾਰ ਕਰਨ ਦਾ ਅਨੁਮਾਨ ਹੈ। ਖਰੀਦ ਕੇਂਦਰ ਵਿਚ ਵਿਕੀ ਤੇ ਅਣਵਿਕੀ ਫਸਲ ਦਾ ਕਰੀਬ 30 ਹਜ਼ਾਰ ਗੱਟਾ ਪਿਆ ਹੈ ਅਤੇ ਖੁਰਾਕ ਨਿਗਮ ਵਲੋਂ ਮਾਪਦੰਡਾਂ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ਹੈ।
                  ਮਾਰਕੀਟ ਕਮੇਟੀ ਮਲੋਟ ਅਧੀਨ ਪੈਂਦੇ ਕਰੀਬ 45 ਖਰੀਦ ਕੇਂਦਰਾਂ ਵਿਚ ਹੁਣ ਤੱਕ 2.43 ਲੱਖ ਮੀਟਰਿਕ ਟਨ ਝੋਨਾ ਆ ਚੁੱਕਾ ਹੈ ਜਿਸ ਚੋਂ 2.39 ਲੱਖ ਐਮਟੀ ਦੀ ਖਰੀਦ ਹੋ ਚੁੱਕੀ ਹੈ। ਲੋਕਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਇੱਕ ਦੋ ਕਿਸਾਨਾਂ ਨੇ ਪਿੰਡ ਬਾਦਲ ਵਿਚਲੇ ਕਾਲਜਾਂ ਦੇ ਲਾਗੇ ਹੀ ਝੋਨਾ ਉਤਾਰ ਦਿੱਤਾ ਸੀ। ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਸ੍ਰੀ ਅਜੇਪਾਲ ਸਿੰਘ ਦਾ ਕਹਿਣਾ ਸੀ ਕਿ ਪਿੰਡ ਬਾਦਲ ਦੇ ਖਰੀਦ ਕੇਂਦਰ ਵਿਚ 8625 ਐਮਟੀ ਚੋਂ 8525 ਐਮਟੀ ਦੀ ਖਰੀਦ ਹੋ ਚੁੱਕੀ ਹੈ ਅਤੇ 8025 ਐਮ.ਟੀ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਲਾਗਲੇ ਪਿੰਡਾਂ ਦੇ ਕਿਸਾਨ ਬਾਸਮਤੀ ਖਰੀਦ ਕੇਂਦਰ ਵਿਚ ਸੁਕਾਉਣ ਲਈ ਲਿਆਉਂਦੇ ਹਨ ਜਿਸ ਕਰਕੇ ਜਗ੍ਹਾ ਘੱਟ ਜਾਂਦੀ ਹੈ। ਜਗ੍ਹਾ ਦੀ ਕਮੀ ਕਰਕੇ ਕਿਸਾਨਾਂ ਨੂੰ ਹੋਰ ਤਰੱਦਦ ਕਰਨੇ ਪੈਂਦੇ ਹਨ। 

Wednesday, July 2, 2014

                                        ਉੱਡਣ ਖਟੋਲੇ ਤੇ
               ਹਰ ਪੰਜਵੇਂ ਦਿਨ ਪਿੰਡ ਬਾਦਲ ਦਾ ਗੇੜਾ
                                       ਚਰਨਜੀਤ ਭੁੱਲਰ
ਬਠਿੰਡਾ : ਬਾਦਲ ਪਰਿਵਾਰ ਵੱਲੋਂ ਸਰਕਾਰੀ ਹੈਲੀਕਾਪਟਰ 'ਤੇ ਔਸਤਨ ਹਰ ਪੰਜਵੇਂ ਦਿਨ ਪਿੰਡ ਬਾਦਲ ਦਾ ਗੇੜਾ ਲਾਇਆ ਜਾਂਦਾ ਹੈ। ਲੰਘੇ ਦੋ ਵਰ੍ਹਿਆਂ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ 154 ਦਿਨ ਪਿੰਡ ਬਾਦਲ ਆਉਣ ਲਈ ਸਰਕਾਰੀ ਹੈਲੀਕਾਪਟਰ ਵਰਤਿਆ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਅਖਿਲੇਸ਼ ਯਾਦਵ ਨੇ ਸਰਕਾਰੀ ਹੈਲੀਕਾਪਟਰ 'ਤੇ ਆਪਣੇ ਜੱਦੀ ਪਿੰਡ ਸੈਫਈ ਦੇ ਇੱਕ ਸਾਲ ਵਿੱਚ 45 ਗੇੜੇ ਲਾਏ ਸਨ। ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਜਨਵਰੀ 2012 ਤੋਂ 31 ਦਸੰਬਰ 2013 ਤੱਕ ਪਿੰਡ ਕਾਲਝਰਾਨੀ ਵਿੱਚ 154 ਦੌਰੇ ਕੀਤੇ ਹਨ। ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦੇ ਹੈਲੀਕਾਪਟਰ ਲਈ ਪਿੰਡ ਕਾਲਝਰਾਨੀ ਦੀ ਸਰਕਾਰੀ ਦਾਣਾ ਮੰਡੀ ਵਿੱਚ ਹੈਲੀਪੈਡ ਬਣਾਇਆ ਹੋਇਆ ਹੈ। ਬਾਦਲ ਪਰਿਵਾਰ ਵੱਲੋਂ ਜਦੋਂ ਵੀ ਪਿੰਡ ਬਾਦਲ ਆਉਂਦਾ ਹੈ ਤਾਂ ਉਨ੍ਹਾਂ ਦਾ ਹੈਲੀਕਾਪਟਰ ਪਿੰਡ ਕਾਲਝਰਾਨੀ ਵਿੱਚ ਉੱਤਰਦਾ ਹੈ। ਇੱਥੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸੜਕ ਰਸਤੇ ਪਿੰਡ ਬਾਦਲ ਲਈ ਜਾਂਦੇ ਹਨ। ਜ਼ਿਲ੍ਹਾ ਪੁਲੀਸ ਵੱਲੋਂ ਪਿੰਡ ਕਾਲਝਰਾਨੀ ਦੇ ਹੈਲੀਪੈਡ 'ਤੇ ਪੱਕੀ ਗਾਰਦ ਲਗਾਈ ਹੋਈ ਹੈ ਅਤੇ ਬਕਾਇਦਾ ਦੋ ਕਮਰੇ ਵੀ ਦਿੱਤੇ ਹੋਏ ਹਨ। ਮੰਡੀ ਬੋਰਡ ਪੰਜਾਬ ਵੱਲੋਂ ਹੈਲੀਪੈਡ ਦਾ ਬਿਜਲੀ ਬਿੱਲ ਭਰਿਆ ਜਾਂਦਾ ਹੈ।
                     ਸਰਕਾਰੀ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪੰਜਾਬ ਦੋ ਵਰ੍ਹਿਆਂ ਦੌਰਾਨ 82 ਦਫ਼ਾ ਪਿੰਡ ਕਾਲਝਰਾਨੀ ਵਿੱਚ ਪੁੱਜੇ ਹਨ ਜਿਸ ਦਾ ਮਤਲਬ ਹੈ ਕਿ ਮੁੱਖ ਮੰਤਰੀ ਨੇ ਔਸਤਨ ਹਰ ਨੌਵੇਂ ਦਿਨ ਪਿੰਡ ਬਾਦਲ ਦਾ ਗੇੜਾ ਮਾਰਿਆ ਹੈ। ਉਪ ਮੁੱਖ ਮੰਤਰੀ ਨੇ 73 ਦੌਰੇ ਪਿੰਡ ਕਾਲਝਰਾਨੀ ਦੇ ਕੀਤੇ ਹਨ ਜਿਸ ਤੋਂ ਭਾਵ ਹੈ ਕਿ ਉਪ ਮੁੱਖ ਮੰਤਰੀ ਨੇ ਔਸਤਨ ਹਰ ਦਸਵੇਂ ਦਿਨ ਪਿੰਡ ਬਾਦਲ ਦਾ ਚੱਕਰ ਕੱਟਿਆ ਹੈ।  ਮੁੱਖ ਮੰਤਰੀ ਸਾਲ 2012 ਵਿੱਚ 29 ਦਿਨ ਅਤੇ ਸਾਲ 2013 ਵਿੱਚ 53 ਦਿਨ ਪਿੰਡ ਕਾਲਝਰਾਨੀ ਵਿੱਚ ਪੁੱਜੇ ਹਨ। ਉਪ ਮੁੱਖ ਮੰਤਰੀ ਪੰਜਾਬ ਸਾਲ 2012 ਵਿੱਚ 32 ਦਿਨ ਅਤੇ ਸਾਲ 2013 ਵਿੱਚ 40 ਦਿਨ ਪਿੰਡ ਕਾਲਝਰਾਨੀ ਵਿਚ ਹੈਲੀਕਾਪਟਰ ਰਾਹੀਂ ਪੁੱਜੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਇਸ ਵੇਲੇ ਕਾਫ਼ੀ ਮਾਲੀ ਤੰਗੀ ਵਿੱਚ ਹੈ ਅਤੇ ਸਰਕਾਰੀ ਹੈਲੀਕਾਪਟਰ ਦਾ ਖਰਚਾ ਵੀ ਦਿਨੋਂ-ਦਿਨ ਵਧ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੂਜੀ ਦਫ਼ਾ ਹਕੂਮਤ ਸੰਭਾਲਣ ਮਗਰੋਂ ਮਾਰਚ 2012 ਵਿੱਚ ਹੈਲੀਕਾਪਟਰ ਦੀ ਵਰਤੋਂ ਪਿੰਡ ਬਾਦਲ ਆਉਣ ਲਈ ਸ਼ੁਰੂ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਸਾਲ 2012 ਦੇ ਅਪਰੈਲ ਤੇ ਨਵੰਬਰ ਵਿੱਚ ਛੇ ਛੇ ਗੇੜੇ ਹੈਲੀਕਾਪਟਰ ਤੇ ਪਿੰਡ ਬਾਦਲ ਦੇ ਲਾਏ ਹਨ। ਅਗਸਤ 2013 ਵਿੱਚ ਤਾਂ ਮੁੱਖ ਮੰਤਰੀ ਨੇ ਹੈਲੀਕਾਪਟਰ 'ਤੇ 11 ਗੇੜੇ ਪਿੰਡ ਬਾਦਲ ਦੇ ਲਾਏ ਹਨ। ਉਨ੍ਹਾਂ ਦਾ ਹੈਲੀਕਾਪਟਰ ਹਮੇਸ਼ਾ ਪਿੰਡ ਕਾਲਝਰਾਨੀ ਦੇ ਹੈਲੀਪੈਡ 'ਤੇ ਉੱਤਰਿਆ ਹੈ।
                    ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਤੰਬਰ 2012 ਤੇ ਜਨਵਰੀ 2013 ਵਿੱਚ ਸੱਤ ਸੱਤ ਗੇੜੇ ਹੈਲੀਕਾਪਟਰ 'ਤੇ ਪਿੰਡ ਬਾਦਲ ਦੇ ਲਾਏ ਹਨ। ਜਦੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਠਿੰਡਾ ਜ਼ਿਲ੍ਹੇ ਦੇ ਦੌਰੇ 'ਤੇ ਆਉਂਦੇ ਹਨ ਤਾਂ ਉਨ੍ਹਾਂ ਦਾ ਹੈਲੀਕਾਪਟਰ ਬਠਿੰਡਾ ਦੀ ਥਰਮਲ ਕਲੋਨੀ ਵਿੱਚ ਉੱਤਰਦਾ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਦੋ ਵਰ੍ਹਿਆਂ ਵਿੱਚ ਬਠਿੰਡਾ ਜ਼ਿਲ੍ਹੇ ਦੇ 301 ਦੌਰੇ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਵੱਲੋਂ ਔਸਤਨ ਹਰ ਤੀਜੇ ਦਿਨ ਬਠਿੰਡਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਬਠਿੰਡਾ ਜ਼ਿਲ੍ਹੇ ਦੇ ਸਾਲ 2012 ਵਿੱਚ 78 ਅਤੇ ਸਾਲ 2013 ਵਿੱਚ 86 ਦੌਰੇ ਕੀਤੇ ਹਨ। ਮੁੱਖ ਮੰਤਰੀ ਨੇ ਔਸਤਨ ਹਰ ਪੰਜਵੇਂ ਦਿਨ ਬਠਿੰਡਾ ਜ਼ਿਲ੍ਹੇ ਦਾ ਦੌਰਾ ਕੀਤਾ ਹੈ ਜਦੋਂਕਿ ਉਪ ਮੁੱਖ ਮੰਤਰੀ ਨੇ ਦੋ ਵਰ੍ਹਿਆਂ ਵਿੱਚ 137 ਦੌਰੇ ਬਠਿੰਡਾ ਜ਼ਿਲ੍ਹੇ ਦੇ ਕੀਤੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦੌਰਿਆਂ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਬਠਿੰਡਾ ਜ਼ਿਲ੍ਹੇ ਦੇ ਦੋ ਵਰ੍ਹਿਆਂ ਦੌਰਾਨ 81 ਦੌਰੇ ਕੀਤੇ ਹਨ।

Saturday, June 30, 2012

                             ਵੀ.ਆਈ.ਪੀ.ਪਿੰਡ
      ਬਾਦਲ ਵਿੱਚ ਨਹੀਂ ਲੱਗਦਾ ਬਿਜਲੀ ਕੱਟ
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਵੀ.ਆਈ.ਪੀ. ਪਿੰਡ ਬਾਦਲ ਵਿੱਚ ਬਿਜਲੀ ਦਾ ਕੋਈ ਕੱਟ ਨਹੀਂ ਲੱਗਦਾ ਹੈ। ਗਰਮੀ ਹੋਵੇ ਜਾਂ ਸਰਦੀ, ਪਿੰਡ ਬਾਦਲ ਦੇ ਲੋਕਾਂ ਲਈ ਕਦੇ ਵੀ ਬਿਜਲੀ ਦੀ ਕਮੀ ਨਹੀਂ ਹੋਈ। ਹੁਣ ਜਦੋਂ ਪੂਰਾ ਪੰਜਾਬ ਬਿਜਲੀ ਕੱਟਾਂ ਦੀ ਮਾਰ ਝੱਲ ਰਿਹਾ ਹੈ ਤਾਂ ਵੀ ਪਿੰਡ ਬਾਦਲ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਪਾਵਰਕੌਮ ਨੇ ਐਤਕੀਂ ਬਿਜਲੀ ਦੀ ਮੰਗ ਨੂੰ ਦੇਖਦੇ ਹੋਏ ਵੱਡੇ ਸ਼ਹਿਰਾਂ ਵਿੱਚ ਵੀ ਐਲਾਨੇ ਹੋਏ ਕੱਟ ਵਧਾ ਦਿੱਤੇ ਹਨ। ਪੰਜਾਬ ਦੇ ਪਿੰਡਾਂ ਦਾ ਤਾਂ ਜ਼ਿਆਦਾ ਸਮਾਂ ਬਿਜਲੀ ਕੱਟਾਂ ਵਿੱਚ ਹੀ ਲੰਘਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਹੋਣ ਕਰਕੇ ਪਾਵਰਕੌਮ ਇੱਥੇ ਬਿਜਲੀ ਕੱਟ ਨਹੀਂ ਲਾਉਂਦਾ। ਪਿੰਡ ਬਾਦਲ ਦੀ ਬਿਜਲੀ ਸਪਲਾਈ ਵਿੱਚ ਵਿਘਨ ਕੇਵਲ  ਤਕਨੀਕੀ ਨਕੁਸ ਵੇਲੇ ਪੈਂਦਾ ਹੈ।
           ਪਾਵਰਕੌਮ ਨੇ ਪਿੰਡ ਬਾਦਲ ਨੂੰ ਕਰੋੜਾਂ ਰੁਪਏ ਖਰਚ ਕਰਕੇ ਸਹੂਲਤਾਂ ਦਿੱਤੀਆਂ ਹੋਈਆਂ ਹਨ। ਬਾਦਲ ਵਿੱਚ 132 ਕੇ.ਵੀ. ਦਾ ਗਰਿੱਡ ਬਣਾਇਆ ਹੋਇਆ ਹੈ। ਇਸ ਗਰਿੱਡ ਤੋਂ ਦਰਜਨਾਂ ਪਿੰਡਾਂ ਨੂੰ ਬਿਜਲੀ ਸਪਲਾਈ ਹੁੰਦੀ ਹੈ। ਗਰਿੱਡ ਤੋਂ ਸਪਲਾਈ ਲੈਣ ਵਾਲੇ ਬਾਕੀ ਪਿੰਡਾਂ ਦਾ ਬਿਜਲੀ ਕੱਟ ਦੇ ਮਾਮਲੇ ਵਿੱਚ ਪੰਜਾਬ ਦੇ ਬਾਕੀ ਪਿੰਡਾਂ ਵਾਲਾ ਹਾਲ ਹੀ ਹੈ ਪਰ ਇਸ ਗਰਿੱਡ ਤੋਂ ਕੇਵਲ ਪਿੰਡ ਬਾਦਲ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਦੀ ਹੈ। ਇਸ ਗਰਿੱਡ ਵਾਲੇ ਪਿੰਡ ਬਾਦਲ, ਮਿੱਠੜੀ ਤੇ ਕਾਲਝਰਾਨੀ ਸ਼ਹਿਰੀ ਖੇਤਰ ਵਾਲੀ ਸਪਲਾਈ ਵਿੱਚ ਆਉਂਦੇ ਹਨ ਪਰ ਕੱਟ ਮੁਕਤ ਸਪਲਾਈ ਸਿਰਫ਼ ਪਿੰਡ ਬਾਦਲ ਨੂੰ ਮਿਲਦੀ ਹੈ। ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ ਵੱਡੇ ਸ਼ਹਿਰਾਂ ਵਿੱਚ ਦੋ ਘੰਟੇ ਦੇ ਸ਼ਡਿਊਲਡ ਕੱਟ ਲਾਏ ਜਾਂਦੇ ਹਨ ਜਦਕਿ ਬਿਜਲੀ ਦੀ ਵੱਧ ਮੰਗ ਵਾਲੇ ਸ਼ਹਿਰਾਂ ਵਿੱਚ ਤਿੰਨ ਘੰਟੇ ਦੇ ਕੱਟ ਲਾਏ ਜਾਂਦੇ ਹਨ। ਸ਼ਹਿਰੀ ਸਪਲਾਈ ਵਾਲੇ ਪੰਜਾਬ ਦੇ ਪਿੰਡਾਂ ਵਿੱਚ ਕਰੀਬ ਢਾਈ ਘੰਟੇ ਦੇ ਸ਼ਡਿਊਲਡ ਕੱਟ ਲਾਏ ਜਾ ਰਹੇ ਹਨ ਜਦਕਿ ਸ਼ਹਿਰੀ ਪੈਟਰਨ ਵਾਲੀ ਸਪਲਾਈ ਵਾਲੇ ਪੰਜਾਬ ਦੇ ਆਮ ਪਿੰਡਾਂ ਵਿੱਚ ਸਾਢੇ ਤਿੰਨ ਘੰਟੇ ਦਾ ਬਿਜਲੀ ਕੱਟ ਲੱਗ ਰਿਹਾ ਹੈ। ਇਸ ਤੋਂ ਇਲਾਵਾ ਬਾਕੀ ਪਿੰਡਾਂ ਵਿੱਚ ਤਾਂ ਅਣਐਲਾਨੇ ਕੱਟ ਵੀ ਲਾਏ ਜਾਂਦੇ ਹਨ। ਪਿੰਡਾਂ ਵਿੱਚ ਰਾਤ ਨੂੰ 10 ਤੋਂ 12 ਵਜੇ ਤੱਕ ਅਤੇ ਸਵੇਰੇ 8 ਤੋਂ 10 ਵਜੇ ਤੱਕ ਪਾਵਰਕੱਟ ਲਾਏ ਜਾਂਦੇ ਹਨ। ਇਸ ਤੋਂ ਬਿਨਾਂ ਵੀ ਕਈ ਕਈ ਘੰਟੇ ਬਿਜਲੀ ਕੱਟ ਲੱਗਦਾ ਰਹਿੰਦਾ ਹੈ।
           ਪਿੰਡ ਬਾਦਲ ਦੇ ਬਿਜਲੀ ਗਰਿੱਡ 'ਤੇ ਡਿਊਟੀ ਦੇਣ ਵਾਲੇ ਮੁਲਾਜ਼ਮ ਨਾਲ ਜਦੋਂ ਬਿਜਲੀ ਕੱਟਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਬਾਦਲ ਵਿੱਚ ਬਿਜਲੀ ਦਾ ਕੋਈ ਕੱਟ ਨਹੀਂ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਪਰੋਂ ਕੱਟ ਦਾ ਸੁਨੇਹਾ ਆ ਵੀ ਜਾਵੇ ਤਾਂ ਵੀ ਉਹ ਬਿਜਲੀ ਕੱਟ ਨਹੀਂ ਲਾਉਂਦੇ ਹਨ। ਬਾਦਲ ਵਿੱਚ ਬਿਜਲੀ ਦੇ ਘਰੇਲੂ ਕੁਨੈਕਸ਼ਨਾਂ ਦੀ ਗਿਣਤੀ ਕਰੀਬ 705 ਹੈ ਜਦਕਿ ਖੇਤੀ ਮੋਟਰਾਂ ਵਾਲੇ ਕੁਨੈਕਸ਼ਨਾਂ ਦੀ ਗਿਣਤੀ 153 ਹੈ। ਉਂਜ ਪਿੰਡ ਬਾਦਲ ਦੇ ਖੇਤਾਂ ਲਈ ਵੀ ਬਿਜਲੀ ਸਪਲਾਈ ਅੱਠ ਘੰਟੇ ਹੀ ਦਿੱਤੀ ਜਾ ਰਹੀ ਹੈ ਪਰ ਘਰੇਲੂ ਸਪਲਾਈ ਵਿੱਚ ਇਸ ਪਿੰਡ ਨੂੰ ਬਿਜਲੀ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਂਦੀ ਹੈ।  ਪਿੰਡ ਬਾਦਲ ਦੇ ਬਿਜਲੀ ਗਰਿੱਡ ਦੇ ਸਬ ਸਟੇਸ਼ਨ ਇੰਜਨੀਅਰ ਜੱਗਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪਿੰਡ ਬਾਦਲ ਵਿਚਲੀ ਰਿਹਾਇਸ਼ ਨੂੰ ਸੁਰੱਖਿਆ ਕਾਰਨਾਂ ਕਰਕੇ ਵੱਖਰੇ ਫੀਡਰ ਰਾਹੀਂ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਨਾਂ ਕਰਕੇ ਪੂਰੇ ਪਿੰਡ ਨੂੰ ਵੀ ਪਾਵਰਕੱਟ ਮੁਕਤ ਸਪਲਾਈ ਦਿੱਤੀ ਜਾ ਰਹੀ ਹੈ। ਪਾਵਰਕੌਮ ਦੇ ਸਬੰਧਤ ਕਾਰਜਕਾਰੀ ਇੰਜਨੀਅਰ ਸੀ.ਵੀ. ਮਿੱਤਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਪਿੰਡ ਹੋਣ ਕਰਕੇ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ