ਜ਼ਹਿਰੀਲੀ ਸ਼ਰਾਬ
ਮਜੀਠਾ ਕਾਂਡ ਪਿੱਛੇ ਛੁਪੇ ਚਿਹਰੇ ਕੌਣ ?
ਚਰਨਜੀਤ ਭੁੱਲਰ
ਚੰਡੀਗੜ੍ਹ : ਮਜੀਠਾ ਹਲਕੇ ’ਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਪਿਛਲੇ ਚਿਹਰਿਆਂ ਦਾ ਖ਼ੁਲਾਸਾ ਜਲਦੀ ਹੋ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਤਾਜ਼ਾ ਬਿਆਨ ਤੋਂ ਜਾਪਦਾ ਹੈ ਕਿ ਜਿਵੇਂ ਉਨ੍ਹਾਂ ਨੇ ਮਜੀਠਾ ’ਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਦੀ ਪੈੜ ਨੱਪ ਲਈ ਹੋਵੇ। ਮੁੱਖ ਮੰਤਰੀ ਨੇ ਅੱਜ ਕਿਹਾ ਹੈ ਕਿ ਉਹ ਜਲਦੀ ਸਿਆਸੀ ਆਗੂਆਂ, ਪੁਲੀਸ ਅਤੇ ਨੌਕਰਸ਼ਾਹਾਂ ਦੇ ਗੱਠਜੋੜ ਦਾ ਪਰਦਾਫਾਸ਼ ਕਰਨਗੇ, ਜਿਨ੍ਹਾਂ ਦੀ ਸਰਪ੍ਰਸਤੀ ਤੋਂ ਬਿਨਾਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲਣਾ ਸੰਭਵ ਨਹੀਂ ਹੈ। ਮੁੱਖ ਮੰਤਰੀ ਦੀ ਇਸ ਟਿੱਪਣੀ ’ਚ ਕਈ ਗਹਿਰੇ ਭੇਤ ਲੁਕੇ ਜਾਪਦੇ ਹਨ, ਜਿਨ੍ਹਾਂ ਦਾ ਸਰਕਾਰ ਕਿਸੇ ਵੇਲੇ ਵੀ ਖ਼ੁਲਾਸਾ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਜੀਠਾ ਖੇਤਰ ’ਚ ਸ਼ਰਾਬ ਦੇ ਠੇਕੇਦਾਰਾਂ ਦੇ ਦੋ ਗਰੁੱਪਾਂ ਵਿਚਾਲੇ ਕੀਮਤਾਂ ਨੂੰ ਲੈ ਕੇ ਲੜਾਈ ਚੱਲ ਰਹੀ ਸੀ, ਜਿਨ੍ਹਾਂ ਬਾਰੇ ਮਿਲੀਆਂ ਸ਼ੁਰੂਆਤੀ ਰਿਪੋਰਟਾਂ ਦੇ ਆਧਾਰ ’ਤੇ ਹੀ ਮੁੱਖ ਮੰਤਰੀ ਕਿਸੇ ਸਿੱਟੇ ’ਤੇ ਪੁੱਜੇ ਹੋ ਸਕਦੇ ਹਨ।
ਚਰਚੇ ਹਨ ਕਿ ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਦੋ ਗਰੁੱਪਾਂ ਦੀ ਆਪਸੀ ਲੜਾਈ ’ਚੋਂ ਜ਼ਹਿਰੀਲੀ ਸ਼ਰਾਬ ਕਾਂਡ ਵਾਪਰਿਆ ਹੈ। ਇਸੇ ਦੀ ਬਦੌਲਤ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਵਧਿਆ ਹੈ। ਮਜੀਠਾ ਖੇਤਰ ਦਾ ਸ਼ਰਾਬ ਕਾਰੋਬਾਰ ਠੇਕੇਦਾਰਾਂ ਦੇ ਦੋ ਗਰੁੱਪਾਂ ਕੋਲ ਹੈ। ਛੋਟੇ ਗਰੁੱਪ ਵੱਲੋਂ ਸ਼ਰਾਬ ਨੂੰ ਤੈਅ ਕੀਮਤ ’ਤੇ ਵੇਚਿਆ ਜਾ ਰਿਹਾ ਸੀ, ਜਦਕਿ ਦੂਜੇ ਵੱਡੇ ਗਰੁੱਪ ਨੇ ਸ਼ਰਾਬ ਦੇ ਭਾਅ ਉੱਚੇ ਰੱਖੇ ਹੋਏ ਸਨ। ਛੋਟੇ ਗਰੁੱਪ ਵੱਲੋਂ ਤੈਅ ਭਾਅ ’ਤੇ ਸ਼ਰਾਬ ਵੇਚੇ ਜਾਣ ਤੋਂ ਦੂਸਰਾ ਗਰੁੱਪ ਔਖਾ ਸੀ ਕਿਉਂਕਿ ਉਨ੍ਹਾਂ ਦੀ ਵਿਕਰੀ ਪ੍ਰਭਾਵਿਤ ਹੋ ਰਹੀ ਸੀ। ਜਾਣਕਾਰੀ ਅਨੁਸਾਰ ਇਸ ਖੇਤਰ ਦੇ ਵੱਡੇ ਗਰੁੱਪ ਨੂੰ ਸਿਆਸੀ ਸਰਪ੍ਰਸਤੀ ਹਾਸਲ ਸੀ, ਜਿਸ ਦੇ ਨਤੀਜੇ ਵਜੋਂ ਛੋਟੇ ਗਰੁੱਪ ਵੱਲੋਂ ਚਲਾਏ ਜਾ ਰਹੇ ਸ਼ਰਾਬ ਦੇ ਕੁੱਝ ਠੇਕਿਆਂ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ। ਸ਼ਰਾਬ ਦੀ ਕੀਮਤ ਨੂੰ ਲੈ ਕੇ ਚੱਲ ਰਹੀ ਜੰਗ ਜਾਰੀ ਰਹੀ ਅਤੇ ਇਸੇ ਦੌਰਾਨ ਜ਼ਹਿਰੀਲੀ ਸ਼ਰਾਬ ਦਾ ਕਾਂਡ ਵਾਪਰਿਆ ਹੈ।
ਹੁਣ ਮਜੀਠਾ ’ਚ ਵਾਪਰੇ ਕਾਂਡ ਦੀ ਆਬਕਾਰੀ ਮਹਿਕਮੇ ਵੱਲੋਂ ਕੀਤੀ ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਮੀਥੇਨੌਲ ਈ-ਕਾਮਰਸ ਪੋਰਟਲ ਜ਼ਰੀਏ ਪ੍ਰਾਪਤ ਕੀਤਾ ਸੀ। ਆਬਕਾਰੀ ਵਿਭਾਗ ਨੇ ਮੀਥੇਨੌਲ ਦੀ ਵਿਕਰੀ ਦੇ ਜੀਐੱਸਟੀ ਵੇਰਵਿਆਂ ਦੀ ਜਾਂਚ ਕਰ ਲਈ ਹੈ, ਜਿਸ ਮਗਰੋਂ ਜਾਂਚ ਦੇ ਤਾਰ ਰਾਜਪੁਰਾ ਵਿੱਚ ਸਟੋਰ ਕੀਤੇ ਮੀਥੇਨੌਲ ਨਾਲ ਜੁੜੇ ਹਨ। ਉਧਰ ਸਰਕਾਰ ਨੇ ਸਮੁੱਚੇ ਪੰਜਾਬ ’ਚ ਗੈਰ-ਕਾਨੂੰਨੀ ਸ਼ਰਾਬ ਬਣਾਉਣ ਅਤੇ ਵਿਕਰੀ ਕਰਨ ਵਾਲਿਆਂ ਦੀ ਸ਼ਨਾਖ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਮੌਤਾਂ ’ਚ ਪੰਜਾਬ ਦਾ ਦੂਜਾ ਸਥਾਨ
ਸਮੁੱਚੇ ਦੇਸ਼ ਵਿੱਚ 1978 ਤੋਂ ਲੈ ਕੇ ਹੁਣ ਤੱਕ ਜ਼ਹਿਰੀਲੀ ਸ਼ਰਾਬ ਕਾਰਨ 17 ਹਾਦਸੇ ਵਾਪਰੇ ਹਨ ਜਿਨ੍ਹਾਂ ਵਿੱਚ 2302 ਵਿਅਕਤੀਆਂ ਦੀ ਜਾਨ ਗਈ ਹੈ। ਗੁਜਰਾਤ ਇਸ ਮਾਮਲੇ ’ਚ ਦੇਸ਼ ਭਰ ਚੋਂ ਅੱਗੇ ਰਿਹਾ ਹੈ ਜਿੱਥੇ 1987 ’ਚ ਸਭ ਤੋਂ ਵੱਧ 200 ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਸੀ। ਮੌਤਾਂ ਦੀ ਗਿਣਤੀ ਦੇ ਹਿਸਾਬ ਨਾਲ ਦੂਜੇ ਨੰਬਰ ’ਤੇ ਪੰਜਾਬ ਹੈ ਜਿੱਥੇ ਸਾਲ 2020 ਵਿੱਚ ਜ਼ਹਿਰੀਲੀ ਸ਼ਰਾਬ ਨੇ 121 ਜਾਨਾਂ ਲਈਆਂ ਸਨ। ਪ੍ਰਾਪਤ ਜਾਣਕਾਰੀ ਗੁਜਰਾਤ ’ਚ ਸਾਲ 1976 ਵਿੱਚ ਸੌ ਮੌਤਾਂ ਅਤੇ 1986 ਵਿੱਚ 108 ਮੌਤਾਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਸਨ। ਪੰਜਾਬ ਵਿੱਚ ਅਕਤੂਬਰ 2010 ਵਿੱਚ ਦਸੂਹਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 16 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਉਸ ਮਗਰੋਂ ਜੁਲਾਈ-ਅਗਸਤ 2020 ਵਿੱਚ ਮਾਝੇ ਇਲਾਕੇ ਵਿੱਚ 121 ਜਾਨਾਂ ਚਲੀਆਂ ਗਈਆਂ ਸਨ। ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਮਾਰਚ 2024 ਵਿੱਚ ਦਿੜ੍ਹਬਾ ਤੇ ਸੁਨਾਮ ਬਲਾਕ ਵਿੱਚ 20 ਲੋਕਾਂ ਦੀ ਜਾਨ ਜ਼ਹਿਰੀਲੀ ਸ਼ਰਾਬ ਕਾਰਨ ਚਲੀ ਗਈ ਸੀ ਅਤੇ ਹੁਣ ਮਜੀਠਾ ਇਲਾਕੇ ’ਚ ਜ਼ਹਿਰੀਲੀ ਸ਼ਰਾਬ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ।
ਅਮਰਿੰਦਰ ਸਿੰਘ 11 ਦਿਨਾਂ ਮਗਰੋਂ ਪੀੜਤਾਂ ਤੱਕ ਪੁੱਜੇ ਸਨ
ਕਾਂਗਰਸੀ ਹਕੂਮਤ ਦੌਰਾਨ ਜਦੋਂ 29 ਜੁਲਾਈ 2020 ਨੂੰ ਮਾਝੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਵੱਡਾ ਦੁਖਾਂਤ ਵਾਪਰਿਆ ਸੀ ਤਾਂ ਉਦੋਂ ਘਟਨਾ ਤੋਂ 11 ਦਿਨਾਂ ਮਗਰੋਂ 8 ਅਗਸਤ ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੀੜਤਾਂ ਦੀ ਸਾਰ ਲੈਣ ਪਹੁੰਚੇ ਸਨ। ਉਸ ਕਾਂਡ ਵਿੱਚ 121 ਲੋਕਾਂ ਦੀ ਜਾਨ ਗਈ ਸੀ। ਉਸ ਸਮੇਂ ਦੁਖਾਂਤ ਮੌਕੇ ਤਤਕਾਲੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਹੀ ਪਹੁੰਚੇ ਸਨ ਜਦਕਿ ਦੁਖਾਂਤ ਤੋਂ ਇੱਕ ਹਫ਼ਤੇ ਤੱਕ ਮਾਝੇ ਨਾਲ ਸਬੰਧਤ ਤਤਕਾਲੀ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਓਪੀ ਸੋਨੀ ’ਚੋਂ ਕੋਈ ਵੀ ਪੀੜਤਾਂ ਨਾਲ ਦੁੱਖ ਸਾਂਝਾ ਕਰਨ ਨਹੀਂ ਪਹੁੰਚਿਆ ਸੀ। ਉਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਵੀ ਕਾਫ਼ੀ ਸਮਾਂ ਪੀੜਤਾਂ ਤੋਂ ਦੂਰੀ ਬਣਾਈ ਰੱਖੀ ਸੀ। ਉਸ ਦੁਖਾਂਤ ਦੇ ਐਨ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ‘ਆਪ’ ਦੇ ਕਨਵੀਨਰ ਭਗਵੰਤ ਮਾਨ ਅਤੇ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਪੀੜਤਾਂ ਤੱਕ ਪਹੁੰਚੇ ਹਨ।
ਮੀਥੇਨੌਲ ਦੀ ਆਨਲਾਈਨ ਵਿਕਰੀ ਲਈ ਨਿਯਮ ਬਣਾਉਣੇ ਜ਼ਰੂਰੀ: ਚੀਮਾ
ਆਬਕਾਰੀ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੀਤੇ ਵਰ੍ਹੇ ਹੀ ਕੇਂਦਰੀ ਵਣਜ ਮੰਤਰਾਲੇ ਨੂੰ ਪੱਤਰ ਲਿਖ ਕੇ ਮੀਥੇਨੌਲ ਦੀ ਆਨਲਾਈਨ ਵਿਕਰੀ ਲਈ ਕਾਨੂੰਨੀ ਵਿਧੀ ਬਣਾਉਣ ਲਈ ਕਿਹਾ ਸੀ। ਚੀਮਾ ਨੇ ਦੱਸਿਆ ਕਿ ਇਸ ਪੱਤਰ ਦਾ ਹਾਲੇ ਤੱਕ ਕੇਂਦਰ ਤੋਂ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਕੇਂਦਰ ਨੂੰ ਮੀਥੇਨੌਲ ਦੀ ਆਨਲਾਈਨ ਵਿਕਰੀ ਲਈ ਨਿਯਮ ਬਣਾਉਣੇ ਹੀ ਪੈਣਗੇ।
No comments:
Post a Comment