Thursday, April 27, 2023

                                                       ਚਲਾ ਗਿਆ ਗਰਾਈਂ
                                           ਪਿੰਡ ਬਾਦਲ ਅੱਜ ਉਦਾਸ ਹੈ...!
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਪਿੰਡ ਬਾਦਲ ਨੇ ਬਹੁਤ ਧੁੱਪਾਂ ਅਤੇ ਛਾਵਾਂ ਦੇਖੀਆਂ ਹਨ। ਹਕੂਮਤ ਦੇ ਚੜ੍ਹਦੇ ਸੂਰਜ ਵੀ ਦੇਖੇ ਹਨ ਅਤੇ ਢਲਦੇ ਪਰਛਾਵੇਂ ਵੀ ਇਸ ਪਿੰਡ ਦਾ ਨਸੀਬ ਬਣੇ ਹਨ। ਅੱਜ ਪਿੰਡ ਬਾਦਲ ਸੁੰਨਾ-ਸੁੰਨਾ ਜਾਪਿਆ। ਨਮ ਅੱਖਾਂ ਸਨ, ਉਦਾਸ ਚਿਹਰੇ ਵੀ ਸਨ, ਪਿੰਡ ਦੇ ਲੋਕ ਇੰਜ ਭਮੱਤਰੇ ਫਿਰ ਰਹੇ ਸਨ ਜਿਵੇਂ ਕੁਝ ਗੁਆਚ ਗਿਆ ਹੋਵੇ। ਆਖ਼ਰ ਇਸ ਪਿੰਡ ਨੂੰ ਹੁਣ ਉਦਰੇਵਾਂ ਝੱਲਣਾ ਪਵੇਗਾ ਕਿਉਂਕਿ ਪਿੰਡ ਬਾਦਲ ਦਾ ਪ੍ਰਕਾਸ਼ ਸਦਾ ਲਈ ਹਨੇਰੇ ’ਚ ਗੁਆਚ ਗਿਆ ਹੈ। ਬਾਦਲ ਖ਼ਾਨ ਨੇ ਜੰਗਲ ਦੇਸ਼ ਦਾ ਇਹ ਪਿੰਡ ਬੰਨ੍ਹਿਆ ਸੀ। ਉਦੋਂ ਚਹੁੰ ਪਾਸੇ ਟਿੱਬੇ ਹੀ ਟਿੱਬੇ ਸਨ। ਪਿੰਡ ਬਾਦਲ-ਖਿਓਵਾਲੀ ਸੜਕ ਕਿਸੇ ਵੇਲੇ ਕੱਚਾ ਰਾਹ ਸੀ। ਉਨ੍ਹਾਂ ਵੇਲਿਆਂ ਵਿੱਚ ਕੱਚੇ ਰਾਹ ’ਤੇ ਦਾਸ ਤੇ ਪਾਸ਼ ਇੱਕੋ ਊਠ ’ਤੇ ਜਾਂਦੇ ਰਹੇ ਹਨ। ਜਦੋਂ ਕੈਰੋਂ ਵਜ਼ਾਰਤ ਬਣੀ, ਸਭ ਤੋਂ ਪਹਿਲਾਂ ਇਹੋ ਸੜਕ ਬਣੀ। ਜਾਣਕਾਰੀ ਮੁਤਾਬਕ ਸਾਲ 1900 ਦੇ ਆਸ-ਪਾਸ ਪ੍ਰਕਾਸ਼ ਸਿੰਘ ਬਾਦਲ ਦੇ ਦਾਦੇ ਰਣਜੀਤ ਸਿੰਘ ਅਤੇ ਉਸ ਦੇ ਭਰਾ ਜਗਜੀਤ ਸਿੰਘ ਨੇ ਪਿੰਡ ਬਾਦਲ ’ਚ ਦੋ ਹਵੇਲੀਆਂ ਪਾਈਆਂ ਸਨ। ਮਗਰੋਂ ਦਾਸ ਤੇ ਪਾਸ਼ ਜਿਸ ਘਰ ’ਚ ਇਕੱਠੇ ਰਹੇ, ਉਸ ਨੂੰ ‘ਬਰਕਤਾਂ ਵਾਲਾ ਘਰ’ ਵੀ ਕਿਹਾ ਜਾਂਦਾ ਰਿਹਾ ਹੈ। 

         ਜਦੋਂ ਬਾਦਲ ਖ਼ਾਨ ਨੇ ਇਸ ਪਿੰਡ ਦੀ ਮੋਹੜੀ ਗੱਡੀ, ਉਦੋਂ ਪਿੰਡ ਬਾਦਲ ਤਕਲੀਫ਼ਾਂ ਵੰਡਦਾ ਸੀ। ਮਿਹਨਤ ਤੇ ਕਿਰਤ ਦਾ ਹੋਕਾ ਦਿੰਦਾ ਸੀ। ਪਿੰਡ ਬਾਦਲ ਅਖੀਰਲੇ ਸਮੇਂ ਤੱਕ ਆਪਣੇ ਗਰਾਈਂ ਪ੍ਰਕਾਸ਼ ਸਿੰਘ ਬਾਦਲ ’ਤੇ ਰੱਬ ਜਿੱਡਾ ਮਾਣ ਕਰਦਾ ਰਿਹਾ ਹੈ। ਪੰਜਾਬ ਨੂੰ ਪੰਜ ਦਫ਼ਾ ਮੁੱਖ ਮੰਤਰੀ ਦੇਣ ਵਾਲਾ ਪਿੰਡ ਬਾਦਲ ਹੁਣ ਸਦਾ ਲਈ ਰਾਹ ਤੱਕੇਗਾ। 20 ਵਰ੍ਹਿਆਂ ਦੀ ਉਮਰ ’ਚ ਪ੍ਰਕਾਸ਼ ਸਿੰਘ ਬਾਦਲ ਨੂੰ ਪਿੰਡ ਨੇ ਸਰਪੰਚ ਬਣਾ ਦਿੱਤਾ। ਸਰਪੰਚੀ ਦੇ ਦਸ ਵਰ੍ਹਿਆਂ ਮਗਰੋਂ ਵਿਧਾਇਕ ਦੇ ਪਿੰਡ ਦਾ ਮਾਣ ਝੋਲੀ ਪਿਆ। ਫਿਰ ਚੱਲ ਸੋ ਚੱਲ। ਦਾਸ ਤੇ ਪਾਸ਼ ਦੀ ਮੁਹੱਬਤ ਪਿੰਡ ਨੇ ਨੇੜਿਓਂ ਤੱਕੀ। ਦੋਵਾਂ ਭਰਾਵਾਂ ਨੂੰ ਲੋਕ ਰਾਮ ਲਛਮਣ ਦੀ ਜੋੜੀ ਆਖਦੇ ਸਨ, ਜਿਨ੍ਹਾਂ ਨੇ ਮੋਹ ਦੀ ਲੱਜ ਨੂੰ ਆਂਚ ਨਹੀਂ ਆਉਣ ਦਿੱਤੀ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਜਦੋਂ ਪ੍ਰਕਾਸ਼ ਬਾਦਲ ਦਾ ਵਿਆਹ ਹੋਇਆ ਸੀ ਤਾਂ ਉਦੋਂ ਪਿੰਡ ਦੇ ਹਰ ਘਰ ਵਿੱਚ ਖੰਡ ਦਾ ਪ੍ਰਸ਼ਾਦ ਵੰਡਿਆ ਗਿਆ ਸੀ। ਪਿੰਡ ਨੇ ਹਕੂਮਤਾਂ ਦੀ ਚੌਧਰ ਵੀ ਮਾਣੀ ਹੈ ਅਤੇ ਵੱਡੇ ਬਾਦਲ ਦੀ ਸਹਿਜਤਾ ਤੇ ਅਪਣੱਤ ਨੂੰ ਵੀ ਮਾਣਿਆ ਹੈ। ਜਦੋਂ ਦਾਸ ਤੇ ਪਾਸ਼ ਦੀ ਜੋੜੀ ’ਚ ਫਿੱਕ ਪਿਆ ਤਾਂ ਪਿੰਡ ਤੋਂ ਝੱਲਿਆ ਨਾ ਗਿਆ। ਭਰਾ ਦਾਸ ਦੇ ਬਿਮਾਰ ਹੋਣ ਦਾ ਪਤਾ ਲੱਗਦਾ, ਪਾਸ਼ ਬਿਨਾਂ ਦੇਰੀ ਜਾਂਦੇ।

         ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਨੂੰ ਹੁਣ ਜਦੋਂ ਦੇਖਿਆ ਤਾਂ ਪਿੰਡ ਦੀ ਜੂਹ, ਗਲੀ ਮਹੱਲੇ ਤੇ ਸੱਥਾਂ ਵਿੱਚ ਹਰ ਅੱਖ ਰੋਈ ਹੈ। ਕਿੰਨੀਆਂ ਭੀੜਾਂ ਵੀ ਪਿੰਡ ਬਾਦਲ ਨੇ ਝੱਲੀਆਂ ਹਨ। ਵਿਜੀਲੈਂਸ ਦੇ ਦਬਕੇ ਵੀ ਪਿੰਡ ਨੇ ਸੁਣੇ ਨੇ ਅਤੇ ਵੱਡੇ ਬਾਦਲ ਦੀ ਜ਼ਿੰਦਗੀ ਦੇ ਆਖ਼ਰੀ ਪਹਿਰ ਹੋਈ ਹਾਰ ਵੀ ਦੇਖਣੀ ਪਈ ਹੈ। ਕੋਈ ਸਮਾਂ ਸੀ ਜਦੋਂ ਰਾਹ ਪਿੰਡ ਬਾਦਲ ਨੂੰ ਜਾਂਦਾ ਹੁੰਦਾ ਸੀ। ਚੰਡੀਗੜ੍ਹ ਤੋਂ ਅਫ਼ਸਰਾਂ ਦੀ ਦੌੜ ਪਿੰਡ ਬਾਦਲ ਜਾ ਕੇ ਖ਼ਤਮ ਹੁੰਦੀ ਸੀ। ਛੋਟੇ ਵੱਡੇ ਨੇਤਾ ਲਈ ਪਿੰਡ ਬਾਦਲ ਕਦੇ ਦੂਰ ਨਹੀਂ ਰਿਹਾ। ਜਦੋਂ ਵੱਡੇ ਬਾਦਲ ਮੁੱਖ ਮੰਤਰੀ ਦੀ ਕੁਰਸੀ ’ਤੇ ਹੁੰਦੇ ਸਨ ਤਾਂ ਉਦੋਂ ਵੀ ਉਹ ਹਰ ਹਫ਼ਤੇ ਪਿੰਡ ਦਾ ਗੇੜਾ ਮਾਰਦੇ ਸਨ। ਹਕੂਮਤਾਂ ਸਮੇਂ ਪਿੰਡ ਬਾਦਲ ਦਿਨ ਰਾਤ ਜਾਗਦਾ ਰਿਹਾ ਹੈ। ਅਕਾਲੀ ਰਾਜ ਭਾਗ ਸਮੇਂ ਪਿੰਡ ਬਾਦਲ ਦਾ ਹਰ ਬੰਦਾ ਵੀਆਈਪੀ ਚਿਹਰਾ ਹੁੰਦਾ ਸੀ।

                                     ਕਮਜ਼ੋਰ ਲੋਕ ਬਦਲਾ ਲੈਂਦੇ ਹਨ..

ਸੁਖਬੀਰ ਬਾਦਲ ਦੇ ਜਮਾਤੀ ਰਹੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕੱਈ ਦੱਸਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਦੇ ਨਿਚੋੜ ਕੱਢੇ ਹੋਏ ਸਨ। ਨਕੱਈ ਦੱਸਦੇ ਹਨ ਕਿ ਨੇੜਲਿਆਂ ਕੋਲ ਹਮੇਸ਼ਾ ਵੱਡੇ ਬਾਦਲ ਇਹੋ ਆਖਦੇ ਸਨ ਕਿ ‘ਕਮਜ਼ੋਰ ਲੋਕ ਬਦਲਾ ਲੈਂਦੇ ਹਨ, ਤਕੜੇ ਲੋਕ ਮੁਆਫ਼ ਕਰ ਦਿੰਦੇ ਹਨ ਅਤੇ ਬੁੱਧੀਮਾਨ ਲੋਕ ਨਜ਼ਰਅੰਦਾਜ਼ ਕਰਦੇ ਹਨ।’ ਨਕੱਈ ਦਾ ਕਹਿਣਾ ਸੀ ਕਿ ਵੱਡੇ ਬਾਦਲ ਕੋਲ ਸੁਣਨ ਦਾ ਵੱਡਾ ਮਾਦਾ ਸੀ। 

No comments:

Post a Comment