Sunday, April 9, 2023

                                      ਤੂੰ ਅਨਾੜੀ, ਮੈਂ ਖਿਡਾਰੀ..
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਟਰੰਪ ਸਾਹਿਬ ਤੁਸੀਂ ਤਾਂ ਨਿਰੇ ਅਨਾੜੀ ਨਿਕਲੇ, ਐਵੇਂ ਬਾਂਅ ਬਾਂਅ ਕਰਵਾ ਬੈਠੇ। ਸਾਡੇ ਸ਼ਾਸਤਰ ਹੀ ਪੜ੍ਹ ਲੈਂਦੇ, ਘੱਟੋ ਘੱਟ ਮੋਹ ਤੇ ਕਾਮ ‘ਚ ਤਾਂ ਨਾ ਫਸਦੇ। ਪੋਰਨ ਸਟਾਰ ਸਟੌਰਮੀ ਤੂੰ ਕੁਝ ਤਾਂ ਸ਼ਰਮ ਕਰ, ਐਵੇਂ ਬਿਨਾਂ ਗੱਲੋਂ ਤੂਫ਼ਾਨ ਖੜ੍ਹਾ ਕੀਤੈ। ਹਮਾਮ ‘ਚ ਸਭ ਨੰਗੇ ਨੇ, ਟਰੰਪ ਕਿਹੜਾ ਕੋਈ ਏਲੀਅਨ ਹੈ। ਏਨਾ ਭਲਾਮਾਣਸ ਬੰਦਾ, ਉਪਰੋਂ ਦਾਨੀ ਬਿਰਤੀ, ਰਹੇ ਰੱਬ ਦਾ ਨਾਂ। ਨਹੀਂ ਪਹਿਲਾਂ ਕੌਣ ਸਹਿਮਤੀ ਲੈਂਦੈ, ਭਲੀਏ ਲੋਕੇ ! ਤੇਰਾ ਮੂੰਹ ਬੰਦ ਰੱਖਣ ਲਈ, ਅਗਲੇ ਨੇ ਖੁੱਲ੍ਹੇ ਦਿਲ ਨਾਲ ਤੇਰੇ ਚਰਨਾਂ ‘ਚ ਲੱਖਾਂ ਡਾਲਰ ਰੱਖ ਦਿੱਤੇ। ਹਾਲੇ ਆਖਦੀ ਪਈ ਏ, ‘ਕੈਦ ਕਰਾਦੂੰਗੀ ਮੈਂ ਡਿਪਟੀ ਦੀ ਸਾਲੀ‘।

       ਟਰੰਪ ਬਾਬੂ! ਤੂੰ ਟੱਟੂ ਦਾ ਲਾਣੇਦਾਰ ਐਂ, ਅਮਰੀਕਾ ਦਾ ਪ੍ਰਧਾਨ ਹੋਵੇ, ਡੇਢ ਮਣ ਦੀ ਸਟੌਰਮੀ ‘ਤੇ ਪਰਦਾ ਨਹੀਂ ਪਾ ਸਕਿਆ। ਨਾਲੇ ਯਾਦ ਕਰੋ, ਜਦੋਂ ਤੁਸਾਂ ਨੇ ਅਹਿਮਦਾਬਾਦ ਫੇਰਾ ਪਾਇਆ, ਉਦੋਂ ਸਾਡੇ ਪ੍ਰਧਾਨ ਨੇ ਤਾਂ ਮੀਲਾਂ ਲੰਮੀ ਬਸਤੀ ‘ਤੇ ਤਿਰਪਾਲ ਪਾ ਦਿੱਤੀ ਸੀ। ਕੁੱਝ ਤਾਂ ਸਿੱਖ ਲੈਂਦੇ, ‘ਅਬ ਪਛਤਾਏ ਕਿਆ ਹੋਏ, ਜਬ ਚਿੜ੍ਹੀਆ ਚੁੱਗ ਗਈ ਖੇਤ‘। ਜਨਾਬ-ਏ-ਆਲੀ, ਹੁਣ ਦਿਲ ਹੌਲਾ ਨਾ ਕਰੋ, ਬੱਸ ਸ਼ਸ਼ੀ ਥਰੂਰ ਦੀ ਫੋਟੋ ਕਮਰੇ ‘ਚ ਲਾਓ, ਅਗਰਬੱਤੀ ਜਲਾਓ, ਧਿਆਨ ਚਿੱਤ ਹੋ ਤਿੰਨ ਵੇਲੇ ਧਿਆਓ। ਮਹਾਨ ਭਾਰਤ ‘ਚ ਏਨਾ ਹੁਨਰ ਐ, ਕੋਈ ਮੂੰਹ ਖੋਲ੍ਹ ਕੇ ਤਾਂ ਦਿਖਾਵੇ। ਵੇਲੇ ਸਿਰ ਜ਼ੁਬਾਨਬੰਦੀ ਦਾ ਗੁਰ ਲੈ ਜਾਂਦੇ, ਅੱਜ ਜ਼ਾਕਿਰ ਹੁਸੈਨ ਦੇ ਚੇਲੇ ਵੀ ਗੱਜ ਵੱਜ ਆਖਦੇ, ‘ਵਾਹ ਉਸਤਾਦ ਵਾਹ‘।

       ਤੁਸੀਂ ਖੁੰਝ ਗਏ, ਕਿਤੇ ‘ਨੌਲਿਜ ਸ਼ੇਅਰਿੰਗ ਸਮਝੌਤਾ‘ ਕੀਤਾ ਹੁੰਦਾ, ਆਹ ਦਿਨ ਨਾ ਦੇਖਣੇ ਪੈਂਦੇ, ਅਸਾਂ ਕੋਲ ਤਾਂ ਕਿੰਨੇ ਹੀ ਥਰੂਰ ਨੇ, ਸਭ ਨੂੰ ਡੈਪੂਟੇਸ਼ਨ ‘ਤੇ ਅਮਰੀਕਾ ਭੇਜ ਦਿੰਦੇ। ਟੁਣਕਾ ਕੇ ਦੇਖੇ ਹੋਏ ਨੇ, ਤੂਫਾਨਾਂ ‘ਚ ਵੀ ਕੱਚੇ ਘੜੇ ‘ਤੇ ਤਰ ਜਾਂਦੇ ਨੇ, ਤੁਸੀਂ ਤਾਂ ਪੱਕਾ ਹੀ ਡੁਬੋ ਬੈਠੇ। ਪਿਆਰੇ ਟਰੰਪ! ਤੁਸੀਂ ਕਿਹੜਾ ਬੁੱਢੇ ਹੋ ਚੱਲੇ ਹੋ, ਏਸ ਉਮਰੇ ਹਰ ਦਿਲ ਹੀ ਗਾਉਂਦਾ ਏ, ‘ਏਕ ਲੜਕੀ ਕੋ ਦੇਖਾ ਤੋਂ ਐਸਾ ਲੱਗਾ…..‘। ਸਿਆਣੇ ਆਖਦੇ ਨੇ, ਪਹਿਲਾਂ ਵਿਆਹ ਫਰਜ਼, ਦੂਜਾ ਵਿਆਹ ਗ਼ਲਤੀ ਤੇ ਤੀਜਾ ਮੂਰਖਤਾ। ਮਿਲੇਨੀਆ ਟਰੰਪ, ਖ਼ਾਨਦਾਨੀ ਘਰ ਦੀ ਕੁੜੀ ਐ, ਲਓ ਜੀ, ਥੋਡੇ ਮੂਰਖਤਾ ਹੀ ਰਾਸ ਆ‘ਗੀ।

        70 ਵਰਿ੍ਹਆਂ ਦੇ ਸਾਬਕਾ ਮੁੱਖ ਮੰਤਰੀ ਐਨ.ਟੀ.ਰਾਮਾ ਰਾਓ ਦੂਜੀ ਵਾਰ ਘੋੜੀ ਚੜ੍ਹੇ। ਦਿਗਵਿਜੈ ਸਿੰਘ ਨੇ ਦੂਜੀ ਵਾਰ ਗ੍ਰਹਿਸਤੀ ਸ਼ੁਰੂ ਕੀਤੀ ਹੈ। ਅਸਾਂ ਦੀ ਲੰਕਾ ਜੱਗੋਂ ਨਿਆਰੀ। ਬਿਗਾਨੀ ਖੁਰਲੀ ‘ਚ ਮੂੰਹ ਮਾਰਨ ਵਾਲੀ ਪ੍ਰਜਾਤੀ ਹਰ ਥਾਂ ਉੱਗੀ ਐ। ਢੱਠਿਆਂ ਦੀ ਤਾਂ ਗੱਲ ਹੀ ਛੱਡੋ, ਜਿਹੜੇ ਖੁਰਲੀ ਢਾਹੁਣ ਤੱਕ ਵੀ ਜਾਂਦੇ ਨੇ। ਅਰੇ ਟਰੰਪ ਬਾਬੇ, ਤੁਸਾਂ ਬਿਗਾਨੀ ਖੁਰਲੀ ‘ਚ ਦੋ ਚਾਰ ਮੂੰਹ ਮਾਰ ਵੀ ਲਏ, ਤਾਂ ਕੀ ਪਰਲੋ ਆ ਗਈ। ਬਿੱਲ ਕਲਿੰਟਨ ਵੀ ਮੋਨਿਕਾ ਲੇਵਿੰਸਕੀ ਦੀ ਖੁਰਲੀ ‘ਚ ਮੂੰਹ ਮਾਰ ਬੈਠੇ ਸਨ, ਕੋਈ ਰੱਬ ਦੀ ਕਰਨੀ, ਮਸਾਂ ਬਚੇ ਸਨ। ਬੱਸ ਤੁਸੀਂ ਹਿੰਮਤ ਨਹੀਂ ਹਾਰਨੀ, ਇੱਕ ਦਿਨ ਜ਼ਰੂਰ ਸੱਚੇ ਰੱਬ ਨੂੰ ਪਾਓਗੇ।

       ਲਓ ਇੱਕ ਪੁਰਾਣੀ ਕਥਾ ਵੀ ਸੁਣ ਲਓ। ਅਮਰੀਕੀ ਚੋਣ ‘ਚ ਸਿਰ ਧੜ ਦੀ ਲੱਗੀ ਹੋਈ ਸੀ। ਅਮਰੀਕਾ ਦਾ ਪ੍ਰਧਾਨ ਬਣਨ ਲਈ ਕਾਹਲੇ ਅਲ ਗੌਰ ਨੇ ਚੋਣ ਪ੍ਰਚਾਰ ‘ਚ ਸਟੇਜ ਤੋਂ ਆਪਣੀ ਪਤਨੀ ਨੂੰ ਚੁੰਮ ਲਿਆ। ਉਸ ਦਾ ਵੋਟ ਗਰਾਫ਼ ਪੰਜ ਫੀਸਦੀ ਯਕਦਮ ਵਧ ਗਿਆ। ਬੱਸ ਫੇਰ ਇਹੋ ਫਾਰਮੂਲਾ ਵਿਰੋਧੀ ਉਮੀਦਵਾਰ ਜਾਰਜ ਬੁਸ਼ ਨੇ ਪੱਲੇ ਬੰਨਿ੍ਹਆ, ਹਰ ਸਟੇਜ ‘ਤੇ ਆਪਣੀ ਪਤਨੀ ਨੂੰ ਲਿਜਾਂਦੇ, ਚੁੰਮ ਚੁੰਮ ਬੁਰਾ ਹਾਲ ਕਰ ਦਿੰਦੇ। ਇੰਝ ਲੱਗਦਾ ਸੀ ਕਿ ਜਿਵੇਂ ਕੋਈ ਚੋਣ ਮੁਕਾਬਲਾ ਨਹੀਂ, ਚੁੰਮਣ ਮੁਕਾਬਲਾ ਚੱਲ ਰਿਹਾ ਹੋਵੇ। ‘ਵੱਡਿਆਂ ਘਰਾਂ ਦੀਆਂ ਵੱਡੀਆਂ ਮਿਰਚਾਂ‘।

         ਕੇਰਾਂ ਬਲਵੰਤ ਗਾਰਗੀ ਨੇ ਘਰ ਆਈ ਮੇਮ ਨੂੰ ਜਦ ਚੁੰਮਣ ਲੈ ਕੇ ਵਿਦਾ ਕੀਤਾ ਤਾਂ ਕੋਲ ਬੈਠੇ ਸੰਤੋਖ ਸਿੰਘ ਧੀਰ ਆਖਣ ਲੱਗੇ, ਗਾਰਗੀ ਜੀ, ‘ਸਾਡੇ ਤਾਂ ਆਪਦੀ ਜਨਾਨੀ ਦਾ ਚੁੰਮਣ ਲੈਣਾ ਬੱਕਰਾ ਢਾਹੁਣ ਬਰਾਬਰ ਐ।’ ਚੁੰਮਣ ਛੱਡ ਕੇ ਹੁਣ ਟਰੰਪ ਦੇ ਦੁੱਖ ’ਚ ਸ਼ਰੀਕ ਹੋਈਏ, ਔਹ ਦੇਖੋ, ਜਿਸ ਤੋਂ ਚੋਣ ਜਿੱਤੀ ਨਹੀਂ ਗਈ, ਸਟੌਰਮੀ ਦਾ ਸਤਾਇਆ, ਕਿਵੇਂ ਹੰਝੂ ਵਹਾ ਰਿਹਾ ਹੈ, ਲੱਗਦੈ ਹੁਣ ਹੰਸ  ਰਾਜ ਹੰਸ ਤੋਂ ਰਿਹਾ ਨਹੀਂ ਜਾਣਾ, ‘ਏਹ ਜੋ ਸਿੱਲ੍ਹੀ ਸਿੱਲ੍ਹੀ ਆਉਂਦੀ ਏ ਹਵਾ..।‘

         ਏਦਾਂ ਦੀ ਹਵਾ ਕੇਰਾਂ ਪੰਜਾਬ ਦੇ ਇੱਕ ਸਿਆਸੀ ਪਰਿਵਾਰ ਦੇ ਬੱਚੂ ‘ਤੇ ਵੀ ਵਗੀ ਸੀ। ਪੰਜਾਬ ਘੁੰਮਣ ਆਈ ਇੱਕ ਫਰਾਂਸੀਸੀ ਕੁੜੀ ਨੇ ਉਸ ‘ਤੇ ਐਸਾ ਚਿੱਕੜ ਸੁੱਟਿਆ ਕਿ ਸਰਕਾਰ ਖਤਰੇ ‘ਚ ਪੈ ਚੱਲੀ ਸੀ। ਓਹ ਤਾਂ ਜਿਉਂਦੀ ਰਹੇ ਪੰਜਾਬ ਪੁਲੀਸ, ਜਿਹਨੇ ਐਸੀ ਕਲਾ ਵਰਤਾਈ, ਮੁੜ ਫਰਾਂਸੀਸੀ ਕੁੜੀ ਅੱਜ ਤੱਕ ਨਜ਼ਰ ਨੀਂ ਆਈ। ਪੁਰਾਣੀ ਕਹਾਵਤ ਐ, ‘ਤਿੱਖੇ ਔਜ਼ਾਰਾਂ ਨਾਲ ਮਜ਼ਾਕ ਚੰਗਾ ਨਹੀਂ ਹੁੰਦਾ।‘

         ਪੋਰਨ ਸਟਾਰਣੇ! ਆ ਤੈਨੂੰ ‘ਪੰਜਾਬ ਦਰਸ਼ਨ‘ ਕਰਾਈਏ। ਨਾਲੇ ਤੇਰੇ ਉਸਤਾਦਾਂ ਨੂੰ ਮਿਲਾਈਏ। ਤੇਰੇ ਵਾਂਗੂ ਇੱਕ ਸਿਰਫਿਰੀ ਔਰਤ ਨੇ ਪੰਜਾਬ ਦੇ ਸਾਬਕਾ ਮੰਤਰੀ ਦੀ ਅਤੇ ਇੱਕ ਨੇ ਸਾਬਕਾ ਐਮ.ਪੀ ਦੀ ‘ਰੰਗੀਨ ਡਾਕੂਮੈਂਟਰੀ‘ ਜਾਰੀ ਕਰ‘ਤੀ ਸੀ। ਥੋੜਾ ਸਮਾਂ ਪਹਿਲਾਂ ਨਵੇਂ ਨੇਤਾ ਨੇ ਵੀ ਅਦਾਕਾਰੀ ਦਿਖਾਈ ਹੈ। ਇਨ੍ਹਾਂ ਸਿਆਸਤ ਦੇ ਜਾਦੂਗਰਾਂ ਨੇ ਐਸੀ ਹੱਥ ਦੀ ਸਫ਼ਾਈ ਦਿਖਾਈ, ਜ਼ਰੂਰ ਕਿਸੇ ਨੇ ਉਦੋਂ ਹੀ ਲਿਖਿਆ ਹੋਊ, ‘ਨਾ ਰਹੇਗਾ ਬਾਂਸ, ਨਾ ਵੱਜੇਗੀ ਬੰਸਰੀ‘।

        ਟਰੰਪ ਬੰਦਿਆ, ਤੂੰ ਨਲਾਇਕ ਹੀ ਨਿਕਲਿਐ। ਸਟੌਰਮੀ ਦਾ ਛੋਟਾ ਜੇਹਾ ਮੂੰਹ ਵੀਂ ਬੰਦ ਨਹੀਂ ਕਰਾ ਸਕਿਆ। ਤੂੰ ਇੱਕ ਵਾਜ ਤਾਂ ਮਾਰਦਾ, ਇੱਥੋਂ ਪੰਜਾਬ ਪੁਲੀਸ ਭੇਜ ਦਿੰਦੇ, ਖੱਬੇ ਹੱਥ ਦਾ ਕੰਮ ਸੀ, ਸਟੌਰਮੀ ਨੇ ਸੁਪਨੇ ‘ਚ ਵੀ ਤੁਸਾਂ ਕੋਲੋਂ ਡਰਨਾ ਸੀ। ਕੇਰਾਂ ਇੱਕ ਮਰਹੂਮ ਸਾਬਕਾ ਰਾਜਪਾਲ ਦੇ ਫ਼ਰਜ਼ੰਦ ਦੀ ਮਾਲਿਸ਼ ਕਰਨ ਆਈ ਬੰਗਾਲਣ ਨੇ ਰੌਲਾ ਪਾ ਦਿੱਤਾ। ਪੰਜਾਬ ਪੁਲੀਸ ਐਸੀ ਪ੍ਰਗਟ ਹੋਈ, ਅੱਜ ਤੱਕ ਬੰਗਾਲਣ ਕੁਸਕੀ ਨਹੀਂ।

          ਵੈਸੇ ਟਰੰਪ ਬਾਬੇ , ਮੰਨ ਗਏ ਤੇਰੇ ਕੌਨਫੀਡੈਂਸ ਨੂੰ, ਹਾਲੇ ਗੱਜ ਵੱਜ ਕੇ ਆਖਦਾ ਪਿਆ ਏ, ‘ਮੈਂ ਸੱਚਾ ਹਾਂ‘। ਵਾਸ਼ਿੰਗਟਨ ਪੋਸਟ ਨੇ ਟਰੰਪ ਨੂੰ ‘ਗਪੌੜਸੰਖ‘ ਨਾਲ ਨਿਵਾਜਿਆ ਸੀ। ਅਖੇ ਨਿੱਤ 12 ਝੂਠ ਬੋਲਦੈ। ਕੋਈ ਐਂਕਰ ਏਦਾਂ ਦੇ ਮੰਦੜੇ ਬੋਲ ਸਾਡੇ ਪ੍ਰਧਾਨ ਨੂੰ ਬੋਲ ਕੇ ਦਿਖਾਵੇ, ਨਾ ਫਿਰ ਜਮਾਨਤ ਨੂੰ ਤਰਸਦਾ ਫਿਰੇ। ਟਰੰਪ ਤੇ ਮੋਦੀ ਦੀਆਂ ਪੁਰਾਣੀਆਂ ਜੱਫੀਆਂ ਨੂੰ ਕੌਣ ਭੁੱਲਿਐ। ‘ਦੋਸਤ ਓਹ ਜੋ ਭੀੜ ਪਈ ਤੋਂ ਬਹੁੜੇ।‘

          ਕੱਚੀ ਯਾਰੀ ਲੱਡੂਆਂ ਦੀ ਰਾਸ ਆਈ ਨਹੀਂ ਜਾਪਦੀ। ਘਬਰਾਉਣਾ ਨਹੀਂ ਬਾਬੇ, ਜ਼ਰੂਰ ਦਿਨ ਫਿਰਨਗੇ। ਸਟਾਰਣੇ, ਤੂੰ ਵੀ ਅਕਲ ਨੂੰ ਹੱਥ ਮਾਰ, ਐਵੇਂ ਹੋਰ ਨਾ ਘੜੀਸ। ਟਰੰਪ ਸਾਹਿਬ, ਇੱਕ ਉਲਾਂਭਾ ਵੀ ਲੈ ਜਾਓ, ਤੁਸੀਂ ਮੂੰਹ ਬੰਦ ਕਰਾਉਣ ਦੇ ਰੇਟ ਏਨੇ ਵਧਾ ਦਿੱਤੇ ਨੇ ਕਿ ਕੋਈ ਗਰੀਬ ਆਸ਼ਕ ਕਿਵੇਂ ਏਨਾ ਭਾਰ ਚੱਕੂ। ਅਖੀਰ ’ਚ ਇਹੋ ਆਖ ਸਕਦੇ ਹਾਂ, ਇਹ ਕੋਈ ਗ੍ਰਹਿ ਚਾਲ ਸੀ, ਟਲ ਜਾਊ। ਅਸਾਂ ਦੀ ਇਹੋ ਦੁਆ ਹੈ, ਜਵਾਨੀਆਂ ਮਾਣੇ, ਜਿਥੇ ਰਹੇ, ਖੁਸ਼ ਰਹੇ। ਭਾਵੇਂ ਜੇਲ੍ਹ ‘ਚ ਹੀ ਰਹੇ..। ਮਨ ਨਾ ਟਿਕੇ, ਤਾਂ ਆਹ ਗੁਣ ਗੁਣਾ ਲੈਣਾ,‘ ਰਾਮ ਚੰਦਰ ਕਹਿ ਗਏ ਸੀਆ ਸੇ..।‘

No comments:

Post a Comment