Monday, April 3, 2023

                                                        ਕੇਂਦਰੀ ਮਿਆਰ
                             ਕਣਕ ਦੇ ਮੁੱਲ ’ਚ ਕਟੌਤੀ ਦੀ ਸੰਭਾਵਨਾ
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਬੇਮੌਸਮੇ ਮੀਂਹ ਦੀ ਝੰਬੀ ਕਣਕ ਦੇ ਸਰਕਾਰੀ ਭਾਅ ’ਚ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਵਿਚ ਅੱਜ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ ਅਤੇ ਰਾਜਪੁਰਾ ਮੰਡੀ ਵਿਚ ਅੱਜ 630 ਕੁਇੰਟਲ ਕਣਕ ਦੀ ਆਮਦ ਹੋਈ, ਜਿਸ ’ਚੋਂ 60 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ ਹੈ। ਐਤਕੀਂ ਪੰਜਾਬ, ਹਰਿਆਣਾ, ਪੱਛਮੀ ਯੂ.ਪੀ ਅਤੇ ਮੱਧ ਪ੍ਰਦੇਸ਼ ਵਿਚ ਮੀਂਹ ਅਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ। ਕੇਂਦਰੀ ਖ਼ੁਰਾਕ ਮੰਤਰਾਲੇ ਨੇ 31 ਮਾਰਚ ਨੂੰ ਪੱਤਰ ਭੇਜ ਕੇ ਕਣਕ ਦੇੇ ਮਾਪਦੰਡਾਂ ਵਿਚ ਮੱਧ ਪ੍ਰਦੇਸ਼ ਨੂੰ ਛੋਟ ਦੇ ਦਿੱਤੀ ਹੈ। ਖ਼ੁਰਾਕ ਮੰਤਰਾਲੇ ਨੇ 10 ਫ਼ੀਸਦੀ ਤੱਕ ਲਸਟਰ ਲੌਸ ਵਾਲੀ ਕਣਕ ਨੂੰ ਸਰਕਾਰੀ ਭਾਅ ਵਿਚ ਬਿਨਾਂ ਕਿਸੇ ਕਟੌਤੀ ਦੇ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਅਗਰ ਲਸਟਰ ਲੌਸ 10 ਫ਼ੀਸਦੀ ਤੋਂ 80 ਫ਼ੀਸਦੀ ਤੱਕ ਪਾਇਆ ਜਾਂਦਾ ਹੈ ਤਾਂ ਸਰਕਾਰ ਕਣਕ ਦੀ ਫ਼ਸਲ ਦੇ ਸਰਕਾਰੀ ਭਾਅ ਵਿਚ ਇੱਕ ਫ਼ੀਸਦੀ ਤੋਂ 25 ਫ਼ੀਸਦੀ ਤੱਕ ਕਟੌਤੀ ਕਰ ਸਕਦੀ ਹੈ।

        ਮੱਧ ਪ੍ਰਦੇਸ਼ ਵਿਚ 15 ਮਾਰਚ ਨੂੰ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਸੀ, ਪਰ ਮੰਡੀਆਂ ਵਿਚ 28 ਮਾਰਚ ਨੂੰ ਕਣਕ ਪੁੱਜੀ, ਜਿਸ ਦੀ ਗੁਣਵੱਤਾ ਕੇਂਦਰੀ ਮਿਆਰਾਂ ’ਤੇ ਖਰੀ ਨਹੀਂ ਉੱਤਰਦੀ ਸੀ। ਮੱਧ ਪ੍ਰਦੇਸ਼ ਸਰਕਾਰ ਨੇ ਐਤਕੀਂ ਸੂਬੇ ’ਚੋਂ 80 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿਥਿਆ ਹੈ। ਮੱਧ ਪ੍ਰਦੇਸ਼ ਵਿਚ ਇਸੇ ਵਰ੍ਹੇ ਦੇ ਅਖੀਰ ਵਿਚ ਚੋਣਾਂ ਹਨ ਅਤੇ ਉਥੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ। ਖੇਤੀ ਮਾਹਿਰ ਕਿਆਸ ਲਗਾ ਰਹੇ ਹਨ ਕਿ ਅਗਰ ਕੇਂਦਰੀ ਹਕੂਮਤ ਨੇ ਚੋਣਾਂ ਵਾਲੇ ਆਪਣੇ ਸੂਬੇ ਵਿਚ ਕੇਂਦਰੀ ਮਾਪਦੰਡਾਂ ਵਿਚ ਛੋਟ ਦਿੰਦਿਆਂ ਵੱਧ ਨੁਕਸਾਨੀ ਫ਼ਸਲ ਦੇ ਸਰਕਾਰੀ ਭਾਅ ਵਿਚ ਕਟੌਤੀ ਦਾ ਫ਼ੈਸਲਾ ਕੀਤਾ ਹੈ ਤਾਂ ਪੰਜਾਬ ’ਤੇ ਵੀ ਇਹੀ  ਨਿਯਮ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਬਾਰੇ ਕੇਂਦਰ ਸਰਕਾਰ ਵੱਲੋਂ ਕੀਤਾ ਫ਼ੈਸਲਾ ਪੰਜਾਬ ਸਰਕਾਰ ਨੂੰ ਚੌਕੰਨਾ ਕਰਨ ਵਾਲਾ ਹੈ। ਪੰਜਾਬ ਦੇ ਕਿਸਾਨਾਂ ਨੂੰ ਇਹ ਵੱਡੀ ਮਾਰ ਪਵੇਗੀ। ਬੇਸ਼ੱਕ ਪੰਜਾਬ ਸਰਕਾਰ ਨੇ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ, ਪਰ ਫ਼ਸਲ ਦੇ ਭਾਅ ਵਿਚ ਕਟੌਤੀ ਕਿਸਾਨਾਂ ਲਈ ਬੁਰੀ ਖ਼ਬਰ ਬਣ ਸਕਦੀ ਹੈ। 

         ਪੰਜਾਬ ਵਿਚ 13.60 ਲੱਖ ਹੈਕਟੇਅਰ ਰਕਬੇ ਵਿਚਲੀ ਫ਼ਸਲ ਪ੍ਰਭਾਵਿਤ ਹੋਈ ਹੈ ਜਿਸ ’ਚੋਂ ਕਰੀਬ ਇੱਕ ਲੱਖ ਹੈਕਟੇਅਰ ਰਕਬਾ ਸੌ ਫ਼ੀਸਦੀ ਨੁਕਸਾਨਿਆ ਗਿਆ ਹੈ। ਬੇਸ਼ੱਕ ਐਤਕੀਂ ਸਰਕਾਰ ਨੇ 167 ਲੱਖ ਮੀਟਰਿਕ ਟਨ ਪੈਦਾਵਾਰ ਦਾ ਅਨੁਮਾਨ ਲਾਇਆ ਹੈ, ਪਰ ਮੀਂਹ ਕਾਰਨ ਹੋਏ ਖ਼ਰਾਬੇ ਕਰ ਕੇ ਟੀਚਾ 150 ਲੱਖ ਮੀਟਰਿਕ ਟਨ ਤੋਂ ਵੀ ਹੇਠਾਂ ਰਹਿ ਸਕਦਾ ਹੈ। ਪਿਛਲੇ ਸਾਲ ਤਪਸ਼ ਕਾਰਨ ਪੰਜਾਬ ਵਿਚ ਝਾੜ ਘੱਟ ਗਿਆ ਸੀ ਅਤੇ 148 ਲੱਖ ਮੀਟਰਿਕ ਟਨ ਕਣਕ ਦੀ ਪੈਦਾਵਾਰ ਹੋਈ ਸੀ। ਲੰਘੇ ਤਿੰਨ ਸਾਲਾਂ ਦੌਰਾਨ ਪੰਜਾਬ ਵਿਚ ਕਣਕ ਦੀ ਪੈਦਾਵਾਰ ਵਿਚ 26 ਲੱਖ ਮੀਟਰਿਕ ਟਨ ਦੀ ਕਟੌਤੀ ਹੋ ਚੁੱਕੀ ਹੈ। ਦੇਸ਼ ਦੇ ਅਨਾਜ ਭੰਡਾਰ ਵਿਚ ਪਹਿਲੀ ਫਰਵਰੀ ਨੂੰ 154 ਲੱਖ ਮੀਟਰਿਕ ਟਨ ਕਣਕ ਰਹਿ ਗਈ ਸੀ ਅਤੇ ਉਸ ਮਗਰੋਂ ਖੁੱਲ੍ਹੀ ਮਾਰਕੀਟ ਵਿਚ ਵੀ 50 ਲੱਖ ਮੀਟਰਿਕ ਟਨ ਕਣਕ ਵੇਚੀ ਗਈ ਹੈ। ਦੱਸਦੇ ਹਨ ਕਿ ਰਾਖਵੇਂ ਭੰਡਾਰ ਵਿਚ ਘੱਟੋ-ਘੱਟ 133 ਲੱਖ ਮੀਟਰਿਕ ਟਨ ਕਣਕ ਹੋਣੀ ਚਾਹੀਦੀ ਹੈ। ਇਸ ਵੇਲੇ ਕਣਕ ਦੇ ਭੰਡਾਰ ਕਾਫ਼ੀ ਘਟ ਗਏ ਹਨ । 

         ਕੇਂਦਰ ਸਰਕਾਰ ਵੱਲੋਂ ਜੇਕਰ ਪੰਜਾਬ ਵਿਚ ਨੁਕਸਾਨੀ ਫ਼ਸਲ ਦੀ ਖ਼ਰੀਦ ’ਤੇ ਕੋਈ ਵੈਲਿਊ ਕੱਟ ਲਾਇਆ ਜਾਂਦਾ ਹੈ ਤਾਂ ਇਹ ਅੰਨਦਾਤਾ ਲਈ ਅਸਹਿ ਹੋਵੇਗਾ। ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ 81.35 ਕਰੋੜ ਲਾਭਪਾਤਰੀਆਂ ਨੂੰ ਦੇਸ਼ ਵਿਚ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ ਜਿਸ ਤਹਿਤ 75 ਫ਼ੀਸਦੀ ਦਿਹਾਤੀ ਖੇਤਰ ਅਤੇ 50 ਫ਼ੀਸਦੀ ਸ਼ਹਿਰੀ ਖੇਤਰ ਕਵਰ ਹੁੰਦਾ ਹੈ।ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਮਾਪਦੰਡਾਂ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ ਤਾਂ ਉਸ ਵਕਤ ਹੀ ਸਥਿਤੀ ਸਪਸ਼ਟ ਹੋਵੇਗੀ, ਪਰ ਕੇਂਦਰ ਨੇ ਮੱਧ ਪ੍ਰਦੇਸ਼ ਵਿਚ ਵੱਧ ਨੁਕਸਾਨੀ ਫ਼ਸਲ ਦੇ ਭਾਅ ਵਿਚ ਕਟੌਤੀ ਕਰਨ ਦਾ ਜਿਹੜਾ ਫ਼ੈਸਲਾ ਕੀਤਾ ਹੈ, ਉਸ ਤੋਂ ਕਿਆਸ ਲਾਇਆ ਜਾ ਸਕਦਾ ਹੈ ਕਿ ਪੰਜਾਬ ਨੂੰ ਵੀ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕੁਦਰਤੀ ਮਾਰ ਨੂੰ ਦੇਖਦਿਆਂ ਕੇਂਦਰ ਸਰਕਾਰ ਨੂੰ ਮਾਪਦੰਡਾਂ ਬਾਰੇ ਕਿਸਾਨ ਪੱਖੀ ਫ਼ੈਸਲਾ ਲੈਣਾ ਚਾਹੀਦਾ ਹੈ।

                                         ਪੰਜਾਬ ਦੇ ਭੰਡਾਰ ਖ਼ਾਲੀ ਹੋਏ

ਪੰਜਾਬ ਵਿਚ ਪਹਿਲੀ ਦਫ਼ਾ ਕਣਕ ਦਾ ਭੰਡਾਰ ਖ਼ਾਲੀ ਵਰਗਾ ਹੋ ਗਿਆ ਹੈ ਜਦੋਂ ਕਿ ਪਹਿਲਾਂ ਸੀਜ਼ਨ ਮੌਕੇ ਕਦੇ ਅਜਿਹਾ ਨਹੀਂ ਹੋਇਆ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਗੁਦਾਮਾਂ ਵਿਚ ਲੰਘੀ 31 ਮਾਰਚ ਨੂੰ ਸਿਰਫ਼ ਦੋ ਲੱਖ ਮੀਟਰਿਕ ਟਨ ਕਣਕ ਬਚੀ ਹੈ ਜਦੋਂ ਕਿ ਪਿਛਲੇ ਵਰ੍ਹੇ 31 ਮਾਰਚ ਨੂੰ ਇਹ ਭੰਡਾਰ ਕਰੀਬ 45 ਲੱਖ ਮੀਟਰਿਕ ਟਨ ਦਾ ਪਿਆ ਸੀ। ਪੰਜਾਬ ’ਚੋਂ ਐਤਕੀਂ ਕਣਕ ਦੀ ਫ਼ਸਲ ਦੀ ਤੇਜ਼ੀ ਨਾਲ ਮੂਵਮੈਂਟ ਹੋਈ ਹੈ।

No comments:

Post a Comment