ਰਸੂਖਵਾਨਾਂ ਨੇ 21 ਹਜ਼ਾਰ ਏਕੜ ਜ਼ਮੀਨ ਨੱਪੀ ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ ਰਸੂਖਦਾਰਾਂ ਨੇ ਪੰਚਾਇਤਾਂ ਦੀ ਕਰੀਬ ਚਾਰ ਹਜ਼ਾਰ ਕਰੋੜ ਦੀ ਵਾਹੀਯੋਗ ਜ਼ਮੀਨ ਨੱਪ ਲਈ ਹੈ। ਪਿੰਡਾਂ ਵਿਚਲੀ ਸ਼ਾਮਲਾਟ 'ਤੇ ਹੋਏ ਕਬਜ਼ੇ ਇਸ ਤੋਂ ਵੱਖਰੇ ਹਨ। ਰਾਜ ਵਿੱਚ ਪੰਚਾਇਤਾਂ ਦੀ 21 ਹਜ਼ਾਰ ਏਕੜ ਵਾਹੀਯੋਗ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਹੈ, ਜਿਸ ਕਰ ਕੇ ਪੰਚਾਇਤਾਂ ਨੂੰ ਸਾਲਾਨਾ 50 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਬਹੁਤੇ ਕਾਬਜ਼ਕਾਰ ਸਿਆਸੀ ਧਿਰਾਂ ਦੇ ਨੇੜਲੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੇਰਵਿਆਂ ਅਨੁਸਾਰ ਸਭ ਤੋਂ ਜ਼ਿਆਦਾ ਜ਼ਿਲ੍ਹਾ ਪਟਿਆਲਾ ਦੀਆਂ ਪੰਚਾਇਤਾਂ ਦੀ 4316 ਏਕੜ ਵਾਹੀਯੋਗ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਹੈ। ਮੁੱਖ ਮੰਤਰੀ ਦੇ ਹਲਕੇ ਲੰਬੀ ਦੇ ਪਿੰਡ ਚੰਨੂੰ ਦੀ 58 ਏਕੜ ਪੰਚਾਇਤੀ ਜ਼ਮੀਨ 'ਤੇ ਦਰਜਨ ਲੋਕਾਂ ਨੇ ਵਰ੍ਹਿਆਂ ਤੋਂ ਕਬਜ਼ਾ ਕੀਤਾ ਹੋਇਆ ਹੈ। ਸਰਪੰਚ ਖੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਇਸ ਜ਼ਮੀਨ ਦਾ ਕੇਸ ਵੀ ਜਿੱਤ ਚੁੱਕੀ ਹੈ ਪਰ ਮਹਿਕਮੇ ਨੇ ਫਿਰ ਵੀ ਰੋਕ ਲਾਈ ਹੋਈ ਹੈ। ਹਲਕਾ ਲੰਬੀ ਦੇ ਹੀ ਪਿੰਡ ਫਤੂਹੀਵਾਲਾ ਦੀ 15 ਏਕੜ ਪੰਚਾਇਤੀ ਜ਼ਮੀਨ ਕਬਜ਼ੇ ਹੇਠ ਹੈ।
ਇਸ ਮਾਮਲੇ ਵਿੱਚ ਦੂਜੇ ਨੰਬਰ 'ਤੇ ਜ਼ਿਲ੍ਹਾ ਕਪੂਰਥਲਾ ਹੈ, ਜਿਸ ਦੀ 3451 ਏਕੜ ਪੰਚਾਇਤੀ ਜ਼ਮੀਨ 'ਤੇ ਰਸੂਖਦਾਰਾਂ ਦਾ ਕਬਜ਼ਾ ਹੈ। ਜ਼ਿਲ੍ਹੇ ਦੇ ਪਿੰਡ ਚੱਕੂਕੀ ਦੀ ਕਰੀਬ 50 ਏਕੜ ਪੰਚਾਇਤੀ ਜ਼ਮੀਨ ਦਾ ਕੇਸ ਚੱਲ ਰਿਹਾ ਹੈ। ਤੀਜਾ ਨੰਬਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਹੈ, ਜਿੱਥੇ 2470 ਏਕੜ ਪੰਚਾਇਤੀ ਜ਼ਮੀਨ ਸਰਦੇ ਪੁੱਜਦੇ ਲੋਕਾਂ ਨੇ ਨੱਪੀ ਹੋਈ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਫਤਹਿਗੜ੍ਹ ਭਾਦਸੋ ਵਿੱਚ 53 ਏਕੜ ਜ਼ਮੀਨ 'ਤੇ ਕਬਜ਼ਾ ਹੈ, ਜਿਸ ਦਾ ਅਦਾਲਤੀ ਫੈਸਲਾ ਵੀ ਪੰਚਾਇਤ ਦੇ ਹੱਕ ਵਿੱਚ ਹੋ ਚੁੱਕਾ ਹੈ। ਪਟਿਆਲਾ ਦੇ ਪਿੰਡ ਕੰਨਸੂਆ ਖੁਰਦ ਵਿੱਚ ਰਸੂਖਵਾਨਾਂ ਨੇ 15 ਏਕੜ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਟਿਆਲਾ ਵਿਨੋਦ ਗਾਗਟ ਦਾ ਕਹਿਣਾ ਹੈ ਕਿ ਉਨ੍ਹਾਂ ਹਾਲ ਹੀ ਵਿੱਚ ਪਿੰਡ ਨਣਾਨਸੂ ਦੀ 325 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਹਟਾਇਆ ਹੈ, ਜਿਸ ਨਾਲ ਪੰਚਾਇਤ ਨੂੰ ਸਾਲਾਨਾ 25 ਲੱਖ ਰੁਪਏ ਦੀ ਆਮਦਨ ਹੋਣ ਦੀ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਉਹ ਕਬਜ਼ੇ ਛੁਡਾਉਣ ਲਈ ਕਾਨੂੰਨੀ ਲੜਾਈ ਲੜ ਰਹੇ ਹਨ।
ਦੂਜੇ ਪਾਸੇ ਪਟਿਆਲਾ ਦੇ ਪਿੰਡ ਬਿਸ਼ਨਗੜ੍ਹ ਦੇ ਸਰਪੰਚ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਖ਼ੁਦ ਦਿਨ ਰਾਤ ਇਕ ਕਰ ਕੇ 110 ਵਿੱਘੇ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਇਆ ਹੈ ਪਰ ਪੰਚਾਇਤ ਅਤੇ ਮਾਲ ਮਹਿਕਮੇ ਤੋਂ ਇਲਾਵਾ ਪੁਲੀਸ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾਂਦਾ। ਬਠਿੰਡਾ ਦੇ ਸੰਗਤ ਬਲਾਕ ਦੇ ਦੋ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ 'ਤੇ ਕਬਜ਼ੇ ਹਨ, ਜਿਨ੍ਹਾਂ ਦਾ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਜ਼ਿਲ੍ਹਾ ਮੁਹਾਲੀ ਦੇ ਪਿੰਡ ਚੰਦਪੁਰ ਦੀ ਕਰੀਬ 80 ਏਕੜ ਪੰਚਾਇਤੀ ਜ਼ਮੀਨ ਕਬਜ਼ੇ ਹੇਠ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ 733 ਏਕੜ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਹੈ। ਮਖੂ ਬਲਾਕ ਦੇ ਪਿੰਡ ਸੂਦਾ ਦੀ ਕਰੀਬ 100 ਏਕੜ ਪੰਚਾਇਤੀ ਜ਼ਮੀਨ 'ਤੇ ਪੱਕੇ ਘਰ ਵੀ ਬਣੇ ਹੋਏ ਹਨ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਰਵਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਹੁਣੇ ਹੀ ਪਿੰਡ ਕਾਮਲਵਾਲਾ ਦੀ 50 ਏਕੜ ਪੰਚਾਇਤੀ ਜ਼ਮੀਨ ਛੁਡਵਾਈ ਹੈ।
ਲਗਾਤਾਰ ਪੈਰਵੀ ਕਰਦੇ ਹਾਂ: ਸੰਯੁਕਤ ਡਾਇਰੈਕਟਰ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਜੇ.ਪੀ. ਸਿੰਗਲਾ ਦਾ ਕਹਿਣਾ ਹੈ ਕਿ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਉਹ ਅਫ਼ਸਰਾਂ ਨੂੰ ਲਗਾਤਾਰ ਹਦਾਇਤਾਂ ਜਾਰੀ ਕਰਦੇ ਹਨ ਅਤੇ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਉਹ ਕਾਬਜ਼ਕਾਰਾਂ ਦਾ ਸਮਾਜਿਕ ਬਾਈਕਾਟ ਕਰਨ ਵਰਗੇ ਫੈਸਲੇ ਲੈਣ। ਉਨ੍ਹਾਂ ਆਖਿਆ ਕਿ ਮਹਿਕਮੇ ਦੇ ਅਧਿਕਾਰੀ ਕਬਜ਼ੇ ਛੁਡਾਉਣ ਲਈ ਲਗਾਤਾਰ ਪੈਰਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ 21 ਹਜ਼ਾਰ ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹਨ।
No comments:
Post a Comment