Wednesday, November 5, 2025

                                                        ਸਾਫ਼ ਅਕਸ ਵਾਲਾ 
                           ਡਾਇਰੈਕਟਰ ਹਰਜੀਤ ਸਿੰਘ ਬਰਖ਼ਾਸਤ
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਪਾਵਰਕੌਮ ਦੇ ਡਾਇਰੈਕਟਰ (ਜਨਰੇਸ਼ਨ) ਹਰਜੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ ਜੋ ਪਾਵਰਕੌਮ ’ਚ ਸਾਫ਼ ਅਕਸ  ਵਜੋਂ ਜਾਣੇ ਜਾਂਦੇ ਹਨ। ਬਿਜਲੀ ਵਿਭਾਗ ਦੇ ਸਕੱਤਰ ਬਸੰਤ ਗਰਗ ਵੱਲੋਂ ਜਾਰੀ ਹੁਕਮਾਂ ’ਚ ਹਰਜੀਤ ਸਿੰਘ ਦੀਆਂ ਸੇਵਾਵਾਂ ਨੂੰ ਪ੍ਰਾਈਵੇਟ ਤਾਪ ਬਿਜਲੀ ਘਰਾਂ ਦੇ ਮੁਕਾਬਲੇ ਪਬਲਿਕ ਸੈਕਟਰ ਦੇ ਦੋ ਤਾਪ ਬਿਜਲੀ ਘਰਾਂ ਦੀ ਫਿਊਲ ਕੀਮਤ ਵੱਧ ਹੋਣ ਦੇ ਇਲਜ਼ਾਮ ਤਹਿਤ ਬਰਖ਼ਾਸਤ ਕੀਤਾ ਗਿਆ ਹੈ। ਪਾਵਰਕੌਮ ਨੇ ਇਸ ਤੋਂ ਪਹਿਲਾਂ ਦੋ ਨਵੰਬਰ ਨੂੰ ਰੋਪੜ ਅਤੇ ਗੋਇੰਦਵਾਲ ਤਾਪ ਬਿਜਲੀ ਘਰ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਸੀ। ਹੁਣ ਡਾਇਰੈਕਟਰ (ਜਨਰੇਸ਼ਨ) ਦੀਆਂ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਬਿਜਲੀ ਵਿਭਾਗ ਦੇ ਨਵੇਂ ਪ੍ਰਸ਼ਾਸਕੀ ਸਕੱਤਰ ਬਸੰਤ ਗਰਗ ਨੇ ਜਾਰੀ ਕੀਤੇ ਹਨ। ਚੇਤੇ ਰਹੇ ਕਿ ਬਸੰਤ ਗਰਗ ਨੂੰ ਪਿਛਲੇ ਹਫ਼ਤੇ ਹੀ ਪੰਜਾਬ ਸਰਕਾਰ ਨੇ ਪਾਵਰਕੌਮ ਅਤੇ ਟਰਾਂਸਕੋ ਦੇ ਸੀਐੱਮਡੀ ਵਜੋਂ ਤਾਇਨਾਤ ਕੀਤਾ ਹੈ। ਸੂਬਾ ਸਰਕਾਰ ਨੇ ਉਸ ਤੋਂ ਪਹਿਲੇ ਸੀਐੱਮਡੀ ਅਜੋਏ ਕੁਮਾਰ ਸਿਨਹਾ ਨੂੰ ਸੀਐੱਮਡੀ ਦੇ ਅਹੁਦੇ ਤੋਂ ਹਟਾ ਕੇ ਨਵੀਂ ਪੋਸਟਿੰਗ ਵੀ ਹਾਲੇ ਨਹੀਂ ਦਿੱਤੀ ਹੈ।

         ਅੱਜ ਜਾਰੀ ਹੁਕਮਾਂ ਮੁਤਾਬਿਕ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਦੀ ਫਿਊਲ ਕੀਮਤ 0.75 ਪੈਸੇ ਤੋਂ 1.25 ਰੁਪਏ ਪ੍ਰਤੀ ਯੂਨਿਟ ਮਹਿੰਗੀ ਪੈ ਰਹੀ ਹੈ ਜਿਸ ਨਾਲ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਹੁਕਮਾਂ ’ਚ ਜ਼ਿਕਰ ਕੀਤਾ ਹੈ ਕਿ ਪਾਵਰਕੌਮ ਦੀ ਆਪਣੀ ਪਛਵਾੜਾ ਕੋਲਾ ਖਾਣ ਦੇ ਬਾਵਜੂਦ ਨਿੱਜੀ ਥਰਮਲਾਂ ਤੋਂ ਫਿਊਲ ਕੀਮਤ ਪ੍ਰਤੀ ਯੂਨਿਟ 0.75 ਰੁਪਏ ਤੋਂ 1.25 ਰੁਪਏ ਮਹਿੰਗੀ ਪੈ ਰਹੀ ਹੈ। ਪੰਜਾਬ ਸਰਕਾਰ ਨੇ ਹਰਜੀਤ ਸਿੰਘ ਨੂੰ ਕੋਈ ਨੋਟਿਸ ਵੀ ਜਾਰੀ ਨਹੀਂ ਕੀਤਾ ਅਤੇ ਹੁਕਮਾਂ ’ਚ ਹਵਾਲਾ ਦਿੱਤਾ ਗਿਆ ਹੈ ਕਿ ਬਿਨਾਂ ਨੋਟਿਸ ਦਿੱਤੇ ਸੇਵਾਵਾਂ ਨੂੰ ਕਿਸੇ ਵੀ ਸਮੇਂ ਖ਼ਤਮ ਕੀਤੇ ਜਾਣ ਬਾਰੇ ਨਿਯਮਾਂ ’ਚ ਵਿਵਸਥਾ ਹੈ। ਸੂਤਰ ਦੱਸਦੇ ਹਨ ਕਿ ਪਾਵਰਕੌਮ ਦੀਆਂ ਸੰਪਤੀਆਂ ਵੇਚਣ ਦੀ ਚੱਲ ਰਹੀ ਮੁਹਿੰਮ ਅਤੇ ਨਵੇਂ ਬਿਜਲੀ ਸਮਝੌਤਿਆਂ ਨੂੰ ਲੈ ਕੇ ਡਾਇਰੈਕਟਰ (ਜਨਰੇਸ਼ਨ) ਦੇ ਪੰਜਾਬ ਸਰਕਾਰ ਨਾਲ ਸੁਰ ਨਹੀਂ ਮਿਲ ਰਹੇ ਸਨ। ਪੰਜਾਬ ਸਰਕਾਰ ਨੇ 10 ਅਕਤੂਬਰ 2024 ਨੂੰ ਦੋ ਸਾਲ ਲਈ ਹਰਜੀਤ ਸਿੰਘ ਨੂੰ ਡਾਇਰੈਕਟਰ (ਜਨਰੇਸ਼ਨ) ਨਿਯੁਕਤ ਕੀਤਾ ਸੀ।

        ਉਸ ਤੋਂ ਪਹਿਲਾਂ ਹਰਜੀਤ ਸਿੰਘ ਮੁੱਖ ਇੰਜੀਨੀਅਰ (ਹਾਈਡਲ) ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਕੋਲ ਪਾਵਰਕੌਮ ’ਚ 30 ਸਾਲ ਦਾ ਤਜਰਬਾ ਸੀ। ਹਰਜੀਤ ਸਿੰਘ ਨੇ ਸਾਲ 2000 ’ਚ ਜਰਮਨੀ ਤੋਂ ਇੱਕ ਸਾਲ ਦੀ ਐਡਵਾਂਸਡ ਪ੍ਰੋਫੈਸ਼ਨਲ ਸਿਖਲਾਈ ਵੀ ਲਈ ਸੀ। ਸੀਨੀਅਰ ਇੰਜੀਨੀਅਰਾਂ ਦਾ ਤਰਕ ਹੈ ਕਿ ਪ੍ਰਾਈਵੇਟ ਤਾਪ ਬਿਜਲੀ ਘਰ ਆਧੁਨਿਕ ਹਨ ਜਦੋਂ ਕਿ ਪਬਲਿਕ ਸੈਕਟਰ ਦੇ ਥਰਮਲ ਪੁਰਾਣੇ ਹਨ ਜਿਸ ਕਰਕੇ ਫਿਊਲ ਦੀ ਲਾਗਤ ’ਚ ਅੰਤਰ ਆਉਣਾ ਸੁਭਾਵਿਕ ਹੈ। ਸਰਕਾਰੀ ਥਰਮਲਾਂ ਦਾ ਪਲਾਂਟ ਲੋਡ ਫੈਕਟਰ ਵੀ ਪ੍ਰਾਈਵੇਟ ਥਰਮਲਾਂ ਨਾਲੋਂ ਬਹੁਤ ਘੱਟ ਹੈ।ਪੀਐੱਸਈਬੀ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ (ਜਨਰੇਸ਼ਨ) ਹਰਜੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਜਾਰੀ ਪੱਤਰ ’ਚ ਜੋ ਕਾਰਵਾਈ ਦਾ ਕਾਰਨ ਦੱਸਿਆ ਗਿਆ ਹੈ, ਉਹ ਤਕਨੀਕੀ ਤੌਰ ’ਤੇ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਦੀ ਸਮੁੱਚੀ ਸਰਵਿਸ ਇਮਾਨਦਾਰੀ ਵਾਲੀ ਰਹੀ ਹੈ ਅਤੇ ਉਨ੍ਹਾਂ ਦੀ ਦਿਆਨਤਦਾਰੀ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਹੈ।        

         ਪੀਐੱਸਈਬੀ ਐਸੋਸੀਏਸ਼ਨ ਨੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਦੀ ਮੁਅੱਤਲੀ ਦੇ ਮਾਮਲੇ ’ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਲੰਘੇ ਕੱਲ੍ਹ ਮੀਟਿੰਗ ਕੀਤੀ ਸੀ। ਅੱਜ ਹਰਜੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕੀਤੇ ਜਾਣ ਪਾਵਰਕੌਮ ਦੇ ਇੰਜੀਨੀਅਰਜ਼ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।

No comments:

Post a Comment