Showing posts with label cycle. Show all posts
Showing posts with label cycle. Show all posts

Tuesday, December 17, 2024

                                                          ਬਾਏ-ਬਾਏ
                               ਪੰਜਾਬ ਦੀ ਜੂਹ ਟੱਪਿਆ ਸਾਈਕਲ !
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਸਾਈਕਲ ਆਪਣੇ ਘਰ ’ਚ ਹੀ ਬਿਗਾਨਾ ਹੋ ਗਿਆ ਹੈ ਜਦਕਿ ਵਿਦੇਸ਼ਾਂ ’ਚ ਪੰਜਾਬ ਦੇ ਸਾਈਕਲ ਦੀ ਟੱਲੀ ਖੜਕ ਰਹੀ ਹੈ। ਲੁਧਿਆਣਾ ਨੂੰ ਸਾਈਕਲ ਦੀ ਰਾਜਧਾਨੀ ਹੋਣ ਦਾ ਮਾਣ ਹੈ ਪਰ ਪੰਜਾਬੀ ਖ਼ੁਦ ਇਸ ਸਵਾਰੀ ਤੋਂ ਦੂਰ ਹੋ ਰਹੇ ਹਨ। ਪੰਜਾਬ ਨੇ ਸਾਢੇ ਸੱਤ ਸਾਲਾਂ ’ਚ 1.15 ਲੱਖ ਕਰੋੜ ਦਾ ਸਾਈਕਲ ਕਾਰੋਬਾਰ ਕੀਤਾ ਹੈ। ਸਾਈਕਲ ਬਣਦੇ ਲੁਧਿਆਣਾ ’ਚ ਹਨ ਜਦਕਿ ਵਿਕਦੇ ਪੰਜਾਬ ਤੋਂ ਬਾਹਰ ਹਨ। ਲੰਘੇ ਵਰ੍ਹੇ 2023-24 ’ਚ ਸਾਈਕਲ ਕਾਰੋਬਾਰ 18351.82 ਕਰੋੜ ਦਾ ਰਿਹਾ ਹੈ, ਜੋ ਸਾਲ 2017-18 ਵਿੱਚ 5734.93 ਕਰੋੜ ਦਾ ਸੀ। ਕਰੋਨਾ ਕਾਲ ਚਲਾ ਗਿਆ ਪਰ ਪੰਜਾਬੀਆਂ ਨੇ ਫਿਰ ਵੀ ਸਾਈਕਲ ਨੂੰ ਨਹੀਂ ਛੂਹਿਆ। ਪੰਜਾਬ ’ਚ ਹੀਰੋ ਸਾਈਕਲ, ਏਵਨ, ਐਟਲਸ ਤੇ ਹਰਕਿਊਲੀਜ਼ ਨਾਮੀਂ ਬਰਾਂਡ ਹਨ ਜਿਹੜੇ ਮੌਜੂਦਾ ਸੂਬੇ ਦੀ ਉਮਰ ਤੋਂ ਵੀ ਵਡੇਰੇ ਹਨ। ਪੰਜਾਬ ’ਚ ਟੈਕਸ ਤਾਰਨ ਵਾਲੇ 4951 ਕਾਰੋਬਾਰੀ ਹਨ, ਜਿਨ੍ਹਾਂ ਵੱਲੋਂ ਸਾਈਕਲ ਅਤੇ ਸਾਈਕਲ-ਪੁਰਜ਼ੇ ਬਣਾਏ ਜਾ ਰਹੇ ਹਨ। ਦੇਸ਼ ਦਾ 75 ਫ਼ੀਸਦੀ ਸਾਈਕਲ ਅਤੇ 92 ਫ਼ੀਸਦੀ ਪੁਰਜ਼ੇ ਲੁਧਿਆਣਾ ’ਚ ਬਣਦੇ ਹਨ। 

         ਬ੍ਰਿਜ ਮੋਹਨ ਮੁੰਜਾਲ ਨੇ ਸੰਨ 1956 ’ਚ ਹੀਰੋ ਸਾਈਕਲ ਅਤੇ ਜਾਨਕੀ ਦਾਸ ਕਪੂਰ ਨੇ 1951 ਵਿੱਚ ਐਟਲਸ ਸਾਈਕਲ ਦੀ ਮੋਹੜੀ ਗੱਡੀ ਸੀ। ਲੁਧਿਆਣਾ ਦੀ ਗਿੱਲ ਰੋਡ ਸਾਈਕਲ ਦੀ ਸ਼ਾਨ ਵਧਾ ਰਹੀ ਹੈ। ਸਾਲ 2024-25 (ਨਵੰਬਰ ਤੱਕ) 11,271.91 ਕਰੋੜ ਦਾ ਸਾਈਕਲ ਕਾਰੋਬਾਰ ਹੋ ਚੁੱਕਾ ਹੈ। ਜਾਣਕਾਰੀ ਅਨੁਸਾਰ ਦੇਸ਼ ’ਚ ਸਾਈਕਲਾਂ ਦਾ ਉਤਪਾਦਨ ਇਸ ਵੇਲੇ ਤਿੰਨ ਕਰੋੜ ਨੂੰ ਟੱਪ ਗਿਆ ਹੈ। ਦੇਸ਼ ਵਿੱਚ 20 ਤੋਂ 30 ਲੱਖ ਸਾਈਕਲ ਦਰਾਮਦ ਹੁੰਦਾ ਹੈ, ਜਦੋਂਕਿ ਸਾਲ 2023-24 ’ਚ 3018.20 ਕਰੋੜ ਦਾ ਸਾਈਕਲ ਬਰਾਮਦ ਹੋਇਆ ਹੈ। ਖ਼ਾਸ ਕਰਕੇ ਅਫ਼ਰੀਕੀ ਦੇਸ਼ਾਂ ’ਚ ਪੰਜਾਬ ਦਾ ਸਾਈਕਲ ਜਾ ਰਿਹਾ ਹੈ। ਪੰਜਾਬ ’ਚ ਮਹਿੰਗੇ ਅਤੇ ਫੈਂਸੀ ਸਾਈਕਲ ਦੀ ਖ਼ਰੀਦ ਤਾਂ ਹੈ ਪਰ ਆਮ ਆਦਮੀ ਦੀ ਸਵਾਰੀ ਵਾਲਾ ਕਾਲਾ ਸਾਈਕਲ ਘਟ ਗਿਆ ਹੈ। ਸਾਈਕਲ ਦੀ ਸਵਾਰੀ ਹੁਣ ਸਕੂਟਰ ਤੇ ਮੋਟਰਸਾਈਕਲ ’ਤੇ ਸ਼ਿਫ਼ਟ ਹੋ ਗਈ ਹੈ। ਹਾਕਰਾਂ ਅਤੇ ਦੋਧੀਆਂ ਨੇ ਵੀ ਸਾਈਕਲ ਨੂੰ ਬਾਏ-ਬਾਏ ਆਖ ਦਿੱਤਾ ਹੈ।

        ਮੌਜੂਦਾ ਪੰਜਾਬੀ ਸੰਗੀਤ ਦਾ ਧੁਰਾ ਲਗਜ਼ਰੀ ਗੱਡੀਆਂ ਹਨ ਅਤੇ ਗੀਤਾਂ ਦੇ ਬੋਲਾਂ ਚੋਂ ਸਾਈਕਲ ਗ਼ਾਇਬ ਹੈ ਜਦੋਂ ਕਿ ਕਿਸੇ ਵੇਲੇ ‘ਬਹਿ ਜਾ ਮੇਰੇ ਸਾਈਕਲ ’ਤੇ, ਟੱਲੀਆਂ ਵਜਾਉਂਦਾ ਜਾਊ’ ਵਰਗੀ ਲੋਕ ਬੋਲੀ ਦੀ ਗੂੰਜ ਪੈਂਦੀ ਹੁੰਦੀ ਸੀ।ਆਈਟੀਆਈ ਦਿੱਲੀ ਤੇ ਨਰਸੀ ਮੋਨਜੀ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼ ਨੇ ਤਾਜ਼ਾ ਖੋਜ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਜਿਸ ਅਨੁਸਾਰ ਪੱਛਮੀ ਬੰਗਾਲ, ਅਸਾਮ, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ ਤੇ ਤਾਮਿਲਨਾਡੂ ’ਚ ਸਾਈਕਲ ਦੀ ਖਪਤ ਵਧੀ ਹੈ ਕਿਉਂਕਿ ਇਨ੍ਹਾਂ ਸਰਕਾਰਾਂ ਵੱਲੋਂ ‘ਸਾਈਕਲ ਯੋਜਨਾਵਾਂ’ ਸ਼ੁਰੂ ਕੀਤੀਆਂ ਗਈਆਂ ਹਨ। ਪੰਜਾਬ ’ਚ ਅਕਾਲੀ ਭਾਜਪਾ ਹਕੂਮਤ ਸਮੇਂ ਮਾਈ ਭਾਗੋ ਸਕੀਮ ਚੱਲੀ ਸੀ। ਇਸ ਅਧਿਐਨ ਅਨੁਸਾਰ ਸਾਈਕਲ ਦੀ ਸਵਾਰੀ ’ਚ ਪੇਂਡੂ ਸਕੂਲੀ ਕੁੜੀਆਂ ਮੋਹਰੀ ਹਨ। ਪੇਂਡੂ ਬਿਹਾਰ ’ਚ ਅੱਠ ਗੁਣਾ ਖਪਤ ਵਧੀ ਹੈ। ਰਿਪੋਰਟ ਅਨੁਸਾਰ ਪੰਜਾਬ, ਹਰਿਆਣਾ ਤੇ ਮਹਾਰਾਸ਼ਟਰ ’ਚ ਸਾਈਕਲ ਦੀ ਵਰਤੋਂ ’ਚ ਵੱਡੀ ਗਿਰਾਵਟ ਆਈ ਹੈ।

        ‘ਸਾਈਕਲ ਦੀ ਸਵਾਰੀ, ਨਾ ਖਰਚਾ ਨਾ ਬਿਮਾਰੀ’, ਇਸ ਨਾਅਰੇ ਤੋਂ ਪੰਜਾਬ ਦੂਰ ਹੋਇਆ ਹੈ। ਪੰਜਾਬੀ ਹੁਣ ਸਾਈਕਲ ਦੀ ਥਾਂ ਗੱਡੀਆਂ ਦੇ ਸਵਾਰ ਬਣਦੇ ਹਨ। ਉਂਜ ਕਈ ਸ਼ਹਿਰਾਂ ਵਿਚ ਸਾਈਕਲ ਗਰੁੱਪ ਜ਼ਰੂਰ ਬਣੇ ਹੋਏ ਹਨ। ਸਿਆਸੀ ਲੀਡਰ ਵੀ ਸਾਈਕਲ ਰੈਲੀ ਮੌਕੇ ਹੀ ਸਾਈਕਲ ਸਵਾਰ ਬਣਦੇ  ਹਨ। ‘ਆਪ’ ਵਿਧਾਇਕ ਦੇਵ ਮਾਨ ਨਾਭਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਨਾਭਾ ਤੋਂ ਚੰਡੀਗੜ੍ਹ ਸਾਈਕਲ ’ਤੇ ਆਏ ਸਨ। ਫੈੱਡਰੇਸ਼ਨ ਆਫ਼ ਇੰਡਸਟਰੀਜ਼ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਸਾਈਕਲ ਦਾ 3.40 ਕਰੋੜ ਦਾ ਉਤਪਾਦਨ ਹੈ, ਜਿਸ ’ਚੋਂ 95 ਫ਼ੀਸਦੀ ਹਿੱਸੇਦਾਰੀ ਲੁਧਿਆਣਾ ਦੀ ਹੈ ਅਤੇ ਇਸ ਸਨਅਤ ਨੇ 15 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਈਕਲ ਟਰੈਕ ਬਣ ਜਾਣ ਤਾਂ ਸਾਈਕਲ ਚਲਾਉਣ ਦਾ ਰੁਝਾਨ ਵੀ ਵਧ ਜਾਵੇਗਾ।

                                 ਸਾਈਕਲ ਵੰਡ ਯੋਜਨਾਵਾਂ ਆਈਆਂ ਰਾਸ

ਲੁਧਿਆਣਾ ਦੀ ਸਾਈਕਲ ਸਨਅਤ ਨੂੰ ਸੂਬਾ ਸਰਕਾਰਾਂ ਦੀਆਂ ਸਾਈਕਲ ਵੰਡ ਯੋਜਨਾਵਾਂ ਰਾਸ ਆਈਆਂ ਹਨ। ਹਰ ਵਰ੍ਹੇ ਪੰਜਾਹ ਲੱਖ ਦੇ ਕਰੀਬ ਸਾਈਕਲ ਇਨ੍ਹਾਂ ਸਕੀਮਾਂ ਤਹਿਤ ਦੂਸਰੇ ਸੂਬਿਆਂ ਵਿੱਚ ਜਾਂਦਾ ਹੈ। ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡੀ.ਐਸ.ਚਾਵਲਾ ਆਖਦੇ ਹਨ ਕਿ ਲੰਘੇ 24 ਸਾਲਾਂ ’ਚ ਸਾਈਕਲ ਉਤਪਾਦਨ ’ਚ 50 ਫ਼ੀਸਦੀ ਗਰੋਥ ਆਈ ਹੈ ਪ੍ਰੰਤੂ ਪੰਜਾਬ ’ਚ ਸਾਈਕਲ ਦੀ ਵਿੱਕਰੀ ’ਚ ਘਟੀ ਹੈ। ਪੰਜਾਬ ’ਚ 15 ਲੱਖ ਦੇ ਕਰੀਬ ਆਮ ਸਾਈਕਲ ਵਿਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸਾਈਕਲ ਨੂੰ ਪ੍ਰਚਾਰਨ ਤਾਂ ਦੇਸ਼ ’ਚ ਤੇਲ ਦੀ ਖਪਤ ਤੇ ਪ੍ਰਦੂਸ਼ਣ ਵੀ ਘੱਟ ਸਕਦਾ ਹੈ। 


Thursday, October 4, 2012

                                                                           ਸਰਕਾਰੀ ਸਾਈਕਲ
                                          ਟੁੱਟ ਗਈਆਂ ਟੱਲੀਆਂ ਤੇ ਖਿੱਲਰ ਗਏ ਪੈਡਲ
                                                                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਮਾਈ ਭਾਗੋ ਸਕੀਮ ਤਹਿਤ ਚੋਣਾਂ ਤੋਂ ਪਹਿਲਾਂ ਵੰਡੇ ਸਾਈਕਲ ਹੁਣ ਖਰਚੇ ਦਾ ਘਰ ਬਣ ਗਏ ਹਨ। ਲੜਕੀਆਂ ਅਨੁਸਾਰ ਇਨ੍ਹਾਂ ਸਾਈਕਲਾਂ ਦਾ ਸਪੇਅਰ ਪਾਰਟ ਕਮਜ਼ੋਰ ਹੈ। ਕਿਸੇ ਸਾਈਕਲ ਦੀ ਟੱਲੀ ਟੁੱਟ ਗਈ ਤੇ ਕਿਸੇ ਦੇ ਪੈਡਲ। ਟਿਊਬ ਅਤੇ ਚੇਨ ਦੀ ਸਮੱਸਿਆ ਵੀ ਕਾਫ਼ੀ ਆਈ। ਸਾਈਕਲ ਦੀ ਟੋਕਰੀ ਵੀ ਕਾਫ਼ੀ ਹਲਕੀ ਲਾਈ ਹੋਈ ਸੀ, ਜਿਸ ਕਰਕੇ ਕਾਫ਼ੀ ਲੜਕੀਆਂ ਨੇ ਇਹ ਟੋਕਰੀਆਂ ਵੀ ਉਤਾਰ ਦਿੱਤੀਆਂ ਹਨ। ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਗਿਆਰਵੀਂ ਤੇ ਬਾਰ੍ਹਵੀਂ ਦੀਆਂ ਲੜਕੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਕਰੀਬ ਡੇਢ ਲੱਖ ਸਾਈਕਲ ਵੰਡੇ ਸਨ, ਜਿਨ੍ਹਾਂ 'ਤੇ ਕਰੀਬ 41 ਕਰੋੜ 35 ਲੱਖ ਰੁਪਏ ਖਰਚੇ ਗਏ। ਲੁਧਿਆਣਾ ਦੀਆਂ ਦੋ ਸਾਈਕਲ ਕੰਪਨੀਆਂ ਨੇ ਕਰੀਬ ਇਕ ਲੱਖ ਸਾਈਕਲ ਸਪਲਾਈ ਕੀਤੇ ਸਨ। ਪਿੰਡ ਚਾਉਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਬਾਰ੍ਹਵੀਂ ਦੀਆਂ 20 ਲੜਕੀਆਂ ਕੋਲ ਇਸ ਵੇਲੇ ਮਾਈ ਭਾਗੋ ਸਕੀਮ ਦੇ ਸਾਈਕਲ ਹਨ। ਪੰਜ ਲੜਕੀਆਂ ਨੇ ਦੱਸਿਆ ਕਿ ਸਾਈਕਲ ਮਿਲਣ ਮਗਰੋਂ ਹੀ ਉਨ੍ਹਾਂ ਦੀ ਟੱਲੀ ਜਾਮ ਹੋ ਗਈ ਅਤੇ ਨਵੀਂ ਟੱਲੀ ਲਵਾਉਣੀ ਪਈ। ਅੱਠ ਲੜਕੀਆਂ ਦਾ ਕਹਿਣਾ ਸੀ ਕਿ ਸਾਈਕਲਾਂ ਦੇ ਪੈਡਲ ਕੁਝ ਦਿਨਾਂ ਮਗਰੋਂ ਹੀ ਖਿੱਲਰ ਗਏ, ਜੋ ਬਦਲਣੇ ਪਏ। ਰਮਨਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਨਵੀਂ ਚੇਨ ਅਤੇ ਪੈਡਲ ਪਵਾਉਣੇ ਪਏ ਹਨ। ਜਗਪ੍ਰੀਤ ਕੌਰ ਨੇ ਦੱਸਿਆ ਕਿ ਕੁਝ ਦਿਨਾਂ ਮਗਰੋਂ ਹੀ ਪੈਡਲ ਖਰਾਬ ਹੋ ਗਏ, ਜੋ ਬਦਲਾਉਣੇ ਪਏ। ਚਾਰ ਲੜਕੀਆਂ ਨੂੰ ਸਾਈਕਲਾਂ ਦੀ ਚੇਨ ਨਵੀਂ ਪਵਾਉਣੀ ਪਈ ਹੈ।
          ਪਿੰਡ ਘੁੰਮਣ ਕਲਾਂ ਦੇ ਸਕੂਲ ਦੀ ਰਾਜਵੀਰ ਕੌਰ ਨੇ ਇਨ੍ਹਾਂ ਸਾਈਕਲਾਂ ਦੀ ਟਿਊਬ ਘਟੀਆ ਹੋਣ ਦੀ ਗੱਲ ਕੀਤੀ। ਉਸ ਨੇ ਦੱਸਿਆ ਕਿ ਹਲਕੀ ਟਿਊਬ ਹੋਣ ਕਰਕੇ ਵਾਰ-ਵਾਰ ਪੈਂਚਰ ਹੋ ਜਾਂਦੇ ਹਨ। ਬਾਕੀ ਲੜਕੀਆਂ ਨੇ ਸਾਈਕਲਾਂ 'ਤੇ ਤਸੱਲੀ ਜ਼ਾਹਰ ਕੀਤੀ। ਪਿੰਡ ਮਹਿਮਾ ਸਰਜਾ ਦੇ ਸਕੂਲ ਵਿੱਚ 70 ਲੜਕੀਆਂ ਨੂੰ ਇਹ ਸਾਈਕਲ ਮਿਲੇ ਸਨ। ਲੜਕੀ ਵੀਰਪਾਲ ਕੌਰ ਅਤੇ ਰਮਨਦੀਪ ਕੌਰ ਨੇ ਇਹੋ ਸ਼ਿਕਾਇਤ ਰੱਖੀ ਕਿ ਟਿਊਬਾਂ ਬਹੁਤ ਹਲਕੀਆਂ ਹਨ, ਜੋ ਥੋੜ੍ਹੇ ਸਮੇਂ ਮਗਰੋਂ ਹੀ ਬਦਲਣੀਆਂ ਪਈਆਂ। ਸੰਗਤ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 54 ਲੜਕੀਆਂ ਨੂੰ ਸਾਈਕਲ ਦਿੱਤੇ ਗਏ ਸਨ। ਇਸ ਸਕੂਲ ਵਿੱਚ ਪੜ੍ਹਦੀ ਪਿੰਡ ਕੋਟ ਗੁਰੂ ਦੀ ਲੜਕੀ ਮਨਵੀਰ ਕੌਰ ਨੇ ਦੱਸਿਆ ਕਿ ਹਰ ਸਾਈਕਲ ਦੀ ਟੋਕਰੀ ਕਾਫੀ ਨਰਮ ਹੈ, ਜਿਸ ਕਰਕੇ ਉਨ੍ਹਾਂ ਟੋਕਰੀ ਉਤਾਰ ਦਿੱਤੀ ਹੈ। ਦੀਪਕਾ ਸ਼ਰਮਾ ਦਾ ਕਹਿਣਾ ਸੀ ਕਿ ਥੋੜੇ ਸਮੇਂ ਮਗਰੋਂ ਦੋਵੇਂ ਪੈਡਲ ਟੁੱਟ ਗਏ, ਜੋ ਬਦਲਣੇ ਪਏ ਹਨ। ਪੂਜਾ ਰਾਣੀ ਨੇ ਵੀ ਇਹੋ ਸ਼ਿਕਾਇਤ ਕੀਤੀ। ਪਰਵਿੰਦਰ ਕੌਰ ਨੇ ਦੱਸਿਆ ਕਿ ਸਾਈਕਲਾਂ ਦੇ ਚੱਕੇ ਹਲਕੇ ਹਨ, ਜੋ ਵਿੰਗੇ ਹੋ ਜਾਂਦੇ ਹਨ। ਉਸ ਨੇ ਦੱਸਿਆ ਕਿ ਸਾਈਕਲ 'ਤੇ ਦੋ ਜਣੇ ਨਹੀਂ ਬੈਠ ਸਕਦੇ। ਏਦਾਂ ਦਾ ਹਾਲ ਬਾਕੀ ਸਕੂਲਾਂ ਦਾ ਹੈ।
         ਪਿੰਡ ਜੰਗੀਰਾਣਾ ਦੇ ਸਰਕਾਰੀ ਸਕੂਲ ਦੀਆਂ 23 ਲੜਕੀਆਂ ਨੂੰ ਸਾਈਕਲ ਮਿਲੇ ਸਨ, ਜਿਨ੍ਹਾਂ ਵਿੱਚੋਂ ਦੋ ਚਾਰ ਲੜਕੀਆਂ ਹੀ ਸਾਈਕਲ ਲੈ ਕੇ ਆਉਂਦੀਆਂ ਹਨ। ਬਾਕੀ ਲੜਕੀਆਂ ਦੇ ਮਾਪੇ ਹੀ ਸਾਈਕਲ ਵਰਤਦੇ ਹਨ। ਗੋਨਿਆਣਾ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਦੀਆਂ 183 ਲੜਕੀਆਂ ਨੂੰ ਸਾਈਕਲ ਮਿਲੇ ਸਨ, ਜਦੋਂ ਕਿ 61 ਲੜਕੀਆਂ ਨੂੰ ਹਾਲੇ ਤੱਕ ਸਾਈਕਲ ਮਿਲੇ ਹੀ ਨਹੀਂ। ਮੰਡੀ ਫੂਲ ਦੇ ਸਰਕਾਰੀ ਸਕੂਲ ਵਿੱਚ 101 ਲੜਕੀਆਂ ਨੂੰ ਸਾਈਕਲ ਮਿਲੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾ ਲੜਕੀਆਂ ਸਾਈਕਲ ਸਕੂਲ ਲੈ ਕੇ ਆਉਂਦੀਆਂ ਹੀ ਨਹੀਂ। ਪਿੰਡ ਬਾਦਲ ਵਿੱਚ ਵੀ ਲੜਕੀਆਂ ਦੇ ਮਾਪੇ ਹੀ ਸਾਈਕਲ ਵਰਤਦੇ ਹਨ।
         ਜ਼ਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਹਰਦੀਪ ਸਿੰਘ ਦਾ ਕਹਿਣਾ ਸੀ ਕਿ ਮਾਈ ਭਾਗੋ ਸਕੀਮ ਤਹਿਤ ਵੰਡੇ ਸਾਈਕਲਾਂ ਦੇ ਸਪੇਅਰ ਪਾਰਟਸ ਦੀ ਕੋਈ ਸ਼ਿਕਾਇਤ ਉਨ੍ਹਾਂ ਦੇ ਧਿਆਨ ਵਿੱਚ ਨਹੀਂ। ਉਨ੍ਹਾਂ ਆਖਿਆ ਕਿ ਸਾਈਕਲਾਂ ਦੀ ਵਰਤੋਂ ਦੌਰਾਨ ਟੁੱਟ ਭੱਜ ਹੋਣੀ ਤਾਂ ਲਾਜ਼ਮੀ ਹੈ ਅਤੇ ਆਮ ਸਾਈਕਲਾਂ ਵਿੱਚ ਵੀ ਏਨੀ ਕੁ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਇਨ੍ਹਾਂ ਸਾਈਕਲਾਂ ਦੀ ਮੁਰੰਮਤ ਨੂੰ ਸਕੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਕਮੇਟੀ ਮੈਂਬਰ ਦਰਸ਼ਨ ਮੌੜ ਦਾ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸਾਈਕਲਾਂ ਦੀ ਵਾਰੰਟੀ ਲੈਣੀ ਚਾਹੀਦੀ ਸੀ। ਉਨ੍ਹਾਂ ਆਖਿਆ ਕਿ ਇਨ੍ਹਾਂ ਸਾਈਕਲਾਂ ਦੀ ਖਰੀਦ ਵਿੱਚ ਗੜਬੜ ਹੋਈ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
                                                       ਬਾਦਲ ਦੀ ਫੋਟੋ ਉਤਾਰੀ
ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਾਈਕਲਾਂ ਦੀ ਟੋਕਰੀ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਾਈ ਗਈ ਸੀ, ਜੋ ਹੁਣ ਲੜਕੀਆਂ ਨੇ ਉਤਾਰ ਦਿੱਤੀ ਹੈ। ਬਹੁਤੀਆਂ ਲੜਕੀਆਂ ਨੇ ਟੋਕਰੀ ਵੀ ਉਤਾਰ ਦਿੱਤੀ ਹੈ। ਕਈ ਲੜਕੀਆਂ ਦਾ ਕਹਿਣਾ ਸੀ ਕਿ ਫੋਟੋ ਆਪਣੇ ਆਪ ਡਿੱਗ ਪਈ ਅਤੇ ਕਈਆਂ ਦਾ ਕਹਿਣਾ ਸੀ ਕਿ ਉਨ੍ਹਾਂ ਖ਼ੁਦ ਹੀ ਉਤਾਰ ਦਿੱਤੀ ਹੈ। ਮਾਪਿਆਂ ਨੇ ਵੀ ਫੋਟੋ ਉਤਾਰਨ ਲਈ ਲੜਕੀਆਂ ਨੂੰ ਆਖਿਆ ਹੈ। ਪਿੰਡ ਬਾਦਲ ਦੇ ਸਾਰੇ ਸਾਈਕਲਾਂ 'ਤੇ ਹਾਲੇ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਮੌਜੂਦ ਹੈ।

Wednesday, September 5, 2012

                                                                ਅਧਿਆਪਕ ਦਿਵਸ
                                     ਨਹੀਂ ਲਭਦੇ ਸਾਈਕਲਾਂ ਵਾਲੇ ਉਹ ਮਾਸਟਰ
                                                                  ਚਰਨਜੀਤ ਭੁੱਲਰ
ਬਠਿੰਡਾ :  ਮਾਲਵੇ ਵਿੱਚ ਮਾਸਟਰ ਜੀ ਹੁਣ ਲੰਮੀ ਗੱਡੀ ਵਿੱਚ ਆਉਂਦੇ ਹਨ । ਹੁਣ ਸਰਕਾਰੀ ਸਕੂਲਾਂ ਵਿੱਚ ਸਾਈਕਲਾਂ ਵਾਲੇ ਮਾਸਟਰ  ਟਾਵੇਂ ਰਹਿ ਗਏ ਹਨ ਜਿਨ੍ਹਾਂ ਅਧਿਆਪਕਾਂ ਦਾ ਰਹਿਣ ਸਹਿਣ ਦਾ ਸਟੈਂਡਰਡ ਉੱਚਾ ਹੋਇਆ ਹੈ ਉਨ੍ਹਾਂ ਸਕੂਲਾਂ ਦਾ ਵਿਦਿਅਕ ਮਿਆਰ ਉੱਚਾ ਨਹੀਂ ਹੋਇਆ ਹੈ। ਭਾਵੇਂ ਤੇਜ਼ ਰਫ਼ਤਾਰ ਜ਼ਮਾਨੇ 'ਚ ਇਹ ਕੋਈ ਨਵੀਂ ਗੱਲ ਨਹੀਂ ਪਰ ਅਧਿਆਪਕਾਂ 'ਚੋਂ ਸਾਦਗੀ ਗਾਇਬ ਹੋਣ ਲੱਗੀ ਹੈ। ਰੋਲ ਮਾਡਲ ਬਣਨ ਵਾਲੇ ਅਧਿਆਪਕ ਹੁਣ ਗਾਇਬ ਹੋ ਗਏ ਹਨ। ਕਈ ਸਕੂਲ ਏਦਾ ਦੇ ਹਨ ਜਿਨ੍ਹਾਂ ਦੇ ਅਧਿਆਪਕ ਆਉਂਦੇ ਤਾਂ ਲੰਮੀਆਂ ਗੱਡੀਆਂ 'ਚ ਹਨ ਪਰ ਉਨ੍ਹਾਂ ਦੇ ਨਤੀਜੇ ਉਨੇ ਲੰਮੇ ਨਹੀਂ ਹਨ। ਪਿੰਡ ਭਾਈਰੂਪਾ ਦੇ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਕਰੋਲਾ ਗੱਡੀ 'ਚ ਆਉਂਦਾ ਹੈ ਜਿਸ ਦੀ ਕੀਮਤ 13 ਲੱਖ ਦੇ ਕਰੀਬ ਹੈ। ਪਿੰਡ ਮਾਈਸਰਖਾਨਾ ਵਿੱਚ ਇੱਕ ਅਧਿਆਪਕ ਸਫਾਰੀ 'ਚ ਆਉਂਦਾ ਹੈ। ਭਾਈਰੂਪਾ ਦਾ ਇੱਕ ਹੋਰ ਅਧਿਆਪਕ ਅਪਟਰਾ ਐਲ.ਡੀ ਗੱਡੀ 'ਚ ਸਕੂਲ ਆਉਂਦਾ ਹੈ ਜਿਸ ਦੀ ਕੀਮਤ 7 ਲੱਖ ਤੋਂ ਉਪਰ ਹੈ। ਪਿੰਡ ਚਾਉਕੇ ਦੇ ਸਕੂਲ ਵਿੱਚ ਇੱਕ ਅਧਿਆਪਕ ਇਨੋਵਾ ਗੱਡੀ 'ਚ ਆਉਂਦਾ ਹੈ ਅਤੇ ਇਸ ਗੱਡੀ ਦੀ ਕੀਮਤ ਕਰੀਬ 12 ਲੱਖ ਤੋਂ ਉਪਰ ਹੈ। ਕਾਫੀ ਈ.ਟੀ.ਟੀ. ਅਧਿਆਪਕਾਂ ਕੋਲ ਵੱਡੀਆਂ ਗੱਡੀਆਂ ਹਨ।
          ਸੂਤਰਾਂ ਮੁਤਾਬਕ ਇਨ੍ਹਾਂ ਅਧਿਆਪਕਾਂ ਦੇ ਨਤੀਜੇ ਉਨੇ ਸ਼ਾਨਦਾਰ ਨਹੀਂ ਹਨ ਜਿਨ੍ਹੀਆਂ ਗੱਡੀਆਂ ਸ਼ਾਨਦਾਰ ਹਨ। ਪਿੰਡ ਗੁੰਮਟੀ ਦੇ ਸਕੂਲ ਵਿੱਚ ਇੱਕ ਅਧਿਆਪਕ ਆਈ-20 ਵਿੱਚ ਆਉਂਦਾ ਹੈ ਜਦੋਂ ਕਿ ਨਥਾਣਾ ਦੇ ਸਕੂਲ ਵਿੱਚ ਇੱਕ ਅਧਿਆਪਕ ਇਨੋਵਾ 'ਚ ਆਉਂਦਾ ਹੈ। ਪਿੰਡ ਅਮਰਗੜ੍ਹ ਦੇ ਸਕੂਲ ਵਿੱਚ ਇੱਕ ਅਧਿਆਪਕ ਆਈਕਾਨ ਗੱਡੀ 'ਚ ਆਉਂਦਾ ਹੈ ਅਤੇ ਇਸੇ ਤਰ੍ਹਾਂ ਪਿੰਡ ਮੰਡੀ ਕਲਾਂ ਵਿੱਚ ਇੱਕ ਅਧਿਆਪਕ ਬੋਲੈਰੋ 'ਚ ਆਉਂਦਾ ਹੈ।ਟੋਇਟਾ ਕੰਪਨੀ ਦੇ ਬਠਿੰਡਾ ਦਫ਼ਤਰ ਦੇ ਜਨਰਲ ਮੈਨੇਜਰ ਦਵਿੰਦਰ ਸਿੰਘ ਦਾਨੇਵਾਲੀਆ ਦਾ ਕਹਿਣਾ ਹੈ ਕਿ ਕਈ ਕਾਰ ਕੰਪਨੀਆਂ ਨੇ ਤਾਂ ਅਧਿਆਪਕਾਂ ਲਈ ਖਾਸ ਰਿਆਇਤਾਂ ਦਾ ਵੀ ਐਲਾਨ ਕੀਤਾ ਹੋਇਆ ਹੈ ਜਿਸ ਦੇ ਤਹਿਤ ਅਧਿਆਪਕਾਂ ਨੂੰ ਕਾਰ ਦੀ ਕੀਮਤ 'ਤੇ ਵਿੱਤੀ ਛੋਟ ਦਿੱਤੀ ਜਾਂਦੀ ਹੈ। ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜਗਸੀਰ ਸਹੋਤਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਮਾਜ ਦੇ ਤੌਰ ਤਰੀਕੇ ਅਤੇ ਰਹਿਣ ਸਹਿਣ ਬਦਲਿਆ ਹੈ, ਉਸ ਦਾ ਅਸਰ ਅਧਿਆਪਕ ਵਰਗ 'ਤੇ ਵੀ ਪਿਆ ਹੈ। ਉਨ੍ਹਾਂ ਆਖਿਆ ਕਿ ਸਹੂਲਤ ਲਈ ਅਧਿਆਪਕ ਸਾਈਕਲ 'ਤੇ ਆਵੇ ਅਤੇ ਭਾਵੇਂ ਗੱਡੀ 'ਤੇ, ਇਹ ਉਸ ਦਾ ਨਿੱਜੀ ਫੈਸਲਾ ਹੈ ਪਰ ਅਜਿਹੇ ਅਧਿਆਪਕਾਂ ਨੂੰ ਆਪਣੇ ਸਕੂਲ ਨਤੀਜੇ ਵੀ ਗੱਡੀ ਦੇ ਹਾਣ ਹੀ ਕਰਨੇ ਚਾਹੀਦੇ ਹਨ। ਗੱਡੀ ਰੱਖਣ ਵਾਲੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਕੂਲ ਨਤੀਜੇ ਕਦੇ ਮਾੜੇ ਨਹੀਂ ਆਏ।
            ਸਰਕਾਰੀ ਸਕੂਲਾਂ ਵਿੱਚ ਕਈ ਥਾਈਂ ਇਹ ਹਾਲ ਹੈ ਕਿ ਅਧਿਆਪਕਾਂ ਨੇ ਅੱਗੇ ਬੱਚੇ ਪੜ੍ਹਾਉਣ ਵਾਸਤੇ ਪ੍ਰਾਈਵੇਟ ਅਧਿਆਪਕ ਥੋੜ੍ਹੀ ਤਨਖਾਹ 'ਤੇ ਰੱਖੇ ਹੋਏ ਹਨ। ਪਿੰਡ ਕੈਲੇ ਬਾਂਦਰ ਦੇ ਸਰਕਾਰੀ ਸਕੂਲ ਵਿੱਚ ਏਦਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਪੜਤਾਲ ਵੀ ਹੋਈ ਸੀ। ਪਿੰਡ ਸੰਗਤ ਕਲਾਂ ਅਤੇ ਪਿੰਡ ਜਲਾਲ ਵਿੱਚ ਵੀ ਦੋ ਅਧਿਆਪਕਾਂ ਨੇ ਅੱਗੇ ਪ੍ਰਾਈਵੇਟ ਅਧਿਆਪਕ ਬੱਚੇ ਪੜ੍ਹਾਉਣ ਵਾਸਤੇ ਰੱਖੇ ਹੋਏ ਹਨ। ਕੋਈ ਵੇਲਾ ਸੀ ਜਦੋਂ ਅਧਿਆਪਕ ਸਾਦਗੀ 'ਚ ਰਹਿੰਦੇ ਸਨ ਅਤੇ ਸਾਈਕਲਾਂ 'ਤੇ ਆਉਂਦੇ ਸਨ। ਪਿੰਡ ਭਾਈਰੂਪਾ ਦਾ ਅਧਿਆਪਕ ਭੋਲਾ ਸਿੰਘ ਹਾਲੇ ਵੀ ਸਾਈਕਲ ਹੀ ਵਰਤਦਾ ਹੈ। ਪਿੰਡ ਭਾਈਰੂਪਾ ਦੀ ਮਹਿਲਾ ਅਧਿਆਪਕ ਹਾਲੇ ਵੀ ਪਿੰਡ ਦੁੱਲੇਵਾਲਾ ਸਾਈਕਲ 'ਤੇ ਪੜ੍ਹਾਉਣ ਜਾਂਦੀ ਹੈ। ਇੱਕ ਅਧਿਆਪਕ ਅਮਨਦੀਪ ਸਿੰਘ ਆਪਣੇ ਪਿੰਡ ਪੂਹਲਾ ਤੋਂ ਪਿੰਡ ਬਾਠ ਦੇ ਸਰਕਾਰੀ ਸਕੂਲ ਵਿੱਚ ਸਾਈਕਲ 'ਤੇ ਪੜ੍ਹਾਉਣ ਜਾਂਦਾ ਹੈ। ਇੱਕ ਡਰਾਇੰਗ ਅਧਿਆਪਕ ਪਿੰਡ ਪੂਹਲੀ ਤੋਂ ਗੰਗਾ ਦੇ ਸਕੂਲ ਵਿੱਚ ਸਾਈਕਲ 'ਤੇ ਜਾਂਦਾ ਹੈ। ਪਿੰਡ ਜੰਗੀਰਾਣਾ ਦਾ ਪੰਜਾਬੀ ਅਧਿਆਪਕ ਨਛੱਤਰ ਸਿੰਘ ਹਾਲੇ ਵੀ ਸਾਈਕਲ 'ਤੇ ਹੀ ਸਕੂਲ ਆਉਂਦਾ ਹੈ। ਪਿੰਡ ਨਰੂਆਣਾ ਦੇ ਪ੍ਰੋ. ਗੁਰਬਚਨ ਸਿੰਘ ਨੇ ਜਿਨ੍ਹਾਂ ਸਮਾਂ ਸਰਕਾਰੀ ਸਕੂਲਾਂ 'ਚ ਨੌਕਰੀ ਕੀਤੀ, ਉਹ ਸਾਈਕਲ 'ਤੇ ਪੜ੍ਹਾਉਣ ਜਾਂਦਾ ਰਿਹਾ। ਰਾਮਪੁਰਾ ਫੂਲ ਦੇ ਮਰਹੂਮ ਪ੍ਰਿੰਸੀਪਲ ਕਰਮ ਸਿੰਘ ਗਰੇਵਾਲ ਨੇ ਸਾਰੀ ਉਮਰ ਹੀ ਸਕੂਲ ਜਾਣ ਵਾਸਤੇ ਸਾਈਕਲ ਚਲਾਇਆ। ਸਮਾਜ ਸੇਵਕ ਅਧਿਆਪਕ ਮੇਹਰ ਬਾਹੀਆ ਦਾ ਕਹਿਣਾ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਅਧਿਆਪਕਾਂ ਕੋਲ ਸੁੱਖ ਸਹੂਲਤਾਂ ਤਾਂ ਵਧੀਆਂ ਹਨ ਪਰ ਸਮਾਜਿਕ ਸਨਮਾਨ ਪਹਿਲਾਂ ਨਾਲੋਂ ਕਾਫੀ ਘਟਿਆ ਹੈ।
                                                            ਮਾਸਟਰਾਂ ਨੇ ਬੁਲਟ ਵੇਚੇ
ਪੰਜਾਬ ਸਰਕਾਰ ਵੱਲੋਂ ਜਦੋਂ ਈ.ਟੀ.ਟੀ. ਅਧਿਆਪਕ ਭਰਤੀ ਕੀਤੇ ਗਏ ਸਨ, ਉਦੋਂ ਬਠਿੰਡਾ ਜ਼ਿਲ੍ਹੇ ਵਿੱਚ ਕਰੀਬ ਦੋ ਦਰਜਨ ਈ.ਟੀ.ਟੀ. ਅਧਿਆਪਕਾਂ ਨੇ ਪਹਿਲੀ ਤਨਖਾਹ ਨਾਲ ਬੁਲਟ ਮੋਟਰਸਾਈਕਲ ਲਏ ਸਨ। ਉਨ੍ਹਾਂ ਵਿੱਚੋਂ ਕਾਫੀ ਅਧਿਆਪਕਾਂ ਨੇ ਬੁਲਟ ਮੋਟਰਸਾਈਕਲ ਵੇਚ ਦਿੱਤੇ ਹਨ। ਇਨ੍ਹਾਂ ਅਧਿਆਪਕਾਂ ਨੇ ਦੱਸਿਆ ਕਿ ਬੁਲਟ ਦੀ ਟੌਹਰ ਤਾਂ ਹੈ ਪਰ ਖਰਚਾ ਜ਼ਿਆਦਾ ਪੈ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੇ ਬੁਲਟ ਵੇਚ ਦਿੱਤੇ ਹਨ। ਟਾਵੇਂ ਅਧਿਆਪਕ ਹਾਲੇ ਵੀ ਸਕੂਲਾਂ ਵਿੱਚ ਬੁਲਟ ਮੋਟਰਸਾਈਕਲ 'ਤੇ ਆਉਂਦੇ ਹਨ। ਇਨ੍ਹਾਂ ਅਧਿਆਪਕਾਂ ਨੂੰ ਬੱਚੇ ਬੁਲਟ ਵਾਲੇ ਮਾਸਟਰ ਜੀ ਆਖਦੇ ਹਨ।

Friday, February 10, 2012

              ਚੋਣਾਂ ਨੇ ਚੋਅ ਲਿਆ ਹਮਾਤੜਾਂ ਨੂੰ
                                   ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਵਿੱਚ ਗਰੀਬ ਉਮੀਦਵਾਰਾਂ 'ਤੇ ਪੁਲੀਸ ਸੁਰੱਖਿਆ ਭਾਰ ਬਣ ਗਈ ਹੈ। ਪੁਲੀਸ ਮੁਲਾਜ਼ਮਾਂ ਦੀ ਰੋਟੀ ਪਾਣੀ ਦਾ ਖਰਚਾ ਚੁੱਕਣਾ ਹੀ ਉਮੀਦਵਾਰਾਂ ਲਈ ਔਖਾ ਹੋ ਗਿਆ ਹੈ। ਕੋਈ ਉਮੀਦਵਾਰ ਪੁਲੀਸ ਮੁਲਾਜ਼ਮਾਂ ਨੂੰ ਸਾਈਕਲ 'ਤੇ ਨਾਲ ਖਿੱਚ ਰਿਹਾ ਹੈ ਅਤੇ ਕੋਈ ਬੱਸਾਂ ਵਿੱਚ ਨਾਲ ਲਿਜਾ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜਨ ਵਿਧਾਨ ਸਭਾ ਹਲਕਿਆਂ ਵਿੱਚ 60 ਉਮੀਦਵਾਰਾਂ ਨੇ ਚੋਣ ਲੜੀ ਹੈ। ਚੋਣ ਕਮਿਸ਼ਨ ਵੱਲੋਂ ਚੋਣ ਨਤੀਜਿਆਂ ਦੇ ਐਲਾਨ ਤੱਕ ਸੁਰੱਖਿਆ ਦਿੱਤੀ ਜਾਂਦੀ ਹੈ। ਐਤਕੀਂ ਵੋਟਾਂ ਦੀ ਗਿਣਤੀ 6 ਮਾਰਚ ਨੂੰ ਹੋਣੀ ਹੈ, ਜਿਸ ਕਰਕੇ ਏਨਾ ਲੰਮਾ ਵਕਫਾ ਗਰੀਬ ਉਮੀਦਵਾਰਾਂ ਦਾ ਧੂੰਆਂ ਕੱਢ ਰਿਹਾ ਹੈ। ਰਾਮਪੁਰਾ ਫੂਲ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਲਖਬੀਰ ਸਿੰਘ ਨੇ ਆਪਣੀ ਸੁਰੱਖਿਆ ਵਾਪਸ ਕਰ ਦਿੱਤੀ ਹੈ। ਉਸ ਨੇ 12 ਜਨਵਰੀ ਨੂੰ ਆਪਣੇ ਕਾਗਜ਼ ਦਾਖ਼ਲ ਕੀਤੇ ਸਨ। ਉਸ ਦਿਨ ਤੋਂ ਹੀ ਉਸ ਨੂੰ ਹੌਲਦਾਰ ਸੰਦੀਪ ਸਿੰਘ ਅਤੇ ਹੌਲਦਾਰ ਗੁਰਵਿੰਦਰ ਸਿੰਘ ਗੰਨਮੈਨ ਵਜੋਂ ਅਲਾਟ ਹੋ ਗਏ ਸਨ। ਆਜ਼ਾਦ ਉਮੀਦਵਾਰ ਲਖਬੀਰ ਸਿੰਘ ਨੇ 2 ਫਰਵਰੀ ਨੂੰ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਪੱਤਰ ਦੇ ਕੇ ਆਪਣੇ ਗੰਨਮੈਨ ਵਾਪਸ ਕਰ ਦਿੱਤੇ ਹਨ। ਇਸ ਉਮੀਦਵਾਰ ਨੇ ਪੁਲੀਸ ਨੂੰ ਹਲਫੀਆ ਬਿਆਨ ਦੇ ਦਿੱਤਾ ਹੈ ਕਿ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ।
           ਉਮੀਦਵਾਰ ਲਖਬੀਰ ਸਿੰਘ ਖ਼ੁਦ ਪ੍ਰਾਈਵੇਟ ਸ਼ੈਲਰ ਵਿੱਚ ਮੁਨਸ਼ੀ ਲੱਗਿਆ ਹੋਇਆ ਹੈ। ਉਸ ਨਾਲ ਸੁਰੱਖਿਆ ਗਾਰਦਾਂ ਨੇ ਪੈਦਲ ਸਫਰ ਕੀਤਾ ਹੈ। ਲਖਬੀਰ ਸਿੰਘ ਨੇ ਦੱਸਿਆ ਕਿ ਦੋ ਸੁਰੱਖਿਆ ਗਾਰਦਾਂ ਨੂੰ ਉਸ ਨੇ ਢਾਬੇ ਤੋਂ ਰੋਟੀ ਪਾਣੀ ਲਾਇਆ ਹੋਇਆ ਸੀ ਅਤੇ ਕਰੀਬ ਚਾਰ ਹਜ਼ਾਰ ਢਾਬੇ ਦਾ ਬਿੱਲ ਬਣ ਗਿਆ ਹੈ, ਜਿਸ ਦੀ ਅਦਾਇਗੀ ਪੱਲਿਓਂ ਕਰਨੀ ਪੈਣੀ ਹੈ। ਉਨ੍ਹਾਂ ਦੱਸਿਆ ਕਿ ਹੁਣ ਉਸ ਨੇ ਆਪਣੀ ਸ਼ੈਲਰ ਵਿੱਚ ਡਿਊਟੀ ਕਰਨੀ ਹੈ, ਜਿਸ ਕਰਕੇ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ। ਉਸ ਨੇ ਦੱਸਿਆ ਕਿ ਇਸ ਕਾਰਨ ਸੁਰੱਖਿਆ ਵਾਪਸ ਕੀਤੀ ਹੈ। ਹਲਕਾ ਭੁੱਚੋ ਤੋਂ ਲੋਕ ਜਨਸ਼ਕਤੀ ਪਾਰਟੀ ਦੇ ਉਮੀਦਵਾਰ ਰਾਜਾ ਸਿੰਘ ਸਿਵੀਆ ਕੋਲ ਨਾ ਸਕੂਟਰ ਹੈ ਅਤੇ ਨਾ ਕੋਈ ਕਾਰ ਹੈ। ਉਸ ਨੂੰ ਦੋ ਗੰਨਮੈਨ ਦਿੱਤੇ ਹੋਏ ਹਨ। ਉਹ ਬੱਸ ਰਾਹੀਂ ਸਫ਼ਰ ਕਰਦਾ ਹੈ ਅਤੇ ਨਾਲ ਹੀ ਗੰਨਮੈਨ ਸਫ਼ਰ ਕਰਦੇ ਹਨ। ਉਸ ਦਾ ਕਹਿਣਾ ਸੀ ਕਿ ਇਕ ਗੱਲੋਂ ਬਚਾਅ ਹੋ ਗਿਆ ਹੈ ਕਿ ਪੁਲੀਸ ਮੁਲਾਜ਼ਮਾਂ ਨੂੰ ਬੱਸ ਵਿੱਚ ਕਿਰਾਇਆ ਮੁਆਫ਼ ਹੈ, ਜਿਸ ਕਰਕੇ ਕਿਰਾਇਆ ਨਹੀਂ ਦੇਣਾ ਪੈਂਦਾ ਹੈ। ਉਹ ਖੇਤੀ ਦਾ ਕੰਮ ਕਰਦਾ ਹੈ ਅਤੇ ਗੰਨਮੈਨ ਵੀ ਉਸ ਦੇ ਨਾਲ ਹੀ ਰਹਿੰਦੇ ਹਨ। ਹਲਕਾ ਮੌੜ ਤੋਂ ਲੋਕ ਜਨਸ਼ਕਤੀ ਪਾਰਟੀ ਦਾ ਉਮੀਦਵਾਰ ਮਿੱਠੂ ਸਿੰਘ ਆਪਣੇ ਗੰਨਮੈਨਾਂ ਨੂੰ ਸਾਈਕਲ 'ਤੇ ਵੀ ਨਾਲ ਲੈ ਜਾਂਦਾ ਹੈ ਅਤੇ ਬੱਸ ਵਿੱਚ ਉਸ ਦੇ ਨਾਲ ਹੀ ਗੰਨਮੈਨ ਸਫ਼ਰ ਕਰਦੇ ਹਨ।
            ਉਮੀਦਵਾਰ ਮਿੱਠੂ ਸਿੰਘ ਦਾ ਕਹਿਣਾ ਸੀ ਕਿ ਉਸ ਕੋਲ ਕੋਈ ਸਕੂਟਰ ਕਾਰ ਨਹੀਂ ਹੈ। ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਰਾਜਾ ਸਿੰਘ ਸਿਵੀਆ ਨਾਲ ਵੀ ਗੰਨਮੈਨ ਮੋਟਰਸਾਈਕਲ 'ਤੇ ਹੀ ਸਫ਼ਰ ਕਰਦੇ ਹਨ। ਤਲਵੰਡੀ ਸਾਬੋ ਤੋਂ ਲੋਕ ਜਨਸ਼ਕਤੀ ਪਾਰਟੀ ਦੇ ਉਮੀਦਵਾਰ ਲਾਲ ਚੰਦ ਨਾਲ ਗੰਨਮੈਨ ਬੱਸ ਵਿੱਚ ਹੀ ਸਫ਼ਰ ਕਰਦੇ ਹਨ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰਾਂ ਨੇ ਤਾਂ ਗੰਨਮੈਨ ਲਏ ਹੀ ਨਹੀਂ। ਬਠਿੰਡਾ ਸ਼ਹਿਰੀ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਣਜੀਤ ਰਾਮ ਨੂੰ ਤਿੰਨ ਗੰਨਮੈਨ ਮਿਲੇ ਹੋਏ ਹਨ, ਉਹ ਵਾਰੋ ਵਾਰੀ ਦੋ ਗੰਨਮੈਨਾਂ ਨੂੰ ਆਪਣੇ ਨਾਲ ਮੋਟਰਸਾਈਕਲ 'ਤੇ ਲੈ ਜਾਂਦਾ ਹੈ। ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਗਰੀਬ ਉਮੀਦਵਾਰਾਂ ਕੋਲ ਵਾਹਨ ਵਗੈਰਾ ਨਹੀਂ ਹੈ। ਹਲਕਾ ਭੁੱਚੋ ਤੋਂ ਐਨ.ਸੀ.ਪੀ. ਦੇ ਉਮੀਦਵਾਰ ਅਜਾਇਬ ਸਿੰਘ ਅਤੇ ਅਕਾਲੀ ਦਲ (ਅ) ਦੀ ਉਮੀਦਵਾਰ ਪਰਮਜੀਤ ਕੌਰ ਨੇ ਸੁਰੱਖਿਆ ਗਾਰਦ ਲਏ ਹੀ ਨਹੀਂ। ਹਲਕਾ ਮੌੜ ਤੋਂ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦਾ ਉਮੀਦਵਾਰ ਹਰਵਿੰਦਰ ਸਿੰਘ ਸੇਮਾ ਭੱਠਾ ਮਜ਼ਦੂਰਾਂ ਦਾ ਨੇਤਾ ਵੀ ਹੈ। ਉਹ ਆਪਣੇ ਮੋਟਰਸਾਈਕਲ 'ਤੇ ਇਕ ਗੰਨਮੈਨ ਨਾਲ ਹੀ ਲੈ ਜਾਂਦਾ ਹੈ। ਉਸ ਦਾ ਕਹਿਣਾ ਸੀ ਕਿ ਭੱਠਾ ਮਜ਼ਦੂਰਾਂ ਦੇ ਘਰੋਂ ਹੀ ਉਹ ਸੁਰੱਖਿਆ ਮੁਲਾਜ਼ਮਾਂ ਨੂੰ ਰੋਟੀ ਪਾਣੀ ਛਕਾ ਦਿੰਦੇ ਹਨ। ਹੋਰ ਤਾਂ ਬਹੁਤੀ ਪਹੁੰਚ ਨਹੀਂ ਹੈ। ਬਠਿੰਡਾ ਦਿਹਾਤੀ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਤਿੰਨ ਗੰਨਮੈਨ ਮਿਲੇ ਹੋਏ ਹਨ ਅਤੇ ਗੰਨਮੈਨ ਰੋਟੀ ਪਾਣੀ ਘਰੋਂ ਛਕ ਕੇ ਆਉਂਦੇ ਹਨ ਅਤੇ ਰਾਤ ਨੂੰ ਘਰੋਂ ਘਰੀ ਚਲੇ ਜਾਂਦੇ ਹਨ। ਕਈ ਆਜ਼ਾਦ ਉਮੀਦਵਾਰਾਂ ਲਈ ਗੰਨਮੈਨਾਂ ਦੀ ਰੋਟੀ ਪਾਣੀ ਦਾ ਖਰਚਾ ਮਹਿੰਗਾ ਸੌਦਾ ਬਣ ਰਿਹਾ ਹੈ।
                                                ਗੰਨਮੈਨ ਨਿਯਮਾਂ ਮੁਤਾਬਕ ਦਿੱਤੇ: ਐਸ.ਐਸ.ਪੀ.
ਜ਼ਿਲ੍ਹਾ ਪੁਲੀਸ ਕਪਤਾਨ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਨਿਯਮਾਂ ਅਨੁਸਾਰ ਪ੍ਰਵਾਨਤ ਪਾਰਟੀ ਦੇ ਉਮੀਦਵਾਰ ਨੂੰ ਤਿੰਨ ਗੰਨਮੈਨ ਦਿੱਤੇ ਗਏ ਹਨ ਅਤੇ ਆਜ਼ਾਦ ਉਮੀਦਵਾਰਾਂ ਨੂੰ ਦੋ ਦੋ ਗੰਨਮੈਨ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸੁਰੱਖਿਆ ਮੁਲਾਜ਼ਮ ਚੋਣ ਨਤੀਜਿਆਂ ਤੱਕ ਉਮੀਦਵਾਰਾਂ ਦੀ ਸੁਰੱਖਿਆ ਕਰਨਗੇ। ਪੀਪਲਜ਼ ਪਾਰਟੀ ਦੇ ਉਮੀਦਵਾਰਾਂ ਨੇ ਸੁਰੱਖਿਆ ਨਹੀਂ ਲਈ। ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕਿਸੇ ਉਮੀਦਵਾਰ ਵੱਲੋਂ ਸੁਰੱਖਿਆ ਗਾਰਦ ਵਾਪਸ ਕੀਤੇ ਗਏ ਹਨ।

Sunday, November 20, 2011

   ਚੋਣਾਂ ਤੋਂ ਪਹਿਲਾਂ ਲੋਕਾਂ ਦਾ ਹੇਜ
                     ਚਰਨਜੀਤ ਭੁੱਲਰ
ਬਠਿੰਡਾ : ਚੋਣਾਂ ਦਾ ਮੌਸਮ ਹੁੰਦਾ ਹੀ ਐਸਾ ਹੈ। ਇਸ ਰੁੱਤ 'ਚ ਗਰੀਬਾਂ ਦਾ ਹੇਜ ਜਾਗਦਾ ਹੈ। ਰਾਤੋਂ ਰਾਤ ਦੁੱਖ ਕੱਟਣ ਦੀ ਗੱਲ ਹੁੰਦੀ ਹੈ। ਪੰਜ ਵਰਿ•ਆਂ ਮਗਰੋਂ ਮੁੜ ਹੱਥ ਜੁੜਨ ਲੱਗਦੇ ਹਨ। ਵਿਹੜਿਆਂ 'ਚ ਵੀ ਲਾਲ ਬੱਤੀ ਦਾ ਚਾਨਣ ਹੁੰਦਾ ਹੈ। ਕਿਸੇ ਦਾ ਮਿੰਨਤ ਤਰਲਾ ਹੁੰਦਾ ਹੈ। ਕਿਸੇ ਨੂੰ ਨੋਟ ਦਿਖਾਏ ਜਾਂਦੇ ਹਨ। ਬੋਤਲ ਵੀ ਵਿਖਾਈ ਜਾਂਦੀ ਹੈ। ਜੋ ਅੜਦਾ ਹੈ, ਉਸ ਨੂੰ ਹਵਾਲਾਤ ਵੀ ਦਿਖਾ ਦਿੱਤੀ ਜਾਂਦੀ ਹੈ। ਮੌਸਮ ਦਾ ਰੰਗ ਹੀ ਕੁਝ ਏਦਾ ਦਾ ਹੈ। ਕਿਸੇ ਨੂੰ ਘਰ ਦਾ ਰਾਹ ਦਿਖਾ ਦਿੱਤਾ ਜਾਂਦਾ ਹੈ। ਕਿਸੇ ਨੂੰ ਕੁਰਸੀ 'ਤੇ ਬਿਠਾ ਦਿੱਤਾ ਜਾਂਦਾ ਹੈ। ਇਸ ਰੁੱਤ 'ਚ ਹਰ ਨੇਤਾ ਚੋਂ ਗਿਰਗਟ ਦਾ ਝਉਲਾ ਪੈਂਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ। ਇਹ ਮੌਸਮ ਨਿੱਖਰਨ ਲੱਗਾ ਹੈ। ਲੋੜ ਤਾਂ  ਹੈ ਕਿ ਪੰਜਾਬ ਦੇ ਲੋਕਾਂ ਦੇ ਦੁੱਖ ਵੰਡੇ ਜਾਣ। ਅਕਾਲੀ ਭਾਜਪਾ ਸਰਕਾਰ ਸਾਈਕਲ ਵੰਡ ਰਹੀ ਹੈ। ਪੂਰੇ 34 ਕਰੋੜ ਦੇ ਸਾਈਕਲ ਵੰਡੇ ਜਾਣੇ ਹਨ। ਉਹ ਵੀ ਮੁੱਖ ਮੰਤਰੀ ਦੀ ਫੋਟੋ ਵਾਲੇ ਸਾਈਕਲ। ਸਕੂਲੀ ਬੱਚੇ ਪੁੱਛਦੇ ਹਨ ਕਿ ਸਾਈਕਲ ਚਲਾਈਏ ਕਿਥੇ ? ਵੰਡਣ ਤੋਂ ਪਹਿਲਾਂ ਸੜਕਾਂ ਤਾਂ ਬਣਾ ਦਿੰਦੇ। ਪੰਜਾਬ ਮੰਡੀ ਬੋਰਡ ਆਖਦਾ ਹੈ, ਬੱਚਿਓ ਧੀਰਜ ਰੱਖੋ ,ਸੜਕਾਂ ਵਾਸਤੇ ਹੀ ਤਾਂ 263 ਕਰੋੜ ਦਾ ਕਰਜ਼ਾ ਚੁੱਕਿਐ ਹੈ। ਕਿਸਾਨ ਪ੍ਰੇਸਾਨ ਹਨ ਕਿ ਸੜਕਾਂ ਵਾਸਤੇ ਕਰਜ਼ਾ ਕਿਉਂ? ਉਨ•ਾਂ ਵਲੋਂ ਤਾਰੀ ਕਰੋੜਾਂ ਦੀ ਮੰਡੀ ਫੀਸ ਕਿਥੇ ਗਈ ? ਕਿਤੇ ਨਹੀਂ ਗਈ, ਅਗਲਿਆਂ ਨੇ ਸੰਗਤ ਦਰਸ਼ਨ 'ਚ ਵੰਡ ਦਿੱਤੀ ਹੈ।
          ਆਉਂਦੇ ਦਿਨਾਂ 'ਚ ਪੰਜਾਹ ਕਰੋੜ ਦੇ ਭਾਂਡੇ ਵੰਡੇ ਜਾਣੇ ਹਨ। ਭਾਂਡਿਆਂ ਦੀਆਂ ਕਿੱਟਾਂ 'ਤੇ ਮੁੱਖ ਮੰਤਰੀ ਦੀ ਫੋਟੋ ਦਿਖੇਗੀ। ਫੁੱਟ ਪਾਥ 'ਤੇ ਸੌਣ ਵਾਲਿਆਂ ਨੂੰ ਇਹ ਭਾਂਡੇ ਨਹੀਂ ਮਿਲਨੇ। ਉਨ•ਾਂ ਦੀ ਵੋਟ ਹੁੰਦੀ ਤਾਂ ਗੱਲ ਵਿਚਾਰੀ ਜਾ ਸਕਦੀ ਸੀ। ਜਿਨ•ਾਂ ਨੂੰ ਭਾਂਡੇ ਮਿਲਨੇ ਹਨ, ਉਹ ਸੋਚਾਂ 'ਚ ਹੁਣੇ ਤੋਂ ਪੈ ਗਏ ਹਨ। ਖਾਲੀ ਭਾਂਡਿਆਂ ਦਾ ਉਹ ਕੀ ਕਰਨਗੇ ? ਚੰਗਾ ਹੁੰਦਾ,ਸਰਕਾਰ ਪਹਿਲਾਂ ਇਨ•ਾਂ ਭਾਂਡਿਆਂ 'ਚ ਲੋਕਾਂ ਨੂੰ ਕੁਝ ਪਾਉਣ ਜੋਗਾ ਕਰ ਦਿੰਦੀ। ਗਰੀਬ ਦੇ ਘਰ ਖਾਲੀ ਪਏ ਪੀਪੇ ਦਾ ਜੋ ਹਾਲ ਹੈ, ਉਹੀ ਇਨ•ਾਂ ਭਾਂਡਿਆਂ ਦਾ ਹੋਵੇਗਾ। ਦੇਖਦੇ ਜਾਓ,ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਬਹੁਤ ਵੰਡਾਰਾ ਹੋਣਾ ਹੈ। ਨੌਜਵਾਨਾਂ ਨੂੰ ਡੰਬਲ ਵੰਡੇ ਜਾਣੇ ਹਨ। ਲੁਧਿਆਣਾ ਤੇ ਫਿਰੋਜ਼ਪੁਰ ਜ਼ਿਲ•ੇ 'ਚ ਤਾਂ ਦਰਜਨਾਂ ਪਿੰਡਾਂ 'ਚ ਡੰਬਲ ਪੁੱਜ ਗਏ ਹਨ। ਸਮਝਣ ਵਾਲੀ ਗੱਲ ਹੈ ਕਿ ਡੰਬਲ ਫੇਰੂ ਕੌਣ। ਲੰਘੇ ਵਰਿ•ਆਂ 'ਚ ਜੋ ਨਸ਼ੇ ਵੰਡੇ ਗਏ। ਉਨ•ਾਂ ਨੇ ਮੁੰਡੇ ਡੰਬਲ ਫੇਰਨ ਜੋਗੇ ਛੱਡੇ ਹੀ ਨਹੀਂ। ਮੁੱਖ ਮੰਤਰੀ ਪੰਜਾਬ ਦੇ ਆਪਣੇ ਜੱਦੀ ਹਲਕੇ ਲੰਬੀ 'ਚ ਦਰਜਨਾਂ ਮੈਡੀਕਲ ਸਟੋਰ ਜਾਅਲੀ ਚੱਲ ਰਹੇ ਹਨ। ਇਨ•ਾਂ ਤੋਂ ਥੋੜੀ ਬਹੁਤੀ ਦਵਾਈ ਵੀ ਮਿਲਦੀ ਹੈ। ਕੰਦੂਖੇੜਾ ਦੇ ਪਰਲੇ ਪਾਸੇ ਰਾਜਸਥਾਨ ਦੇ ਹਰੀਪੁਰਾ ਦੇ ਭੁੱਕੀ ਦੇ ਸਰਕਾਰੀ ਠੇਕੇ 'ਤੇ ਪੂਰਾ ਮੇਲਾ ਭਰਦਾ ਹੈ। ਇੱਥੇ ਮਲਵਈ ਰੌਣਕ ਨਹੀਂ ਘਟਣ ਦਿੰਦੇ। ਨਸ਼ਿਆਂ ਦੀ ਸਪਲਾਈ ਲਾਈਨ ਏਨੇ ਵਰਿ•ਆਂ ਮਗਰੋਂ ਵੀ ਕਿਉਂ ਨਹੀਂ ਕੱਟੀ ਜਾ ਸਕੀ। ਜਿਨ•ਾਂ ਦੇ ਘਰਾਂ 'ਚ ਨਸ਼ਿਆਂ ਨੇ ਸੱਥਰ ਵਿਛਾ ਦਿੱਤੇ ਹਨ,ਉਨ•ਾਂ ਦਾ ਇਹ ਸੁਆਲ ਹੈ। ਹੋਰ ਤਾਂ ਹੋਰ, ਹਾਕਮ ਧਿਰ ਨੇ ਤਾਂ ਐਤਕੀਂ ਗਰੀਬ ਘਰਾਂ 'ਚ ਬਣਾਏ ਪਖਾਨਿਆਂ ਦੇ ਤਖਤਿਆਂ 'ਤੇ ਵੀ 'ਰਾਜ ਨਹੀਂ ਸੇਵਾ' ਦਾ ਠੱਪਾ ਲਗਾ ਦਿਤਾ ਹੈ ਤਾਂ ਜੋ ਪਖਾਨੇ 'ਚ ਬੈਠਾ ਵਿਅਕਤੀ ਆਪਣਾ ਵੋਟਾਂ ਲਈ ਆਪਣਾ ਮਨ ਬਣਾ ਸਕੇ।
             ਖਾਂਦੇ ਪੀਂਦੇ ਪੰਜਾਬ ਨੂੰ ਅੰਗਹੀਣ ਕਰ ਦਿੱਤਾ ਹੈ ਵੰਡਾਰਾ ਕਰਨ ਵਾਲਿਆਂ ਨੇ। ਇਸ ਤੋਂ ਵੱਡਾ ਵੰਡਾਰਾ ਫਿਰ ਇਨ•ਾਂ ਨੇ ਕਰਨਾ ਹੈ। ਮੌਕਾ ਸੰਭਲਣ ਦਾ ਹੈ। ਹੁਣ ਤਾਂ ਅੰਗਰੇਜ਼ਾਂ ਨੂੰ ਵੀ ਮੁੜ ਸੱਦਣ ਦੀ ਲੋੜ ਨਹੀਂ ਰਹੀ। ਪਿੰਡਾਂ ਦਾ ਭਾਈਚਾਰਾ ਵੰਡ ਦਿੱਤਾ ਗਿਆ ਹੈ। ਭਾਈ ਭਾਈ ਵੰਡ ਦਿੱਤੇ ਹਨ। ਅੱਜ ਇੱਕ ਭਰਾ ਕਾਂਗਰਸੀ ਹੈ ਤਾਂ ਦੂਸਰਾ ਅਕਾਲੀ ਹੈ। ਬਾਪ ਅਕਾਲੀ ਹੈ ਤਾਂ ਬੱਚੇ ਕਾਂਗਰਸੀ ਨੇ। ਦਾਦਾ ਦਾਦੀ ਵੀ ਵੰਡ ਦਿੱਤੇ ਹਨ। ਉਹ ਪੁੱਤਾਂ ਦੀ ਮੰਨਣ ਜਾਂ ਫਿਰ ਪੋਤਿਆਂ ਦੀ। ਮੰਨਣ ਉਹ ਕਿਸੇ ਦੀ ਵੀ, ਏਨਾ ਉਹ ਜ਼ਰੂਰ ਮੰਨਦੇ ਹਨ ਕਿ ਹੁਣ ਬਾਹਰਲੇ ਧਾੜਵੀਆਂ ਦੀ ਲੋੜ ਨਹੀਂ। 'ਆਪਣੇ' ਹੀ ਕਾਫੀ ਹਨ। ਜੋ ਆਪਣੀ ਵੋਟ ਖਾਤਰ ਦੁਸ਼ਮਣੀ ਵੰਡ ਰਹੇ ਹਨ।  ਹੁਣ ਸਾਢੇ ਚਾਰ ਵਰਿ•ਆਂ ਮਗਰੋਂ ਕਾਂਗਰਸੀ ਵਿਧਾਇਕ ਵੀ ਨਿਕਲੇ ਹਨ। ਆਖਦੇ ਹਨ ਕਿ 'ਵਰਕਰਾਂ ਨਾਲ ਹੋਈ ਧੱਕੇਸ਼ਾਹੀ ਦਾ ਹਿਸਾਬ ਲਿਆ ਜਾਏਗਾ'। ਉਧਰ ਅਕਾਲੀ ਆਖਦੇ ਹਨ ਕਿ 'ਵਰਕਰਾਂ ਦਾ ਵਾਲ ਵਿੰਗਾ ਨਹੀਂ ਹੋਣ ਦਿਆਂਗੇ।' ਵੋਟਾਂ ਖਾਤਰ ਫਿਰ ਲਲਕਾਰੇ ਵੱਜਣ ਲੱਗੇ ਹਨ। ਆਮ ਲੋਕ ਫਿਰ ਕਿਥੇ ਜਾਣ ਜਿਨ•ਾਂ ਦੀ ਕੋਈ ਗੱਲ ਨਹੀਂ ਕਰ ਰਿਹਾ। ਸਭ ਆਪੋ ਆਪਣੇ ਵਰਕਰਾਂ ਦੀ ਗੱਲ ਕਰ ਰਹੇ ਹਨ। ਬਠਿੰਡਾ ਜ਼ਿਲ•ੇ ਦੇ ਪਿੰਡ ਮਹਿਤਾ ਦੇ ਲੋਕਾਂ ਨੇ ਐਤਕੀਂ ਚੰਗੀ ਸਕੀਮ ਬਣਾਈ ਹੈ। ਹਰਤੇਜ ਮਹਿਤਾ ਹੋਰਾਂ ਦੀ ਸਕੀਮ ਹੈ ਕਿ ਵਿਧਾਨ ਸਭਾ ਚੋਣਾਂ ਵੇਲੇ ਇੱਕ ਸਟੇਜ ਤੋਂ ਹਰ ਸਿਆਸੀ ਧਿਰ ਨੂੰ ਪਿੰਡ 'ਚ ਬੋਲਣ ਦਾ ਮੌਕਾ ਦਿੱਤਾ ਜਾਏਗਾ। ਲੋਕਾਂ ਨੇ ਧਾਰ ਲਈ ਹੈ ਕਿ ਭਾਈਚਾਰਾ ਨਹੀਂ ਵੰਡਣ ਦੇਣਾ।
            ਜਦੋਂ ਕੈਪਟਨ ਦਾ ਰਾਜ ਭਾਗ ਸੀ। ਵੰਡਾਰਾ ਉਦੋਂ ਵੀ ਏਵੇਂ ਹੀ ਹੋਇਆ ਸੀ। ਹੱਥੋਂ ਹੱਥ ਪਹਿਲਾਂ ਕਲੱਬ ਬਣਾਏ ਗਏ, ਫਿਰ ਉਨ•ਾਂ ਨੂੰ ਗੱਫੇ ਵੰਡ ਦਿੱਤੇ ਗਏ। ਪ੍ਰਸ਼ਾਸਨ ਹੁਣ ਤੱਕ ਇਨ•ਾਂ ਕਲੱਬਾਂ ਨੂੰ ਲੱਭੀ ਜਾ ਰਿਹਾ ਹੈ। ਲੱਖ ਵਖਰੇਵੇਂ ਹੋਣ,ਅਕਾਲੀ ਤੇ ਕਾਂਗਰਸੀ ਇੱਕ ਗੱਲੋਂ ਇੱਕੋ ਜੇਹੇ ਹਨ। ਬੇਰੁਜ਼ਗਾਰਾਂ ਨੂੰ ਡਾਂਗਾਂ ਵੰਡਣ ਅਤੇ ਵਿਧਾਨ ਸਭਾ 'ਚ ਆਪਣੇ ਭੱਤਿਆਂ 'ਚ ਵਾਧਾ ਕਰਾਉਣ 'ਚ ਇੱਕੋ ਮੋਰੀ ਲੰਘੇ ਹਨ। ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਨੌਜਵਾਨ ਧੀਆਂ ਨੂੰ ਮਾਪਿਆਂ ਨੇ ਹਵਾਲਾਤ ਭੇਜਣ ਲਈ ਤਾਂ ਨਹੀਂ ਪੜਾਇਆ ਹੈ। ਜ਼ਿੰਦਗੀ ਦੇ ਆਖਰੀ ਮੋੜ ਤੇ ਖੜ•ੇ ਬਜ਼ੁਰਗਾਂ ਨੂੰ ਵੀ ਮਰਨ ਵਰਤ ਤੇ ਬੈਠਣਾ ਪੈ ਰਿਹੈ ਹੈ। ਹੁਣ ਤਾਂ ਪੰਜਾਬ ਵੀ ਨਾਜ਼ਕ ਮੋੜ 'ਤੇ ਖੜ•ਾ ਹੈ। ਕਾਂਗਰਸੀ ਨੇਤਾ ਹਾਕਮ ਧਿਰ ਤੋਂ ਵੀ ਅੱਗੇ ਨਿਕਲ ਗਏ ਹਨ। ਮਾਲਵਾ ਪੱਟੀ 'ਚ ਕਈ ਕਾਂਗਰਸੀ ਨੇਤਾ ਤਾਂ ਪਹਿਲਾਂ ਮਰੀਜ਼ਾਂ ਦਾ ਕੈਂਸਰ ਟੈਸਟ ਕਰਾਉਂਦੇ ਹਨ। ਟੈਸਟ ਮਗਰੋਂ ਰਿਪੋਰਟਾਂ ਮਰੀਜ਼ਾਂ ਨੂੰ ਵੰਡਦੇ ਹਨ। ਅਕਾਲੀ ਦਲ ਦਾ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਬਰਨਾਲਾ ਜ਼ਿਲ•ੇ 'ਚ ਐਤਕੀਂ ਪਿੰਡੋਂ ਪਿੰਡ ਗਰੀਬ ਲੋਕਾਂ ਨੂੰ ਆਟੇ ਦੀਆਂ ਥੈਲੀਆਂ ਵੰਡ ਰਿਹਾ ਹੈ। ਗਰੀਬ ਪੁੱਛਦੇ ਹਨ ਕਿ ਚੋਣਾਂ ਮਗਰੋਂ ਉਹ ਆਟਾ ਕਿਥੋਂ ਲਿਆਉਣ ?ਚੋਣਾਂ ਵੇਲੇ ਤਾਂ ਸਭ ਰਾਜਾਂ 'ਚ ਏਦਾ ਹੀ ਚੱਲਦਾ ਹੈ। ਤਾਮਿਲਨਾਡੂ 'ਚ ਪਿਛਲੀ ਚੋਣ 'ਚ ਜਦੋਂ ਕਰੁਨਾਨਿਧੀ ਨੇ ਘਰ ਘਰ ਟੀ.ਵੀ ਵੰਡ ਦਿੱਤੇ ਤਾਂ ਕੁਮਾਰੀ ਜੈਜਲਿਤਾ ਨੇ ਟੀ.ਵੀ ਦੇ ਨਾਲ ਮਿਕਸਰ ਵੀ ਵੰਡੇ ਸਨ। ਜਦੋਂ ਵੋਟਰਾਂ ਨੇ ਮੋਟਰ ਸਾਇਕਲ ਦੀ ਮੰਗ ਰੱਖ ਦਿੱਤੀ ਤਾਂ ਉਹ ਵੀ ਪੂਰੀ ਕੀਤੀ ਗਈ। ਕੁਮਾਰੀ ਜੈਜਲਿਤਾ ਪਹਿਲਾਂ ਸਾੜੀਆਂ ਵੀ ਵੰਡ ਚੁੱਕੀ ਹੈ। ਆਂਧਰਾ ਪ੍ਰਦੇਸ਼ 'ਚ ਢਾਈ ਰੁਪਏ ਕਿਲੋ ਚੌਲ ਵੰਡੇ ਗਏ ਸਨ। ਛਤੀਸਗੜ 'ਚ ਤਾਂ ਭਾਜਪਾ ਨੇ ਕਾਫੀ ਸਾਲ ਪਹਿਲਾਂ ਚੋਣਾਂ ਤੋਂ ਪਹਿਲਾਂ ਗਰੀਬ ਪ੍ਰਵਾਰਾਂ ਨੂੰ ਇੱਕ ਇੱਕ ਗਾਂ ਦੇਣ ਦਾ ਐਲਾਨ ਵੀ ਕੀਤਾ ਸੀ।
           ਚੋਣਾਂ ਵੇਲੇ ਹੀ ਨਹੀਂ, ਬਲਕਿ ਭਾਜਪਾ ਨੂੰ ਐਲ.ਕੇ.ਅਡਵਾਨੀ ਦੀ ਰੱਥ ਯਾਤਰਾ ਨੂੰ ਖਬਰਾਂ 'ਚ ਘੱਟ ਥਾਂ ਮਿਲਦੀ ਦਿਖੀ ਤਾਂ ਮੱਧ ਪ੍ਰਦੇਸ਼ 'ਚ ਭਾਜਪਾ ਨੇ ਲਿਫਾਫਿਆਂ 'ਚ ਪਾ ਕੇ ਪੱਤਰਕਾਰਾਂ ਨੂੰ ਨੋਟ ਵੰਡ ਦਿੱਤੇ। ਸਿਆਸੀ ਧਿਰਾਂ ਕੁਰਸੀ ਖਾਤਰ ਸਭ ਕੁਝ ਕਰਦੀਆਂ ਹਨ। ਇਹੋ ਰੰਗ ਪੰਜਾਬ ਨੂੰ ਚੜਿਆ ਹੋਇਆ ਹੈ। ਹਰ ਕੋਈ ਆਪਣੀ ਡਫਲੀ ਵਜਾ ਰਿਹਾ ਹੈ। ਇੰਝ ਵੀ ਲੱਗਦਾ ਹੈ ਕਿ ਜਿਵੇਂ ਇਕੱਲੇ ਮਨਪ੍ਰੀਤ ਸਿੰਘ ਬਾਦਲ ਨੂੰ ਹੀ ਪੰਜਾਬ ਦਾ ਫਿਕਰ ਹੈ। ਇਹੋ ਚਿੰਤਾ ਉਹ ਪਹਿਲਾਂ ਕਰਦੇ ਤਾਂ ਸ਼ਾਇਦ ਲੋਕ ਵਧੇਰੇ ਭਰੋਸਾ ਕਰਦੇ। ਮਨਪ੍ਰੀਤ 16 ਸਾਲ  ਵਿਧਾਇਕ ਰਹੇ ਹਨ। ਖ਼ਜ਼ਾਨਾ ਮੰਤਰੀ ਵੀ ਰਹੇ ਹਨ ਤੇ ਇਹ ਕੋਈ ਸਮਾਂ ਵੀ ਘੱਟ ਨਹੀਂ ਸੀ। ਸਮੇਂ ਦੀ ਤੋਟ ਤਾਂ ਕੈਪਟਨ ਅਮਰਿੰਦਰ ਸਿੰਘ ਕੋਲ ਹੈ। ਥੋੜਾ ਸਮਾਂ ਪਹਿਲਾਂ ਹੀ ਉਨ•ਾਂ ਨੇ ਮਹਿਲਾ ਚੋਂ ਨਿਕਲਣਾ ਸ਼ੁਰੂ ਕੀਤਾ ਹੈ।
         ਲੋਕ ਭੰਬਲਭੂਸੇ 'ਚ ਹਨ ਕਿ ਇੱਕ ਤਾਂ ਮਹਿਲਾਂ ਚੋਂ ਨਹੀਂ ਨਿਕਲਦਾ। ਦੂਸਰਾ ਘਰੋਂ ਘਰੀ ਤੁਰਿਆ ਫਿਰਦਾ ਹੈ। ਆਖਦੇ ਹਨ ਕਿ ਬਾਦਲ ਸਾਹਿਬ ਲਈ ਪਿੰਡ ਦੀ ਸਹਿਕਾਰੀ ਸਭਾ ਦੀ ਚੋਣ ਅਤੇ ਸੰਸਦੀ ਚੋਣ ਦਾ ਇੱਕੋ ਜਿਨ•ਾਂ ਮਹੱਤਵ ਹੁੰਦਾ ਹੈ। ਤਕੜੇ  ਚੋਣ ਮੈਨੇਜਰ ਨੇ ਬਾਦਲ ਸਾਹਿਬ, ਲੋਕ ਇਹ ਗੱਲ ਜਾਣਦੇ ਹਨ। ਜਾਣਦੇ ਤਾਂ ਉਨ•ਾਂ ਕਾਂਗਰਸੀ ਵਿਧਾਇਕਾਂ ਨੂੰ ਵੀ ਹਨ,ਜੋ ਸਰਕਾਰ ਤੋਂ ਹਲਕਾ ਭੱਤਾ ਤਾਂ ਲੈਣਾ ਭੁੱਲੇ ਨਹੀਂ,ਹਲਕਾ ਜ਼ਰੂਰ ਭੁੱਲੇ ਰਹੇ ਹਨ। ਕਾਂਗਰਸੀ ਵਿਧਾਇਕ ਮਤ ਸਮਝਣ ਕਿ ਲੋਕ ਏਨੇ ਹਲਕੇ ਹਨ,ਜਦੋਂ ਦਿਲ ਕੀਤਾ ਛੱਤਰੀ ਤਾਣ ਲਈ। ਵੋਟਰ ਕਿਸ ਦੀ ਛੱਤਰੀ 'ਤੇ ਬੈਠਦਾ,ਇਹ ਤਾਂ ਸਮਾਂ ਦੱਸੂ। ਇਹ ਦੱਸ ਦਿੰਦੇ ਹਾਂ ਕਿ ਜੋ ਲੋਕਾਂ ਦੀ ਤੰਗੀ ਤੁਰਸ਼ੀ ਅਤੇ ਦੁੱਖ ਦਰਦ ਕੱਟਣ ਵਾਸਤੇ ਵੰਡਿਆ ਜਾਣਾ ਸੀ। ਉਹ ਤਾਂ ਅੰਦਰੋਂ ਅੰਦਰੀਂ ਵੱਡਿਆ ਨੂੰ ਵੰਡ ਦਿੱਤਾ ਗਿਆ ਹੈ। ਏਡੀ ਵੱਡੀ ਰਿਫਾਈਨਰੀ ਆਉਂਦੇ ਦਿਨਾਂ 'ਚ ਚੱਲਣੀ ਹੈ। 15 ਸਾਲਾਂ ਲਈ ਟੈਕਸਾਂ ਤੋਂ ਛੋਟ ਦੇ ਦਿੱਤੀ ਗਈ ਹੈ। ਏਡੀ ਵੱਡੀ ਰਿਆਇਤ ਵੀ ਦਿੱਤੀ ਲੇਕਿਨ ਫਿਰ ਵੀ ਪ੍ਰਬੰਧਕਾਂ ਨਾਲ ਪੰਜਾਬੀ ਮੁੰਡਿਆਂ ਨੂੰ ਰੁਜ਼ਗਾਰ ਦੇਣ ਦੀ ਗੱਲ ਨਹੀਂ ਕੀਤੀ ਗਈ। ਮਾਨਸਾ ਦੇ ਗੋਬਿੰਦਪੁਰਾ 'ਚ ਤਾਪ ਬਿਜਲੀ ਘਰ ਲਾਉਣ ਵਾਲੀ ਪਿਓਨਾ ਕੰਪਨੀ ਨਾਲ ਵੀ ਇਹ ਗੱਲ ਕਰਨੀ ਵੀ ਸਰਕਾਰ ਭੁੱਲ ਗਈ ਹੈ। ਪਿਉਨਾ ਕੰਪਨੀ ਉਸ ਅਫਸਰ ਦੇ ਪੁੱਤ ਨੂੰ 50 ਹਜ਼ਾਰ ਪ੍ਰਤੀ ਮਹੀਨਾ ਰੁਪਏ ਵਾਲੀ ਨੌਕਰੀ ਦੇਣਾ ਨਹੀਂ ਭੁੱਲੀ ਜਿਸ ਨੇ ਜ਼ਮੀਨ ਐਕਵਾਇਰ ਕਰਨ 'ਚ ਦਿਨ ਰਾਤ ਮਦਦ ਕੀਤੀ। ਲੋਕਾਂ ਦੇ ਪੁੱਤਾਂ ਬਾਰੇ ਕੌਣ ਸੋਚੂ ? ਆਖਰ ਕਿਸਾਨ ਤੇ ਮਜ਼ਦੂਰਾਂ ਨੇ ਇਨ•ਾਂ ਦੇ ਖੇਤ ਬਚਾਉਣ ਲਈ ਝੰਡੇ ਚੁੱਕੇ ਹਨ। ਲੰਘੇ ਇੱਕ ਦਹਾਕੇ 'ਚ ਲੋਕ ਸੰਘਰਸ਼ਾਂ 'ਚ 16 ਕਿਸਾਨ ਤੇ ਮਜ਼ਦੂਰ ਸ਼ਹੀਦ ਹੋਏ ਹਨ।
           ਇਹ ਮੌਸਮ ਨੇਤਾਵਾਂ ਲਈ ਚੋਣਾਂ ਦਾ ਹੋ ਸਕਦਾ ਹੈ ਲੇਕਿਨ ਆਮ ਲੋਕਾਂ ਲਈ ਜਾਗਣ ਵਾਲੇ ਦਿਨ ਹਨ। ਚਾਰ ਦਿਨਾਂ ਦਾ ਲਾਲਚ ਛੱਡ ਕੇ ਲੋਕਾਂ ਨੂੰ ਆਪਣੀ ਚਾਲ ਬਦਲਣੀ ਪਏਗੀ ਜਿਸ ਤੋਂ ਇਨ•ਾਂ ਲੀਡਰਾਂ ਨੂੰ ਅੰਦਾਜ਼ਾ ਹੋ ਸਕੇ। ਗੱਲ ਸਮਝਣੀ ਪਏਗੀ ਕਿ ਗਰੀਬ ਦੇ ਪੀਪੇ 'ਚ ਉਨ•ਾਂ ਆਟਾ ਨਹੀਂ ਹੁੰਦਾ ਜਿਨ•ਾਂ ਇਨ•ਾਂ ਲੀਡਰਾਂ ਦੇ ਘਰਾਂ 'ਚ ਸੋਨਾ ਹੈ। ਲੀਡਰਾਂ ਨੂੰ ਜਨਤਕ ਤੌਰ 'ਤੇ ਖੜ•ੇ ਕਰਕੇ ਪੁੱਛਣ ਦੀ ਲੋੜ ਹੈ। ਲਾਮਬੰਦੀ ਦੀ ਲੋੜ ਹੈ। ਚੰਗੀ ਸੋਚ ਰੱਖਣ ਦੀ ਲੋੜ ਹੈ। ਚੇਤੰਨ ਹੋਣ ਦੀ ਲੋੜ ਹੈ। ਇਨ•ਾਂ ਤੋਂ ਭਾਂਡੇ ਲੈਣ ਦੀ ਲੋੜ ਨਹੀਂ, ਦੋ ਵਕਤ ਦੀ ਰੋਟੀ ਮੰਗੀ ਜਾਵੇ। ਉਨ•ਾਂ ਤੋਂ ਹੱਕ ਮੰਗੇ ਜਾਣ। ਸਾਈਕਲ ਨਹੀਂ,ਸਾਈਕਲ ਖੁਦ ਰੱਖਣ ਦੀ ਪਹੁੰਚ ਮੰਗੀ ਜਾਵੇ। ਆਰਜ਼ੀ ਨਹੀਂ, ਚੰਗੇਰੇ ਭਵਿੱਖ ਵਾਲੀ ਟਿਕਾਊ ਨੀਤੀ ਦੀ ਮੰਗ ਕੀਤੀ ਜਾਵੇ। ਏਦਾ ਹੀ ਭਟਕੇ ਰਹੇ ਤਾਂ ਇਨ•ਾਂ ਮੌਸਮੀ ਲੋਕਾਂ ਨੇ ਇਵੇਂ ਹੀ ਲੋਕਾਂ ਨੂੰ ਚੁਰਾਸੀ ਤੇ ਗੇੜ 'ਚ ਪਾਈ ਰੱਖਣਾ ਹੈ। ਪੰਜਾਬ ਦਾ ਤਾਂ ਫਿਰ ਰੱਬ ਹੀ ਰਾਖਾ ਹੈ।