Showing posts with label police case. Show all posts
Showing posts with label police case. Show all posts

Sunday, September 2, 2018

                               ਪ੍ਰਿੰਸੀਪਲ ਦੀ ਪੱਗ
       ਅਕਾਲੀਆਂ ਨੇ ਲਾਹੀ, ਕਮਿਸ਼ਨ ਨੇ ਸਜਾਈ
                                ਚਰਨਜੀਤ ਭੁੱਲਰ
ਬਠਿੰਡਾ  :  ਗੱਠਜੋੜ ਸਰਕਾਰ ਮੌਕੇ ਅਕਾਲੀ ਲੀਡਰਾਂ ਵੱਲੋਂ ਸਕੂਲ ਪ੍ਰਿੰਸੀਪਲ ਦਲਜੀਤ ਸਿੰਘ ਦੀ ਸ਼ਰੇਆਮ ਕੁੱਟਮਾਰ ਕਰਕੇ ਜਨਤਿਕ ਤੌਰ ’ਤੇ ਲਾਹੀ ਪੱਗ ਦੀ ਲਾਜ ਹੁਣ ਜਾਂਚ ਕਮਿਸ਼ਨ ਨੇ ਰੱਖੀ ਹੈ। ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ ਭਾਈ ਦੇ ਤਤਕਾਲੀ ਪ੍ਰਿੰਸੀਪਲ ਦਲਜੀਤ ਸਿੰਘ ’ਤੇ ਅਕਾਲੀਆਂ ਵੱਲੋਂ ਦਰਜ ਕੀਤੇ ਦੋ ਪੁਲੀਸ ਕੇਸਾਂ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇੱਥੋਂ ਤੱਕ ਕਿ ਗਿੱਲ ਕਮਿਸ਼ਨ ਨੇ ਨਗਰ ਪੰਚਾਇਤ ਭਗਤਾ ਦੇ ਤਤਕਾਲੀ ਪ੍ਰਧਾਨ ਰਾਕੇਸ਼ ਕੁਮਾਰ ਖ਼ਿਲਾਫ਼ ਧਾਰਾ 182 ਤਹਿਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸੇ ਤਰ੍ਹਾਂ ਭਗਤਾ ਭਾਈ ਦੇ ਤਤਕਾਲੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਪ੍ਰਧਾਨ ਰਾਕੇਸ਼ ਕੁਮਾਰ ਤੋਂ ਮੁਆਵਜ਼ੇ ਲੈਣ ਲਈ ਪ੍ਰਿੰਸੀਪਲ ਦਲਜੀਤ ਸਿੰਘ ਨੂੰ ਹੱਕਦਾਰ ਪਾਇਆ ਹੈ। ਵੇਰਵਿਆਂ ਅਨੁਸਾਰ ਜਦੋਂ ਪ੍ਰਿੰਸੀਪਲ ਦਲਜੀਤ ਸਿੰਘ ਨੇ ਸਰਕਾਰੀ ਸਕੂਲ ਵਿਚ ਕੁਸ਼ਤੀ ਵਿੰਗ ਦੇ ਨਾਮ ਤੇ ਨਸ਼ਿਆਂ ਦੇ ਪਸਾਰੇ ਅਤੇ ਜਾਅਲੀ ਬਿੱਲ ਰੋਕਣ ਦਾ ਮੁੱਦਾ ਉਠਾਇਆ ਤਾਂ 4 ਅਪਰੈਲ 2015 ਨੂੰ ਪ੍ਰਿੰਸੀਪਲ ’ਤੇ ਜਨਤਿਕ ਤੌਰ ਤੇ ਅਕਾਲੀ ਆਗੂਆਂ ਵੱਲੋਂ ਹਮਲਾ ਹੋਇਆ ਅਤੇ ਉਸ ਦੀ ਪੱਗ ਉਤਾਰ ਦਿੱਤੀ ਗਈ।
                 ਥਾਣਾ ਦਿਆਲਪੁਰਾ ਵਿਚ ਅਕਾਲੀ ਆਗੂਆਂ ਅਤੇ ਕੱੁਝ ਮੁਲਾਜ਼ਮਾਂ ਖ਼ਿਲਾਫ਼ ਐਫ.ਆਈ.ਆਰ ਨੰਬਰ 35 ਹੋਈ ਸੀ।  ਜਦੋਂ ਇਸ ਕੇਸ ਵਿਚ ਬਹੁਤ ਪਛੜ ਕੇ 30 ਮਈ 2016 ਨੂੰ ਚਲਾਨ ਪੇਸ਼ ਕੀਤਾ ਗਿਆ ਤਾਂ ਪ੍ਰਿੰਸੀਪਲ ਦੇ ਰਾਹ ਰੋਕਣ ਲਈ ਚਲਾਨ ਤੋਂ ਪਹਿਲਾਂ  ਹੀ ਥਾਣਾ ਦਿਆਲਪੁਰਾ ਵਿਚ ਐਫ.ਆਈ.ਆਰ ਨੰਬਰ 37 ਦਰਜ ਕਰ ਦਿੱਤੀ ਗਈ। ਬੀਡੀਪੀਓ ਭਗਤਾ ਸੁਖਵਿੰਦਰ ਸਿੰਘ ਨੇ ਉਦੋਂ ਸਕੂਲ ਮਾਮਲਿਆਂ ਦੀ ਪੜਤਾਲ ਕਰਕੇ ਪ੍ਰਿੰਸੀਪਲ ਨੂੰ ਦੋਸ਼ੀ ਪਾਇਆ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਪ੍ਰਿੰਸੀਪਲ ’ਤੇ ਕੇਸ ਦਰਜ ਕਰਾ ਦਿੱਤਾ। ਪ੍ਰਿੰਸੀਪਲ ਦਲਜੀਤ ਸਿੰਘ ਭਗਤਾ ਦੀ ਹਮਾਇਤ ਵਿਚ ਜਨਤਿਕ ਧਿਰਾਂ ਉੱਤਰ ਆਈਆਂ ਅਤੇ ਅਨਿਆਂ ਵਿਰੋਧੀ ਕਮੇਟੀ ਦਾ ਗਠਨ ਹੋਇਆ। ਕਰੀਬ ਸਵਾ ਸਾਲ ਜਨਤਿਕ ਲੜਾਈ ਚੱਲਦੀ ਰਹੀ। ਇਸੇ ਦੌਰਾਨ ਹਾਕਮ ਧਿਰ ਨੇ ਪ੍ਰਿੰਸੀਪਲ ਦਲਜੀਤ ਸਿੰਘ ਸਮੇਤ 23 ਜਣਿਆ’ਤੇ ਐਫ.ਆਈ.ਆਰ ਨੰਬਰ 56 ਦਰਜ ਕਰਾ ਦਿੱਤੀ। ਇਲਜ਼ਾਮ ਲਾਇਆ ਗਿਆ ਕਿ ਇਨ੍ਹਾਂ ਨੇ ਧਰਨਾ ਮੁਜ਼ਾਹਰਾ ਕੀਤਾ ਅਤੇ ਡਿਊਟੀ ਵਿਚ ਵਿਘਨ ਪਾਇਆ। ਪ੍ਰਿੰਸੀਪਲ ਦਲਜੀਤ ਸਿੰਘ ਨੇ ਉਸ ਖ਼ਿਲਾਫ਼ ਹੋਏ ਦਰਜ ਕੇਸਾਂ ਨੂੰ ਰੱਦ ਕਰਨ ਸਬੰਧੀ ਜਾਂਚ ਕਮਿਸ਼ਨ ਕੋਲ ਦਰਖਾਸਤ ਦੇ ਦਿੱਤੀ।
         ਜਾਂਚ ਕਮਿਸ਼ਨ ਨੇ ਪ੍ਰਿੰਸੀਪਲ ਦਲਜੀਤ ਸਿੰਘ ਖ਼ਿਲਾਫ਼ ਦਰਜ ਐਫ.ਆਈ.ਆਰ ਨੰਬਰ 37 ਮਿਤੀ 8 ਮਾਰਚ 2016 ਅਤੇ ਐਫ.ਆਈ.ਆਰ ਨੰਬਰ 56 ਮਿਤੀ 13 ਮਈ 2015 ਨੂੰ ਹੁਣ ਰੱਦ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ ਅਤੇ ਰਿਪੋਰਟ ਵਿਚ ਕਮਿਸ਼ਨ ਨੇ ਇਨ੍ਹਾਂ ਕੇਸਾਂ ਨੂੰ ਬਦਲਾਖੋਰੀ ਤਹਿਤ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਰਿਪੋਰਟਾਂ ਵਿਚ ਸਾਬਕਾ ਅਕਾਲੀ ਮੰਤਰੀ ’ਤੇ ਵੀ ਉਂਗਲ ਉਠਾਈ ਗਈ ਹੈ। ਇਸੇ ਦੌਰਾਨ ਸਿੱਖਿਆ ਵਿਭਾਗ ਪੰਜਾਬ ਨੇ ਵੀ ਪ੍ਰਿੰਸੀਪਲ ਦਲਜੀਤ ਸਿੰਘ ਖ਼ਿਲਾਫ਼ ਵੀ ਕਾਰਵਾਈ ਕਰ ਦਿੱਤੀ ਸੀ  ਅਤੇ ਹੁਣ ਸਿੱਖਿਆ ਵਿਭਾਗ ਨੇ ਨਵੇਂ ਫ਼ੈਸਲੇ ਤਹਿਤ ਪ੍ਰਿੰਸੀਪਲ ਦਲਜੀਤ ਸਿੰਘ ਖ਼ਿਲਾਫ਼ ਜਾਰੀ ਦੋਸ਼ ਸੂਚੀ ਨੂੰ ਵੀ ਦਫ਼ਤਰ ਦਾਖਲ ਕਰ ਦਿੱਤਾ ਹੈ। ਜਾਂਚ ਕਮਿਸ਼ਨ ਕੋਲ ਕਾਫ਼ੀ ਗਿਣਤੀ ਵਿਚ ਜਨਤਿਕ ਆਗੂਆਂ ਨੇ ਬਿਆਨ ਕਲਮਬੱਧ ਕਰਾਏ ਸਨ। ਇਨ੍ਹਾਂ ਕੇਸਾਂ ਮਗਰੋਂ ਦਲਜੀਤ ਸਿੰਘ ਸੇਵਾ ਮੁਕਤ ਹੋ ਗਏ ਸਨ।
                  ਸਾਬਕਾ ਪ੍ਰਿੰਸੀਪਲ ਦਲਜੀਤ ਸਿੰਘ ਦਾ ਕਹਿਣਾ ਸੀ ਕਿ ਜਾਂਚ ਕਮਿਸ਼ਨ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਸਰਕਾਰ ਨੇ ਉਦੋਂ ਝੂਠੇ ਕੇਸ ਦਰਜ ਕੀਤੇ ਸਨ ਅਤੇ ਇਸ ਰਿਪੋਰਟ ਨੇ ਉਨ੍ਹਾਂ ਦੀ ਪੱਗ ਦੀ ਲਾਜ ਰੱਖ ਲਈ ਹੈ। ਉਨ੍ਹਾਂ ਆਖਿਆ ਕਿ ਉਹ ਅਦਾਲਤ ਵਿਚ ਚੱਲ ਰਹੇ ਕੇਸਾਂ ਵਿਚ ਵੱਡੇ ਅਕਾਲੀ ਨੇਤਾ ਖ਼ਿਲਾਫ਼ ਆਖ਼ਰੀ ਦਮ ਤੱਕ ਲੜਾਈ ਲੜਨਗੇ। ਐਡਵੋਕੇਟ ਐਨ.ਕੇ.ਜੀਤ,ਡੀ.ਟੀ.ਐਫ ਆਗੂ ਰੇਸ਼ਮ ਸਿੰਘ ਅਤੇ ਅਨਿਆਂ ਵਿਰੋਧੀ ਕਮੇਟੀ ਦੇ ਆਗੂ ਰਾਤੇਸ਼ ਕੁਮਾਰ ਦਾ ਕਹਿਣਾ ਸੀ ਕਿ ਜਾਂਚ ਕਮਿਸ਼ਨ ਨੇ ਅਕਾਲੀ ਸਰਕਾਰ ਸਮੇਂ ਦਰਜ ਕੀਤੇ ਗਏ ਕੇਸਾਂ ਦਾ ਸੱਚ ਉਜਾਗਰ ਕਰ ਦਿੱਤਾ ਹੈ ਅਤੇ ਕਮਿਸ਼ਨ ਨੇ ਲੋਕ ਪੱਖ ਧਿਰਾਂ ਦੇ ਸੰਘਰਸ਼ ਤੇ ਵੀ ਮੋਹਰ ਲਾਈ ਹੈ।



Saturday, September 19, 2015

                              ਵੀ.ਆਈ.ਪੀ ਹਲਕਾ
           ਜਿਥੇ ਨਾਹਰੇ ਮਾਰਨੇ ਪੈਂਦੇ ਨੇ ਮਹਿੰਗੇ
                                 ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਭਰ ਚੋਂ ਇਕੋ ਇੱਕ ਬਾਦਲਾਂ ਦਾ ਹਲਕਾ ਹੈ ਜਿਥੇ ਸਰਕਾਰ ਖਿਲਾਫ ਨਾਹਰੇ ਮਾਰਨ ਵਾਲੇ ਕਰੀਬ 5250  ਸੰਘਰਸ਼ੀ ਲੋਕਾਂ ਤੇ ਪੁਲੀਸ  ਕੇਸ ਦਰਜ ਕੀਤੇ ਗਏ ਹਨ। ਜਦੋਂ ਵੀ ਹੱਕ ਸੱਚ ਲਈ ਲੋਕ ਇਸ ਵੀ.ਆਈ.ਪੀ ਹਲਕੇ ਦੀਆਂ ਸੜਕਾਂ ਤੇ ਉਤਰੇ, ਪੁਲੀਸ ਨੇ ਉਨ•ਾਂ ਤੇ  ਧੜਾਧੜ ਪੁਲੀਸ ਕੇਸ ਦਰਜ ਕਰ ਦਿੱਤੇ। ਲੰਘੇ ਅੱਠ ਵਰਿ•ਆਂ ਵਿਚ ਬਠਿੰਡਾ ਜ਼ੋਨ ਦੇ ਸੱਤ ਜ਼ਿਲਿ•ਆਂ ਵਿਚ ਕਰੀਬ ਛੇ ਹਜ਼ਾਰ  ਸੰਘਰਸ਼ੀ ਲੋਕਾਂ ਤੇ ਪੁਲੀਸ ਕੇਸ ਦਰਜ ਹੋਏ ਹਨ ਜਿਨ•ਾਂ ਚੋਂ ਇਕੱਲੇ ਬਠਿੰਡਾ ਜਿਲ•ੇ ਅਤੇ ਹਲਕਾ ਲੰਬੀ ਵਿਚ 5250 ਲੋਕਾਂ ਤੇ  ਕੇਸ ਦਰਜ ਹੋਏ ਹਨ। ਇਨ•ਾਂ ਪੁਲੀਸ ਕੇਸਾਂ ਵਿਚ ਕਾਫੀ ਗਿਣਤੀ ਅਣਪਛਾਤੇ ਲੋਕਾਂ ਦੀ ਹੈ। ਮੁੱਖ ਮੰਤਰੀ ਪੰਜਾਬ ਦੇ ਹਲਕੇ ਦੇ ਥਾਣਾ ਲੰਬੀ ਵਿਚ 1 ਅਪਰੈਲ 2007 ਤੋਂ ਜੂਨ 2015 ਤੱਕ 1399 ਸੰਘਰਸ਼ੀ ਲੋਕਾਂ ਤੇ ਪੁਲੀਸ ਕੇਸ ਦਰਜ ਕੀਤੇ ਗਏ ਹਨ। ਜੋ ਧਾਰਾ  107,151 ਤਹਿਤ ਸੰਘਰਸ਼ੀ ਲੋਕ ਜੇਲ• ਭੇਜੇ ਜਾਂਦੇ ਹਨ,ਉਨ•ਾਂ ਦੀ ਗਿਣਤੀ ਵੱਖਰੀ ਹੈ। ਇਨ•ਾਂ ਵਿਚ ਕਰੀਬ ਇੱਕ ਹਜ਼ਾਰ  ਔਰਤਾਂ ਤੇ ਵੀ ਪੁਲੀਸ ਕੇਸ ਦਰਜ ਕੀਤੇ ਗਏ ਹਨ।
                ਜਦੋਂ ਤੋਂ ਅਕਾਲੀ ਭਾਜਪਾ ਸਰਕਾਰ ਬਣੀ ਹੈ, ਉਦੋਂ ਤੋਂ ਬਠਿੰਡਾ ਸੰਘਰਸ਼ਾਂ ਦੀ ਰਾਜਧਾਨੀ ਬਣਿਆ ਹੋਇਆ ਹੈ। ਛੋਟੀ ਵੱਡੀ ਚੋਣ ਤੋਂ ਪਹਿਲਾਂ ਤਾਂ ਬਠਿੰਡਾ ਵਿਚ ਸੰਘਰਸ਼ੀ ਧਿਰਾਂ ਦੇ ਪੱਕੇ ਤੰਬੂ ਵੀ ਲੱਗਦੇ ਰਹੇ ਹਨ। ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੁਲੀਸ ਨੇ ਸੰਘਰਸ਼ੀ ਲੋਕਾਂ ਤੇ ਇਰਾਦਾ ਕਤਲ ਵਰਗੇ ਪੁਲੀਸ ਕੇਸ ਵੀ ਦਰਜ ਕੀਤੇ ਹਨ। ਬੇਰੁਜ਼ਗਾਰ ਤੇ ਮੁਲਾਜ਼ਮ ਧਿਰਾਂ ਤੋਂ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਤੇ ਇਹ ਕੇਸ ਦਰਜ ਹੋਏ ਹਨ ਜਿਨ•ਾਂ ਨੇ ਇਨਸਾਫ ਖਾਤਰ ਸ਼ਾਤਮਈ ਮਾਰਚ ਵਿਚ ਕੁੱਦਣਾ ਚਾਹਿਆ। ਸਰਕਾਰੀ ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ•ੇ ਵਿਚ 3850 ਸੰਘਰਸ਼ੀ ਲੋਕਾਂ ਤੇ ਪੁਲੀਸ ਕੇਸ ਦਰਜ ਕੀਤੇ ਗਏ ਹਨ । ਇਕੱਲੇ ਥਾਣਾ ਸਿਵਲ ਲਾਈਨ ਵਿਚ 2207 ਲੋਕਾਂ ਤੇ ਕੇਸ ਦਰਜ ਹੋਏ ਹਨ। ਇਸ ਥਾਣੇ ਵਿਚ 12 ਫਰਵਰੀ 2014 ਨੂੰ ਇੱਕੋਂ ਵੇਲੇ 1500 ਅਣਪਛਾਤੇ ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਹੈ। ਅੱਠ ਵਰਿ•ਆਂ ਵਿਚ ਦਰਜ ਹੋਏ 10 ਕੇਸਾਂ ਇਸ ਵੇਲੇ ਵੀ ਜੇਰੇ ਤਫਤੀਸ ਹਨ।
               ਪੰਜਾਬ ਪੁਲੀਸ ਨੇ ਟਰੈਫਿਕ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਕੇਸ ਸੰਘਰਸ਼ੀ ਧਿਰਾਂ ਤੇ ਦਰਜ ਕੀਤੇ ਹਨ। ਥਾਣਾ ਥਰਮਲ ਵਿਚ ਇਸ ਸਮੇਂ ਦੌਰਾਨ ਸੰਘਰਸ਼ੀ ਲੋਕਾਂ ਤੇ 17 ਕੇਸ ਦਰਜ ਹੋਏ ਹਨ ਜਿਨ•ਾਂ ਚੋਂ 11 ਕੇਸਾਂ ਵਿਚ ਅਦਾਲਤ ਨੇ ਮਾਮੂਲੀ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਬਠਿੰਡਾ ਪੁਲੀਸ ਬਹੁਤਾ ਸਮਾਂ ਤਾਂ ਧਰਨੇ ਮੁਜ਼ਾਹਰਿਆਂ ਦੀ ਡਿਊਟੀ ਜਾਂ ਫਿਰ ਵੀ.ਆਈ.ਪੀ ਡਿਊਟੀ ਵਿਚ ਕੱਢਦੀ ਹੈ। ਮੁੱਖ ਮੰਤਰੀ ਪੰਜਾਬ ਦੇ ਜ਼ਿਲ•ਾ ਮੁਕਤਸਰ ਵਿਚ ਰੋਸ ਮੁਜ਼ਾਹਰਾ ਕਰਨ ਵਾਲੇ 1487 ਲੋਕਾਂ ਤੇ ਪੁਲੀਸ ਕੇਸ ਦਰਜ ਹੋਏ ਹਨ ਜਿਨ•ਾਂ ਚੋਂ 1399 ਇਕੱਲੇ ਲੰਬੀ ਥਾਣੇ ਵਿਚ ਹੋਏ ਹਨ। ਥਾਣਾ ਲੰਬੀ ਵਿਚ 3 ਦਸੰਬਰ 2011 ਨੂੰ 130 ਵੈਟਰਨਰੀ ਇੰਸਪੈਕਟਰਾਂ ਤੇ ਧਾਰਾ 307,283,186,353 ਤਹਿਤ ਦਰਜ ਕੀਤਾ ਗਿਆ। ਇਵੇਂ 25 ਮਾਰਚ 2015 ਨੂੰ 9 ਔਰਤਾਂ ਤੇ ਪਰਚਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ 5 ਮਈ 2011 ਨੂੰ ਥਾਣਾ ਲੰਬੀ ਵਿਚ 610 ਲੋਕਾਂ ਤੇ ਪੁਲੀਸ ਕੇਸ ਦਰਜ ਕੀਤਾ  ਸੀ ਜਦੋਂ ਕਿ 21 ਅਗਸਤ 2008 ਨੂੰ ਕਰੀਬ 300 ਮਜ਼ਦੂਰਾਂ ਤੇ ਪਰਚਾ ਦਰਜ ਕੀਤਾ ਗਿਆ ਸੀ। ਪਿਛਲੇ ਕੁਝ ਸਮੇਂ ਤੋਂ ਤਾਂ ਪੰਜਾਬ ਪੁਲੀਸ ਸੰਘਰਸ਼ੀ  ਲੋਕਾਂ ਨੂੰ ਹਲਕਾ ਲੰਬੀ ਦੀ ਜੂਹ ਵਿਚ ਦਾਖਲ ਹੀ ਨਹੀਂ ਹੋਣ ਦਿੰਦੀ ਹੈ।
             ਸਰਕਾਰੀ ਵੇਰਵਿਆਂ ਅਨੁਸਾਰ ਜ਼ਿਲ•ਾ ਫਿਰੋਜਪੁਰ ਵਿਚ ਲੰਘੇ ਅੱਠ ਵਰਿ•ਆਂ ਵਿਚ 218 ਸੰਘਰਸ਼ੀ ਲੋਕਾਂ ਤੇ ਪੁਲੀਸ ਕੇਸ ਦਰਜ ਹੋਏ ਹਨ ਜਦੋਂ ਕਿ ਜ਼ਿਲ•ਾ ਫਾਜਿਲਕਾ ਵਿਚ 60 ਸੰਘਰਸ਼ੀ ਲੋਕਾਂ ਤੇ ਕੇਸ ਦਰਜ ਕੀਤੇ ਗਏ ਹਨ। ਇਸੇ ਤਰ•ਾਂ ਜ਼ਿਲ•ਾ ਫਰੀਦਕੋਟ ਵਿਚ 47 ਲੋਕਾਂ ਤੇ ਏਦਾ ਦੇ ਕੇਸ ਦਰਜ ਹੋਏ ਹਨ। ਇਸ ਤੋਂ ਬਿਨ•ਾਂ ਬਠਿੰਡਾ ਜ਼ਿਲ•ੇ ਵਿਚ ਕਈ ਕਿਸਾਨ ਆਗੂਆਂ ਨੂੰ ਤਾਂ ਪੁਲੀਸ ਨੇ ਕਾਫੀ ਸਮਾਂ ਧਾਰਾ 107,151 ਤਹਿਤ ਹੀ ਜੇਲ• ਵਿਚ ਡੱਕੀ ਰੱਖਿਆ ਹੈ। ਬਠਿੰਡਾ ਦੇ ਟੀਚਰਜ ਹੋਮ ਵਿਚ ਜਦੋਂ ਸੰਘਰਸ਼ੀ ਲੋਕ ਇਕੱਠੇ ਹੁੰਦੇ ਹਨ ਤਾਂ ਪੁਲੀਸ ਗੇਟ ਨੂੰ ਜਿੰਦਰਾ ਮਾਰ ਦਿੰਦੀ ਹੈ। ਨਾਗਰਿਕ ਚੇਤਨਾ ਮੰਚ ਦੇ ਜਗਮੋਹਨ ਕੌਸ਼ਲ ਦਾ ਪ੍ਰਤੀਕਰਮ ਸੀ ਕਿ ਪੰਜਾਬ ਚੋਂ ਇਕੱਲੇ ਬਠਿੰਡਾ ਵਿਚ ਲੋਕਾਂ ਤੋਂ ਬੋਲਣ ਤੇ ਹੱਕ ਮੰਗਣ ਦੀ ਆਜ਼ਾਦੀ ਦਾ ਅਧਿਕਾਰ ਖੋਹਿਆ ਗਿਆ ਹੈ ਅਤੇ ਲੋਕਾਂ ਨੂੰ ਦਬਾਉਣ ਲਈ ਪੁਲੀਸ ਕੇਸਾਂ ਦਾ ਸਹਾਰਾ ਲਿਆ ਜਾਂਦਾ ਹੈ।
             ਲੋਕ ਮੋਰਚਾ ਪੰਜਾਬ ਦੇ ਸਰਪ੍ਰਸਤ ਅਤੇ ਐਡਵੋਕੇਟ ਸ੍ਰੀ ਐਨ.ਕੇ.ਜੀਤ ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਨੇ ਬਠਿੰਡਾ ਵਿਚ ਤਾਂ ਐਮਰਜੈਂਸੀ ਵਰਗੇ ਹਾਲਾਤ ਬਣਾਏ ਹੋਏ ਹਨ ਅਤੇ ਲੋਕ ਲਹਿਰਾਂ ਵਿਚ ਕੁੱਦੇ ਲੋਕਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਤੇ ਵੀ ਪਾਬੰਦੀ ਲਗਾਈ ਹੋਈ ਹੈ। ਉਨ•ਾਂ ਆਖਿਆ ਕਿ ਰੋਸ ਜ਼ਾਹਰ ਕਰਨਾ ਕੋਈ ਗੈਰਕਾਨੂੰਨੀ ਗਤੀਵਿਧੀ ਨਹੀਂ ਹੈ। ਦੂਸਰੀ ਤਰਫ ਜ਼ਿਲ•ਾ ਮੁਕਤਸਰ ਦੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਿਲ ਦਾ ਪ੍ਰਤੀਕਰਮ ਸੀ ਕਿ ਲੰਬੀ ਵੀ.ਆਈ.ਪੀ ਹਲਕਾ ਹੋਣ ਕਰਕੇ ਉਥੇ ਧਰਨੇ ਮੁਜ਼ਾਹਰੇ ਜਿਆਦਾ ਹੁੰਦੇ ਹਨ ਜਿਸ ਕਰਕੇ ਪੁਲੀਸ ਕੇਸਾਂ ਦੀ ਜਿਆਦਾ ਹੋਣੀ ਵੀ ਸੁਭਾਵਿਕ ਹੈ। ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਬੀ.ਕੇ.ਬਾਵਾ ਨੇ ਰੁਝੇਵੇਂ ਵਿਚ ਹੋਣ ਦੀ ਗੱਲ ਆਖੀ।

Tuesday, April 26, 2011

          ਠੱਗਾਂ ਦੇ ਸਿਰਾਂ 'ਤੇ ਲੱਖਾਂ ਦੇ ਇਨਾਮ
                                 ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਪੁਲੀਸ ਨੂੰ ਠੱਗਾਂ ਦੇ ਸਿਰਾਂ 'ਤੇ ਲੱਖਾਂ ਦੇ ਇਨਾਮ ਰੱਖਣੇ ਪਏ ਹਨ। ਇਨ੍ਹਾਂ ਠੱਗਾਂ ਨੇ ਤਾਂ ਸੂਹੀਏ ਵੀ ਫੇਲ੍ਹ ਕਰ ਦਿੱਤੇ ਹਨ। ਪੁਲੀਸ ਨੇ ਇਨ੍ਹਾਂ ਪੈੜ ਨੱਪਣ ਵਾਸਤੇ ਪਹਿਲਾਂ ਸੂਹੀਏ ਪਿਛੇ ਪਾਏ ਸਨ। ਹੁਣ ਇਨ੍ਹਾਂ ਦੇ ਸਿਰਾਂ 'ਤੇ ਇਨਾਮ ਰੱਖ ਦਿੱਤੇ ਗਏ ਹਨ।  ਇਨ੍ਹਾਂ ਟਰੈਵਲ ਏਜੰਟਾਂ ਵਲੋਂ ਵਿਦੇਸ਼ ਭੇਜਣ ਦੇ ਨਾਮ ਹੇਠ ਲੋਕਾਂ ਨਾਲ ਵੱਡੀ ਠੱਗੀ ਮਾਰੀ ਗਈ ਹੈ। ਠੱਗੀ ਮਾਰਨ ਮਗਰੋਂ ਇਹ ਟਰੈਵਲ ਏਜੰਟ ਰੂਪੋਸ਼ ਹੋ ਗਏ ਹਨ। ਅਦਾਲਤਾਂ ਵਲੋਂ ਇਨ੍ਹਾਂ ਨੂੰ ਭਗੌੜੇ ਕਰਾਰ ਦੇ ਦਿੱਤਾ ਗਿਆ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਇਟੈਂਲੀਜੈਂਸੀ) ਨੇ ਕਰੀਬ ਦੋ ਦਰਜਨ ਉਨ੍ਹਾਂ ਟਰੈਵਲ ਏਜੰਟਾਂ ਦੀ ਸੂਚੀ ਜਨਤਿਕ ਕੀਤੀ ਹੈ ਜਿਨ੍ਹਾਂ ਦੇ ਸਿਰਾਂ 'ਤੇ ਇਨਾਮ ਰੱਖੇ ਗਏ ਹਨ। ਪੰਜਾਬ ਪੁਲੀਸ ਨੇ 23 ਟਰੈਵਲ ਏਜੰਟਾਂ ਨੂੰ ਫੜਨ ਲਈ 5.90 ਲੱਖ ਰੁਪਏ ਦੇ ਇਨਾਮ ਰੱਖੇ ਹਨ। ਇਨ੍ਹਾਂ ਚੋਂ 22 ਭਗੌੜੇ ਹੋਏ ਟਰੈਵਲ ਏਜੰਟਾਂ ਦੇ ਸਿਰ 'ਤੇ 20-20 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ ਜਦੋਂ ਕਿ 'ਕਿੰਗ ਏਜੰਟ' ਦੇ ਸਿਰ 'ਤੇ ਸਭ ਤੋਂ ਜਿਆਦਾ 1.50 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਸਾਲ 2002 ਤੋਂ ਮਗਰੋਂ ਹੀ ਇਨ੍ਹਾਂ ਟਰੈਵਲ ਏਜੰਟਾਂ 'ਤੇ ਪੁਲੀਸ ਕੇਸ ਦਰਜ ਕੀਤੇ ਗਏ ਹਨ। ਪੜਤਾਲ 'ਚ ਇਨ੍ਹਾਂ ਵਲੋਂ ਮਾਰੀ ਠੱਗੀ ਸਾਬਤ ਹੋ ਗਈ ਹੈ। ਪੰਜਾਬ ਪੁਲੀਸ ਵਲੋਂ ਪਹਿਲੇ ਪੜਾਅ 'ਤੇ ਕੇਵਲ ਉਨ੍ਹਾਂ ਟਰੈਵਲ ਏਜੰਟਾਂ ਦੇ ਸਿਰ 'ਤੇ ਇਨਾਮ ਰੱਖਿਆ ਗਿਆ ਹੈ ਜਿਨ੍ਹਾਂ 'ਤੇ ਦੋ ਜਾਂ ਦੋ ਤੋਂ ਜਿਆਦਾ ਪੁਲੀਸ ਕੇਸ ਦਰਜ ਹਨ।
           ਪੰਜਾਬ ਪੁਲੀਸ ਦੇ ਏ.ਡੀ.ਜੀ.ਪੀ (ਇਟੈਂਲੀਜੈਂਸੀ) ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅਗਰ ਕੋਈ ਵੀ ਵਿਅਕਤੀ ਇਨ੍ਹਾਂ ਭਗੌੜੇ ਲੋਕਾਂ ਦੀ ਸੂਹ ਦਿੰਦਾ ਹੈ ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਉਂਦਾ ਹੈ ਤਾਂ ਉਸ ਨੂੰ ਪੁਲੀਸ 'ਨਗਦ ਰਾਸ਼ੀ' ਦਾ ਇਨਾਮ ਦੇਵੇਗੀ। ਇਹ ਬਦਨਾਮ ਟਰੈਵਲ ਏਜੰਟ ਹਨ ਜੋ ਕਿ ਪੁਲੀਸ ਦੇ ਹੱਥੋਂ ਬਚੇ ਹੋਏ ਹਨ। ਇਨ੍ਹਾਂ ਚੋਂ ਸਭ ਤੋਂ ਵੱਧ ਮਾਲਵਾ ਖ਼ਿੱਤੇ ਦੇ  ਹਨ ਜਦੋਂ ਕਿ ਬਾਕੀ ਮਾਝੇ ਅਤੇ ਦੁਆਬੇ ਤੋਂ ਹਨ। ਇਕੱਲੇ ਮਾਲਵਾ ਇਲਾਕੇ ਦੇ ਇੱਕ ਦਰਜਨ ਟਰੈਵਲ ਏਜੰਟ ਹਨ ਜੋ ਕਈ ਕਈ ਵਰ੍ਹਿਆਂ ਤੋਂ ਭਗੌੜੇ ਹਨ। ਸੂਚੀ ਅਨੁਸਾਰ ਇਨ੍ਹਾਂ ਭਗੌੜਿਆਂ 'ਚ ਤਿੰਨ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਚੋਂ ਹਰ ਇੱਕ ਦੇ ਸਿਰ 'ਤੇ ਪੁਲੀਸ ਨੇ 20 ਹਜ਼ਾਰ ਰੁਪਏ ਦਾ ਨਗਦ ਇਨਾਮ ਰੱਖਿਆ ਹੈ। ਬਠਿੰਡਾ ਜ਼ੋਨ ਅਧੀਨ ਪੈਂਦਾ ਜ਼ਿਲ੍ਹਾ ਫਰੀਦਕੋਟ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ ਜਿਥੋਂ ਦੇ ਪੰਜ ਭਗੌੜੇ ਟਰੈਵਲ ਏਜੰਟਾਂ ਸਿਰ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਨ੍ਹਾਂ ਚੋਂ ਦੋ ਭਗੌੜੇ ਕੋਟਕਪੂਰਾ ਦੇ ਹਨ ਜਦੋਂ ਕਿ ਤਿੰਨ ਭਗੌੜੇ ਜੈਤੋ ਮੰਡੀ ਦੇ ਹਨ। ਜੈਤੋ ਦੇ ਮਾਂ ਪੁੱਤ ਦੇ ਸਿਰ 'ਤੇ 20-20 ਹਜ਼ਾਰ ਰੁਪਏ ਦਾ ਇਨਾਮ ਰੱਖ ਦਿੱਤਾ ਗਿਆ ਹੈ। ਜੈਤੋ ਦੀ ਹਰਬੰਸ ਕੌਰ ਉਰਫ ਨੈਬੋ ਅਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਉਰਫ ਰਿੰਕੂ ਨੂੰ ਕਈ ਵਰ੍ਹਿਆਂ ਤੋਂ ਭਗੌੜੇ ਐਲਾਨਿਆ ਹੋਇਆ ਹੈ।
        ਪੰਜਾਬ ਪੁਲੀਸ ਵਲੋਂ ਲੰਮੇ ਸਮੇਂ ਮਗਰੋਂ ਭਗੌੜੇ ਟਰੈਵਲ ਏਜੰਟ ਫੜਨ ਲਈ ਇਨਾਮ ਰੱਖਿਆ ਹੈ। ਉਂਝ ਵੀ ਪੰਜਾਬ ਪੁਲੀਸ ਵਲੋਂ ਪਿਛਲੇ ਕੁਝ ਸਮੇਂ ਤੋਂ ਭਗੌੜਿਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਦੋ ਟਰੈਵਲ ਏਜੰਟ ਲੁਧਿਆਣਾ ਜ਼ਿਲ੍ਹੇ ਦੇ ਹਨ ਜਿਨ੍ਹਾਂ ਨੂੰ ਫੜਨ ਵਾਸਤੇ ਇਨਾਮ ਰੱਖਣ ਦੀ ਲੋੜ ਪਈ ਹੈ। ਜੈਤੋ ਦੇ ਜਸਵਿੰਦਰ ਸਿੰਘ ਉਰਫ ਰਿੰਕੂ 'ਤੇ ਚਾਰ ਪੁਲੀਸ ਕੇਸ ਇਕੱਲੇ ਜ਼ਿਲ੍ਹਾ ਮੁਕਤਸਰ 'ਚ ਦਰਜ ਹਨ ਜੋ ਕਿ 17 ਅਪ੍ਰੈਲ 2005 ਨੂੰ ਦਰਜ ਹੋਏ ਹਨ। ਇਵੇਂ ਹੀ ਸਿੰਧਵਾ ਬੇਟ ਥਾਨੇ 'ਚ ਸੁਖਵਿੰਦਰ ਸਿੰਘ 'ਤੇ ਦੋ ਪੁਲੀਸ ਕੇਸ ਦਰਜ ਹੋਏ ਹਨ ਜੋ ਕਿ ਧੋਖਾਧੜੀ ਦੇ ਹਨ। ਚਮਕੌਰ ਸਾਹਿਬ ਦੀ ਰੇਖਾ ਰਾਣੀ 'ਤੇ ਵੀ 20 ਹਜ਼ਾਰ ਰੁਪਏ ਦਾ ਇਨਾਮ ਪੁਲੀਸ ਨੇ ਰੱਖਿਆ ਹੈ ਅਤੇ ਇਸ ਤਰ੍ਹਾਂ ਜਲੰਧਰ ਦੀ ਪ੍ਰੀਤੀ 'ਤੇ ਵੀ ਨਗਦ ਇਨਾਮ ਰੱਖਣਾ ਪਿਆ ਹੈ। ਸੂਤਰ ਆਖਦੇ ਹਨ ਕਿ ਇਹ ਭਗੌੜੇ ਲੋਕ ਪੰਜਾਬ ਤੋਂ ਬਾਹਰ ਛੁਪੇ ਹੋਏ ਹਨ ਜਿਨ੍ਹਾਂ ਦਾ ਪੁਲੀਸ ਨੂੰ ਕੋਈ ਪਤਾ ਟਿਕਾਣਾ ਪਤਾ ਨਹੀਂ ਲੱਗ ਰਿਹਾ ਹੈ। ਪੁਲੀਸ ਵਲੋਂ ਸੂਹੀਏ ਵੀ ਇਨ੍ਹਾਂ ਦੀ ਭਾਲ 'ਚ ਲਗਾਏ ਗਏ ਸਨ ਪ੍ਰੰਤੂ ਪੁਲੀਸ ਫਿਰ ਵੀ ਇਨ੍ਹਾਂ ਨੂੰ ਫੜਨ 'ਚ ਅਸਫਲ ਰਹੀ ਹੈ। ਹੁਣ ਇਸੇ ਕਰਕੇ ਪੁਲੀਸ ਨੇ ਇਨ੍ਹਾਂ ਦੇ ਸਿਰਾਂ 'ਤੇ ਇਨਾਮ ਰੱਖੇ ਹਨ। ਦੇਖਣਾ ਇਹ ਹੈ ਕਿ ਹੁਣ ਪੁਲੀਸ ਇਸ ਮਾਮਲੇ 'ਚ ਕਿੰਨਾ ਕੁ ਸਫਲ ਹੁੰਦੀ ਹੈ।

                                           ਗਗਨ ਬਖਸ਼ੀ 'ਤੇ 76 ਪੁਲੀਸ ਕੇਸ ਦਰਜ
ਸਭ ਤੋਂ ਵੱਧ ਬਦਨਾਮ ਭਗੌੜਾ ਦੁਆਬੇ ਦਾ ਗਗਨ ਕੁਮਾਰ ਬਖਸ਼ੀ ਹੈ ਜਿਸ 'ਤੇ 76 ਪੁਲੀਸ ਕੇਸ ਦਰਜ ਹਨ। ਇਨ੍ਹਾਂ ਕੇਸਾਂ 'ਚ ਸਭ ਤੋਂ ਜਿਆਦਾ ਕੇਸ ਧੋਖਾਧੜੀ ਦੇ ਹਨ। ਇਹ ਲਾਂਬੜਾ ਦਾ ਵਸਨੀਕ ਹੈ ਜਿਸ ਦੇ ਸਿਰ 'ਤੇ ਸਭ ਤੋਂ ਜਿਆਦਾ 1.50 ਲੱਖ ਰੁਪਏ ਦਾ ਨਗਦ ਇਨਾਮ ਰੱਖਿਆ ਗਿਆ ਹੈ। ਦੁਆਬੇ ਅਤੇ ਮਾਝੇ ਦੇ ਤਕਰੀਬਨ ਹਰ ਜ਼ਿਲ੍ਹੇ 'ਚ ਇਸ ਟਰੈਵਲ ਏਜੰਟ 'ਤੇ ਪੁਲੀਸ ਕੇਸ ਦਰਜ ਹੈ। ਪਿਛਲੇ 10 ਸਾਲਾਂ 'ਚ ਉਸ 'ਤੇ ਇਹ ਪੁਲੀਸ ਕੇਸ ਦਰਜ ਹੋਏ ਹਨ। ਦਰਜਨਾਂ ਕੇਸਾਂ 'ਚ ਉਹ ਅਦਾਲਤ ਵਲੋਂ ਭਗੌੜਾ ਐਲਾਨਿਆ ਜਾ ਚੁੱਕਾ ਹੈ। ਸੂਤਰ ਆਖਦੇ ਹਨ ਕਿ ਸ਼ਾਇਦ ਉਹ ਪੰਜਾਬ ਦਾ ਪਹਿਲਾ ਅਜਿਹਾ ਵਿਅਕਤੀ ਹੋਵੇ ਜਿਸ 'ਤੇ ਸਭ ਤੋਂ
                                         ਭਗੌੜੇ ਫੜਨ ਲਈ ਸਪੈਸ਼ਲ ਅਪਰੇਸ਼ਨ ਸ਼ੁਰੂ- ਆਈ.ਜੀ
 ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਨਿਰਮਲ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਬਠਿੰਡਾ ਜ਼ੋਨ 'ਚ ਇਸੇ ਵਰ੍ਹੇ 'ਚ 300 ਦੇ ਕਰੀਬ ਭਗੌੜੇ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਭਗੌੜਿਆਂ ਨੂੰ ਫੜਾਉਣ 'ਚ ਮਦਦ ਕਰੇਗਾ,ਉਸ ਨੂੰ ਢੁਕਵਾਂ ਇਨਾਮ ਦਿੱਤਾ ਜਾਵੇਗਾ। ਜਿਨ੍ਹਾਂ ਭਗੌੜਿਆਂ ਦੇ ਸਿਰਾਂ 'ਤੇ ਹੁਣ ਇਨਾਮ ਰੱਖਿਆ ਗਿਆ ਹੈ, ਉਨ੍ਹਾਂ ਨੂੰ ਫੜਾਉਣ ਵਾਲਿਆਂ ਨੂੰ ਨਿਸ਼ਚਿਤ ਕੀਤੀ ਨਗਦ ਰਾਸ਼ੀ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ੋਨ 'ਚ ਭਗੌੜੇ ਫੜਨ ਵਾਸਤੇ ਇੱਕ ਸਪੈਸ਼ਲ ਅਪਰੇਸ਼ਨ 24 ਅਪਰੈਲ ਤੋਂ ਸ਼ੁਰੂ ਕੀਤਾ ਗਿਆ ਹੈ ਜੋ ਕਿ ਇੱਕ ਮਈ ਤੱਕ ਚੱਲੇਗਾ। ਇਸ ਹਫਤੇ ਦੌਰਾਨ ਭਗੌੜਿਆਂ ਨੂੰ ਫੜਨ ਲਈ ਪੁਲੀਸ ਵਿਸ਼ੇਸ਼ ਅਪਰੇਸ਼ਨ ਤਹਿਤ ਕੰਮ ਕਰੇਗੀ।