Wednesday, April 24, 2013

                             ਸਿਆਸੀ ਮਿਹਰ
       ਛੋਟੇ ਥਾਣੇਦਾਰਾਂ ਦੀ ਸਰਦਾਰੀ
                             ਚਰਨਜੀਤ ਭੁੱਲਰ
ਬਠਿੰਡਾ : ਸਿਆਸੀ ਮਿਹਰ ਨਾਲ ਬਠਿੰਡਾ ਜ਼ੋਨ ਵਿੱਚ ਛੋਟੇ ਥਾਣੇਦਾਰਾਂ ਦੀ ਸਰਦਾਰੀ ਬਣ ਗਈ ਹੈ ਜਦੋਂ ਕਿ ਇੰਸਪੈਕਟਰ ਇੱਧਰ ਉਧਰ ਭਟਕ ਰਹੇ ਹਨ। ਸਿਆਸੀ ਪਹੁੰਚ ਵਾਲੇ ਸਬ ਇੰਸਪੈਕਟਰ ਥਾਣਾ ਮੁਖੀ ਲੱਗੇ ਹੋਏ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਾਲ 2010 ਵਿੱਚ ਫੈਸਲਾ ਕੀਤਾ ਸੀ ਕਿ ਮੁੱਖ ਥਾਣਾ ਅਫ਼ਸਰ ਸਿਰਫ਼ ਇੰਸਪੈਕਟਰ ਰੈਂਕ ਦੇ ਅਧਿਕਾਰੀ ਹੀ ਲੱਗਣਗੇ। ਪਿਛਲੇ ਪੁਲੀਸ ਮੁਖੀ ਪੀ.ਐਸ. ਗਿੱਲ ਨੇ ਤਰੱਕੀ ਦੇ ਕੇ 200 ਇੰਸਪੈਕਟਰ ਬਣਾਏ ਸਨ ਅਤੇ ਪ੍ਰਵਾਨਗੀ ਵੀ ਇਸ ਤਰਕ 'ਤੇ ਲਈ ਸੀ ਕਿ ਮੁੱਖ ਥਾਣਾ ਅਫ਼ਸਰ ਇੰਸਪੈਕਟਰ ਰੈਂਕ ਦੇ ਅਧਿਕਾਰੀ ਲਾਏ ਜਾਣੇ ਹਨ। ਡੀ.ਜੀ.ਪੀ. ਵੱਲੋਂ ਬਕਾਇਦਾ ਹੁਕਮ ਜਾਰੀ ਹੋਏ ਸਨ ਕਿ ਸਿਰਫ਼ ਇੰਸਪੈਕਟਰ ਰੈਂਕ ਦੇ ਅਧਿਕਾਰੀ ਹੀ ਥਾਣਾ ਮੁਖੀ ਲਾਏ ਜਾਣ।
              ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਜ਼ੋਨ ਅਧੀਨ ਪੈਂਦੇ ਸੱਤ ਜ਼ਿਲ੍ਹਿਆਂ 'ਚੋਂ ਪੰਜ  ਵਿੱਚ 61 ਥਾਣੇ ਹਨ ਜਿਨ੍ਹਾਂ 'ਚੋਂ ਸਿਰਫ਼ 21 ਥਾਣਿਆਂ 'ਚ ਹੀ ਇੰਸਪੈਕਟਰ ਰੈਂਕ ਦੇ ਅਧਿਕਾਰੀ ਮੁੱਖ ਥਾਣਾ ਅਫ਼ਸਰ ਲਾਏ ਹੋਏ ਹਨ। ਸੱਤ ਥਾਣਿਆਂ ਵਿੱਚ ਲੋਕਲ ਰੈਂਕ ਵਾਲੇ ਇੰਸਪੈਕਟਰ ਲਾਏ ਹੋਏ ਹਨ। 33 ਥਾਣਿਆਂ ਦੇ ਮੁਖੀ ਸਬ ਇੰਸਪੈਕਟਰ ਹੀ ਲਾਏ ਹੋਏ ਹਨ ਅਤੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਇੱਧਰ ਉਧਰ ਵਿੰਗਾਂ ਵਿੱਚ ਤਾਇਨਾਤ ਕੀਤੇ ਹੋਏ ਹਨ। ਬਠਿੰਡਾ ਜ਼ਿਲ੍ਹੇ ਵਿੱਚ 20 ਥਾਣੇ ਹਨ ਜਿਨ੍ਹਾਂ ਵਿੱਚੋਂ 11 ਥਾਣਿਆਂ ਵਿੱਚ ਸਬ ਇੰਸਪੈਕਟਰਾਂ ਨੂੰ ਇੰਸਪੈਕਟਰ ਵਾਲੀ ਕੁਰਸੀ ਦਿੱਤੀ ਹੋਈ ਹੈ। ਜ਼ਿਲ੍ਹੇ ਦੇ ਇਕ ਥਾਣੇ ਵਿੱਚ ਲੋਕਲ ਰੈਂਕ ਵਾਲੇ ਇੰਸਪੈਕਟਰ ਨੂੰ ਤਾਇਨਾਤ ਕੀਤਾ ਹੋਇਆ ਹੈ। ਜ਼ਿਲ੍ਹੇ ਵਿੱਚ ਇੰਸਪੈਕਟਰਾਂ ਦੀ ਕੋਈ ਕਮੀ ਨਹੀਂ ਹੈ ਪਰ ਇਨ੍ਹਾਂ ਇੰਸਪੈਕਟਰਾਂ ਦੀ ਉੱਚੀ ਸਿਆਸੀ ਪਹੁੰਚ ਨਾ ਹੋਣ ਕਾਰਨ ਇਨ੍ਹਾਂ ਨੂੰ ਥਾਣਿਆਂ ਤੋਂ ਬਾਹਰ ਕੀਤਾ ਹੋਇਆ ਹੈ। ਇਸ ਜ਼ਿਲ੍ਹੇ ਵਿੱਚ ਤਾਂ ਇਕ ਲੋਕਲ ਰੈਂਕ ਵਾਲੇ ਸਬ ਇੰਸਪੈਕਟਰ ਨੂੰ ਵੀ ਥਾਣਾ ਮੁਖੀ ਲਾਇਆ ਹੋਇਆ ਹੈ।
             ਮੁਕਤਸਰ ਜ਼ਿਲ੍ਹੇ ਦੇ ਵੀ.ਆਈ.ਪੀ ਥਾਣੇ ਲੰਬੀ ਵਿੱਚ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਮੁੱਖ ਥਾਣਾ ਅਫ਼ਸਰ ਲਾਇਆ ਹੋਇਆ ਹੈ। ਇਹ ਵੀ ਆਪਣੇ ਆਪ ਵਿੱਚ ਰਿਕਾਰਡ ਹੈ ਕਿ ਗੁਰਪ੍ਰੀਤ ਸਿੰਘ ਤਕਰੀਬਨ ਪੌਣੇ ਦੋ ਵਰ੍ਹਿਆਂ ਤੋਂ ਥਾਣਾ ਲੰਬੀ ਵਿੱਚ ਹੀ ਤਾਇਨਾਤ ਹੈ। ਗੁਰਪ੍ਰੀਤ ਸਿੰਘ ਨੇ ਲੰਬੀ ਥਾਣੇ ਦੇ ਮੁਖੀ ਵਜੋਂ 24 ਜੂਨ, 2011 ਨੂੰ ਜੁਆਇਨ ਕੀਤਾ ਸੀ। ਥਾਣਾ ਮਲੋਟ ਦਾ ਦੋ ਵਰ੍ਹਿਆਂ ਤੋਂ ਥਾਣਾ ਮੁਖੀ ਲਾਇਆ ਹੀ ਨਹੀਂ ਗਿਆ। ਸਬ ਇੰਸਪੈਕਟਰ ਪਰਮਜੀਤ ਸਿੰਘ ਨੂੰ ਹੀ ਥਾਣਾ ਮੁਖੀ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਪਰਮਜੀਤ ਸਿੰਘ 15 ਅਪਰੈਲ, 2011 ਤੋਂ ਮਲੋਟ ਥਾਣੇ ਦੇ ਮੁਖੀ (ਵਾਧੂ ਚਾਰਜ) ਵਜੋਂ ਕੰਮ ਕਰ ਰਿਹਾ ਹੈ। ਹਾਲਾਂਕਿ ਆਰਜ਼ੀ ਚਾਰਜ ਕੁਝ ਸਮੇਂ ਵਾਸਤੇ ਦਿੱਤਾ ਜਾਂਦਾ ਹੈ। ਪਰਮਜੀਤ ਸਿੰਘ ਬਠਿੰਡਾ ਜ਼ੋਨ ਵਿੱਚ ਸਭ ਤੋਂ ਲੰਮੀ ਤਾਇਨਾਤੀ ਵਾਲਾ ਥਾਣਾ ਮੁਖੀ ਬਣ ਗਿਆ ਹੈ। ਮੁਕਤਸਰ ਜ਼ਿਲ੍ਹੇ ਦੇ ਥਾਣਾ ਬਰੀਵਾਲਾ, ਲੱਖੇਵਾਲੀ,  ਕਬਰਵਾਲਾ ਅਤੇ ਗਿੱਦੜਬਾਹਾ ਦੀ ਕਮਾਨ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਕੋਲ ਹੈ ਜਦੋਂ ਕਿ ਬਾਕੀ ਥਾਣਿਆਂ ਦੇ ਮੁਖੀ ਸਬ ਇੰਸਪੈਕਟਰ ਹੀ ਲਾਗੇ ਹੋਏ ਹਨ। ਜ਼ਿਲ੍ਹਾ ਫ਼ਰੀਦਕੋਟ ਵਿੱਚ ਸੱਤ ਥਾਣੇ ਹਨ ਜਿਨ੍ਹਾਂ 'ਚੋਂ ਸਿਰਫ਼ ਇਕੱਲੇ ਜੈਤੋ ਥਾਣਾ 'ਚ ਹੀ ਇੰਸਪੈਕਟਰ ਰੈਂਕ ਦਾ ਅਧਿਕਾਰੀ ਤਾਇਨਾਤ ਹੈ। ਤਿੰਨ ਥਾਣਿਆਂ ਵਿੱਚ ਲੋਕਲ ਰੈਂਕ ਵਾਲੇ ਇੰਸਪੈਕਟਰ ਤਾਇਨਾਤ ਕੀਤੇ ਹੋਏ ਹਨ। ਥਾਣਾ ਸਾਦਿਕ, ਬਾਜਾਖਾਨਾ ਅਤੇ ਥਾਣਾ ਸਿਟੀ ਕੋਟਕਪੂਰਾ ਵਿੱਚ ਤਾਂ ਸਬ ਇੰਸਪੈਕਟਰ ਹੀ ਥਾਣਾ ਮੁਖੀ ਵਜੋਂ ਕੰਮ ਕਰ ਰਹੇ ਹਨ।
              ਜ਼ਿਲ੍ਹਾ ਮੋਗਾ ਵਿੱਚ 14 ਥਾਣੇ ਹਨ ਜਿਨ੍ਹਾਂ 'ਚੋਂ ਸਿਰਫ਼ 6 ਥਾਣਿਆਂ ਦੀ ਕਮਾਨ ਇੰਸਪੈਕਟਰਾਂ ਕੋਲ ਹੈ। ਸੱਤ ਥਾਣਿਆਂ ਵਿੱਚ ਸਬ ਇੰਸਪੈਕਟਰ ਥਾਣਾ ਮੁਖੀ ਲਾਏ ਹੋਏ ਹਨ। ਥਾਣਾ ਸਦਰ ਮੋਗਾ ਵਿੱਚ ਲੋਕਲ ਰੈਂਕ ਵਾਲੇ ਇੰਸਪੈਕਟਰ ਦੀ ਤਾਇਨਾਤੀ ਹੈ। ਮੋਗਾ ਸ਼ਹਿਰ ਦੇ ਤਿੰਨ ਥਾਣਿਆਂ ਦੇ ਮੁਖੀ ਤਕਰੀਬਨ ਸਾਲ ਤੋਂ ਇਕੋਂ ਥਾਂ 'ਤੇ ਤਾਇਨਾਤ ਹਨ। ਜ਼ਿਲ੍ਹਾ ਫਾਜ਼ਿਲਕਾ ਵਿੱਚ 10 ਥਾਣੇ ਪੈਂਦੇ ਹਨ ਜਿਨ੍ਹਾਂ 'ਚੋਂ 6 ਥਾਣਿਆਂ ਦੀ ਅਗਵਾਈ ਸਬ ਇੰਸਪੈਕਟਰਾਂ ਕੋਲ ਹੈ। ਇਸ ਜ਼ਿਲ੍ਹੇ ਵਿੱਚ ਦੋ ਲੋਕਲ ਰੈਂਕ ਵਾਲੇ ਇੰਸਪੈਕਟਰ ਵੀ ਥਾਣਾ ਮੁਖੀ ਲਾਏ ਹੋਏ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਦੇ ਥਾਣੇ ਦਾ ਮੁਖੀ ਵੀ ਸਬ ਇੰਸਪੈਕਟਰ ਹੀ ਹੈ। ਇਸ ਥਾਣੇ ਦਾ ਮੁਖੀ ਹਰਦੀਪ ਸਿੰਘ 11 ਮਈ, 2012 ਤੋਂ ਇਸ ਥਾਣੇ ਵਿੱਚ ਹੀ ਤਾਇਨਾਤ ਹੈ। ਇਸ ਬਾਰੇ ਐਸ.ਐਸ.ਪੀ. ਬਠਿੰਡਾ ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਡੀ.ਜੀ.ਪੀ. ਵੱਲੋਂ ਹੁਕਮ ਹੋਏ ਸਨ ਕਿ ਸਬ ਇੰਸਪੈਕਟਰ (ਕੰਨਫਰਮ) ਅਤੇ ਇੰਸਪੈਕਟਰ ਥਾਣਾ ਮੁਖੀ ਤਾਇਨਾਤ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲ ਇੰਸਪੈਕਟਰਾਂ ਨੂੰ ਹੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਲੋਕਲ ਰੈਂਕ ਵਾਲਾ ਅਧਿਕਾਰੀ ਮੁੱਖ ਥਾਣਾ ਅਫਸਰ ਨਹੀਂ ਲਾਇਆ ਹੈ। ਦੂਜੇ ਪਾਸੇ ਸਰਕਾਰੀ ਤੱਥ ਕੁਝ ਹੋਰ ਬੋਲਦੇ ਹਨ।
                                                                  ਥਾਣਿਆਂ ਵਿੱਚ ਤਾਇਨਾਤੀ
ਜ਼ਿਲ੍ਹਾ                        ਕੁੱਲਥਾਣੇ              ਇੰਸਪੈਕਟਰ                  ਸਬ ਇੰਸਪੈਕਟਰ               ਇੰਸਪੈਕਟਰ(ਲੋਕਲ ਰੈਂਕ)
ਬਠਿੰਡਾ                          20                       8                                   11                                        1
ਫਰੀਦਕੋਟ                      07                       1                                   03                                      03
ਮੁਕਤਸਰ                       10                      04                                  06                                      00
ਮੋਗਾ                             14                      06                                  07                                       01
ਫਾਜਿਲਕਾ                     10                       02                                  06                                      02
.................................................
ਕੁੱਲ                             61                        21                                 33                                       07
...................................................                                                                                        

No comments:

Post a Comment