Saturday, April 22, 2023

                                                       ਵਿਜੀਲੈਂਸ ਪੇਸ਼ੀ 
                                   ਚਾਹਲ ਦੀ ਉਡੀਕ ’ਚ ਅੱਖਾਂ ਪੱਕੀਆਂ..! 
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਵਿਜੀਲੈਂਸ ਬਿਊਰੋ ਕੋਲ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦਾ ‘ਕੋਵਿਡ ਪਾਜ਼ੇਟਿਵ’ ਹੋਣ ਦਾ ਮੈਡੀਕਲ ਪੱਤਰ ਪੁੱਜਿਆ ਹੈ। ਵਿਜੀਲੈਂਸ ਅਫ਼ਸਰਾਂ ਦੀਆਂ ਭਰਤਇੰਦਰ ਚਾਹਲ ਦੀ ਉਡੀਕ ਵਿਚ ਅੱਖਾਂ ਪੱਕ ਗਈਆਂ ਹਨ ਪ੍ਰੰਤੂ ਚਾਹਲ ਵਿਜੀਲੈਂਸ ਦੀ ਪੁੱਛਗਿੱਛ ਵਿਚ ਸ਼ਾਮਿਲ ਨਹੀਂ ਹੋ ਰਹੇ ਹਨ। ਸੂਤਰ ਦੱਸਦੇ ਹਨ ਕਿ ਹੁਣ ਜਦੋਂ ਵਿਜੀਲੈਂਸ ਬਿਊਰੋ ਨੇ ਆਖ਼ਰ ਚਾਹਲ ਖ਼ਿਲਾਫ਼ ਅਗਲਾ ਕਦਮ ਚੁੱਕਣ ਦਾ ਮਨ ਬਣਾ ਲਿਆ ਤਾਂ ਅਖੀਰਲੀ ਪੇਸ਼ੀ ਤੋਂ ਪਹਿਲਾਂ ਹੀ ਭਰਤਇੰਦਰ ਚਾਹਲ ਨੇ ਪੇਸ਼ੀ ਲਈ ਮੋਹਲਤ ਮੰਗ ਲਈ ਹੈ। ਵਿਜੀਲੈਂਸ ਰੇਂਜ ਪਟਿਆਲਾ ਨੇ ਸਾਬਕਾ ਮੀਡੀਆ ਸਲਾਹਕਾਰ ਚਾਹਲ ਖ਼ਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ 24 ਨਵੰਬਰ 2022 ਨੂੰ ਇਨਕੁਆਰੀ ਨੰਬਰ 14 ਦਰਜ ਕੀਤੀ ਸੀ। ਵਿਜੀਲੈਂਸ ਅਧਿਕਾਰੀ ਕਰੀਬ ਦਸ ਦਫ਼ਾ ਚਾਹਲ ਨੂੰ ਨੋਟਿਸ ਭੇਜ ਚੁੱਕੇ ਹਨ ਪ੍ਰੰਤੂ ਚਾਹਲ ਕਿਸੇ ਵੀ ਪੇਸ਼ੀ ’ਤੇ ਹਾਜ਼ਰ ਨਹੀਂ ਹੋਏ ਹਨ। 

         ਵਿਜੀਲੈਂਸ ਅਧਿਕਾਰੀ ਇਸ ਗ਼ੈਰਹਾਜ਼ਰੀ ਬਾਰੇ ਉੱਚ ਅਫ਼ਸਰਾਂ ਕੋਲ ਵੀ ਮਾਮਲਾ ਉਠਾ ਚੁੱਕੇ ਹਨ ਅਤੇ ਵਿਜੀਲੈਂਸ ਹੁਣ ਚਾਹਲ ਖ਼ਿਲਾਫ਼ ਫ਼ੌਰੀ ਸਖ਼ਤ ਕਾਰਵਾਈ ਦੇ ਰੌਂਅ ਵਿਚ ਸੀ। ਇੱਕ ਤਰੀਕੇ ਨਾਲ ਵਿਜੀਲੈਂਸ ਨੇ ਆਖ਼ਰੀ ਮੌਕਾ 18 ਅਪਰੈਲ ਨੂੰ ਪੇਸ਼ ਹੋਣ ਦਾ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਚਾਹਲ ਵੀ ਹੁਣ ਸਥਿਤੀ ਨੂੰ ਭਾਂਪ ਗਏ ਹਨ। ਚਾਹਲ ਨੇ ਵਿਜੀਲੈਂਸ ਪਟਿਆਲਾ ਨੂੰ ਪੱਤਰ ਭੇਜ ਕੇ ਦੱਸਿਆ ਹੈ ਕਿ ਉਨ੍ਹਾਂ ਨੂੰ ਤੇਜ਼ ਬੁਖ਼ਾਰ ਤੋਂ ਇਲਾਵਾ ਖਾਂਸੀ ਵੀ ਹੈ ਅਤੇ ਉਹ 15 ਅਪਰੈਲ ਨੂੰ ਕੋਵਿਡ ਪਾਜੇਟਿਵ ਪਾਏ ਗਏ ਹਨ। ਚਾਹਲ ਨੇ ਸਿਵਲ ਹਸਪਤਾਲ ਸੈਕਟਰ ਛੇ ਪੰਚਕੂਲਾ ਦੀ ਸਲਿਪ ਵੀ ਭੇਜੀ ਹੈ ਜਿਸ ਵਿਚ ਚਾਹਲ ਨੂੰ ਦੋ ਹਫ਼ਤਿਆਂ ਲਈ ਇਕਾਂਤਵਾਸ ਹੋਣ ਦੀ ਸਲਾਹ ਦਿੱਤੀ ਗਈ ਹੈ। ਆਖ਼ਰੀ ਪੇਸ਼ੀ ਤੋਂ ਪਹਿਲਾਂ ਹੀ ਵਿਜੀਲੈਂਸ ਕੋਲ ਚਾਹਲ ਦਾ ਪੱਤਰ ਤੇ ਮੈਡੀਕਲ ਸਰਟੀਫਿਕੇਟ ਪੁੱਜ ਗਿਆ ਹੈ। ਅਧਿਕਾਰੀ ਸੰਸੋਪੰਜ ਵਿਚ ਹਨ ਕਿ ਚਾਹਲ ਸੱਚਮੁੱਚ ਹੀ ਕੋਵਿਡ ਤੋਂ ਪੀੜਤ ਹਨ।

         ਵਿਜੀਲੈਂਸ ਨੇ 10 ਅਪਰੈਲ ਨੂੰ ਚਾਹਲ ਦੇ ਪਟਿਆਲਾ ਸਥਿਤ ਘਰ ’ਤੇ ਨੋਟਿਸ ਚਿਪਕਾ ਕੇ ਉਨ੍ਹਾਂ ਨੂੰ 18 ਅਪਰੈਲ ਨੂੰ ਵਿਜੀਲੈਂਸ ਦਫ਼ਤਰ ਪੇਸ਼ ਹੋਣ ਲਈ ਕਿਹਾ ਸੀ। ਵਿਜੀਲੈਂਸ ਹੁਣ ਚਾਹਲ ਤੋਂ ਸੰਪਤੀ ਦੇ ਵਸੀਲਿਆਂ ਆਦਿ ਬਾਰੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ 17 ਮਾਰਚ ਨੂੰ ਵੀ ਚਾਹਲ ਨੂੰ ਨੋਟਿਸ ਦਿੱਤਾ ਗਿਆ ਸੀ ਜਿਸ ਦਾ ਚਾਹਲ ਨੇ 21 ਮਾਰਚ ਨੂੰ ਜੁਆਬ ਭੇਜ ਦਿੱਤਾ ਸੀ ਜਿਸ ਵਿਚ ਚਾਹਲ ਨੇ ਆਪਣੀ ਧਰਮਪਤਨੀ ਨੂੰ ਕੈਂਸਰ ਦੀ ਬਿਮਾਰੀ ਦਾ ਇਲਾਜ ਚੱਲਦਾ ਹੋਣ ਦੀ ਗੱਲ ਆਖੀ ਸੀ। ਉਨ੍ਹਾਂ ਨੇ ਉਦੋਂ ਵਿਜੀਲੈਂਸ ਤੋਂ ਇੱਕ ਮਹੀਨੇ ਦੀ ਮੋਹਲਤ ਮੰਗੀ ਸੀ। ਵਿਜੀਲੈਂਸ ਨੇ 29 ਮਾਰਚ ਨੂੰ ਪਟਿਆਲਾ ਸਰਹਿੰਦ ਰੋਡ ’ਤੇ ਸਥਿਤ ਚਾਹਲ ਦੇ ਮੈਰਿਜ ਪੈਲੇਸ ਅੱਗੇ ਵੀ ਨੋਟਿਸ ਚਿਪਕਾਇਆ ਸੀ ਜਿਸ ਦਾ ਪੈਲੇਸ ਮੈਨੇਜਰ ਨੇ 5 ਅਪਰੈਲ ਨੂੰ ਜੁਆਬ ਦੇ ਦਿੱਤਾ ਸੀ। ਚਾਹਲ ਨੇ ਪੱਤਰ ਵਿਚ ਕਿਹਾ ਹੈ ਕਿ ਉਹ 30 ਅਪਰੈਲ ਤੋਂ ਬਾਅਦ ਵਿਜੀਲੈਂਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ।

         ਚੇਤੇ ਰਹੇ ਕਿ ਵਿਜੀਲੈਂਸ ਵੱਲੋਂ ਚਾਹਲ ਦੇ ਪਟਿਆਲਾ ਸਥਿਤ ਪੈਲੇਸ ਅਤੇ ਸ਼ਾਪਿੰਗ ਕੰਪਲੈਕਸ ਦੀ ਪੈਮਾਇਸ਼ ਵੀ ਕੀਤੀ ਜਾ ਚੁੱਕੀ ਹੈ। ਭਰਤਇੰਦਰ ਚਾਹਲ ਵਰ੍ਹਾ 2002-2007 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਹਨ ਅਤੇ ਅਮਰਿੰਦਰ ਸਰਕਾਰ ਦੀ ਦੂਸਰੀ ਪਾਰੀ ਦੌਰਾਨ ਚਾਹਲ ਨੂੰ ਕੈਬਨਿਟ ਰੈਂਕ ਮਿਲਿਆ ਹੋਇਆ ਸੀ। ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਸਾਲ 2008 ਵਿਚ ਚਾਹਲ ਖ਼ਿਲਾਫ਼ ਕੁਰੱਪਸ਼ਨ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਸੀ ਜਿਸ ਵਿਚ ਉਹ 2016 ਵਿਚ ਬਰੀ ਹੋ ਗਏ ਸਨ। ਅਮਰਿੰਦਰ ਸਰਕਾਰ ਦੀ ਪਹਿਲੀ ਪਾਰੀ ਸਮੇਂ ਭਰਤਇੰਦਰ ਚਾਹਲ ਦੀ ਤੂਤੀ ਬੋਲਦੀ ਰਹੀ ਹੈ।

                                           ਨੋਟਿਸਾਂ ਦੀ ਲਾਈ ਝੜੀ..

ਵਿਜੀਲੈਂਸ ਨੇ ਭਰਤਇੰਦਰ ਚਾਹਲ ਨੂੰ ਨੋਟਿਸ ਭੇਜਣ ਦੀ ਝੜੀ ਲਾਈ ਰੱਖੀ ਪ੍ਰੰਤੂ ਚਾਹਲ ਕਿਸੇ ਵੀ ਪੇਸ਼ੀ ’ਤੇ ਹਾਜ਼ਰ ਨਹੀਂ ਹੋਏ ਹਨ। ਵਿਜੀਲੈਂਸ ਨੇ ਪੇਸ਼ ਹੋਣ ਲਈ ਚਾਹਲ ਨੂੰ ਪਹਿਲਾ ਨੋਟਿਸ 16 ਦਸੰਬਰ ਨੂੰ ਭੇਜਿਆ ਅਤੇ ਫਿਰ 26 ਦਸੰਬਰ ਨੂੰ ਭੇਜਿਆ। ਇਸੇ ਤਰ੍ਹਾਂ ਵਿਜੀਲੈਂਸ ਨੇ 2 ਜਨਵਰੀ, 24 ਫਰਵਰੀ, 28 ਫਰਵਰੀ,10 ਮਾਰਚ, 15 ਮਾਰਚ, 22 ਮਾਰਚ ਅਤੇ ਫਿਰ 16 ਅਪਰੈਲ ਨੂੰ ਭੇਜਿਆ ਗਿਆ ਸੀ। ਵਾਰ ਵਾਰ ਪਰਵਾਨਾ ਭੇਜਣ ਦੇ ਬਾਵਜੂਦ ਚਾਹਲ ਪੇਸ਼ ਨਹੀਂ ਹੋਏ ਅਤੇ ਨਾ ਹੀ ਉਨ੍ਹਾਂ ਦਾ ਕੋਈ ਨੁਮਾਇੰਦਾ ਪੇਸ਼ ਹੋਇਆ ਹੈ। ਹੁਣ ਉਨ੍ਹਾਂ ਦੀ ਗ਼ੈਰਹਾਜ਼ਰੀ ਤੋਂ ਵਿਜੀਲੈਂਸ ਖ਼ਫ਼ਾ ਹੈ ਅਤੇ ਅਗਲੀ ਕਾਰਵਾਈ ਤੋਂ ਪਹਿਲਾਂ ਹੀ ਚਾਹਲ ਨੇ ਮੈਡੀਕਲ ਸਰਟੀਫਿਕੇਟ ਭੇਜ ਦਿੱਤਾ ਹੈ।

No comments:

Post a Comment